
ਸੁਝਾਅ ਵੀ ਦਿਤੇ ਗਏ ਜਿਵੇਂ ਕਿ ਇਹ ਕਿ ਪਹਾੜਾਂ ਵਿਚ ਵੱਡੇ ਕੰਕਰੀਟ ਦੇ ਥੜੇ ਬਣਾਏ ਜਾਣ ਜਿਸ ਨਾਲ ਡਿਗਦੇ ਭਾਰੀ ਪਹਾੜਾਂ ਦਾ ਕਹਿਰ ਘੱਟ ਜਾਵੇ ਪਰ ਇਨ੍ਹਾਂ ਨੇ ...
ਸੁਝਾਅ ਵੀ ਦਿਤੇ ਗਏ ਜਿਵੇਂ ਕਿ ਇਹ ਕਿ ਪਹਾੜਾਂ ਵਿਚ ਵੱਡੇ ਕੰਕਰੀਟ ਦੇ ਥੜੇ ਬਣਾਏ ਜਾਣ ਜਿਸ ਨਾਲ ਡਿਗਦੇ ਭਾਰੀ ਪਹਾੜਾਂ ਦਾ ਕਹਿਰ ਘੱਟ ਜਾਵੇ ਪਰ ਇਨ੍ਹਾਂ ਨੇ ਪ੍ਰਵਾਹ ਹੀ ਨਾ ਕੀਤੀ ਕਿਉਂਕਿ ਚੋਖੀ ਉਸਾਰੀ ਹੋਵੇਗੀ ਤਾਂ ਚੋਖਾ ਮੁਨਾਫ਼ਾ ਵੀ ਜ਼ਰੂਰ ਹੋਵੇਗਾ। ਲੋਕਾਂ ਦੇ ਜਾਨ ਮਾਲ ਦੀ ਕੋਈ ਕੀਮਤ ਨਹੀਂ ਤੇ ਇਹ ਸਿਰਫ਼ ਭਾਜਪਾ ਦਾ ਹੀ ਕਸੂਰ ਨਹੀਂ ਭਾਵੇਂ ਅਖ਼ੀਰਲਾ ਕਿਲ ਉਨ੍ਹਾਂ ਦੀ ਸਿਆਣਪ ਦਾ ਹੀ ਪਤਾ ਦਸਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀ ਸੋਚ ਇਕੋ ਜਹੀ ਹੀ ਹੁੰਦੀ ਹੈ। ਪਰ ਤੁਸੀ ਇਹ ਸਮਝੋ ਕਿ ਜੇ ਇਹ ਲੋਕ ਜੋ ਵਾਰ-ਵਾਰ ਅਪਣੇ ਆਪ ਨੂੰ ਸੱਭ ਤੋਂ ਚੰਗਾ ਹਿੰਦੂ ਵਿਖਾਉਣ ਦੀ ਲੜਾਈ ਲੜਦੇ ਰਹਿੰਦੇ ਹਨ, ਜੇ ਹਿੰਦੂਆਂ ਦੇ ਖ਼ਾਸ ਇਤਿਹਾਸਕ ਸਥਾਨ ਦਾ ਇਹ ਹਾਲ ਕਰ ਸਕਦੇ ਹਨ ਤਾਂ ਫਿਰ ਉਹ ਇਕ ਆਮ ਇਨਸਾਨ ਨਾਲ ਕੀ-ਕੀ ਨਹੀਂ ਕਰਨਗੇ?
ਜੋਸ਼ੀ ਮੱਠ ਇਕ ਇਤਿਹਾਸਕ ਸਥਾਨ ਹੈ ਜਿਸ ਨੂੰ ਕੇਦਾਰਨਾਥ ਦਾ ਦੁਆਰ ਮੰਨਿਆ ਜਾਂਦਾ ਹੈ। ਇਥੇ ਆਦੀ ਸ਼ੰਕਰਾਚਾਰੀਆ ਦਾ ਮੱਠ ਵੀ ਸੀ ਪਰ ਹੁਣ ਇਹ ਸਾਰਾ ਸਥਾਨ ਹੀ ਸੰਕਟ ਵਿਚ ਹੈ ਕਿਉਂਕਿ ਇਕ ‘ਹਿੰਦੂ ਰਾਸ਼ਟਰ’ ਵਿਚ ਹਿੰਦੂ ਧਾਰਮਕ ਸਥਾਨ ਦੀ ਹੋਂਦ ਹੀ ਖ਼ਤਰੇ ਵਿਚ ਪਈ ਦਿਸਦੀ ਹੈ। ਜੋਸ਼ੀ ਮੱਠ ਦੇ ਨੇੜੇ-ਤੇੜੇ ਦੀ ਉਸਾਰੀ ’ਤੇ ਰੋਕ ਲਗਾ ਦਿਤੀ ਗਈ ਹੈ ਜਦਕਿ ਮਿਸ਼ਰਾ ਕਮੇਟੀ ਨੇ ਪਹਿਲਾਂ ਹੀ 1976 ਵਿਚ ਇਸ ਬਾਰੇ ਚੇਤਾਵਨੀ ਦੇ ਦਿਤੀ ਸੀ। ਉਸਾਰੀ ਉਤੇ ਰੋਕ ਅੱਜ ਲਗਾਈ ਗਈ ਹੈ ਕਿਉਂਕਿ ਹੁਣ ਉਤਰਾਖੰਡ ਵਿਚ ਉਸਾਰੀ ਨਾਲ ਹੋ ਰਿਹਾ ਨੁਕਸਾਨ ਛੁਪਾਇਆ ਨਹੀਂ ਜਾ ਸਕਦਾ। ਅੱਜ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਵਿਚ ਦਰਾੜਾਂ ਪੈ ਰਹੀਆਂ ਹਨ ਤੇ ਘਰ ਹੁਣ ਕਮਜ਼ੋਰ ਹੋ ਕੇ ਇਕ ਦੂਜੇ ਵਲ ਵਧਣ ਲੱਗੇ ਹਨ।
ਹੁਣ ਭਗਵਾਂ ਬਰੀਗੇਡ ਦੇ ਵਿਦਵਾਨਾਂ ਨੂੰ ਪ੍ਰਚਾਰ ਕਰਨ ਦਾ ਇਕ ਹੋਰ ਮੌਕਾ ਮਿਲ ਜਾਏਗਾ ਕਿ ਉਤਰਾਖੰਡ ਦੇ ਇਸ ਇਤਿਹਾਸਕ ਸ਼ਹਿਰ ਦੀ ਸਥਾਪਨਾ ਧਰਤੀ ਦੇ ਦੋ ਪੁੜਾਂ ਨੂੰ ਜੋੜ ਕੇ, ਦੋ ਦੇਵਤਿਆਂ ਨੇ ਕੀਤੀ ਸੀ ਜਿਨ੍ਹਾਂ ਦੇ ਹਿੱਲਣ ਨਾਲ ਭੂਚਾਲ ਵੀ ਆਉਂਦੇ ਹਨ ਤੇ ਹੁਣ ਜੋਸ਼ੀ ਮੱਠ ਦੀਆਂ ਨੀਹਾਂ ਵੀ ਹਿਲ ਰਹੀਆਂ ਹਨ। ਪਰ ਤੁਹਾਨੂੰ ਇਹ ਨਹੀਂ ਦਸਿਆ ਜਾਵੇਗਾ ਕਿ ਕੁਦਰਤ ਦੇ ਵਤੀਰੇ ਵਿਚ ਆਈ ਤਬਦੀਲੀ ਦਾ ਕਾਰਨ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਸਰਕਾਰਾਂ ਦਾ, ਕੁਦਰਤ ਨਾਲ ਨਾਜਾਇਜ਼ ਛੇੜਛਾੜ ਕਰਨ ਦੇ ਕੰਮਾਂ ਵਿਚ ਜੁਟੇ ਹੋਏ ਹੋਣਾ ਵੀ ਸੀ। 1976 ਵਿਚ ਹੀ ਮਿਸ਼ਰਾ ਕਮੇਟੀ ਨੇ ਆਖ ਦਿਤਾ ਸੀ ਕਿ ਇਸ ਇਲਾਕੇ ਵਿਚ ਉਸਾਰੀ ਕਰਨਾ ਖ਼ਤਰਨਾਕ ਹੈ ਤੇ ਉਸ ਵਕਤ ਇਕ ਡੈਮ ਦੀ ਉਸਾਰੀ ਉਤੇ ਰੋਕ ਵੀ ਲਗਾਈ ਗਈ ਸੀ।
ਅੱਜ ਦੀ ਸਥਿਤੀ ਨੂੰ ਕੁਦਰਤੀ ਕਹਿਰ ਨਹੀਂ ਆਖਿਆ ਜਾ ਸਕਦਾ। ਇਹ ਇਕ ਸਿਆਸੀ ਭੁੱਖ ’ਚੋਂ ਉਪਜੀ ਤੰਗ ਸੋਚ ਦਾ ਨਤੀਜਾ ਹੈ। ਪਹਿਲਾਂ ਛੋਟੀਆਂ ਤਬਾਹੀਆਂ ਹੋਈਆਂ ਤੇ ਫਿਰ 2013 ਵਿਚ ਹੜ੍ਹਾਂ ਵਰਗੀਆਂ ਤਬਾਹੀਆਂ ਵੀ ਉਤਰਾਖੰਡ ਨੇ ਝੱਲੀਆਂ ਹਨ ਪਰ ਇਕ ਦਿਨ ਵੀ ਸਰਕਾਰਾਂ ਦਾ ਧਿਆਨ ਵਿਨਾਸ਼ ਵਲ ਵਧਦੇ ਅਪਣੇ ਕਦਮਾਂ ਉਤੇ ਰੋਕ ਲਗਾਉਣ ਵਲ ਨਹੀਂ ਗਿਆ।
ਇਤਫ਼ਾਕਨ ਇਸੇ ਸਾਲ ਕਿਦਾਰਨਾਥ ਦੇ ਆਸ ਪਾਸ ਲਗਾਤਾਰ ਭੂਚਾਲਾਂ ਦੇ ਆਉਣ ਤੋਂ ਬਾਅਦ ਉਤਰਾਖੰਡ ਸਰਕਾਰ ਨੇ ਪੰਜ ਮੈਂਬਰੀ ਜਾਚ ਕਮੇਟੀ ਬਿਠਾਈ ਜਿਸ ਨੇ ਅਕਤੂਬਰ 2022 ਵਿਚ ਸਰਕਾਰ ਨੂੰ ਸਲਾਹ ਦਿਤੀ ਕਿ ਉਹ ਇਸ ਇਲਾਕੇ ਦੀ ਸਾਰੀ ਉਸਾਰੀ ਤੇ ਸੰਪੂਰਨ ਰੋਕ ਲਗਾ ਦੇਵੇ ਪਰ ਸਰਕਾਰ ਨੇ ਫਿਰ ਵੀ ਕੋਈ ਕਦਮ ਨਾ ਚੁਕਿਆ ਤੇ ਲਗਾਤਾਰ ਪਹਾੜਾਂ ਵਿਚ ਉਸਾਰੀ ਜਾਰੀ ਰੱਖ, ਅਪਣੇ ਹੀ ਸੂਬੇ ਦੀ ਬੁਨਿਆਦ ਨੂੰ ਚੂਹਿਆਂ ਵਾਂਗ ਕੁਤਰ ਦਿਤਾ।
ਇਸ ਇਲਾਕੇ ਵਿਚ ਵੱਡੇ ਡੈਮ ਬਣਾਉਣੇ ਲਾਜ਼ਮੀ ਨਹੀਂ ਹਨ ਕਿਉਂਕਿ ਜਿਥੇ ਵੱਡੇ ਡੈਮ ਬਣਦੇ ਹਨ, ਉਥੇ ਨਾਲ ਹੀ ਸ਼ਹਿਰ ਵੀ ਵਸ ਜਾਂਦੇ ਹਨ। ਪਰ ਸਰਕਾਰਾਂ ਨੇ ਲਗਾਤਾਰ ਪਿੰਡਾਂ ਨੂੰ ਪਾਣੀ ਵਿਚ ਡੋਬ ਕੇ ਡੈਮ ਬਣਾਏ ਜਿਸ ਕਾਰਨ ਉਤਰਾਖੰਡ ਵਿਚ ਹੜ੍ਹਾਂ ਦਾ ਕਹਿਰ ਵੀ ਵਧਦਾ ਗਿਆ। ਇਨ੍ਹਾਂ ਸਰਕਾਰਾਂ ਨੂੰ ਵਾਰ-ਵਾਰ ਆਖਿਆ ਗਿਆ ਕਿ ਉਤਰਾਖੰਡ ਦੇ ਪਹਾੜਾਂ ਵਿਚੋਂ ਸੜਕਾਂ ਕੱਢਣ ਨਾਲ ਇਲਾਕੇ ਦੀ ਕੁਦਰਤੀ ਬੁਨਿਆਦ ਵਿਚ ਕਮਜ਼ੋਰੀਆਂ ਆਉਣਗੀਆਂ ਤੇ ਕੁੱਝ ਸੁਝਾਅ ਵੀ ਦਿਤੇ ਗਏ ਜਿਵੇਂ ਕਿ ਇਹ ਕਿ ਪਹਾੜਾਂ ਵਿਚ ਵੱਡੇ ਕੰਕਰੀਟ ਦੇ ਥੜੇ ਬਣਾਏ ਜਾਣ ਜਿਸ ਨਾਲ ਡਿਗਦੇ ਭਾਰੀ ਪਹਾੜਾਂ ਦਾ ਕਹਿਰ ਘੱਟ ਜਾਵੇ ਪਰ ਇਨ੍ਹਾਂ ਨੇ ਪ੍ਰਵਾਹ ਹੀ ਨਾ ਕੀਤੀ ਕਿਉਂਕਿ ਚੋਖੀ ਉਸਾਰੀ ਹੋਵੇਗੀ ਤਾਂ ਚੋਖਾ ਮੁਨਾਫ਼ਾ ਵੀ ਜ਼ਰੂਰ ਹੋਵੇਗਾ।
ਲੋਕਾਂ ਦੇ ਜਾਨ ਮਾਲ ਦੀ ਕੋਈ ਕੀਮਤ ਨਹੀਂ ਤੇ ਇਹ ਸਿਰਫ਼ ਭਾਜਪਾ ਦਾ ਹੀ ਕਸੂਰ ਨਹੀਂ ਭਾਵੇਂ ਅਖ਼ੀਰਲਾ ਕਿਲ ਉਨ੍ਹਾਂ ਦੀ ਸਿਆਣਪ ਦਾ ਹੀ ਪਤਾ ਦਸਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀ ਸੋਚ ਇਕੋ ਜਹੀ ਹੀ ਹੁੰਦੀ ਹੈ। ਪਰ ਤੁਸੀ ਇਹ ਸਮਝੋ ਕਿ ਜੇ ਇਹ ਲੋਕ ਜੋ ਵਾਰ-ਵਾਰ ਅਪਣੇ ਆਪ ਨੂੰ ਸੱਭ ਤੋਂ ਚੰਗਾ ਹਿੰਦੂ ਵਿਖਾਉਣ ਦੀ ਲੜਾਈ ਲੜਦੇ ਰਹਿੰਦੇ ਹਨ, ਜੇ ਹਿੰਦੂਆਂ ਦੇ ਖ਼ਾਸ ਇਤਿਹਾਸਕ ਸਥਾਨ ਦਾ ਇਹ ਹਾਲ ਕਰ ਸਕਦੇ ਹਨ ਤਾਂ ਫਿਰ ਉਹ ਇਕ ਆਮ ਇਨਸਾਨ ਨਾਲ ਕੀ-ਕੀ ਨਾ ਕਰਨਗੇ?
- ਨਿਮਰਤ ਕੌਰ