
ਇਹ ਵਿਵਾਦ ਕਿਸੇ ਦੀ ਗ਼ਲਤੀ ਨਾਲ ਨਹੀਂ ਹੋਇਆ ਪਰ ਭਾਰਤ ਸਰਕਾਰ ਵਾਸਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ।
Editorial: ਭਾਰਤ ਤੇ ਮਾਲਦੀਵ ਵਿਚਕਾਰ ਵਧਦਾ ਤਣਾਅ ਦੋਵਾਂ ਦੇਸ਼ਾਂ ਵਾਸਤੇ ਇਕ ਆਮ ਕੂਟਨੀਤਕ ਅਸਫ਼ਲਤਾ ਨਹੀਂ ਬਲਕਿ ਇਕ ਅਜਿਹੀ ਦਰਾੜ ਬਣ ਰਹੀ ਹੈ ਜੋ ਭਾਰਤ-ਚੀਨ ਦੀਆਂ ਵਧਦੀਆਂ ਦੂਰੀਆਂ ਵਿਚ ਇਕ ਨਵਾਂ ਪਰ ਅਣਸੁਖਾਵਾਂ ਅਧਿਆਏ ਜੋੜ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦ ਲਕਸ਼ਦੀਪ ਜਾ ਕੇ ਵੱਖ-ਵੱਖ ਤਸਵੀਰਾਂ ਖਿਚਵਾ ਕੇੇੇ, ਲਕਸ਼ਦੀਪ ਜਾਣ ਵਾਸਤੇ ਭਾਰਤੀ ਸੈਲਾਨੀਆਂ ਨੂੰ ਉਤਸ਼ਾਹਿਆ ਤਾਂ ਉਸ ਵਿਚ ਮਾੜਾ ਤਾਂ ਕੁੱਝ ਨਹੀਂ ਸੀ। ਉਨ੍ਹਾਂ ਨੇ ਹਾਲ ਹੀ ਵਿਚ ਉਤਰਾਖੰਡ ਵਿਚ ਵਿਆਹ ਕਰਨ ਵਾਸਤੇ ਵੀ ਦੇਸ਼ ਵਾਸੀਆਂ ਨੂੰ ਉਤਸ਼ਾਹਤ ਕੀਤਾ ਸੀ।
ਇਹ ਸਹੀ ਵੀ ਹੈ ਕਿਉਂਕਿ ਜੋ ਕੁਦਰਤ ਦੀ ਮਿਹਰ ਭਾਰਤ ਨੂੰ ਪ੍ਰਾਪਤ ਹੈ, ਉਸ ਦਾ ਮੁਕਾਬਲਾ ਹੀ ਕੋਈ ਨਹੀਂ ਪਰ ਉਤਰਾਖੰਡ ਵਿਚ ਵਿਆਹਾਂ ਵਾਸਤੇ ਉਤਸ਼ਾਹਤ ਕਰਨ ਨਾਲ ਭਾਰਤ ਦੇ ਮਨ-ਪਸੰਦ ਵਿਆਹਾਂ ਦੇ ਕੁਦਰਤੀ ਸੈਰ ਟਿਕਾਣਿਆਂ ਅਰਥਾਤ ਥਾਈਲੈਂਡ ਜਾਂ ਦੁੁੁੁੁਬਈ ਨਾਲ ਇਸ ਤਰ੍ਹਾਂ ਦਾ ਕੋਈ ਕੂਟਨੀਤਕ ਤਣਾਅ ਸ਼ੁਰੂ ਨਹੀਂ ਹੋਇਆ। ਕੁੱਝ ਭਾਵੁਕ ਸੋਸ਼ਲ ਮੀਡੀਆ ਭਗਤਾਂ ਦਾ ਉਤਸ਼ਾਹ ਇਸ ਲੜਾਈ ਦੀ ਸ਼ੁਰੂਆਤ ਦਾ ਕਾਰਨ ਸੀ। ਕੁੱਝ ਲੋਕ ਲਕਸ਼ਦੀਪ ਦਾ ਮਾਲਦੀਵ ਨਾਲ ਮੁਕਾਬਲਾ ਕਰਦੇ ਕਰਦੇ ਏਨਾ ਬਹਿਕ ਗਏ ਕਿ ‘ਬਾਈਕਾਟ ਮਾਲਦੀਵ’ ਦਾ ਹੈਸ਼ਟੈਗ ਸੋਸ਼ਲ ਮੀਡੀਆ ਦਾ ਚੜ੍ਹਦਾ ਰੁਝਾਨ ਬਣ ਗਿਆ ਜਿਸ ਤੋਂ ਬਾਅਦ ਮਾਲਦੀਪ ਦੇ ਤਿੰਨ ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਗ਼ਲਤ ਸ਼ਬਦਾਵਲੀ ਵਰਤੀ ਗਈ। ਉਸ ਦਾ ਖ਼ਮਿਆਜ਼ਾ ਤਾਂ ਉਨ੍ਹਾਂ ਤਿੰਨਾਂ ਨੂੰ ਭੁਗਤਣਾ ਹੀ ਪਿਆ ਪਰ ਤਣਾਅ ਵੀ ਜਾਰੀ ਹੈ ਜੋ ਦੇਰ-ਪਾ ਅਸਰ ਛੱਡ ਸਕਦਾ ਹੈ।
ਮਾਲਦੀਵ ਦੇ ਮੌਜੂਦਾ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਸੱਤਾ ਵਿਚ ਆਏ ਹੀ ਭਾਰਤ ਵਿਰੁਧ ਪ੍ਰਚਾਰ ਕਰਨ ਸਦਕਾ ਹੀ ਸਨ ਕਿਉਂਕਿ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਨੇ ਭਾਰਤ ਨਾਲ ‘ਸਾਗਰ’ ਮੁਹਿੰਮ ਵਿਚ ਹਿੱਸਾ ਲੈਂਦਿਆਂ, ਭਾਰਤ ਨਾਲ ਰਿਸ਼ਤੇ ਗੂੜ੍ਹੇ ਰੱਖਣ ਲਈ ਉਤਸ਼ਾਹ ਵਿਖਾਇਆ ਸੀ। ਉਨ੍ਹਾਂ ਦੀ ਹਾਰ ਵਿਚ ਇਹ ਵੱਡਾ ਕਾਰਨ ਸੀ ਕਿਉਂਕਿ ਮਲੈਈ ਲੋਕ ਮੰਨਦੇ ਹਨ ਕਿ ਇਸ ਨਾਲ ਉਹ ਭਾਰਤ ਦੇ ਹੇਠਾਂ ਲੱਗ ਰਹੇ ਸਨ। ਪਿਛਲੀ ਸਰਕਾਰ ਨੇ ਭਾਰਤ ਕੋਲੋਂ ਰਾਸ਼ਟਰਪਤੀ ਲਈ ਮੁਫ਼ਤ ਹਵਾਈ ਜਹਾਜ਼ ਵੀ ਲਿਆ ਸੀ। ਇਸ ਨਵੇਂ ਰਾਸ਼ਟਰਪਤੀ ਨੇ ਸੱਤਾ ਵਿਚ ਆਉਂਦੇ ਹੀ ਭਾਰਤ ਨਾਲ ਰਿਸ਼ਤੇ ਕਮਜ਼ੋਰ ਕਰਨ ਦੇ ਕਦਮ ਚੁੱਕੇ ਤੇ ਇਸ ਨਵੇਂ ਵਿਵਾਦ ਦੇ ਚਲਦੇ ਉਨ੍ਹਾਂ ਨੇ ਚੀਨ ਦਾ ਦੌਰਾ ਵੀ ਕੀਤਾ। ਇਹ ਦੌਰਾ ਅਪਣੇ ਆਪ ਵਿਚ ਚਿੰਤਾਜਨਕ ਸੀ ਕਿਉਂਕਿ ਹੁਣ ਤਕ ਜਿੱਤ ਤੋਂ ਬਾਅਦ ਪਹਿਲਾ ਦੌਰਾ ਹਮੇਸ਼ਾ ਭਾਰਤ ਵਲ ਹੁੰਦਾ ਸੀ।
ਜੇ ਭਾਰਤ ਦੇ ਭਾਵੁਕ ਨਾਗਰਿਕਾਂ ਨੇ ਅਪਣੇ ਪ੍ਰਧਾਨ ਮੰਤਰੀ ਦੀ ਬੇਇਜ਼ਤੀ ਕਾਰਨ ਮਾਲਦੀਵ ਵਿਰੁਧ ਰੁਝਾਨ ਤੇਜ਼ ਕਰ ਦਿਤਾ ਤੇ ਉਸ ਦੇਸ਼ ਵਿਚ ਸੈਰ ਸਪਾਟਾ ਕਰਨ ਤੋਂ ਰੋੋਕਿਆ ਤਾਂ ਉਸ ਦਾ ਫ਼ਾਇਦਾ ਲਕਸ਼ਦੀਪ ਨੂੰ ਹੋ ਰਿਹਾ ਹੈ ਜਿਸ ਨੂੰ ਹੁਣ ਇਕ ਨਵਾਂ ਹਵਾਈ ਅੱਡਾ ਵੀ ਮਿਲ ਰਿਹਾ ਹੈ ਪਰ ਇਹ ਸੱਭ ਮਾਲਦੀਵ ਨੂੰ ਖੁਲ੍ਹ ਕੇ ਭਾਰਤ ਵਿਰੁਧ ਬਗ਼ਾਵਤ ਕਰਨ ਵਾਸਤੇ ਉਤਸ਼ਾਹਤ ਵੀ ਕਰ ਰਿਹਾ ਹੈ।
ਰਾਸ਼ਟਰਪਤੀ ਮੁਇਜ਼ੂ ਪਹਿਲਾਂ ਤੋਂ ਹੀ ਤੁਰਕੀ ਤੇ ਚੀਨ ਵਲ ਝੁਕਾਅ ਰਖਦੇ ਸਨ ਜਿਸ ਪਿੱਛੇ ਵੱਡਾ ਕਾਰਨ ਕਸ਼ਮੀਰ ਦੀ ਧਾਰਾ 370 ਵਿਚ ਕੀਤੀ ਗਈ ਸੋਧ ਹੈ। ਮਾਲਦੀਵ ਇਕ ਇਸਲਾਮਕ ਦੇਸ਼ ਹੈ ਜਿਸ ਦਾ ਝੁਕਾਅ ਤੁਰਕੀ ਵਲ ਇਸ ਸਦਕਾ ਹੀ ਜ਼ਿਆਦਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦਾ ਇਜ਼ਰਾਈਲ ਵਿਰੁਧ ਸਟੈਂਡ ਪੱਕਾ ਹੈ ਤੇ ਭਾਰਤ ਦੀ ਇਜ਼ਰਾਈਲ ਪ੍ਰਤੀ ਨਰਮੀ ਵੀ ਦੋਹਾਂ ਵਿਚਕਾਰ ਇਕ ਮੁੱਦਾ ਹੈ। ਇਨ੍ਹਾਂ ਸੱਭ ਕਾਰਨਾਂ ਕਰ ਕੇ ਮਾਲਦੀਵ ਨੇ ਚੀਨ ਤੋਂ ਨਾ ਸਿਰਫ਼ ਉਦਯੋਗਿਕ ਵਿਕਾਸ ਲਈ ਮਦਦ ਬਲਕਿ ਸੈਲਾਨੀਆਂ ਦੀ ਮੰਗ ਵੀ ਕੀਤੀ ਹੈ। ਮਾਲਦੀਵ ਵਿਚ ਜਾਂਦੇ ਸੈਲਾਨੀਆਂ ’ਚ ਭਾਵੇਂ ਭਾਰਤੀ ਸੱਭ ਤੋਂ ਵੱਧ ਹਨ ਅਰਥਾਤ ਸਿਰਫ਼ 11 ਫ਼ੀ ਸਦੀ ਤੇ ਇਨ੍ਹਾਂ ਦਾ ਬਦਲ ਲਭਿਆ ਜਾ ਸਕਦਾ ਹੈ। ਪਰ ਭਾਰਤ ਵਾਸਤੇ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਭਾਰਤ ਦਾ 50 ਫ਼ੀ ਸਦੀ ਬਾਹਰੀ ਵਪਾਰ (external trade) ਤੇ 80 ਫ਼ੀਸਦੀ ਊਰਜਾ ਆਯਾਤ ਹਿੰਦ ਮਹਾਂਸਾਗਰ (energy imports Indian Ocean) ਦੇ ਰਸਤੇ ਤੋਂ ਲੰਘ ਕੇ ਹੁੰਦੇ ਹਨ ਜਿਸ ਕਾਰਨ ਭਾਰਤ ਨੇ ਮਾਲਦੀਵ ਨਾਲ ਗੂੜ੍ਹੇ ਰਿਸ਼ਤੇ ਬਣਾਏ ਹੋਏ ਸਨ। ਹੁਣ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਮਾਲਦੀਵ ਚੀਨ ਲਈ ਹਿੰਦ ਮਹਾਂਸਾਗਰ ਵਿਚ ਅਪਣੀ ਸਮੁੰਦਰੀ ਤਾਕਤ ਵਧਾਉਣ ਦੇ ਰਸਤੇ ਖੋਲ੍ਹ ਰਿਹਾ ਹੈ।
ਇਹ ਵਿਵਾਦ ਕਿਸੇ ਦੀ ਗ਼ਲਤੀ ਨਾਲ ਨਹੀਂ ਹੋਇਆ ਪਰ ਭਾਰਤ ਸਰਕਾਰ ਵਾਸਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ। ਸੁਲਝਾਉਣਾ ਜ਼ਰੂਰੀ ਹੈ ਪਰ ਰਸਤਾ ਦੋਹਾਂ ਦੇਸ਼ਾਂ ਦੇ ਮੇਲ ਨਾਲ ਹੀ ਨਿਕਲ ਸਕਦਾ ਹੈ ਤੇ ਚੀਨ ਦਾ ਦੌਰਾ ਇਸ ਦਾ ਫ਼ੈਸਲਾ ਕਰੇਗਾ।
- ਨਿਮਰਤ ਕੌਰ