ਵਿਚਾਰ   ਸੰਪਾਦਕੀ  10 Nov 2020  ਡੋਨਾਲਡ ਟਰੰਪ ਦੀ ਨਫ਼ਰਤੀ ਰਾਜਨੀਤੀ ਮੂੰਹ ਦੇ ਭਾਰ ਡਿੱਗੀ ਪਰ...

ਡੋਨਾਲਡ ਟਰੰਪ ਦੀ ਨਫ਼ਰਤੀ ਰਾਜਨੀਤੀ ਮੂੰਹ ਦੇ ਭਾਰ ਡਿੱਗੀ ਪਰ...

ਸਪੋਕਸਮੈਨ ਸਮਾਚਾਰ ਸੇਵਾ | ਨਿਮਰਤ ਕੌਰ
Published Nov 10, 2020, 7:36 am IST
Updated Nov 10, 2020, 7:36 am IST
ਅੱਜ ਦੁਨੀਆਂ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਹੈ ਕਿ ਇਕ ਤਾਕਤਵਰ ਸੋਚ ਅਤੇ ਕੁਰਸੀ ਦੇ ਮਾਲਕ, ਅਮਰੀਕੀ ਰਾਸ਼ਟਰਪਤੀ ਜੋ ਦਾ ਬਾਹਰ ਦੀ ਦੁਨੀਆਂ ਤੇ ਅਸਰ ਕੀ ਤੇ ਕਦੋਂ ਪਵੇਗਾ
Donald Trump
 Donald Trump

ਆਖ਼ਰਕਾਰ ਅਮਰੀਕੀ ਲੋਕਾਂ ਨੇ ਡੋਨਾਲਡ ਟਰੰਪ ਨੂੰ ਦੁਨੀਆਂ ਦੀ ਸੱਭ ਤੋਂ ਤਾਕਤਵਰ ਕੁਰਸੀ ਤੋਂ ਇਕ ਝਟਕੇ ਨਾਲ ਹੇਠਾਂ ਡੇਗ ਦਿਤਾ ਹੈ। ਹੇਠਾਂ ਵੀ ਅਜਿਹਾ ਡਿੱਗਾ ਹੈ ਕਿ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਲੋਕਾਂ ਨੇ ਉਸ ਨੂੰ ਰੱਦ ਕਰ ਦਿਤਾ ਹੈ। ਪਿਛਲੇ ਚਾਰ ਸਾਲਾਂ ਵਿਚ ਡੋਨਾਲਡ ਟਰੰਪ ਨੇ ਅਮਰੀਕਾ ਦੀ ਛਵੀ ਨੂੰ ਦੁਨੀਆਂ ਵਿਚ ਬਹੁਤ ਵਿਗਾੜ ਕੇ ਰੱਖ ਦਿਤਾ ਹੈ, ਉਹ ਛਵੀ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਕਰ ਕੇ ਬਣੀ ਸੀ, ਜੋ ਹਰ ਇਨਸਾਨ ਦੇ ਮਾਨਵੀ ਅਧਿਕਾਰਾਂ ਦੀ ਆਵਾਜ਼ ਬਣ ਜਾਇਆ ਕਰਦੀ ਸੀ, ਉਹ ਛਵੀ ਹੁਣ ਡੋਨਾਲਡ ਟਰੰਪ ਦੀ ਨਫ਼ਰਤ ਤੇ ਮਤਲਬੀ ਰਾਜਨੀਤੀ ਦੀ ਛਾਂ ਹੇਠ ਮਾਂਦੀ ਪੈ ਰਹੀ ਸੀ।

