ਆਂਧਰਾ ਅਤੇ ਬਿਹਾਰ ‘ਵਿਸ਼ੇਸ਼ ਰਾਜ’ ਦੇ ਦਰਜੇ ਦੇ ਹੱਕਦਾਰ ਹਨ ਤਾਂ ਪੰਜਾਬ ਕਿਉਂ ਨਹੀਂ?
Published : Nov 23, 2025, 6:26 am IST
Updated : Nov 23, 2025, 6:26 am IST
SHARE ARTICLE
Niji Diary De Panne News
Niji Diary De Panne News

ਡਾ. ਮਨਮੋਹਨ ਸਿੰੰਘ ਦੀ ਭਰੇ ਜਲਸੇ ਵਿਚ ਆਖੀ ਗੱਲ ਮੰਨ ਲਈ ਜਾਏ ਤਾਂ ਬਾਦਲ ਪ੍ਰਵਾਰ ਦੇ ਨੇਤਾਵਾਂ ਨੇ ਦਿੱਲੀ ਵਿਚ ਕਦੇ ਪੰਜਾਬ ਦੀ ਕੋਈ ਮੰਗ ਰੱਖੀ ਹੀ ਨਹੀਂ ਸੀ

ਅੱਜਕਲ ਸਵੇਰੇ ਅਖ਼ਬਾਰ ਖੋਲ੍ਹੋ ਤਾਂ ਹਰ ਰੋਜ਼ ਹੀ ਅਜਿਹੀਆਂ ਸੁਰਖ਼ੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ:-
ਉੱਚ ਜਾਤੀਆਂ ਲਈ 10% ਨੌਕਰੀਆਂ ਰਾਖਵੀਆਂ ਕਰਨ ਦਾ ਬਿਲ ਪਾਸ ਹੋ ਗਿਆ।
 ਗੁੱਜਰਾਂ ਲਈ ਪੰਜ ਪ੍ਰਤੀਸ਼ਤ ਨੌਕਰੀਆਂ ਰਾਖਵੀਆਂ ਕਰਨ ਦਾ ਬਿਲ ਪਾਸ ਹੋ ਗਿਆ।
 ਲੱਦਾਖ਼ ਦੇ ਬੋਧੀਆਂ ਦੀ ਮੰਗ ਮੰਨੀ ਗਈ ਕਿ ਲੇਹ ਲੱਦਾਖ਼ ਨੂੰ ਜੰਮੂ-ਕਸ਼ਮੀਰ ਰਾਜ ਦਾ ਤੀਜਾ ਖ਼ਿੱਤਾ ਮੰਨ ਲਿਆ ਜਾਏ। 
ਉੱਤਰ ਪੱਛਮ ਦੇ ਰਾਜਾਂ ਵਿਚ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਵਲੋਂ ਆਉਣ ਵਾਲੇ ਬੋਧੀ, ਜੈਨੀ ਰੀਫ਼ੀਊਜੀਆਂ ਨੂੰ ਨਾਗਰਿਕਤਾ ਦੇਣ ਵਾਲਾ ਬਿਲ ਰਾਜ ਸਭਾ ਵਿਚ ਜਾਣਬੁੱਝ ਕੇ ਮਰਨ ਦਿਤਾ ਗਿਆ ਕਿਉਂਕਿ ਸਥਾਨਕ ਲੋਕਾਂ ਨੂੰ ਇਹ ਪ੍ਰਵਾਨ ਨਹੀਂ ਸੀ ਤੇ ਉਨ੍ਹਾਂ ਮੋਦੀ ਨੂੰ ਵੀ ਕਾਲੇ ਝੰਡੇ ਵਿਖਾਏ ਸਨ। 
