Editorial : ਪੰਜਾਬ ਕਾਂਗਰਸ ਨੂੰ ਨਵੇਂ ਸੰਕਟ ਦਾ ਸਾਹਮਣਾ
Published : Dec 10, 2025, 7:18 am IST
Updated : Dec 10, 2025, 7:18 am IST
SHARE ARTICLE
Punjab Congress faces new crisis
Punjab Congress faces new crisis

ਪੰਜਾਬ ਕਾਂਗਰਸ ਨੂੰ ਨਵੇਂ ਸੰਕਟ ਦਾ ਸਾਹਮਣਾ

ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਵਲੋਂ ਲਾਏ ਦੋਸ਼ਾਂ ਤੋਂ ਪੰਜਾਬ ਕਾਂਗਰਸ ਵਿਚ ਉਪਜਿਆ ਸਿਆਸੀ ਰੇੜਕਾ ਜਿੱਥੇ ਹੋਰਨਾਂ ਸਿਆਸੀ ਧਿਰਾਂ ਲਈ ਮਨ-ਪਰਚਾਵੇ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਇਹ ਰੇੜਕਾ ਇਸ ਪਾਰਟੀ ਅੰਦਰਲੀ ਖ਼ਾਨਾਜੰਗੀ ਤੇ ਹੋਰ ਅੰਤਰ-ਵਿਰੋਧਾਂ ਨੂੰ ਨਵੇਂ ਸਿਰਿਉਂ ਬੇਪਰਦ ਕਰ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਨਵਜੋਤ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਮੁਅੱਤਲ ਕਰ ਦਿਤਾ ਹੈ। ਇਸ ਦੇ ਜਵਾਬ ਵਿਚ ਸਾਬਕਾ ਵਿਧਾਇਕ ਨੇ ਕਿਹਾ ਹੈ ਕਿ ਉਹ ਰਾਜਾ ਵੜਿੰਗ ਵਲੋਂ ਜਾਰੀ ਹੁਕਮਾਂ ਨੂੰ ਜ਼ਰਾ ਵੀ ਵੁੱਕਤ ਨਹੀਂ ਦਿੰਦੇ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਦੇ ਯੋਗ ਸਮਝਦੇ ਹਨ। ਉਂਜ, ਨਾਲ ਹੀ ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ‘ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ’ ਵਾਲੇ ਉਨ੍ਹਾਂ ਦੇ ਕਥਨਾਂ ਨੂੰ ਮੀਡੀਆ ਨੇ ਸਹੀ ਪ੍ਰਸੰਗ ਵਿਚ ਪੇਸ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਨਵਜੋਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਤੇ ਸਾਬਕਾ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਰਗਰਮ ਸਿਆਸਤ ਵਿਚ ਉਦੋਂ ਪਰਤਣਗੇ ਜਦੋਂ ਕਾਂਗਰਸ ਪਾਰਟੀ ਉਨ੍ਹਾਂ ਨੂੰ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਵਜੋਂ ਉਭਾਰੇਗੀ। ਇਸੇ ਸਮੇਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਉਭਰਨ ਲਈ ‘‘500 ਕਰੋੜ ਰੁਪਏ ਵਾਲਾ ਸੂਟਕੇਸ ਭੇਟ ਕਰਨ ਦੀ ਹੈਸੀਅਤ’’ ਉਨ੍ਹਾਂ (ਸਿੱਧੂ ਜੋੜੇ) ਦੀ ਨਹੀਂ ਹੈ।  ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਪੰਜਾਬ ਨੂੰ ‘ਸੁਨਹਿਰੀ ਰਾਜ’ ਵਿਚ ਬਦਲਣ ਦੀ ਕਾਬਲੀਅਤ ਤੇ ਸਮਰਥਾ ਤਾਂ ਮੌਜੂਦ ਹੈ, 500 ਕਰੋੜ ਪਾਰਟੀ ਨੂੰ ਦੇਣ ਦੀ ਨਹੀਂ। ਅਜਿਹੇ ਕਥਨਾਂ ਤੋਂ ਇਹ ਪ੍ਰਭਾਵ ਪੈਦਾ ਹੋਣਾ ਸੁਭਾਵਿਕ ਹੀ ਸੀ ਕਿ ਕਾਂਗਰਸ ਪਾਰਟੀ ਵਿਚ ਵੱਖ-ਵੱਖ ਅਹੁਦੇਦਾਰੀਆਂ ਦੀ ਕੀਮਤ ਵਸੂਲੀ ਜਾਂਦੀ ਹੈ। ਅਜਿਹੇ ਦੂਸ਼ਨਾਂ ਨੇ ਕਾਂਗਰਸ-ਵਿਰੋਧੀ ਸਿਆਸੀ ਧਿਰਾਂ ਨੂੰ ਕਾਂਗਰਸ ਪਾਰਟੀ ’ਤੇ ਹਮਲੇ ਕਰਨ ਦਾ ਮਸਾਲਾ ਬਖ਼ਸ਼ ਦਿਤਾ ਜਦੋਂਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਤੋਂ ਇਲਾਵਾ ਕੌਮੀ ਲੀਡਰਸ਼ਿਪ ਨੇ ਵੀ ਜਿੱਚ ਹੋਇਆ ਮਹਿਸੂਸ ਕੀਤਾ। ਡਾ. ਨਵਜੋਤ ਕੌਰ ਨੇ ਵੀ ਅਪਣੀ ਤਰਕਸ਼ ’ਚੋਂ ਝੂਠੇ-ਸੱਚੇ ਤੀਰ ਚਲਾਉਣੇ ਜਾਰੀ ਰੱਖੇ। ਉਨ੍ਹਾਂ ਨੇ ਸੋਮਵਾਰ ਨੂੰ ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਤਰਨ ਤਾਰਨ ਜ਼ਿਮਨੀ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਪਾਸੋਂ ਟਿਕਟ ਬਦਲੇ 10 ਕਰੋੜ ਰੁਪਏ ਵਸੂਲੇ ਜਾਣ ਦਾ ਦੋਸ਼ ਲਾਇਆ। ਇਹ ਦੋਸ਼ ਬੁਰਜ ਨੇ ਮੁੱਢੋਂ ਹੀ ਖਾਰਿਜ ਕਰ ਦਿਤਾ, ਪਰ ਸਮੇਂ ਤੇ ਪ੍ਰਸੰਗ ਪੱਖੋਂ ਇਹ ਵਾਰ ਵੀ ਨਵੀਂ ਸਨਸਨੀ ਪੈਦਾ ਕਰ ਗਿਆ।
ਡਾ. ਨਵਜੋਤ ਕੌਰ ਦੀ ਅਜਿਹੀ ‘ਗੋਲੀਬਾਰੀ’ ਦੇ ਬਾਵਜੂਦ ਉਨ੍ਹਾਂ ਦੇ ਪਤੀ ਨੇ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ। ਹਾਲਾਂਕਿ ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਦੇ ਨਿੰਦਕਾਂ-ਆਲੋਚਕਾਂ ਦੀ ਗਿਣਤੀ ਘੱਟ ਨਹੀਂ, ਫਿਰ ਵੀ ਸਿੱਧੂ ਦੀ ਖ਼ਾਮੋਸ਼ੀ ਇਨ੍ਹਾਂ ਨਿੰਦਕਾਂ-ਆਲੋਚਕਾਂ ਨੂੰ ਉਨ੍ਹਾਂ ਖ਼ਿਲਾਫ਼ ਬੋਲਣ ਦਾ ਬਹਾਨਾ ਨਹੀਂ ਪ੍ਰਦਾਨ ਕਰ ਰਹੀ। ਹਾਂ, ਕੁੱਝ ਆਗੂਆਂ ਨੇ ਉਨ੍ਹਾਂ ਨੂੰ ਇਹ ਅਪੀਲ ਜ਼ਰੂਰ ਕੀਤੀ ਹੈ ਕਿ ਉਹ ਡਾ. ਨਵਜੋਤ ਕੌਰ ਨੂੰ ਸੰਜਮੀ ਸੁਰ ਅਖ਼ਤਿਆਰ ਕਰਨ ਦੇ ਰਾਹ ਪਾਉਣ। ਅਜਿਹੇ ਖ਼ੈਰਖਾਹਾਂ ਤੋਂ ਉਲਟ ਕੁੱਝ ਹੋਰ ਆਗੂ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਨਵਜੋਤ ਸਿੱਧੂ ਨੇ ਜਦੋਂ ਪਾਰਟੀ ਬਦਲਣੀ ਹੁੰਦੀ ਹੈ ਤਾਂ ਉਹ ਅਜਿਹੀ ਰਾਜਸੀ ਕਲਾਬਾਜ਼ੀ ਦਾ ਆਧਾਰ ਤਿਆਰ ਕਰਨ ਵਾਸਤੇ ਅਪਣੀ ‘‘ਬੀਵੀ ਦੀ ਬੋਲ-ਬਾਣੀ ਦਾ ਓਟ-ਆਸਰਾ ਲੈਂਦੇ ਹਨ।’’ ਉਹ ਇਸ ਪ੍ਰਸੰਗ ਵਿਚ 2017 ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਨ ਜਦੋਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰ ਕੇ ਕਾਂਗਰਸ ਵਿਚ ਆਏ ਸਨ। ਉਦੋਂ ਡਾ. ਨਵਜੋਤ ਕੌਰ ਨੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਹੁੰਦਿਆਂ ਵੀ ਇਸੇ ਸਰਕਾਰ ਨੂੰ ਖੁਲ੍ਹੇਆਮ ਨਿੰਦਣਾ-ਭੰਡਣਾ ਸ਼ੁਰੂ ਕਰ ਦਿਤਾ ਸੀ। ਕਾਂਗਰਸੀ ਹਲਕਿਆਂ ਦਾ ਦਾਅਵਾ ਹੈ ਕਿ ਸਿੱਧੂ ਜੋੜਾ, ਆਮ ਆਦਮੀ ਪਾਰਟੀ (ਆਪ) ਨਾਲ ‘ਗਿੱਟ-ਮਿੱਟ’ ਕਰ ਰਿਹਾ ਹੈ ਜਦੋਂਕਿ ‘ਆਪ’ ਦੇ ਹਲਕੇ ਅਜਿਹੀ ਸੰਭਾਵਨਾ ਤੋਂ ਸਿੱਧਾ ਇਨਕਾਰ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਕੁੱਝ ਸੰਜੀਦਾ ਆਗੂ ਦਬਵੀਂ ਜ਼ੁਬਾਨ ਵਿਚ ਇਹ ਮੰਨਦੇ ਹਨ ਕਿ ਡਾ. ਨਵਜੋਤ ਕੌਰ ਵਲੋਂ ਲਾਏ ਦੋਸ਼ਾਂ ਨੂੰ ਜਨਤਕ ਵੁੱਕਤ ਇਸ ਕਰ ਕੇ ਮਿਲ ਰਹੀ ਹੈ ਕਿ ਕਾਂਗਰਸ ਵਿਚ ਅਹੁਦਿਆਂ ਬਦਲੇ ਰਕਮਾਂ ਲਏ ਜਾਣ ਦੇ ਦੋਸ਼ ਪਹਿਲਾਂ ਵੀ ਲੱਗਦੇ ਆਏ ਹਨ ਅਤੇ ਇਸ ਸੰਦਰਭ ਵਿਚ ਸ਼ੱਕ ਦੀ ਉਂਗਲੀ ਜਿੱਥੇ ਕੇਂਦਰੀ ਨਿਗਰਾਨਾਂ ਵਲ ਅਕਸਰ ਹੀ ਉੱਠਦੀ ਆਈ ਹੈ, ਉੱਥੇ ਇਕ ਸਾਬਕਾ ਕੌਮੀ ਖ਼ਜ਼ਾਨਚੀ ਦਾ ਨਾਂਅ ਵੀ ਸਿਆਸੀ ਗੱਪ-ਸ਼ੱਪ ਦਾ ਹਿੱਸਾ ਬਣਦਾ ਰਿਹਾ ਹੈ।
ਇਸ ਸਮੁੱਚੇ ਘਟਨਾਕ੍ਰਮ ਤੋਂ ਪੰਜਾਬ ਕਾਂਗਰਸ ਵਾਸਤੇ ਉਪਜਿਆ ਦੁਖਾਂਤਕ ਪਹਿਲੂ ਇਹ ਹੈ ਕਿ ਪਾਰਟੀ ਅੰਦਰਲੀ ਖ਼ਾਨਾਜੰਗੀ ਤੇ ਆਪਾਧਾਪੀ ਉਸ ਸਮੇਂ ਵੱਧ ਸ਼ਦੀਦ ਹੋਈ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਅਤੇ ਸੁਨੀਲ ਜਾਖੜ ਦੀ ਪ੍ਰਧਾਨਗੀ ਵਾਲੀ ਪੰਜਾਬ ਭਾਜਪਾ ਨੇ ਰਾਜ ਵਿਚ ਕਾਂਗਰਸ ਦੀ ਥਾਂ ਮੁੱਖ ਵਿਰੋਧੀ ਧਿਰ ਵਾਲਾ ਸਪੇਸ ਹਾਸਿਲ ਕਰਨ ਲਈ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ ਸਿਆਸੀ ਗੱਠਜੋੜ ਦੀ ਬਹਾਲੀ ਵਾਲੀ ਕਥਾ-ਵਾਰਤਾ ਵੀ ਸਿਆਸੀ ਸਰਗੋਸ਼ੀਆਂ ਦਾ ਵਿਸ਼ਾ ਬਣਦੀ ਜਾ ਰਹੀ ਹੈ। ਅਜਿਹੀ ਦ੍ਰਿਸ਼ਾਵਲੀ ਕਾਂਗਰਸ ਦੇ ਹਮਾਇਤੀਆਂ ਵਿਚ ਜਿੱਥੇ ਨਿਰਾਸ਼ਾ ਪੈਦਾ ਕਰ ਰਹੀ ਹੈ, ਉੱਥੇ ਇਸ ਦੇ ਵਿਰੋਧੀਆਂ ਦੀਆਂ ਸਫ਼ਾਂ ਵਿਚ ਊਰਜਾ ਸੰਚਾਰਿਤ ਕਰ ਰਹੀ ਹੈ। ਡਾ. ਨਵਜੋਤ ਕੌਰ ਵਲੋਂ ਲਾਏ ਇਲਜ਼ਾਮ ਚਾਹੇ ਕਿੰਨੇ ਵੀ ਗ਼ਲਤ ਕਿਉਂ ਨਾ ਹੋਣ, ਪੁਖ਼ਤਾ ਤੇ ਸੁਹਜਮਈ ਜਵਾਬ ਦੀ ਮੰਗ ਕਰਦੇ ਹਨ, ਜਵਾਬੀ ਤੋਹਮਤਬਾਜ਼ੀ ਦੀ ਨਹੀਂ। ਪੰਜਾਬ ਕਾਂਗਰਸ ਨੇ ਤੋਹਮਤਬਾਜ਼ੀ ਵਾਲਾ ਬਦਲ ਚੁਣਿਆ ਹੈ। ਇਹ ਸਿਆਣਪ ਨਹੀਂ, ਸ਼ੋਹਦੇਪਣ ਦੀ ਨਿਸ਼ਾਨੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement