ਸੂਰਜ ਦੀ ਰੋਸ਼ਨੀ ਬੁਝਾਉਣ ਦਾ ਦਾਅਵਾ ਕਰਨ ਵਾਲੇ ਇਹ ਬਰਸਾਤੀ ਭੰਬਟ!

By : GAGANDEEP

Published : Jul 9, 2023, 7:21 am IST
Updated : Jul 9, 2023, 9:06 am IST
SHARE ARTICLE
photo
photo

2012 ਵਿਚ ਕਈ ਮੁਸ਼ਕਲ ਪੜਾਅ ਪਾਰ ਕਰ ਕੇ, ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ।

2012 ਵਿਚ ਕਈ ਮੁਸ਼ਕਲ ਪੜਾਅ ਪਾਰ ਕਰ ਕੇ, ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ। ਸਾਲ ਡੇਢ ਸਾਲ ਬਾਅਦ ਇਸ ਦੀ ਪਹਿਲੀ ਵੱਡੀ ਇਮਾਰਤ (ਮਿਊਜ਼ੀਅਮ) ਦੀ ਝਲਕ ਜਦੋਂ ਦੋਖੀਆਂ ਦੀਆਂ ਕੈਰੀਆਂ ਅੱਖਾਂ ਦੀ ਨਜ਼ਰੀਂ ਪਈ ਤਾਂ ਉਨ੍ਹਾਂ ਦੇ ਹੋਸ਼ ਉਡ ਗਏ - ਉਸ ਤਰ੍ਹਾਂ ਹੀ ਜਿਵੇਂ 2005 ਵਿਚ ‘ਰੋਜ਼ਾਨਾ ਸਪੋਕਸਮੈਨ’ ਨਿਕਲਣ ਨਾਲ ਕਈ ਲੋਕ ਮੂਰਛਤ (ਬੇਹੋਸ਼) ਹੋਣ ਵਾਲੇ ਹੋ ਗਏ ਸਨ ਤੇ ਉਨ੍ਹਾਂ ਨੇ ਬਾਦਲ ਸਾਹਿਬ ਦੇ ਪੈਰ ਜਾ ਫੜੇ ਕਿ ਪੁਜਾਰੀਆਂ ਨੂੰ ਕਹਿ ਕੇ ਅੱਜ ਹੀ ਹੁਕਮਨਾਮਾ ਜਾਰੀ ਕਰਵਾਉ ਕਿ ਕੋਈ ਇਸ ਅਖ਼ਬਾਰ ਨੂੰ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ। ਪੁਜਾਰੀਆਂ ਨੇ ਜਵਾਬ ਦਿਤਾ ਕਿ ਮੀਟਿੰਗ ਬੁਲਾਉਣ ਲਈ ਹਫ਼ਤਾ ਕੁ ਤਾਂ ਚਾਹੀਦਾ ਹੀ ਹੋਵੇਗਾ ਪਰ ਨੀਮ-ਬੇਹੋਸ਼ੀ ਵਿਚ ਚਲੇ ਗਏ ਵੀਰ ਬੋਲੇ, ‘‘ਨਹੀਂ ਅੱਜ ਹੀ ਹੁਕਮਨਾਮਾ ਚਾਹੀਦੈ ਨਹੀਂ ਤਾਂ ਅਸੀ ਪੂਰੀ ਤਰ੍ਹਾਂ ਬੇਹੋਸ਼ ਹੋ ਜਾਵਾਂਗੇ।’’

ਸੋ ਸਿੱਖ ਇਤਿਹਾਸ (ਸ਼੍ਰੋਮਣੀ ਕਮੇਟੀ ਦੇ ਇਤਿਹਾਸ) ਦਾ ਇਹ ਵੀ ਇਕ ‘ਸੁਨਹਿਰੀ ਵਰਕਾ’ ਹੈ ਕਿ ਨੀਮ-ਬੇਹੋਸ਼ੀ ਵਿਚ ਚਲੇ ਗਏ ਦੋਖੀਆਂ ਨੂੰ ਹੋਸ਼ ਵਿਚ ਲਿਆਉਣ ਲਈ ਪੁਜਾਰੀਆਂ (ਜਥੇਦਾਰਾਂ) ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰੈੱਸ ਸੈਕਟਰੀ ਕੋਲੋਂ ਅਖ਼ਬਾਰ ਪ੍ਰਗਟ ਹੋਣ ਦੇ ਪਹਿਲੇ ਦਿਨ ਹੀ ਇਹ ‘ਹੁਕਮਨਾਮਾ’ ਜਾਰੀ ਕਰਵਾਇਆ ਗਿਆ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ। ਕਿਉਂ ਪਹਿਲੇ ਹੀ ਦਿਨ ਇਸ ਅਖ਼ਬਾਰ ਨੇ ਕੋਈ ਮਾੜੀ ਗੱਲ ਲਿਖ ਦਿਤੀ ਸੀ? ਨਹੀਂ ਧਰਮ ਦੇ ਨਾਂ ’ਤੇ ਧੱਕਾ ਕਰਨ ਵਾਲਿਆਂ ਨੂੰ ਨਾ ਕਿਸੇ ਦਲੀਲ ਦੀ ਲੋੜ ਹੁੰਦੀ ਹੈ, ਨਾ ਕਿਸੇ ਬਹਾਨੇ ਦੀ। ਬਸ ਉਨ੍ਹਾਂ ਦਾ ਇਕ ਸਾਥੀ ਮੂਰਛਤ ਹਾਲਤ ਵਿਚ ਪਿਆ ਸੀ ਤੇ ਉਸ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਸਨ। ਪੰਜੇ ਗੁਨਾਹ ਉਨ੍ਹਾਂ ਨੂੰ ਮਾਫ਼ ਸਨ। ਪੁਜਾਰੀਆਂ ਦੇ ‘ਹੁਕਮਨਾਮਿਆਂ’ ਬਾਰੇ ਸ਼੍ਰੋਮਣੀ ਕਮੇਟੀ ਨੇ ਇਕ ਕਿਤਾਬ ਛਾਪੀ ਹੈ ਜਿਸ ਨੂੰ ਸੋਧ ਕੇ ਇਹ ‘ਪ੍ਰੈੱਸ ਸੈਕਟਰੀ’ ਦਾ ਹੁਕਮਨਾਮਾ ਵੀ ਉਸ ਵਿਚ ਸ਼ਾਮਲ ਕਰ ਦੇਣਾ ਚਾਹੀਦਾ ਹੈ ਤਾਕਿ ਇਤਿਹਾਸ ਵਿਚ ਸ਼੍ਰੋਮਣੀ ਕਮੇਟੀ ਦੇ ਵੱਡੇ ਕਾਰਨਾਮਿਆਂ ਵਿਚ ਇਹ ਕਾਰਨਾਮਾ ਵੀ ਜੁੜਨੋਂ ਨਾ ਰਹਿ ਜਾਏ।

ਫਿਰ ਉਹ ਐਲਾਨ ਕਰਨ ਲੱਗ ਪਏ ਕਿ ਅਖ਼ਬਾਰ ਨੂੰ ਛੇ ਮਹੀਨੇ ਵਿਚ ਜਾਂ ਵੱਧ ਤੋਂ ਵੱਧ ਸਾਲ ਵਿਚ ਬੰਦ ਕਰਵਾ ਦਿਆਂਗੇ। ਉਹਨਾਂ ਦੀ ਅਕਲ ਉਨ੍ਹਾਂ ਨੂੰ ਇਹ ਸਮਝਣ ਦੀ ਆਗਿਆ ਨਹੀਂ ਸੀ ਦੇ ਰਹੀ ਕਿ ਆਖ਼ਰ ਸਰਕਾਰ, ਸ਼੍ਰੋਮਣੀ ਕਮੇਟੀ, ਪੁਜਾਰੀਆਂ ਤੇ ਦੋਖੀਆਂ ਦੇ ਚੌਤਰਫ਼ਾ ਹਮਲੇ ਦੇ ਬਾਵਜੂਦ ਅਖ਼ਬਾਰ, ਬੰਦ ਹੋਣ ਦੀ ਥਾਂ ਅੱਗੇ ਹੀ ਅੱਗੇ ਵਧਦਾ ਕਿਵੇਂ ਜਾ ਰਿਹਾ ਸੀ। ਅਸੀ ਵੀ ਐਲਾਨ ਕਰ ਦਿਤਾ ਕਿ ਉਨ੍ਹਾਂ ਦੇ ਜਬਰ ਦੀ ਕੋਈ ਪ੍ਰਵਾਹ ਨਾ ਕਰਦਿਆਂ, ਹੁਣ ਅਸੀ ‘ਉੱਚਾ ਦਰ’ ਵੀ ਉਸਾਰਨਾ ਸ਼ੁਰੂ ਕਰ ਦਿਆਂਗੇ। ਉਨ੍ਹਾਂ ਨੂੰ ਸਾਡੀ ਇਹ ਗੱਲ ਗੱਪ ਹੀ ਲੱਗੀ ਪਰ ਜਦ ‘ਉੱਚਾ ਦਰ’ ਲਈ 14 ਏਕੜ ਜ਼ਮੀਨ ਖ਼ਰੀਦ ਕੇ ਪਹਿਲਾ ਸਮਾਗਮ ਰਖਿਆ ਤੇ 50 ਹਜ਼ਾਰ ਪਾਠਕ ਉਥੇ ਆ ਜੁੜੇ ਤਾਂ ਦੋਖੀ ਲਾਣਾ ਹਿਲ ਗਿਆ ਪਰ ਅਜੇ ਵੀ ਸੋਚਦਾ ਇਹੀ ਸੀ ਕਿ ਉਸਾਰੀ ਲਈ ਪੈਸੇ ਕਿਥੋਂ ਲਿਆਉਣਗੇ?

2012 ਵਿਚ ‘ਉੱਚਾ ਦਰ’ ਦੀ ਉਸਾਰੀ ਵੀ ਸ਼ੁਰੂ ਹੋ ਗਈ। ਡੇਢ ਕੁ ਸਾਲ ਮਗਰੋਂ ਸਾਹਮਣੇ ਪਾਸੇ ਦੀ ਪਹਿਲੀ ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਪਰ ਕੰਮ ਬੜੀ ਹੌਲੀ ਰਫ਼ਤਾਰ ਨਾਲ ਹੋ ਰਿਹਾ ਸੀ ਕਿਉਂਕਿ ਪੈਸੇ ਹੌਲੀ ਹੌਲੀ ਹੀ ਆ ਰਹੇ ਸਨ। ਪਰ 2013 ਦੇ ਅੰਤ ਤਕ ਇਹ ਪਹਿਲੀ ਵਿਸ਼ਾਲ ਇਮਾਰਤ, ਜੀਟੀ ਰੋਡ ਤੋਂ ਲੰਘਣ ਵਾਲਿਆਂ ਦੇ ਧਿਆਨ ਦਾ ਕੇਂਦਰ ਬਣ ਗਈ। ਦੋਖੀ ਫਿਰ ਘਬਰਾ ਕੇ ਸੂਰਜ ਨੂੰ ਮੂੰਹ ਵਿਚ ਪਾ ਲੈਣ ਲਈ ਉਡਾਰੀਆਂ ਮਾਰਨ ਲੱਗੇ ਤੇ ਸੈਂਕੜੇ ‘ਬੇਨਾਮ’ ਚਿੱਠੀਆਂ ਲਿਖ ਕੇ ਖ਼ੁਫ਼ੀਆ ਏਜੰਸੀਆਂ, ਪੁਲਿਸ ਸਮੇਤ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਭੇਜ ਦਿਤੀਆਂ ਕਿ ‘ਉੱਚਾ ਦਰ’ ਦੇ ਨਾਂ ਤੇ ਹਜ਼ਾਰਾਂ ਕਰੋੜ ਰੁਪਏ ਜੋਗਿੰਦਰ ਸਿੰਘ ਨੇ ਇਕੱਠੇ ਕਰ ਲਏ ਹਨ ਤੇ ਛੇਤੀ ਹੀ ਵਿਦੇਸ਼ ਭੱਜਣ ਵਾਲਾ ਹੈ, ਇਸ ਲਈ ਸਰਕਾਰ ਇਸ ਨੂੰ ਗਿਫ਼ਤਾਰ ਕਰ ਲਵੇ।’’

ਏਜੰਸੀਆਂ ਵਾਲੇ ਆਏ। ਸਵਾਲ ਪੁਛਦੇ ਰਹੇ। ਅਖ਼ੀਰ ਫ਼ੈਸਲਾ ਹੋਇਆ ਕਿ ਸਾਰੀਆਂ ਏਜੰਸੀਆਂ ਦੀ ਬਜਾਏ ਆਰਥਕ ਅਪ੍ਰਾਧਾਂ ਦੀ ਜਾਂਚ ਲਈ ਭਾਰਤ ਦੀ ਸੱਭ ਤੋਂ ਵੱਡੀ ਏਜੰਸੀ ‘ਸੇਬੀ’ ਨੂੰ ਮਾਮਲਾ ਸੌਂਪ ਦਿਤਾ ਜਾਏ ਕਿਉਂਕਿ ਇਲਜ਼ਾਮ ‘ਹਜ਼ਾਰਾਂ ਕਰੋੜ ਰੁਪਏ’ ਇਕੱਠੇ ਕਰਨ ਦਾ ਸੀ। ‘ਸੇਬੀ’ ਵਾਲਿਆਂ ਦੀ ਚਿੱਠੀ ਆਈ, ‘‘ਸਾਨੂੰ ਸਾਰੇ ਕਾਗ਼ਜ਼ ਤੁਰਤ ਸਪਲਾਈ ਕਰੋ ਨਹੀਂ ਤਾਂ ਤੁਹਾਨੂੰ ਗ੍ਰਿਫ਼ਤਾਰ ਕਰਨ ਤੇ ਤੁਹਾਡੀ ਜਾਇਦਾਦ ਜ਼ਬਤ ਕਰਨ ਦੇ ਸਾਰੇ ਅਧਿਕਾਰ ਸਾਨੂੰ ਪ੍ਰਾਪਤ ਹਨ। ਤੁਹਾਡੇ ਉਤੇ ਗੰਭੀਰ ਦੋਸ਼ ਹਨ ਕਿ ਤੁਸੀ ਗ਼ੈਰ-ਕਾਨੂੰਨੀ ਢੰਗ ਨਾਲ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਰ ਲਏ ਹਨ।’’ ਇਹ ਗੱਲ 2014 ਦੀ ਹੈ।
ਮੈਂ ਜਵਾਬ ਦਿਤਾ, ‘‘ਮੈਂ ਦਫ਼ਤਰ ਦੀਆਂ ਚਾਬੀਆਂ ਤੁਹਾਡੇ ਹਵਾਲੇ ਕਰ ਦੇਂਦਾ ਹਾਂ। ਜਿਹੜਾ ਕਾਗ਼ਜ਼ ਵੇਖਣਾ ਚਾਹੋ ਵੇਖੋ, ਬੈਂਕਾਂ ਤੋਂ ਜਾਣਕਾਰੀ ਪ੍ਰਾਪਤ ਕਰ ਲਉ। ਜੇ ਇਕ ਰੁਪਏ ਦੀ ਵੀ ਗ਼ਲਤੀ ਲੱਭੇ ਤਾਂ ਮੇਰਾ ਕੋਈ ਲਿਹਾਜ਼ ਨਾ ਕਰਨਾ ਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣਾ। ਮੈਂ ਕੋਈ ਸਿਫ਼ਾਰਸ਼ ਨਹੀਂ ਕਰਵਾਵਾਂਗਾ।’’
ਕਹਿਣ ਲੱਗੇ, ‘‘ਬੜੇ ਹੌਸਲੇ ਨਾਲ ਗੱਲ ਕਰ ਰਹੇ ਹੋ।’’

ਮੈਂ ਕਿਹਾ, ‘‘ਸੱਭ ਤੋਂ ਵੱਡਾ ਹੌਸਲਾ ਸੱਚ ਕੋਲੋਂ ਹੀ ਮਿਲਦਾ ਹੈ ਤੇ ਮੇਰੇ ਕੋਲ ਸੱਚ ਤੋਂ ਸਿਵਾਏ ਕੁੱਝ ਵੀ ਨਹੀਂ। ਮੇਰੀ ਕੋਈ ਜ਼ਮੀਨ, ਜਾਇਦਾਦ, ਰਹਿਣ ਲਈ ਘਰ....... ਕੁੱਝ ਵੀ ਨਹੀਂ। ਤੁਸੀ ਮੇਰੇ ਨਾਲ ਕੋਈ ਰਿਆਇਤ ਨਾ ਕਰਨਾ ਤੇ ਸੱਚ ਹੀ ਲਭਣਾ ਬੱਸ।’’ ਦੋ ਸਾਲ ਪੜਤਾਲ ਚਲਦੀ ਰਹੀ। ਉਨ੍ਹਾਂ ਦਿੱਲੀ ਬੁਲਾਇਆ। ਵਕੀਲ ਵੀ ਕੀਤੇ। ਦੋ ਸਾਲ ਮਗਰੋਂ ਉਹ ਮੰਨ ਗਏ ਕਿ ਬੇਨਾਮੀ ਚਿੱਠੀਆਂ ਵਿਚ ਲਿਖੀ ਹਰ ਗੱਲ ਝੂਠੀ ਸੀ ਪਰ ਨਾਲ ਹੀ ਕਹਿਣ ਲੱਗੇ, ‘‘ਸਾਨੂੰ ਦੱਸੋ ਤੁਹਾਡੇ ਵਿਰੁਧ ਏਨਾ ਵੱਡਾ ਝੂਠ ਲਿਖਣ ਵਾਲੇ ਹਨ ਕੌਣ?’’ ਮੈਂ ਕਿਹਾ, ‘‘ਇਹ ਮੈਨੂੰ ਤੁਸੀ ਲੱਭ ਕੇ ਦਿਉ ਤੇ ਮੇਰੇ ਉਤੇ ਏਨਾ ਅਹਿਸਾਨ ਜ਼ਰੂਰ ਕਰ ਦਿਉ।’’  ਪਾਠਕੋ! ‘ਉੱਚਾ ਦਰ’ ਵੇਖਣ ਜਾਉਗੇ ਤਾਂ ਉਥੇ ਮਿਊਜ਼ੀਅਮ ਵਿਚ ਵੇਖੋਗੇ ਸਾਰੇ ਸਰਕਾਰੀ ਹੁਕਮ ਸ਼ੀਸ਼ੇ ਵਿਚ ਮੜ੍ਹਾ ਕੇ ਰੱਖੇ ਹੋਏ ਹਨ ਤਾਕਿ ਯਾਤਰੀਆਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਨਾਦਰਸ਼ਾਹੀ ਹਾਲਾਤ ’ਚੋਂ ਲੰਘ ਕੇ ਇਹ ‘ਉੱਚਾ ਦਰ’ ਹੋਂਦ ਵਿਚ ਆਇਆ ਹੈ।  

‘ਸੇਬੀ’ ਵਾਲੇ ਤਾਂ ਨਾ ਦਸ ਸਕੇ ਕਿ ‘ਬੇਨਾਮ’ ਚਿੱਠੀਆਂ ਦੇ ਲੇਖਕ ਕੌਣ ਸਨ ਪਰ ਹੁਣ ਪੀਟੀਸੀ ਉਤੇ ਉਹੀ 2014 ਵਾਲੇ ਝੂਠ, ਉਸੇ ਹੀ ਭਾਸ਼ਾ ਵਿਚ ਦੁਹਰਾਏ ਗਏ ਤਾਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਹ ਬੇਨਾਮੀ ਚਿੱਠੀਆਂ ਸ. ਬਾਦਲ ਖ਼ੁਦ ਲਿਖਵਾਂਦੇ ਰਹੇ ਹਨ। ਪਿਛਲੇ ਹਫ਼ਤੇ ਤੁਸੀ ਪਟਿਆਲੇ ਦੇ ਸ. ਰਣਧੀਰ ਸਿੰਘ ਦਾ ਬਿਆਨ ਪੜ੍ਹ ਲਿਆ ਹੋਵੇਗਾ ਜਿਸ ਵਿਚ ਉਨ੍ਹਾਂ ਨੇ ਇਹ ਭੇਤ ਖੋਲ੍ਹਿਆ ਹੈ। ਉਹ ਉਸ ਵੇਲੇ ਸ. ਬਾਦਲ ਦੇ ਸੁਰੱਖਿਆ ਅਮਲੇ ਵਿਚ ਤਾਇਨਾਤ ਸਨ।
ਉਦੋਂ ਮੈਨੂੰ ਇਕ ਵਾਰ ਪੱਤਰਕਾਰਾਂ ਨੇ ਪੁਛਿਆ ਸੀ, ‘‘ਇਹ ਕੌਣ ਨੇ ਜੋ ਤੁਹਾਡੇ ਵਿਰੁਧ ਏਨਾ ਝੂਠ ਪ੍ਰਚਾਰ ਕਰ ਰਹੇ ਨੇ?’’ ਮੈਂ ਹੱਸ ਕੇ ਜਵਾਬ ਦਿਤਾ, ‘‘ਇਹ ਬਰਸਾਤੀ ਮੌਸਮ ਵਿਚ ਧਰਤੀ ਵਿਚੋਂ ਨਿਕਲਣ ਵਾਲੇ ਕੀੜੇ ਅਰਥਾਤ ਭੰਬਟ ਹਨ ਜੋ ਰੋਸ਼ਨੀ ਨੂੰ ਨਫ਼ਰਤ ਕਰਦੇ ਹਨ ਤੇ ਸੋਚਦੇ ਹਨ ਕਿ ਸਾਰੇ ਰਲ ਕੇ ਹਮਲਾ ਕਰਾਂਗੇ ਤਾਂ ਸੂਰਜ ਨੂੰ ਵੀ ਮੂੰਹ ਵਿਚ ਪਾ ਲਵਾਂਗੇ ਤੇ ਰੋਸ਼ਨੀ ਬੁਝਾ ਲਵਾਂਗੇ। ਰੋਸ਼ਨੀ ਤਾਂ ਨਹੀਂ ਬੁਝਦੀ ਪਰ ਆਪ ਸਾਰੇ ਮਰ ਜਾਂਦੇ ਹਨ। ‘ਉੱਚਾ ਦਰ’ ਦੇ ਸੂਰਜ ਦੀ ਰੋਸ਼ਨੀ ਬੁਝਾ ਦੇਣ ਦੀ ਮਾੜੀ ਸੋਚ ਪਾਲਣ ਵਾਲੇ ਇਹ ‘ਭੰਬਟ’ ਵੀ ਉਸੇ ਜਾਤੀ ਦੇ ਲੋਕ ਹਨ।’’ਹੁਣ ‘ਉੱਚਾ ਦਰ’ ਚਾਲੂ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ ਤਾਂ ਆਖ਼ਰੀ ਵਾਰ ਸੂਰਜ ਦੀ ਰੋਸ਼ਨੀ ਬੁਝਾ ਦੇਣ ਦੇ ਯਤਨ ਕਰਨ ਵਾਲੇ ਭੰਬਟਾਂ ਦਾ ਆਉਣਾ ਤਾਂ ਕੁਦਰਤੀ ਹੀ ਸੀ। ਜਦ ਤਕ ਰੋਸ਼ਨੀਆਂ ਜਗਦੀਆਂ ਰਹਿਣਗੀਆਂ, ਇਨ੍ਹਾਂ ਨੂੰ ਬੁਝਾਉਣ ਲਈ ਭੰਬਟ ਆਉਂਦੇ ਹੀ ਰਹਿਣਗੇ ਤੇ ਹਰ ਵਾਰ ਜਾਨਾਂ ਗਵਾ ਕੇ ਵੀ ਸਿਖਣਗੇ ਕੁੱਝ ਨਹੀਂ। ਚਲੋ ਇਨ੍ਹਾਂ ਨੂੰ ਅਪਣਾ ਕੰਮ ਕਰਨ ਦਈਏ ਤੇ ਅਸੀ ਸਾਰੇ ਭਵਿੱਖ ਦੀਆਂ ਪੈੜਾਂ ਤਿਆਰ ਕਰਨ ਲਈ ਕੁੱਝ ਵਿਚਾਰਾਂ ਕਰੀਏ। ਅਗਲੇ ਐਤਵਾਰ, ਜ਼ਰੂਰੀ ਵਿਚਾਰਾਂ ਲਈ ਇਸੇ ਥਾਂ ਫਿਰ ਮਿਲਾਂਗੇ। 
(ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement