
ਇਕ ਫਾਂਸੀ ਤੋਂ ਨਹੀਂ ਡਰਦਾ, ਦੂਜਾ ਥੋੜੇ ਸਮੇਂ ਦੀ ਜੇਲ ਤੋਂ ਡਰਦਾ ਮਾਫ਼ੀ ਉਤੇ ਮਾਫ਼ੀ ਮੰਗੀ ਜਾਂਦਾ ਹੈ
ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਸ. ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ ਹੋਈ। ਫਾਂਸੀ ਵੀ ਹੋ ਸਕਦੀ ਸੀ। ਸਜ਼ਾ ਤੋਂ ਕੁੱਝ ਦਿਨ ਪਹਿਲਾਂ ਬੇਅੰਤ ਸਿੰਘ ਦੇ ਪ੍ਰਵਾਰ ਵਲੋਂ ਬਿਆਨ ਆਇਆ ਕਿ ਜੇ ਜਗਤਾਰ ਸਿੰਘ ਵਰਗੇ ਮਾਫ਼ੀ ਮੰਗ ਲੈਂਦੇ ਹਨ ਤਾਂ ਅਸੀ ਉਨ੍ਹਾਂ ਬਾਰੇ ਸੋਚ ਸਕਦੇ ਹਾਂ।
ਜਗਤਾਰ ਤਾਰੇ ਵਰਗਿਆਂ ਨੂੰ ਫਾਂਸੀ ਦੀ ਸਜ਼ਾ ਸਾਫ਼ ਦਿਸ ਰਹੀ ਸੀ ਪਰ ਉਨ੍ਹਾਂ ਨੇ ਮਾਫ਼ੀ ਨਾ ਮੰਗੀ। ਫਾਂਸੀ ਚੜ੍ਹਨ ਦੀਆਂ ਤਿਆਰੀਆਂ ਵਿਚ ਜੁਟ ਗਏ। ਦੂਜੇ ਪਾਸੇ ਵੇਖੋ ਕੇਜਰੀਵਾਲ। ਇਸ ਨੂੰ ਕੋਈ ਫਾਂਸੀ ਵੀ ਨਹੀਂ ਲਗਾ ਰਿਹਾ ਸੀ, ਕੋਈ ਉਮਰ ਕੈਦ ਦੀ ਸਜ਼ਾ ਨਹੀਂ ਸੀ ਸੁਣਾ ਰਿਹਾ ਪਰ ਇਹ ਮਜੀਠੀਆ ਅੱਗੇ ਗੋਡੇ ਟੇਕ ਕੇ ਲਿਖਤੀ ਮਾਫ਼ੀ ਮੰਗ ਬੈਠਾ। ਮਾਫ਼ੀ ਵੀ ਉਸ ਕੋਲੋਂ ਮੰਗੀ ਜਿਸ ਵਿਰੁਧ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦਾ ਰਿਹਾ, ਸਿਆਸਤਾਂ ਚਮਕਾਉਂਦਾ ਰਿਹਾ। ਇਕੱਲਾ ਕੇਜਰੀਵਾਲ ਉਸ ਨੂੰ ਕਲੀਨ ਚਿੱਟ ਵੀ ਨਾਲ ਹੀ ਦੇ ਰਿਹਾ ਹੈ। ਜਿਨ੍ਹਾਂ ਨੂੰ ਕਲੀਨ ਚਿੱਟ ਦੇ ਰਿਹਾ ਹੈ, ਉਹ ਅਤੇ ਉਸ ਦੀ ਭੈਣ ਹਰਸਿਮਰਤ ਕੌਰ ਕੇਂਦਰੀ ਮੰਤਰੀ, ਸੁਖਬੀਰ ਬਾਦਲ ਅਤੇ ਵੱਡੇ ਬਾਦਲ ਉਸ ਬਾਰੇ ਬੋਲ ਬੋਲ ਕੇ ਸਿਆਸਤ ਨੂੰ ਚਮਕਾ ਰਹੇ ਹਨ ਤੇ ਦੁੱਧ ਧੋਤੇ ਅਖਵਾ ਰਹੇ ਹਨ।
ਕੇਜਰੀਵਾਲ ਦਾ ਕਸੂਰ ਇਹ ਹੈ ਕਿ ਮਜੀਠੀਆ ਵਿਰੁਧ ਸਾਰਾ ਪੰਜਾਬ ਬੋਲਿਆ, ਕਿਸੇ ਵਿਰੁਧ ਕੋਈ ਕਾਰਵਾਈ ਨਾ ਹੋਈ ਪਰ ਕੇਜਰੀਵਾਲ ਨੇ ਲੋੜ ਤੋਂ ਵੱਧ ਡਰਾਮਾ ਕਰ ਕੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ, ''ਮੈਂ ਬਿਕਰਮ ਮਜੀਠੀਆ ਵਿਰੁਧ ਸਬੂਤ ਦਿੰਦਾ ਹਾਂ।'' ਪ੍ਰੈੱਸ ਕਾਨਫ਼ਰੰਸ ਵਿਚ ਕੋਈ ਸਬੂਤ ਨਾ ਦੇ ਸਕਿਆ ਕੇਜਰੀਵਾਲ। ਫੱਸ ਗਿਆ ਅਤੇ ਮਾਣਹਾਨੀ ਪੈ ਗਈ। ਲੋਕ ਪਤਾ ਨਹੀਂ ਕਿਉਂ ਵਾਰ-ਵਾਰ ਅਜਿਹੇ ਲੀਡਰਾਂ ਤੇ ਭਰੋਸਾ ਕਰਦੇ ਹਨ ਜੋ ਪੰਜਾਬ ਦੀ ਸਿਆਸਤ ਨੂੰ ਗੰਦੀ ਕਰ ਕੇ ਪੰਜਾਬ ਦਾ ਭੱਠਾ ਬਿਠਾ ਰਹੇ ਹਨ | ਪੰਜਾਬ ਦੇ ਲੋਕਾਂ ਨੂੰ ਬਦਲਣ ਆਇਆ ਕੇਜਰੀਵਾਲ ਖੁਦ ਬਦਲ ਗਿਆ |
ਭੁਪਿੰਦਰ ਸਿੰਘ ਬਾਠ, ਸੰਪਰਕ : 94176-82002