
Editorial: ਕਿਸਾਨਾਂ ਵਲੋਂ ਅਪਣੀ ਅਵਾਜ਼ ਚੁਕਣ ਦੀ ਪ੍ਰਕ੍ਰਿਆ ਬਹੁਤ ਮਹਿੰਗੀ ਸਾਬਤ ਹੋ ਰਹੀ ਹੈ।
The people of the country have no sympathy with the Punjabi farmers sitting on the roads editorial: ਕਿਸਾਨਾਂ ਵਲੋਂ ਅਪਣੀ ਅਵਾਜ਼ ਚੁਕਣ ਦੀ ਪ੍ਰਕ੍ਰਿਆ ਬਹੁਤ ਮਹਿੰਗੀ ਸਾਬਤ ਹੋ ਰਹੀ ਹੈ। ਇਸ ਵਿਚ ਆਰਥਕ ਨੁਕਸਾਨ ਤਾਂ ਕਰੋੜਾਂ ਤੇ ਅਰਬਾਂ ਦਾ ਹੋ ਰਿਹਾ ਹੈ ਪਰ ਨਾਲ ਹੀ, ਕੀਮਤ ਕਿਸਾਨਾਂ ਦੀ ਜਾਨ ਨਾਲ ਚੁਕਾਈ ਜਾ ਰਹੀ ਹੈ। ਸੁਰਿੰਦਰ ਪਾਲ ਸਿੰਘ ਜੋ ਕਿ ਭਾਜਪਾ ਦੇ ਪਟਿਆਲਾ ਤੋਂ ਲੋਕਸਭਾ ਉਮੀਦਵਾਰ ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਅਪਣੀ ਜਾਨ ਗਵਾਉਣ ਵਾਲੇ 20ਵੇਂ ਕਿਸਾਨ ਬਣੇ, ਉਨ੍ਹਾਂ ਦੀ ਮੌਤ ਵੀ ਕਿਸਾਨ ਸ਼ੁਭਦੀਪ ਦੀ ਮੌਤ ਵਾਂਗ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਕਿਸਾਨ ਜਥੇਬੰਦੀਆਂ ਸੁਰਿੰਦਰਪਾਲ ਦੀ ਮੌਤ ਦਾ ਕਾਰਨ ਭਾਜਪਾ ਆਗੂ ਦੇ ਵਿਰੋਧ ਦੌਰਾਨ ਪੁਲਿਸ ਵਲੋਂ ਹੋਈ ਧੱਕਾਮੁੱਕੀ ਨੂੰ ਦੱਸ ਰਹੀਆਂ ਹਨ ਤੇ ਬਚਾਅ ਵਿਚ ਭਾਜਪਾ ਗਰਮੀ ਤੇ ਦਿਲ ਦੇ ਦੌਰੇ ਨੂੰ ਕਾਰਨ ਦਸ ਰਹੀ ਹੈ।
ਜਿਵੇਂ ਜਿਵੇਂ ਪੰਜਾਬ ਚੋਣਾਂ ਵਲ ਵਧੇਗਾ, ਮੰਚ ’ਤੇ ਮੌਸਮ ਦੀ ਗਰਮੀ ਹੋਰ ਔਕੜਾਂ ਪੇਸ਼ ਕਰੇਗੀ। ਇਹੀ ਸੋਚ ਕੇ ਕੋਸ਼ਿਸ਼ ਤਾਂ ਕਿਸਾਨਾਂ ਤੇ ਸਰਕਾਰ ਵਲੋਂ ਵਾਰਤਾਲਾਪ ਦੀ ਕੀਤੀ ਗਈ, ਪਰ ਕਿਸਾਨਾਂ ਨੂੰ ਉਸ ਵਿਚ ਸੰਜੀਦਗੀ ਨਜ਼ਰ ਨਾ ਆਈ ਜਿਸ ਕਾਰਨ ਉਨ੍ਹਾਂ ਵਿਚ ਰੋਸ ਜ਼ਿਆਦਾ ਹੈ। ਪਰ ਅੱਜ ਦੀ ਹਕੀਕਤ ਇਹ ਹੈ ਕਿ ਇਹ ਮਸਲਾ ਦੇਸ਼ ਦਾ ਨਹੀਂ ਸਿਰਫ਼ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਮੰਨਿਆ ਜਾਂਦਾ ਹੈ। ਹਾਲ ਹੀ ਵਿਚ ਕੇਰਲ ਵਿਚ ਕੁੱਝ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਪੰਜਾਬ ਤੇ ਕਿਸਾਨਾਂ ਪ੍ਰਤੀ ਸੋਚ ਦੰਗ ਕਰ ਗਈ।
ਪੰਜਾਬ ਹਰਿਆਣਾ ਤੋਂ ਦੂਰ ਜਾ ਕੇ ਉਥੋਂ ਦੇ ਲੋਕਾਂ ਨੂੰ ਸੁਣਿਆ ਜਾਏ ਤਾਂ ਲਗਦਾ ਹੈ ਕਿ ਪੰਜਾਬ ਵਿਚ ਕਿਸਾਨਾਂ ਨੇ ਹਿੰਸਾ ਵਾਲੀ ਸਥਿਤੀ ਆਪ ਪੈਦਾ ਕੀਤੀ ਹੈ। ਕਿਸਾਨੀ ਨੂੰ ਸਬਸਿਡੀ ਕਿਉਂ ਦਿਤੀ ਜਾਵੇ ਦੇ ਸਵਾਲ ਨੂੰ ਲੈ ਕੇ ਗੱਲ ਕਰੋ ਤਾਂ ਪੰਜਾਬੀ ਕਿਸਾਨਾਂ ਵਲੋਂ ਮਹਿੰਗੀਆਂ ਗੱਡੀਆਂ ਦੇ ਮਾਲਕ ਹੋਣ ਦੀ ਗੱਲ ਛੇੜ ਦਿਤੀ ਜਾਂਦੀ ਹੈ।
