
ਜੋ ਦਲੀਲ ਤੇ ਅਪੀਲ ਰਾਹੁਲ ਗਾਂਧੀ ਵਿਚ ਹੈ, ਬਾਕੀ ਦੇ ਕਾਂਗਰਸੀ ਆਗੂਆਂ ਵਿਚ ਨਹੀਂ ਹੈ
ਬੜੇ ਚਿਰਾਂ ਬਾਅਦ ਅਤੇ ਕਾਫ਼ੀ ਸਮੇਂ ਤੋਂ ‘ਬਾਈਕਾਟਾਂ’ ਦੇ ਰੂਪ ਵਿਚ ਪੈਸੇ ਦੀ ਵੱਡੀ ਬਰਬਾਦੀ ਕਰਨ ਤੋਂ ਬਾਅਦ ਹੁਣ ਦੇਸ਼ ਦੀ ਸੰਸਦ ਮੁੜ ਤੋਂ ਕੰਮ ਕਰਦੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦੀ ਆਵਾਜ਼ ਨਾਲ ਸੰਪੂਰਨ ਭਾਰਤ ਦੀ ਆਵਾਜ਼ ਸੁਣਾਈ ਦੇ ਰਹੀ ਹੈ। 300 ਤੋਂ ਵੱਧ ਦੀ ਤਾਕਤ ਸਾਹਮਣੇ 120 (ਤਕਰੀਬਨ) ਦੀ ਤਾਕਤ ਵਾਲਿਆਂ ਦੀ ਹਾਰ ਸਾਫ਼ ਨਜ਼ਰ ਆ ਰਹੀ ਹੈ ਪਰ ਹੁਣ ਦੀ ਲੜਾਈ ਵਿਚ ਦੋਹਾਂ ਧਿਰਾਂ ਦੀ ਸਮੁੱਚੀ ਤਾਕਤ ਦੀ ਝਲਕ ਮਿਲ ਗਈ ਹੈ। ਤਾਕਤ ਸਿਰਫ਼ ਅੰਕੜਿਆਂ ਦੀ ਨਹੀਂ ਬਲਕਿ ਸੋਚ ਦੀ ਵੀ ਹੁੰਦੀ ਹੈ ਤੇ ਵਿਸ਼ੇਸ਼ ਮਤੇ ਸਦਕਾ ਵਿਰੋਧੀ ਧਿਰ ਦੀ ਜਿੱਤ ਦੀ ਪ੍ਰਤੀਕ ਵੀ। ਘੱਟੋ ਘੱਟ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ਵਿਚ ਹਾਜ਼ਰ ਰਹਿਣਾ ਤਾਂ ਪਵੇਗਾ ਹੀ।
ਜੋ ਗੱਲਾਂ ਇਸ ਵਿਸ਼ਵਾਸ ਮਤੇ ਵਿਚ ਆਖੀਆਂ ਜਾ ਰਹੀਆਂ ਹਨ, ਉਹ ਆਉਣ ਵਾਲੀਆਂ 2024 ਦੀਆਂ ਚੋਣਾਂ ਵਿਚ ਮੰਚਾਂ ਉਤੋਂ ਕੀਤੀਆਂ ਜਾਣ ਵਾਲੀਆਂ ਤਕਰੀਰਾਂ ਦੀ ਇਕ ਝਲਕ ਮਾਤਰ ਹਨ। ਇਥੇ ‘ਇੰਡੀਆ’ ਗਠਜੋੜ ਦੀ ਪਹਿਲੀ ਸਫ਼ਲਤਾ ਵੀ ਨਜ਼ਰ ਆ ਰਹੀ ਹੈ ਜੋ ਭਾਵੇਂ ਦਿੱਲੀ ਸੇਵਾਵਾਂ ਬਿਲ ਨੂੰ ਰੋਕ ਤਾਂ ਨਹੀਂ ਸਕੀ ਤੇ ਨਾ ਹੀ ਵਿਸ਼ਵਾਸਮਤ ਪਾਸ ਕਰਵਾ ਸਕੇਗੀ ਪਰ ਜਿਸ ਨੇ ਹਾਕਮ ਧਿਰ ਨੂੰ ‘ਇੰਡੀਆ’ ਅਰਥਾਤ ਵਿਰੋਧੀ ਧਿਰ ਨੂੰ ਸੰਜੀਦਗੀ ਨਾਲ ਲੈਣ ਲਈ ਮਜਬੂਰ ਜ਼ਰੂਰ ਕਰ ਦਿਤਾ ਹੈ।
ਇਨ੍ਹਾਂ ਸਾਰਿਆਂ ’ਚੋਂ ਅੱਜ ਦਾ ਹੀਰੋ ਸਾਬਤ ਹੋਇਆ ਰਾਹੁਲ ਗਾਂਧੀ ਜੋ ਕਿ ਪਿਛਲੀ ਵਾਰ ਅਡਾਨੀ ਦੇ ਵਿਰੋਧ ਕਾਰਨ ਅਪਣੀ ਮੈਂਬਰਸ਼ਿਪ ਹੀ ਗਵਾ ਬੈਠੇ ਸਨ। ਅੱਜ ਸੁਪ੍ਰੀਮ ਕੋਰਟ ਦੇ ਦਖ਼ਲ ਸਦਕਾ ਵਾਪਸ ਆ ਕੇ ਉਸ ਨੇ ਸਿੱਧ ਕਰ ਦਿਤਾ ਕਿ ਜਿੰਨਾ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਓਨਾ ਹੀ ਰਾਹੁਲ ਗਾਂਧੀ ਦਾ ਕੱਦ ਹੋਰ ਉੱਚਾ ਹੋਵੇਗਾ। ਰਾਹੁਲ ਗਾਂਧੀ ਦੀ ‘ਦਿਲ ਕੀ ਬਾਤ’ ਨੇ ‘ਮਨ ਕੀ ਬਾਤ’ ਦੇ ਮੁਕਾਬਲੇ ਗੱਲ ਕਰ ਕੇ ਅੱਜ ਦੇ ਭਾਸ਼ਨ ਨੂੰ ਦਿਲ ਤੋਂ ਬੋਲ ਕੇ ਦਿਲਾਂ ਤਕ ਪਹੁੰਚਾ ਦਿਤਾ।
ਵਿਰੋਧ ਵਿਚ ਸਿਮ੍ਰਤੀ ਇਰਾਨੀ ਨੇ ਟਾਕਰਾ ਕੀਤਾ ਪਰ ਉਹ ਰਾਹੁਲ ਗਾਂਧੀ ਦੇ ਮੁਕਾਬਲੇ ਵਿਚ ਸ਼ਾਇਦ ਪਹਿਲੀ ਵਾਰ ਕਮਜ਼ੋਰ ਸਾਬਤ ਹੋਈ। ਇਹ ਉਹੀ ਸਮ੍ਰਿਤੀ ਇਰਾਨੀ ਹੈ ਜਿਸ ਨੇ ਰਾਹੁਲ ਨੂੰ ਅਪਣੀ ਜੱਦੀ ਸੀਟ ਅਮੇਠੀ ਤੋਂ ਹਰਾ ਦਿਤਾ ਸੀ ਪਰ ਅੱਜ ਦੇ ਭਾਸ਼ਨ ਜਦ ਚੋਣ ਮੰਚਾਂ ਤੋਂ ਦੁਹਰਾਏ ਜਾਣਗੇ ਤਾਂ ਸਿਮ੍ਰਤੀ ਇਰਾਨੀ ਦੀ ਜਿੱਤ ਇਸ ਵਾਰ ਓਨੀ ਆਸਾਨ ਨਹੀਂ ਰਹੇਗੀ।
ਜੋ ਗੱਲਾਂ ਵਿਰੋਧੀ ਧਿਰ ਇਸ ਵਾਰ ਕਰ ਰਹੀ ਹੈ, ਉਸ ’ਚੋਂ ਸੱਤਾ ਨੇੜੇ ਪੁੱਜਣ ਦੀ ਭਿਣਕ ਪੈਣ ਲੱਗ ਪਈ ਹੈ। ਦਸ ਸਾਲ ਪਹਿਲਾਂ ਵੀ ਯੂਪੀਏ ਅੰਦਰ ਇਹੀ ਤਾਕਤ ਕੰਮ ਕਰਦੀ ਦਿਸਦੀ ਸੀ। ਰਾਹੁਲ ਗਾਂਧੀ ਅੱਜ ਸੜਕਾਂ ’ਤੇ ਉਤਰ ਕੇ ਅਪਣੇ ਭਾਸ਼ਨ ਵਿਚ ਆਮ ਭਾਰਤੀ ਦੀਆਂ ਤਕਲੀਫ਼ਾਂ ਪੇਸ਼ ਕਰ ਰਹੇ ਹਨ ਤੇ ਇਸੇ ਕਾਰਨ ਉਨ੍ਹਾਂ ਦੇ ਭਾਸ਼ਨ ਨੂੰ ਅੱਜ ਸੋਸ਼ਲ ਮੀਡੀਆ ਤੇ ਸੁਣਨ ਵਾਲੀ ਜਨਤਾ ਉਸੇ ਤਰ੍ਹਾਂ ਉਮੜੀ ਜਿਵੇਂ ਭਾਰਤ ਜੋੜੋ ਯਾਤਰਾ ਵਿਚ ਭੀੜ ਜੁੜਦੀ ਸੀ।
ਜੋ ਦਲੀਲ ਤੇ ਅਪੀਲ ਰਾਹੁਲ ਗਾਂਧੀ ਵਿਚ ਹੈ, ਬਾਕੀ ਦੇ ਕਾਂਗਰਸੀ ਆਗੂਆਂ ਵਿਚ ਨਹੀਂ ਹੈ। ਉਹ ਭਾਵੇਂ ਰਾਹੁਲ ਗਾਂਧੀ ਨਾਲ ਕਈ ਥਾਵਾਂ ’ਤੇ ਚੱਲੇ ਵੀ ਹਨ, ਉਹ ਆਮ ਭਾਰਤੀ ਨਾਲ ਉਸ ਤਰ੍ਹਾਂ ਨਹੀਂ ਜੁੜ ਪਾਏ ਜਿਸ ਤਰ੍ਹਾਂ ਜੁੜਿਆ ਜਾ ਸਕਦਾ ਸੀ। ਇਕੱਲਾ ਰਾਹੁਲ ਗਾਂਧੀ ਭਾਵੇਂ ਅੱਜ ਸਦਨ ਵਿਚ ਮਨੀਪੁਰ ਦੇ ਦਰਦ ਨੂੰ ਸਿਆਸਤਦਾਨਾਂ ਸਾਹਮਣੇ ਪੇਸ਼ ਕਰਨ ਵਿਚ ਸਫ਼ਲ ਰਿਹਾ, ਉਹ ਇਕੱਲਾ ਐਨ.ਡੀ.ਏ. ਦੀ ਤਾਕਤ ਦਾ ਤੋੜ ਨਹੀਂ ਬਣ ਸਕਦਾ। ਪਰ ਕੀ ਕਾਂਗਰਸ ਵੀ ਅਪਣੇ ਆਗੂ ਦੇ ਨਾਲ ਨਾਲ ਹੁਣ ਜਾਗ ਪਵੇਗੀ?
- ਨਿਮਰਤ ਕੌਰ