
ਰਾਜ ਸਭਾ ਲਈ ਤਾਂ ਅਪਣੇ ਵਿਧਾਇਕਾਂ ਤੇ ਵੀ ਪਾਰਟੀਆਂ ਨੂੰ ਇਤਬਾਰ ਨਹੀਂ ਰਿਹਾ!
ਇਕ ਪਾਸੇ ਰਾਜ ਸਭਾ ਦੀਆਂ ਚੋਣਾਂ ਚਲ ਰਹੀਆਂ ਹਨ ਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਦੀਆਂ ਗੱਲਾਂ ਹੋ ਰਹੀਆਂ ਹਨ। ਜਿਸ ਰਾਜ ਸਭਾ ਸੀਟ ਉਤੇ ਪੁਰਾਣੀਆਂ ਪਾਰਟੀਆਂ ਨੂੰ ਬਹੁਮਤ ਵਿਚ ਵੋਟਾਂ ਪ੍ਰਾਪਤ ਹਨ, ਉਥੇ ਤਾਂ ਪਾਰਟੀਆਂ ਅਪਣੇ ਨੁਮਾਇੰਦੇ ਆਰਾਮ ਨਾਲ ਭੇਜ ਰਹੀਆਂ ਹਨ ਪਰ ਜਿਥੇ ਅੰਕੜਿਆਂ ਦਾ ਹੇਰ ਫੇਰ ਹੋ ਸਕਦਾ ਹੋਵੇ, ਉਥੇ ਤਸਵੀਰ ਹੋਰ ਹੈ ਕਿਉਂਕਿ ਵੋਟ ਵਿਧਾਇਕ ਦੀ ਹੈ ਤੇ ਇਨ੍ਹਾਂ ਨੂੰ ਖ਼ਰੀਦਿਆ ਜਾਂ ਡਰਾਇਆ ਵੀ ਜਾ ਸਕਦਾ ਹੈ। ਪਾਰਟੀਆਂ ਇਨ੍ਹਾਂ ਵਿਧਾਇਕਾਂ ਦਾ ਬਹੁਤ ਧਿਆਨ ਰੱਖ ਰਹੀਆਂ ਹਨ। ਅੱਜ ਕਿਸੇ ਵੀ ਪਾਰਟੀ ਦਾ ਵਿਧਾਇਕ 3-4 ਕਰੋੜ ਵਿਚ ਆਮ ਖ਼ਰੀਦਿਆ ਜਾ ਸਕਦਾ ਹੈ ਤੇ ਪਾਰਟੀਆਂ ਇਨ੍ਹਾਂ ਤੇ ਵਿਸ਼ਵਾਸ ਨਹੀਂ ਕਰ ਸਕਦੀਆਂ।
Simranjit Singh Mann
ਇਨ੍ਹਾਂ ਨੂੰ 5 ਤਾਰਾ ਹੋਟਲਾਂ ਵਿਚ ਸੁਰੱਖਿਅਤ ਰਖਿਆ ਜਾ ਰਿਹਾ ਹੈ, ਜਿਥੇ ਇਨ੍ਹਾਂ ਦੀ ਵਧੀਆ ਮਾਲਿਸ਼ ਤੇ ਹੋਰ ਬਹੁਤ ਕੁੱਝ ਨਾਲ ਸੇਵਾ ਹੋ ਰਹੀ ਹੈ ਪਰ ਇਨ੍ਹਾਂ ਦੇ ਫ਼ੋਨ ਲੈ ਲਏ ਗਏ ਹਨ, ਇਨ੍ਹਾਂ ਦੇ ਹੋਟਲਾਂ ਦੇ ਬਾਹਰ ਵਾਧੂ ਸੁਰੱਖਿਆ ਖੜੀ ਕੀਤੀ ਗਈ ਹੈ। ਇਕ ਤਰ੍ਹਾਂ ਦੀ ਪੰਜ ਤਾਰਾ ਜੇਲ ਹੈ ਇਨ੍ਹਾਂ ਵਿਧਾਇਕਾਂ ਵਾਸਤੇ ਜਿਨ੍ਹਾਂ ਦੀ ਵਫ਼ਾਦਾਰੀ ਸ਼ੱਕੀ ਹੈ ਅਤੇ ਦੂਜੇ ਪਾਸੇ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਸੰਗਰੂਰ ਦੇ ਆਮ ਵੋਟਰ ਵਾਸਤੇ ਪਾਰਟੀਆਂ ਵਖਰੀਆਂ ਤਿਆਰੀਆਂ ਕਰ ਰਹੀਆਂ ਹਨ। ਗ਼ਰੀਬ ਬੰਦੇ ਦੀ ਸਹੂਲਤ ਬਾਰੇ ਕੀ ਸੋਚਣਾ ਹੈ ਇਨ੍ਹਾਂ ਪਾਰਟੀਆਂ ਨੇ, ਇਹ ਤਾਂ ਆਜ਼ਾਦ ਸੋਚ ਦੇ ਨਕਲੀ ਨਾਹਰੇ ਮਾਰ ਕੇ, ਝੂਠ ਦੇ ਜਾਲ ਬੁਣਨਗੀਆਂ ਤੇ ਵੋਟਰ ਕਿਸੇ ਇਕ ਨੂੰ ਜਿਤਾ ਦੇਵੇਗਾ।
Simranjit Singh Mann
ਸਾਡੇ ਵੱਡੇ ਉਮੀਦਵਾਰ ਸਾਹਮਣੇ ਆ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਤੋਂ ਸਿਮਰਨਜੀਤ ਸਿੰਘ ਮਾਨ ਖੜੇ ਹਨ ਤੇ ਇਸ ਵਾਰ ਉਹ ਸਿੱਧੂ ਮੂਸੇਵਾਲ ਵਲੋਂ ਉਨ੍ਹਾਂ ਦਾ ਨਾਂ ਅਪਣੇ ਗੀਤ ਵਿਚ ਲਏ ਜਾਣ ਨੂੰ ਵਰਤ ਕੇ ਵੋਟਰ ਨੂੰ ਵੋਟ ਦੇਣ ਵਾਸਤੇ ਕਹਿਣਗੇ। ਪਰ ਵੋਟਰ ਤਾਂ ਵੋਟਰ ਹੀ ਹੈ ਜਿੰਨਾ ਮਰਜ਼ੀ ਲੋਕ ਸਿੱਧੂ ਮੂਸੇਵਾਲੇ ਦੇ ਦੀਵਾਨੇ ਸਨ, ਵੋਟਾਂ ਤਾਂ ਉਸ ਨੂੰ ਵੀ ਨਹੀਂ ਸਨ ਮਿਲੀਆਂ। ਖ਼ੈਰ ਪਤਾ ਨਹੀਂ ਕਿਹੜਾ ਕਾਰਨ ਹੈ ਜਿਸ ਸਦਕਾ ਸਿਮਰਨਜੀਤ ਸਿੰਘ ਮਾਨ ਖ਼ਾਲਿਸਤਾਨ ਦਾ ਨਾਹਰਾ ਮਾਰ ਕੇ ਵਾਰ ਵਾਰ ਚੋਣ ਮੈਦਾਨ ਵਿਚ ਉਤਰਦੇ ਹਨ ਤੇ ਲੋਕ ਉਨ੍ਹਾਂ ਨੂੰ ਹਰਾ ਵੀ ਦੇਂਦੇ ਹਨ। ਪਰ ਉਨ੍ਹਾਂ ਦੀ ਦ੍ਰਿੜ੍ਹਤਾ ਤੇ ਹੈਰਾਨੀ ਵੀ ਹੁੰਦੀ ਹੈ ਤੇ ਕਈਆਂ ਅੰਦਰ ਸਤਿਕਾਰ ਵੀ ਉਪਜਦਾ ਹੈ।
Kamaldeep Kaur Rajoana
ਦੂਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਖੜੇ ਕੀਤੇ ਹਨ ਜਿਸ ਬਾਰੇ ਅਕਾਲੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੰਸਦ ਵਿਚ ਭੇਜਣਾ ਜ਼ਰੂਰੀ ਹੈ ਕਿਉਂਕਿ ਉਹ ਬੰਦੀ ਸਿੱਖਾਂ ਦੀ ਆਵਾਜ਼ ਬਣ ਸਕਦੀ ਹੈ। ਚਲੋ ਅਕਾਲੀ ਦਲ ਨੇ ਇਹ ਤਾਂ ਮੰਨਿਆ ਕਿ ਬਾਦਲ ਪ੍ਰਵਾਰ ਅੱਜ ਤਕ ਬੰਦੀ ਸਿੱਖਾਂ ਦੀ ਆਵਾਜ਼ ਸੰਸਦ ਵਿਚ ਪਹੁੰਚਾਉਣ ਵਿਚ ਅਸਮਰਥ ਰਿਹਾ ਹੈ। ਅਕਾਲੀ ਅਪਣੇ ਪੰਜ ਜਾਂ 10 ਸਾਲ ਦੇ ਰਾਜ ਵਿਚ 6 ਬੰਦੀ ਸਿੱਖਾਂ ਨੂੰ ਤਾਂ ਰਿਹਾਅ ਕਰਵਾ ਹੀ ਸਕਦੇ ਸਨ ਕਿਉਂਕਿ ਇਹ ਪੰਜਾਬ ਦੀਆਂ ਜੇਲਾਂ ਵਿਚ ਸਨ। ਇੰਨਾ ਹੀ ਨਹੀਂ, ਇਨ੍ਹਾਂ ਛੇਆਂ ਨੂੰ ਤਾਂ ਕਾਂਗਰਸ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਤੌਰ ਜੇਲ ਮੰਤਰੀ ਰਿਹਾਅ ਕਰ ਦਿਤਾ। ਬਾਕੀ ਬਚੇ ਤਿੰਨ ਬੰਦੀ ਸਿੱਖ। ਦਵਿੰਦਰਪਾਲ ਭੁੱਲਰ ਨੂੰ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਮਿਲ ਕੇ ਰਿਹਾਅ ਕਰ ਸਕਦੇ ਹਨ। ਭਾਈ ਰਾਜੋਆਣਾ ਚੰਡੀਗੜ੍ਹ ਦੀ ਯੂ.ਟੀ. ਹੇਠ, ਕੇਂਦਰ ਸਰਕਾਰ ਦੀ ਮਰਜ਼ੀ ਤੇ ਹਨ ਤੇ ਖਹਿਰਾ ਕਰਨਾਟਕਾ ਯਾਨੀ ਕੇਂਦਰ ਸਰਕਾਰ ਦੇ ਹੇਠ ਆਉਂਦੇ ਹਨ।