ਅੱਜ ਜਿਸ ਤਰ੍ਹਾਂ ਦਾ ਟਕਰਾਅ ਭਾਜਪਾ ਉਮੀਦਵਾਰਾਂ ਤੇ ਕਿਸਾਨਾਂ ਵਿਚਕਾਰ ਬਣ ਰਿਹਾ ਹੈ, ਉਸ ਦਾ ਅਸਰ ਇਹ ਹੋ ਸਕਦਾ ਹੈ ਕਿ ਭਾਜਪਾ ਉਮੀਦਵਾਰ ਅਪਣੀ ਹਾਰ ਦਾ ਜ਼ਿੰਮੇਦਾਰ ਕਿਸਾਨਾਂ ਨੂੰ ਠਹਿਰਾਉਂਦੇ ਹਨ। ਉਹ ਵੀ ਇਨ੍ਹਾਂ ਪ੍ਰਤੀ ਉਹੀ ਸੋਚ ਰਖਦੇ ਹਨ ਜੋ ਬਾਕੀ ਦੇਸ਼ ਵਿਚ ਬਣਾਈ ਜਾ ਚੁੱਕੀ ਹੈ ਤੇ ਹੁਣ ਪੰਜਾਬ ਵਿਚ ਵੀ ਭਾਜਪਾ ਵਲੋਂ ਬਣਾਈ ਜਾ ਰਹੀ ਹੈ। ਪਹਿਲਾ ਕਿਸਾਨੀ ਸੰਘਰਸ਼ ਕਾਮਯਾਬ ਹੋਇਆ ਪਰ ਇਸ ਵਾਰ ਕਿਸਾਨ ਸਰਕਾਰਾਂ ਤੋਂ ਪਹਿਲਾਂ ਅਪਣਿਆਂ ਤੋਂ ਹਾਰ ਰਹੇ ਹਨ। ਦਿੱਲੀ ਵਿਚ ਰਾਮਲੀਲਾ ਮੈਦਾਨ ਵਿਚ ਜਾ ਕੇ ਕੇਂਦਰ ਦਾ ਵਿਰੋਧ ਕਰ ਕੇ ਆਉਣ ਵਾਲੀਆਂ ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਕਿਸਾਨ ਮੋਰਚੇ’ (ਗ਼ੈਰ ਸਿਆਸੀ) ਨੂੰ ਕਮਜ਼ੋਰ ਕਰ ਦਿਤਾ ਹੈ ਤੇ ਦਿੱਲੀ ਦੇ ਸਿਆਸਤਦਾਨਾਂ ਨੂੰ ਅਪਣੀ ਵਖਰੀ ਸੋਚ ਦਾ ਸੁਨੇਹਾ ਵੀ ਦੇ ਦਿਤਾ ਹੈ ਜਿਸ ਕਾਰਨ ਮੌਜੂਦਾ ਸੰਘਰਸ਼ ਦੇ ਆਗੂਆਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ।
ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸਾਨ ਅਪਣੀ ਰਣਨੀਤੀ ਨੂੰ ਬਦਲਣ। ਹਰ ਜੰਗ, ਵਿਰੋਧ ਨਾਲ ਨਹੀਂ ਫ਼ਤਿਹ ਹੁੰਦੀ। ਜਿਸ ਦੇਸ਼ ਦੀ ਆਬਾਦੀ 135 ਕਰੋੜ ਹੈ ਤੇ ਜਿਥੇ ਹਰ ਰੋਜ਼ 154 ਕਿਸਾਨ ਤੇ ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਹੋਣ, ਉਥੇ 20 ਪੰਜਾਬੀ ਕਿਸਾਨਾਂ ਦੀ ਮੌਤ ਦੀ ਕੀਮਤ ਕੀ ਪਾਈ ਜਾਏਗੀ ਤੇ ਕੌਣ ਪਾਏੇਗਾ? ਦੁਨੀਆਂ ਭਰ ਵਿਚ ਕਿਸੇ ਹੋਰ ਕੋਲ ਓਨੀ ਤਾਕਤ ਨਹੀਂ ਜਿੰਨੀ ਇਕ ਕਿਸਾਨ ਕੋਲ ਹੁੰਦੀ ਹੈ ਕਿਉਂਕਿ ਕੋਈ ਵੀ ਏਆਈ (1rtifical 9ntelligence) ਦਾਣਿਆਂ ਦੀ ਕਾਢ ਨਹੀਂ ਕਰ ਸਕਦੀ। ਜਿਸ ਕੋਲ ਦੁਨੀਆਂ ਦੀ ਭੁੱਖਮਰੀ ਦਾ ਤੋੜ ਹੋਵੇ, ਉਹ ਅਪਣੀ ਤਾਕਤ ਨੂੰ ਕਮਜ਼ੋਰ ਨਾ ਸਮਝੇ ਸਗੋਂ ਚਲਾਕੀ ਤੇ ਸਿਆਣਪ ਨਾਲ ਉਸ ਦਾ ਇਸਤੇਮਾਲ ਕਰਨਾ ਜ਼ਰੂਰ ਸਿਖੇ।
-ਨਿਮਰਤ ਕੌਰ