Donald TrumpDonald Trump

ਇਹ ਛਵੀ ਪਿਛਲੇ ਅਮਰੀਕੀ ਰਾਸ਼ਟਰਪਤੀ ਦੀ ਬਣਾਈ ਹੋਈ ਨਹੀਂ ਸੀ, ਨਾ ਉਸ ਤੋਂ ਪਹਿਲੇ ਕਿਸੇ ਰਾਸ਼ਟਰਪਤੀ ਦੀ ਦੇਣ ਸੀ ਬਲਕਿ, ਇਹ ਛਵੀ ਅਮਰੀਕਾ ਨੇ ਸਦੀਆਂ ਦੇ ਇਤਿਹਾਸ ਤੇ ਜਦੋਜਹਿਦ ਵਿਚੋਂ ਉਤੀਰਣ ਰਹਿ ਕੇ ਬਣਾਈ ਸੀ। ਇਸ ਦਾ ਅਫ਼ਸੋਸ ਨਾ ਸਿਰਫ਼ ਅਮਰੀਕਾ ਦੇ ਵਾਸੀਆਂ ਜਾਂ ਅਮਰੀਕਾ ਵਿਚ ਜਾਣ ਵਾਲੇ ਇਸ ਦੇ ਚਾਹਵਾਨਾਂ ਨੂੰ ਹੀ ਸੀ ਸਗੋਂ ਹਰ ਉਸ ਇਨਸਾਨ ਨੂੰ ਹੁੰਦਾ ਸੀ ਜੋ ਮਨੁੱਖੀ ਅਧਿਕਾਰਾਂ, ਸ਼ਾਂਤੀ ਤੇ ਅੰਤਰ-ਰਾਸ਼ਟਰੀ ਭਾਈਚਾਰੇ ਵਿਚ ਵਿਸ਼ਵਾਸ ਰਖਦਾ ਹੈ। ਅਮਰੀਕਾ ਉਹ ਹਸੀਨ ਜੰਨਤ ਹੈ ਜੋ ਇਸ ਧਰਤੀ 'ਤੇ ਸਿਰਜੀ ਜਾ ਸਕਦੀ ਹੋਵੇ, ਜੇ ਇਨਸਾਨ ਨੂੰ ਇਸ ਦੇ ਸਿਰਜਣ ਦੀ ਆਜ਼ਾਦੀ ਹੋਵੇ।

Joe Biden Joe Biden

ਸੋ ਟਰੰਪ ਨੀਤੀ ਨੂੰ ਅਮਰੀਕਨ ਵੋਟਰਾਂ ਵਲੋਂ ਰੱਦ ਕਰਨ ਦੀ ਖ਼ੁਸ਼ੀ ਤਾਂ ਹੈ ਪਰ ਨਾਲ ਚੋਣਾਂ ਦੇ ਅੰਕੜੇ ਇਕ ਚੇਤਾਵਨੀ ਵੀ ਲੈ ਕੇ ਆਏ ਹਨ। ਡੋਨਾਲਡ ਟਰੰਪ ਨੂੰ 47.7 ਫ਼ੀ ਸਦੀ ਵੋਟਾਂ ਪਈਆਂ ਤੇ ਜੋ ਬਾਈਡੇਨ ਨੂੰ 50.7 ਫ਼ੀ ਸਦੀ। ਅਮਰੀਕਾ ਦੇ ਨਾਗਰਿਕਾਂ ਨੇ ਅਪਣੀ ਸਾਰੀ ਆਲਸ ਤਿਆਗ ਕੇ ਇਨ੍ਹਾਂ ਚੋਣਾਂ ਵਿਚ ਹਿੱਸਾ ਲਿਆ ਅਤੇ ਅੱਜ ਨਹੀਂ ਆਖਿਆ ਜਾ ਸਕਦਾ ਕਿ ਜਿਹੜੇ ਲੋਕ ਏਕਤਾ, ਪਿਆਰ, ਇਨਸਾਫ਼ ਵਿਚ ਵਿਸ਼ਵਾਸ ਕਰਦੇ ਹਨ, ਉਨ੍ਹਾਂ ਨੇ ਘਰੋਂ ਬਾਹਰ ਨਿਕਲ ਕੇ ਵੋਟ ਨਹੀਂ ਪਾਈ।

Joe Biden or Donald TrumpJoe Biden - Donald Trump

ਸਿੱਧੇ ਸਾਫ਼ ਸ਼ਬਦਾਂ ਵਿਚ ਨਫ਼ਰਤ ਕਰਨ ਵਾਲੇ ਤੇ ਪਿਆਰ ਕਰਨ ਵਾਲੇ ਦੋਵੇਂ ਬਾਹਰ ਆਏ। ਭਾਵੇਂ ਜਿੱਤ ਬਾਈਡੇਨ ਦੀ ਹੋਈ ਪ੍ਰੰਤੂ ਫਾਸਲਾ ਜ਼ਿਆਦਾ ਵੱਡਾ ਨਹੀਂ ਸੀ। ਚਾਰ ਸਾਲ ਵਿਚ ਜਦ ਨਫ਼ਰਤ ਨੂੰ ਇਕ ਲੀਗਲ ਸੁਰੱਖਿਆ ਕਵਚ ਮਿਲ ਗਿਆ ਤਾਂ ਉਸ ਨੇ ਇਸ ਤਰ੍ਹਾਂ ਸਿਰ ਚੁਕਿਆ ਕਿ ਅਪਣੇ ਪੁਰਖਿਆਂ ਦੀ ਸਦੀਆਂ ਦੀ ਕਮਾਈ ਨੂੰ ਵੀ ਭੁਲਾ ਦਿਤਾ। ਉਨ੍ਹਾਂ ਨੂੰ ਅਸਲ ਵਿਚ ਆਰਥਕ ਨੁਕਸਾਨ ਕਦੇ ਨਹੀਂ ਹੋਇਆ। ਉਨ੍ਹਾਂ ਦੇ ਮਨਾਂ ਵਿਚ ਸਿਰਫ਼ ਇਹ ਭਰਮ ਪਾਇਆ ਗਿਆ ਸੀ ਕਿ ਫ਼ਾਇਦਾ ਦੂਜੀਆਂ ਕੌਮਾਂ ਦੇ ਲੋਕ ਉੁਠਾ ਰਹੇ ਨੇ। ਮੁਸਲਮਾਨਾਂ ਵਿਰੁਧ ਡਰ ਪੈਦਾ ਕੀਤਾ ਗਿਆ ਜੋ ਸੱਚ ਨਹੀਂ ਸੀ।

Donald TrumpDonald Trump

ਅਮਰੀਕੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਇਕ ਕਾਲਾ ਅਮਰੀਕਨ, ਮੁਸਲਮਾਨ ਪੱਤਰਕਾਰ, ਟੀ.ਵੀ. ਚੈਨਲ ਤੇ ਹੀ ਖ਼ੁਸ਼ੀ ਨਾਲ ਰੋਣ ਲੱਗ ਪਿਆ ਤੇ ਉਸ ਨੇ ਅਪਣਾ ਦੁੱਖ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਇਨ੍ਹਾਂ ਚਾਰ ਸਾਲਾਂ ਵਿਚ ਉਸ ਲਈ ਇਸ ਮਾਹੌਲ ਵਿਚ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ। ਸੜਕਾਂ ਤੇ ਲੋਕਾਂ ਦੀਆਂ ਅੱਖਾਂ ਵਿਚ ਨਫ਼ਰਤ ਵੇਖ ਕੇ ਡਰ ਲਗਦਾ ਸੀ ਤੇ ਇਹ ਵੀ ਡਰ ਲੱਗ ਜਾਂਦਾ ਸੀ ਕਿ ਪਤਾ ਨਹੀਂ ਕਦੋਂ ਇਹ ਨਜ਼ਰਾਂ ਪੱਥਰਾਂ ਵਿਚ ਤਬਦੀਲ ਹੋ ਜਾਣ। ਅਫ਼ਰੀਕਨ, ਅਮਰੀਕਨ, ਮੁਸਲਮਾਨ, ਏਸ਼ੀਅਨ ਲੋਕ ਅੱਜ ਖੁਲ੍ਹ ਕੇ ਸਾਹ ਲੈਣਗੇ।

Joe BidenJoe Biden

ਇਨ੍ਹਾਂ ਅਹਿਸਾਸਾਂ ਦੀ ਸਮਝ ਤਾਂ ਬਾਈਡੇਨ ਅਤੇ ਕਮਲਾ ਹੈਰਿਸ ਨੂੰ ਵੀ ਸੀ ਪਰ ਬਾਈਡੇਨ ਦੀ ਜਿੱਤ ਤੋਂ ਬਾਅਦ ਦੇ ਪਹਿਲੇ ਐਲਾਨਾਂ ਵਿਚ ਹੰਕਾਰ ਜਾਂ ਨਫ਼ਰਤ ਨੂੰ ਹਰਾਉਣ ਦੇ ਸ਼ਬਦ ਨਹੀਂ ਸਨ ਬਲਕਿ ਇਹ ਸੁਨੇਹਾ ਸੀ ਕਿ ਬਾਈਡੇਨ ਸਾਰੇ ਅਮਰੀਕਾ ਦਾ ਰਾਸ਼ਟਰਪਤੀ ਹੈ। ਹੁਣ ਉਹ ਨੀਲੇ ਜਾਂ ਲਾਲ ਸੋਚ ਪੱਖੀ ਸੂਬਿਆਂ ਦਾ ਨਹੀਂ ਬਲਕਿ ਯੂਨਾਈਟਿਡ ਅਮਰੀਕਾ ਦਾ ਰਾਸ਼ਟਰਪਤੀ ਹੈ। ਇਹ ਅਸਲ ਵਿਚ ਸਟੋਲਮੈਨ ਦਾ ਭਾਸ਼ਣ ਸੀ ਜੋ ਇਸ ਭਾਸ਼ਣ ਰਾਹੀਂ ਸਿਰਫ਼ ਅਮਰੀਕਾ ਦਾ ਨਹੀਂ ਬਲਕਿ ਪੂਰੀ ਦੁਨੀਆਂ ਦਾ ਇਕ ਤਾਕਤਵਰ ਆਗੂ ਬਣ ਗਿਆ।

Joe BidenJoe Biden

ਅੱਜ ਦੁਨੀਆਂ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਹੈ ਕਿ ਇਕ ਤਾਕਤਵਰ ਸੋਚ ਅਤੇ ਕੁਰਸੀ ਦੇ ਮਾਲਕ, ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਾ ਬਾਹਰ ਦੀ ਦੁਨੀਆਂ ਤੇ ਅਸਰ ਕੀ ਤੇ ਕਦੋਂ ਪਵੇਗਾ।
ਭਾਰਤ ਦੇ ਲੋਕਾਂ ਨੂੰ ਅਮਰੀਕਾ ਵਿਚ ਪੜ੍ਹਾਈ, ਨੌਕਰੀਆਂ ਤੇ ਟਰੇਡ ਸਮਝੌਤੇ ਦਾ ਕੁੱਝ ਜ਼ਿਆਦਾ ਫ਼ਾਇਦਾ ਨਹੀਂ ਹੋਣਾ ਪਰ ਭਾਰਤ ਵਿਚ ਨਫ਼ਰਤ ਦੀ ਸੋਚ ਨੂੰ ਵੀ ਹੁਣ ਸ਼ਾਇਦ ਅਮਰੀਕਾ ਦੇ ਰਾਸ਼ਟਰਪਤੀ ਦਾ ਹੁੰਗਾਰਾ ਨਾ ਮਿਲੇ। ਡੋਨਾਲਡ ਟਰੰਪ ਸਿਰਫ਼ ਅਪਣੇ ਬਾਰੇ ਸੋਚਦਾ ਸੀ, ਪਰ ਇਹ ਰਾਸ਼ਟਰਪਤੀ ਕੁੱਝ ਵਖਰਾ ਜ਼ਰੂਰ ਹੈ। ਵੇਖਦੇ ਹਾਂ, ਕਿੰਨਾ ਵਖਰਾ ਹੋ ਕੇ ਵਿਖਾਂਦਾ ਹੈ।       - ਨਿਮਰਤ ਕੌਰ

Advertisement