ਯਾਨੀ ਜੇ ਅਕਾਲੀ ਅਸਲ ਵਿਚ ਚਾਹੁੰਦੇ ਤਾਂ ਉਹ ਅਪਣੇ 20 ਸਾਲਾਂ ਦੀ ਭਾਜਪਾ ਨਾਲ ਭਾਈਵਾਲੀ ਵਿਚ ਇਨ੍ਹਾਂ ਨੂੰ ਰਿਹਾਅ ਕਰਵਾ ਸਕਦੇ ਸਨ। ਪਰ ਉਨ੍ਹਾਂ ਕਦੇ ਕਿਸੇ ਨੂੰ ਨਹੀਂ ਕਿਹਾ। ਸਗੋਂ ਭਾਈ ਮੰਡ ਤੇ ਦਾਦੂਵਾਲ ਤੇ 2015 ਵਿਚ ਅਕਾਲੀ ਦਲ ਵਲੋਂ ਯੂ.ਏ.ਪੀ.ਏ. ਲਾਗੂ ਕਰਵਾਈ ਗਈ ਸੀ ਅਤੇ ਜੇ ਹਿਰਾਸਤ ਵਿਚ ਲੈ ਲਏ ਗਏ ਤਾਂ ਬੰਦੀ ਸਿੱਖਾਂ ਦੀ ਸੂਚੀ ਤਿੰਨ ਤੋਂ ਪੰਜ ਹੋ ਸਕਦੀ ਹੈ। ਬੰਦੀ ਸਿੰਘਾਂ ਦਾ ਮੁੱਦਾ ਅਪਣੇ ਲਈ ਰੋਟੀਆਂ ਸੇਕਣ ਦਾ ਬਹਾਨਾ ਜ਼ਿਆਦਾ ਲਗਦਾ ਹੈ। ‘ਆਪ’ ਪਾਰਟੀ ਨੇ ਹੁਣ ਤਾਂ ਇਕ ਆਮ ਸਰਪੰਚ ਨੂੰ ਹੀ ਸੀਟ ਦੇ ਦਿਤੀ ਹੈ ਪਰ ਰਾਜ ਸਭਾ ਵਿਚ ਵੀ ਆਮ ਆਦਮੀ ਨਹੀਂ ਗਿਆ। ਉਨ੍ਹਾਂ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੂਬੇ ਵਿਚ ਡਰ ਦੇ ਮਾਹੌਲ, ਨਸ਼ੇ ਤੇ ਗੁੰਡਾਗਰਦੀ ਦੇ ਮਾਹੌਲ ਨੂੰ ਲੈ ਕੇ ਸਵਾਲ ਪੁਛੇ ਜਾਣਗੇ।
ਇਹ ਭਗਵੰਤ ਮਾਨ ਵਾਸਤੇ ਚੁਨੌਤੀ ਦੀ ਘੜੀ ਬਹੁਤ ਜਲਦੀ ਆਈ ਹੈ ਪਰ ਜੋ ਭ੍ਰਿਸ਼ਟਾਚਾਰ ਨੂੰ ਲੈ ਕੇ ਕਦਮ ਚੁਕੇ ਜਾ ਰਹੇ ਹਨ, ਲੋਕ ਉਸ ਤੋਂ ਖ਼ੁਸ਼ ਵੀ ਹਨ। ਕੇਵਲ ਢਿੱਲੋਂ ਵਾਸਤੇ ਨਾ ਸਿਰਫ਼ ਦੁਬਾਰਾ ਅਪਣੀ ਥਾਂ ਬਣਾਉਣੀ ਬਲਕਿ ਅਪਣੀ ਪਾਰਟੀ ਬਦਲਣ ਦੀ ਚੁਨੌਤੀ ਵੀ ਹੈ। ਇਹ ਭਾਜਪਾ ਵਾਸਤੇ ਵੀ ਸਾਫ਼ ਕਰੇਗਾ ਕਿ ਜੋ ਕਦਮ ਪ੍ਰਧਾਨ ਮੰਤਰੀ ਮੋਦੀ ਚੁਕ ਰਹੇ ਹਨ, ਕੀ ਲੋਕ ਉਨ੍ਹਾਂ ਨਾਲ ਖ਼ੁਸ਼ ਵੀ ਹਨ ਕਿ ਨਹੀਂ? ਪਰ ਸੱਭ ਅਪਣੀਆਂ ਤਿਆਰੀਆਂ ਕਰ ਰਹੇ ਹਨ ਅਤੇ ਵੋਟਰ ਨੂੰ ਇਨ੍ਹਾਂ ਗੱਲਾਂ ਦੇ ਪਿੱਛੇ ਦੇ ਸੱਚ ਬਾਰੇ ਵੀ ਸੁਚੇਤ ਹੋਣਾ ਪਵੇਗਾ।
-ਨਿਮਰਤ ਕੌਰ