‘ਤਿੰਨ ਤਲਾਕ’ ਬਿਲ ਵੀ ਰਾਜ ਸਭਾ ਵਿਚ ਜਾਣਬੁੱਝ ਕੇ ਖ਼ਤਮ ਹੋਣ ਦਿਤਾ ਗਿਆ ਕਿਉਂਕਿ ਮੁਸਲਮਾਨਾਂ ਦੀਆਂ ਵੋਟਾਂ ਉਤੇ ਮਾੜਾ ਪ੍ਰਭਾਵ ਪੈਂਦਾ ਨਜ਼ਰ ਆਉਣ ਲੱਗ ਪਿਆ ਸੀ। 

ਇਸ ਤਰ੍ਹਾਂ ਛੋਟੀਆਂ ਵੱਡੀਆਂ ਕਈ ਮੰਗਾਂ ਕੇਂਦਰ ਵਾਲੇ, ਸਿੱਧੇ ਅਤੇ ਅਸਿੱਧੇ ਢੰਗ ਨਾਲ ਚੋਣਾਂ ਦੇ ਐਨ ਨੇੜੇ ਆ ਕੇ ਮੰਨਣ ਲੱਗ ਪੈਂਦੇ ਹਨ ਜਦਕਿ ਪਹਿਲਾਂ ਇਨ੍ਹਾਂ ਸਾਰੀਆਂ ਮੰਗਾਂ ਨੂੰ ਪਾਣੀ ਪੀ ਪੀ ਕੇ ਕੋਸਦੇ ਤੇ ਰੱਦ ਕਰਦੇ ਵੇਖੇ ਜਾ ਸਕਦੇ ਸਨ। 
ਵਿਸ਼ੇਸ਼ ਰਾਜ ਦਾ ਦਰਜਾ 
ਪਰ ਮੰਗਾਂ ਮੰਨਣ ਦੇ ਇਸੇ ਹੀ ਰੌਲੇ ਰੱਪੇ ਵਿਚ ਜਿਹੜੀ ਚੀਜ਼ ਧਿਆਨ ਨਾਲ ਵੇਖਣ ਵਾਲੀ ਹੈ, ਉਹ ਇਹ ਸੀ ਕਿ ਦੇਸ਼ ਵਿਚ ਪਿਛਲੇ ਕੁੱਝ ਸਮੇਂ ਤੋਂ ਕਈ ਸੂਬੇ ‘ਵਿਸ਼ੇਸ਼ ਰਾਜ’ ਦਾ ਦਰਜਾ ਪ੍ਰਾਪਤ ਕਰਨ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਕਰ ਰਹੇ ਸਨ। ਨਿਤਿਸ਼ ਕੁਮਾਰ ਦਾ ਬਿਹਾਰ ਪਹਿਲਾ ਰਾਜ ਸੀ ਜਿਸ ਨੇ ਲਾਲੂ ਪ੍ਰਸ਼ਾਦ ਯਾਦਵ ਨਾਲ ਜਨਮ ਜਨਮ ਦੀ ਯਾਰੀ ਤੋੜ ਕੇ, ਬਿਹਾਰ ਵਿਚ ਬੀ.ਜੇ.ਪੀ. ਨਾਲ ਭਾਈਵਾਲੀ ਪਾ ਲਈ ਤੇ ਸ਼ਰਤ ਇਹ ਰੱਖੀ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਤਾ ਜਾਵੇ। 
ਆਂਧਰਾ ਵਾਲਿਆਂ ਨੂੰ ਵੀ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਕਰ ਕੇ, ਮੋਦੀ ਨੇ ਚੰਦਰ ਬਾਬੂ ਨਾਇਡੂ ਨੂੰ ਕਾਂਗਰਸ ਤੋਂ ਦੂਰ ਕਰ ਲਿਆ ਪਰ ਮਗਰੋਂ ਬੀ.ਜੇ.ਪੀ. ਵਾਲੇ ਇਹ ਵਾਅਦਾ ਨਿਭਾ ਨਾ ਸਕੇ ਕਿਉਂਕਿ ਇਸ ਵਿਚੋਂ ਉਨ੍ਹਾਂ ਨੂੰ ਅਪਣੇ ਲਈ ਕੋਈ ਖ਼ਾਸ ਫ਼ਾਇਦਾ ਨਜ਼ਰ ਨਾ ਆਇਆ। 
ਸਿੱਖਾਂ ਦੀ ਮੰਗ ਹੀ ਕੋਈ ਨਹੀਂ?
‘ਵਿਸ਼ੇਸ਼ ਰਾਜ’ ਦੀਆਂ ਮੰਗਾਂ ਵਲ ਵੇਖ ਕੇ ਮੈਨੂੰ ਯਾਦ ਆਉਂਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ, ਇਹ ਮੰਗ ਤਾਂ ਸਿੱਖਾਂ ਨੇ ਰੱਖੀ ਸੀ ਜਿਸ ਨੂੰ ਨਹਿਰੂ ਨੇ ਇਨ੍ਹਾਂ ਲਫ਼ਜ਼ਾਂ ਨਾਲ ਪ੍ਰਵਾਨ ਕਰ ਲਿਆ ਸੀ, ‘‘ਮੈਨੂੰ ਇਸ ਵਿਚ ਕੁੱਝ ਵੀ ਗ਼ਲਤ ਨਹੀਂ ਲਗਦਾ ਕਿ ਉੱਤਰੀ ਭਾਰਤ ਵਿਚ ਸਿੱਖਾਂ ਨੂੰ ਵੀ ਇਕ ਅਜਿਹਾ ਦੇਸ਼ ਕਾਲ ਤੇ ਖ਼ੁਦ-ਮੁਖ਼ਤਿਆਰ ਖ਼ਿੱਤਾ ਦਿਤਾ ਜਾਵੇ ਜਿਥੇ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣ। 

ਇਹ ਲਫ਼ਜ਼ 1946 ਵਿਚ ਉਦੋਂ ਆਖੇ ਗਏ ਸਨ ਜਦ ਮੁਸਲਿਮ ਲੀਗ ਗੁੜਗਾਉਂ ਤਕ ਸਾਰਾ ਪੰਜਾਬ ਪਾਕਿਸਤਾਨ ਵਿਚ ਸ਼ਾਮਲ ਕਰਨ ਲਈ ਅੜੀ ਹੋਈ ਸੀ ਕਿਉਂਕਿ ਸਾਰੇ ਸਾਂਝੇ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਅੱਧ ਨਾਲੋਂ ਜ਼ਿਆਦਾ ਅਰਥਾਤ 52% ਸੀ ਤੇ ਮਾਸਟਰ ਤਾਰਾ ਸਿੰਘ ਨੇ ਇਕੱਲਿਆਂ ਅੱਧਾ ਪੰਜਾਬ ਬਚਾਉਣ ਦਾ ਜ਼ਿੰਮਾ ਅਪਣੇ ਉਪਰ ਲੈ ਲਿਆ ਸੀ। ਉਸ ਸਮੇਂ ਵੱਡੇ ਕਾਂਗਰਸੀ ਆਗੂ, ਸਾਰਾ ਪੰਜਾਬ ਹੀ ਪਾਕਿਸਤਾਨ ਨੂੰ ਦੇ ਦੇਣ ਲਈ ਤਿਆਰ ਹੋ ਗਏ ਸਨ ਤੇ ਛੇਤੀ ਤੋਂ ਛੇਤੀ ਰਾਜਗੱਦੀ ’ਤੇ ਬੈਠਣਾ ਚਾਹੁੰਦੇ ਸੀ। ਗਾਂਧੀ, ਨਹਿਰੂ ਤੇ ਪਟੇਲ ਮੁਸਲਿਮ ਲੀਗ ਅੱਗੇ ਹਥਿਆਰ ਸੁੱਟਣ ਨੂੰ ਤਿਆਰ ਹੋ ਚੁੱਕੇ ਸਨ ਪਰ ਜਦ ਮਾਸਟਰ ਤਾਰਾ ਸਿੰਘ ਅੱਧਾ ਪੰਜਾਬ ਬਚਾਉਣ ਲਈ ਡੱਟ ਗਏ ਤਾਂ ਕਾਂਗਰਸੀ, ਹਿੰਦੂ ਮਹਾਂ ਸਭਾਈ ਤੇ ਹੋਰ ਸਾਰੇ ਹਿੰਦੂ ਲੀਡਰ, ਇਕ ਹੋ ਜਾਣ ਤੇ ਸਿੱਖਾਂ ਨੂੰ ਆਜ਼ਾਦ ਭਾਰਤ ਵਿਚ ‘ਮੂੰਹ ਮੰਗੀ ਮੁਰਾਦ’ ਦੇਣ ਲਈ ਵੀ ਤਿਆਰ ਹੋ ਗਏ ਸਨ। ਨਹਿਰੂ ਨੇ ਉਪ੍ਰੋਕਤ ਬਿਆਨ ਇਸੇ ਪ੍ਰਸੰਗ ਵਿਚ ਹੀ ਦਿਤਾ ਸੀ। 

ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਵੀ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਦੀਵਾਨ ਵਿਚ ਜਦੋਂ ਪੁੱਛ ਲਿਆ ਗਿਆ ਕਿ ‘ਆਜ਼ਾਦੀ ਮਗਰੋਂ ਤੁਸੀ ਮੁਕਰ ਤਾਂ ਨਹੀਂ ਜਾਉਗੇ?’ ਤਾਂ ਉਨ੍ਹਾਂ ਨੇ ਭਰੇ ਦੀਵਾਨ ਵਿਚ ਕਿਹਾ ਸੀ ਕਿ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਵਾਅਦਾ ਕਰ ਰਹੇ ਹਨ ਤੇ ਬਹਾਦਰ ਸਿੱਖ ਜਾਣਦੇ ਹਨ ਕਿ ਮੁਕਰਨ ਵਾਲੇ ਨਾਲ ਕਿਵੇਂ ਨਿਪਟਿਆ ਜਾਂਦਾ ਹੈ ਤੇ ਅਜਿਹੀ ਹਾਲਤ ਵਿਚ ਜੇਕਰ ਸਿੱਖ ਤਲਵਾਰ ਦੇ ਜ਼ੋਰ ਨਾਲ ਵੀ ਅਪਣੀ ਮੰਗ ਮਨਵਾਉਣ ਲਈ ਨਿਤਰਨਗੇ ਤਾਂ ਉਹ ਬਿਲਕੁਲ ਹੱਕ ਬਜਾਨਬ ਹੋਣਗੇ। 

ਅਗਲਾ ਇਤਿਹਾਸ ਸੱਭ ਨੂੰ ਪਤਾ ਹੈ ਕਿ ਆਜ਼ਾਦੀ ਮਗਰੋਂ ਦੇਸ਼ ਦੇ ਨਵੇਂ ਹਾਕਮ ਕਿਵੇਂ ‘ਹਾਲਾਤ ਬਦਲ ਗਏ ਹਨ’ ਕਹਿ ਕੇ ਮੁਕਰ ਗਏ ਸਨ। 
ਚਲੋ ਪਰ ‘ਵਿਸ਼ੇਸ਼ ਰਾਜਾਂ’ ਦਾ ਦੌਰ ਜਦ ਬੀ.ਜੇ.ਪੀ. ਜਾਂ ਨਰਿੰਦਰ ਮੋਦੀ ਨੇ ਸ਼ੁਰੂ ਕੀਤਾ ਤਾਂ ਨਿਤੀਸ਼ ਕੁਮਾਰ ਸਿਰਫ਼ ‘ਗਠਜੋੜ’ ਬਣਾ ਕੇ ਹੀ ਅਪਣੇ ਰਾਜ ਦੀ ਇਹ ਮੰਗ ਮਨਵਾ ਗਏ ਪਰ ਅਕਾਲੀ ਤਾਂ ‘ਜਨਮ ਜਨਮ ਦੇ ਗਠਜੋੜ’ ਅਤੇ ‘ਪਤੀ ਪਤਨੀ ਵਾਲੇ ਬੰਧਨ’ ਵਿਚ ਪਹਿਲਾਂ ਹੀ ਬੱਝੇ ਹੋਏ ਸਨ ਤਾਂ ਉਨ੍ਹਾਂ ਨੇ ਕਿਉਂ ਨਾ ਇਹ ਮੰਗ ਰੱਖੀ ਕਿ ਪੰਜਾਬ ਨੂੰ ਵੀ ਗਾਂਧੀ, ਨਹਿਰੂ ਦੇ ਵੇਲੇ ਦੇ ਵਾਅਦੇ ਮੁਤਾਬਕ ਹੀ ਵਿਸ਼ੇਸ਼ ਰਾਜ ਦਾ ਦਰਜਾ ਦੇ ਦਿਤਾ ਜਾਏ? ਫਿਰ ਜਦ ਨਰਿੰਦਰ ਮੋਦੀ ਨੇ ‘ਗਠਜੋੜ’ ਵਿਚਲੇ ਇਕ ਹੋਰ ਸਾਥੀ ਚੰਦਰ ਬਾਬੂ ਨਾਇਡੂ ਦੇ ਰਾਜ ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਕਰ ਦਿਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮੰਗ ਕਿਉਂ ਨਾ ਰੱਖ ਦਿਤੀ ਕਿ ਉਨ੍ਹਾਂ ਨਾਲ ਵੀ ਇਹ ਵਾਅਦਾ ਹੀ ਕਰ ਦਿਤਾ ਜਾਏ?

ਡਾ. ਮਨਮੋਹਨ ਸਿੰੰਘ ਦੀ ਭਰੇ ਜਲਸੇ ਵਿਚ ਆਖੀ ਗੱਲ ਮੰਨ ਲਈ ਜਾਏ ਤਾਂ ਬਾਦਲ ਪ੍ਰਵਾਰ ਦੇ ਨੇਤਾਵਾਂ ਨੇ ਦਿੱਲੀ ਵਿਚ ਕਦੇ ਪੰਜਾਬ ਦੀ ਕੋਈ ਮੰਗ ਰੱਖੀ ਹੀ ਨਹੀਂ ਸੀ ਤੇ ਉਹ ਜਦ ਵੀ ਮਿਲਦੇ, ਅਪਣੀ ਕੋਈ ਨਿਜੀ ਮੰਗ ਮਨਵਾਉਣ ਲਈ ਹੀ ਮੂੰਹ ਖੋਲ੍ਹਦੇ ਜਿਵੇਂ ਇਹ ਕਿ ਕੇਂਦਰ ਦੀ ਵਜ਼ੀਰ ਮੰਡਲੀ ਵਿਚ ਬਾਦਲ ਪ੍ਰਵਾਰ ’ਚੋਂ ਹੀ ਕਿਸੇ ਨੂੰ ਵਜ਼ੀਰ ਲਿਆ ਜਾਵੇ ਤੇ ਜਦੋਂ ਉਥੇ ਗ਼ੈਰ-ਬੀਜੇਪੀ ਸਰਕਾਰ ਹੋਵੇ, ਉਦੋਂ ਵੀ ਸਰਕਾਰੀ ਘਰ ਨਾ ਖੋਹਿਆ ਜਾਵੇ ਤਾਕਿ ‘ਗ਼ਰੀਬ ਬਾਦਲ ਪ੍ਰਵਾਰ’ ਨੂੰ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾਉਣ ਲਈ ਮਕਾਨ ਲੱਭਣ ਸਮੇਂ ਦਰ ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ ਵਗ਼ੈਰਾ ਵਗ਼ੈਰਾ।

ਮੈਂ ਅਕਸਰ ਸੋਚਦਾ ਹਾਂ, ਇਕੱਲੇ ਪੰਜਾਬ ਵਿਚ ਹੀ ਨਹੀਂ, ਸਾਰੇ ਦੇਸ਼ ਵਿਚ ਲੀਡਰਾਂ ਦਾ ਪੱਧਰ ਦਿਨ-ਬ-ਦਿਨ ਨੀਵਾਂ ਕਿਉਂ ਹੁੰਦਾ ਜਾ ਰਿਹਾ ਹੈ? ਪੁਰਾਣੇ ਲੀਡਰ ਘੱਟ ਪੜ੍ਹੇ ਹੋਏ ਹੋਣ ਤੇ ਵੀ ਅਤੇ ਬਹੁਤ ਥੋੜ੍ਹੇ ਪੈਸਿਆਂ ਦੇ ਮਾਲਕ ਹੋਣ ’ਤੇ ਵੀ ਅੱਜ ਦੇ ਲੀਡਰਾਂ ਵਾਂਗ ‘ਨਿਜ’ ਉਤੇ ਹੀ ਟਿਕੇ ਨਹੀਂ ਸਨ ਰਹਿੰਦੇ ਸਗੋਂ ‘ਮੈਂ ਮਰਾਂ, ਪੰਥ ਜੀਵੇ’ ਅਤੇ ‘ਦੇਸ਼ ਪਹਿਲਾਂ, ਮੈਂ ਪਿੱਛੋਂ’ ਦੇ ਸਿਧਾਂਤਾਂ ’ਤੇ ਮਰਦੇ ਦਮ ਤਕ ਪਹਿਰਾ ਦੇਂਦੇ ਰਹਿੰਦੇ ਸਨ। ਦੂਜੀ ਗੱਲ ਜੋ ਮੈਨੂੰ ਬਹੁਤ ਅਖਰਦੀ ਹੈ, ਉਹ ਇਹ ਹੈ ਕਿ ਹਰ ਬੀਤਦੇ ਦਿਨ ਨਾਲ, ਜਾਤੀਵਾਦ ਦੇਸ਼ ਨੂੰ ਅਪਣੀ ਭਿਆਨਕ ਜਕੜ ਵਿਚ ਲੈਣ ਵਿਚ ਸਫ਼ਲ ਹੁੰਦਾ ਜਾ ਰਿਹਾ ਹੈ। ਜਾਤੀਵਾਦ ਦਾ ਮਤਲਬ ਹੈ ਕਿ ਤੁਸੀ ਅਪਣੇ ਇਲਾਕੇ, ਅਪਣੇ ਸੂਬੇ, ਅਪਣੇ ਹਲਕੇ ਦੇ ਸੱਭ ਤੋਂ ਚੰਗੇ, ਸਾਫ਼ ਸੁਥਰੇ ਬੰਦੇ ਨੂੰ ਆਗੂ ਨਹੀਂ ਚੁਣਨਾ ਸਗੋਂ ਉਸ ਦੀ ਜਾਤ ਵੇਖ ਕੇ ਹੀ ਚੁਣਨਾ ਹੈ। ਇਸ ਨਾਲ ਸਾਰੇ ਦੇਸ਼ ਵਿਚ ਹਲਕੀ ਕਿਸਮ ਦੇ ‘ਜਾਤੀਵਾਦੀ’ ਲੋਕ ਅੱਗੇ ਆ ਗਏ ਹਨ।

ਬਾਬੇ ਨਾਨਕ ਨੇ ਅਪਣੇ ਆਪ ਨੂੰ ‘ਨੀਚਾਂ ਅੰਦਰ ਨੀਚ ਜਾਤ’ ਕਹਿ ਕੇ ਜਾਤ ਅਭਿਮਾਨੀਆਂ ਨੂੰ ਚੰਗੀਆਂ ਸੁਣਾਈਆਂ ਸਨ ਪਰ ਅੱਜ ਬਾਬੇ ਦੇ ਸਿੱਖਾਂ ਵਲ ਹੀ ਵੇਖ ਲਈਏ ਤਾਂ ਉਹ ਤਾਂ ਸੱਭ ਤੋਂ ਵੱਡੇ ਜਾਤ-ਅਭਿਮਾਨੀ ਬਣ ਗਏ ਹਨ ਤੇ ਲੀਡਰ ਬਣ ਗਏ ਹਨ। ਮੇਰੇ ਸਾਹਮਣੇ ਬੈਠ ਕੇ ਜੱਟ ਅਖਵਾਉਂਦੇ ਮਿੱਤਰ, ਭਾਪਿਆਂ ਨੂੰ ‘ਸਾਲੇ ਭਾਪੇ’ ਕਹਿੰਦੇ ਹਨ ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਤੇ ਭਾਪੇ ਅਖਵਾਉਂਦੇ ਸਿੱਖ, ਜੱਟਾਂ ਨੂੰ ‘ਮੂਰਖ’ ਦਰਸਾਉਣ ਵਾਲੇ ਚੁਟਕਲੇ ਸੁਣਾ ਸੁਣਾ ਕੇ ਖ਼ੁਸ਼ ਹੁੰਦੇ ਹਨ। ਜੱਟਾਂ ਵਿਚ ਵੀ ਬਰਾੜਾਂ ਦੇ ਇਲਾਕੇ ਵਿਚ ਬਾਜਵਾ ਜੱਟ ਕੋਈ ਨਹੀਂ ਖੜਾ ਹੋ ਸਕਦਾ, ਸੈਣੀਆਂ ਦੇ ਇਲਾਕੇ ਵਿਚੋਂ ਜੱਟ ਕੋਈ ਨਹੀਂ ਖੜਾ ਹੋ ਸਕਦਾ। ਅਖੌਤੀ ਦਲਿਤ ਤੇ ਰਾਮਗੜ੍ਹੀਏ ਅਪਣੇ ਪਿੰਡਾਂ ਤੋਂ ਬਾਹਰ ਕਿਧਰੇ ਵੀ ਖੜੇ ਨਹੀਂ ਹੋ ਸਕਦੇ। ਉਂਜ ਇਹ ਸਾਰੇ ਮਿਲ ਕੇ ‘ਪੰਥ’ ਅਖਵਾਉਂਦੇ ਹਨ ਪਰ ਅੰਦਰ ਕੁੱਝ ਵੀ ‘ਇਕ’ ਨਹੀਂ ਤੇ ਪੰਥ ਖਖੜੀਆਂ ਕਰੇਲੇ ਹੋਇਆ ਪਿਆ ਹੈ। ਜੇ ਮੇਰੇ ਵਰਗਾ ਕੋਈ ਇਨ੍ਹਾਂ ਨੂੰ ਟੋਕਣ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਸਾਰੇ ਹੀ ਟੁੱਟ ਕੇ ਪੈ ਜਾਂਦੇ ਹਨ, ‘‘ਤੂੰ ਬਹੁਤੇ ਲੈਕਚਰ ਨਾ ਦਿਆ ਕਰ। ਕਿਸੇ ਨੇ ਤੇਰੀ ਨਹੀਂ ਸੁਣਨੀ। ਅਸੀ ਜੋ ਹਾਂ, ਸੋ ਠੀਕ ਹਾਂ ਤੇ ਤੇਰੇ ਕਹਿਣ ਤੇ ਅਸੀ ਬਦਲ ਨਹੀਂ ਜਾਣਾ।’’

ਮੈਂ ਰੋਜ਼ਾਨਾ ਸਪੋਕਸਮੈਨ ਦੇ ਸਟਾਫ਼ ਵਿਚ ਬੜਿਆਂ ਨੂੰ ਕਹਿ ਕਹਿ ਕੇ ਥੱਕ ਗਿਆ ਹਾਂ ਕਿ ਜਾਤ-ਪਾਤ ਭਾਰਤ ਨੂੰ ਮਿਲੀ ਇਕ ਬੁਰਾਈ ਹੈ, ਇਸ ਨੂੰ ਅਪਣੇ ਨਾਵਾਂ ਨਾਲ ਨਾ ਜੋੜਿਆ ਕਰੋ ਪਰ ਕੋਈ ਇਕ ਵੀ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਸਕਿਆ। ਜਾਤ-ਪਾਤ ਇਸ ਵੇਲੇ ਸਿੱਖੀ ਦੀ ਸੱਭ ਤੋਂ ਵੱਡੀ ਵੈਰਨ ਬਣ ਬੈਠੀ ਹੈ, ਇਸ ਲਈ ਇਸ ਬਾਰੇ ਕੁੱਝ ਹੋਰ ਵੀ ਕਹਿਣਾ ਚਾਹਾਂਗਾ। ਬਾਕੀ ਅਗਲੀ ਵਾਰੀ। 
(17 ਫ਼ਰਵਰੀ 2019 ਦੇ ਪਰਚੇ ਵਿਚੋਂ) 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement