
ਭਗਵੰਤ ਮਾਨ ਪੰਜਾਬ ਦੀ ਆਵਾਜ਼ ਬਣ ਕੇ ਸਦਨ ਵਿਚ ਗਰਜੇ ਸਨ ਪਰ ਹੁਣ ਉਨ੍ਹਾਂ ਦੇ ‘ਇਨਕਲਾਬੀ’ ਕੰਮਾਂ ਹੇਠ ਵਧਦਾ ਪੰਜਾਬ ਸਾਰੇ ਦੇਸ਼ ਵਿਚ ਚਮਕਣਾ ਚਾਹੀਦਾ ਹੈ।
ਪੰਜਾਬ ਨੇ ਸਿਆਸੀ ਸੁਨਾਮੀ ਲਿਆ ਕੇ ਅਪਣਾ ਰਾਜ-ਭਾਗ ‘ਆਪ’ ਦੇ ਹੱਥ ਫੜਾ ਦਿਤਾ ਹੈ। ਐਗਜ਼ਿਟ ਪੋਲ ਜੋ ਕੁੱਝ ਆਖ ਰਹੇ ਸਨ, ਉਸ ਨੂੰ ਸਹੀ ਸਾਬਤ ਕਰ ਕੇ, ਪੰਜਾਬੀ ਵੋਟਰਾਂ ਨੇ ਸਿਆਸਤਦਾਨਾਂ ਦੇ ਸਾਰੇ ਪੈਂਤੜੇ ਤਹਿਸ ਨਹਿਸ ਕਰ ਦਿਤੇ। ਅਖ਼ੀਰਲੇ 72 ਘੰਟਿਆਂ ਵਿਚ ਜਿਸ ਤਰ੍ਹਾਂ ਪੈਸਾ ਵੰਡਿਆ ਗਿਆ, ਉਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਪੰਜਾਬ ਦੀ ਜਨਤਾ ਨੇ ਅਪਣੀ ਵੋਟ ਹੀ ਨਹੀਂ ਵੇਚੀ ਸਗੋਂ ਅਪਣਾ ਈਮਾਨ ਵੀ ਵੇਚ ਦਿਤਾ ਸੀ। ਪਰ ਜਿਸ ਤਰ੍ਹਾਂ ਲੋਕਾਂ ਨੇ ਪੈਸਾ ਰਵਾਇਤੀ ਸਿਆਸਤਦਾਨਾਂ ਕੋਲੋਂ ਲੈ ਕੇ ਵੋਟ ‘ਆਪ’ ਨੂੰ ਪਾਈ ਹੈ, ਉਸ ਨੂੰ ਵੇਖ ਕੇ ਸਾਬਤ ਹੋ ਗਿਆ ਹੈ ਕਿ ਲੋਕਤੰਤਰ ਭ੍ਰਿਸ਼ਟਾਚਾਰ ਦਾ ਮੋਹਤਾਜ ਨਹੀਂ ਹੁੰਦਾ। ਨਾ ਦਲਿਤਾਂ ਨੇ ਦਲਿਤ ਮੁੱਖ ਮੰਤਰੀ ਦਾ ਕਹਿਣਾ ਮੰਨ ਕੇ ਹੀ ਵੋਟ ਪਾਈ, ਨਾ ਬਲਾਤਕਾਰੀ ਸੌਦਾ ਸਾਧ ਦੇ ਕਹਿਣ ਤੇ ਅਤੇ ਨਾ ਕਿਸੇ ਗੋਲ ਚੋਲੇ ਵਾਲੇ ਬਾਬੇ ਦੇ ਕਹਿਣ ਤੇ ਹੀ ਵੋਟ ਪਾਈ ਸਗੋਂ ਜਿਹੜੇ ਲੋਕਾਂ ਤੇ ਜ਼ਿਆਦਾ ਦਬਾਅ ਸੀ, ਉਹ ਵੋਟ ਪਾਉਣ ਹੀ ਨਾ ਆਏ ਜਿਸ ਕਾਰਨ ਵੋਟ ਪ੍ਰਤੀਸ਼ਤ ਇਸ ਵਾਰ ਘੱਟ ਗਈ।
Bhagwant Mann
ਆਮ ਆਦਮੀ ਪਾਰਟੀ ਵਿਚ ਵਿਸ਼ਵਾਸ ਦੇ ਪ੍ਰਗਟਾਵੇ ਦੇ ਨਾਲ-ਨਾਲ, ਇਹ ਰਵਾਇਤੀ ਪਾਰਟੀਆਂ ਦੇ ਲੀਡਰਾਂ ਵਿਚ ਬੇਭਰੋਸਗੀ ਦਾ ਵੱਡਾ ਐਲਾਨ ਵੀ ਹੈ ਕਿ ਹੁਣ ਅਸੀ ਤੁਹਾਡੇ ਜੁਮਲਿਆਂ ਵਿਚ ਨਹੀਂ ਆਉਣ ਵਾਲੇ। ਇਹ ਇਕ ਸਾਫ਼ ਸੁਥਰੇ ਰਾਜ-ਪ੍ਰਬੰਧ ਵਾਸਤੇ ਵੋਟ ਹੈ। ਦਿੱਲੀ ਦੇ ਸਾਫ਼ ਸੁਥਰੇ ਸ਼ਾਸਨ ਨੂੰ ਵੇਖਦੇ ਹੋਏ ਪੰਜਾਬ ਨੇ ਭਗਵੰਤ ਸਿੰਘ ਤੇ ਅਰਵਿੰਦ ਕੇਜਰੀਵਾਲ ਨੂੰ ਵੋਟ ਪਾਈ ਹੈ। ਆਮ ਇਨਸਾਨ ਆਖ਼ਰ ਵਿਚ ਕੀ ਮੰਗਦਾ ਹੈ? ਇਕ ਸਾਫ਼ ਸੁਥਰੀ ਸਰਕਾਰ ਜੋ ਹਰ ਵੇਲੇ ਉਨ੍ਹਾਂ ਨੂੰ ਦਬਾਉਣ ਦਾ ਯਤਨ ਹੀ ਨਾ ਕਰਦੀ ਰਿਹਾ ਕਰੇ। ਲੋਕ ਅਜਿਹੇ ਸਿਆਸਤਦਾਨ ਦੀ ਮੰਗ ਕਰਦੇ ਹਨ ਜੋ ਆਪ ਮਾਫ਼ੀਆ ਦਾ ਹਿੱਸਾ ਨਾ ਬਣੇ। ਪੰਜਾਬ ਦੇ ਸਿਆਸਤਦਾਨਾਂ ਨੇ ਹਰ ਮਾਫ਼ੀਆ ਵਿਚ ਅਪਣੇ ਆਪ ਨੂੰ ਸ਼ਾਮਲ ਕਰ ਲਿਆ ਜਾਂ ਉਸ ਨੂੰ ਬਚਾਉਣ ਵਾਲਾ ਕਵਚ ਬਣ ਗਏ।
Arvind Kejriwal
‘ਆਪ’ ਦੀ ਜਿੱਤ ਤੇ ਇਕ ਵਰਗ ਘਬਰਾਇਆ ਵੀ ਹੋਇਆ ਹੈ ਕਿ ਇਹ ਸਰਕਾਰ ਸਿੱਖਾਂ ਦੇ ਹਿਤ ਵਿਚ ਨਹੀਂ ਹੋਵੇਗੀ ਪਰ ਜੇ ਬਰਗਾੜੀ ਦਾ ਮਾਮਲਾ ਵੇਖੀਏ ਤਾਂ ਇਕ ਪੰਥਕ ਸਰਕਾਰ ਤੇ ਫਿਰ ਦੂਜੀ ਧਰਮ ਨਿਰਪੱਖ ਸਰਕਾਰ ਦੋਵੇਂ ਹੀ ਫ਼ੇਲ੍ਹ ਹੋਈਆਂ ਹਨ। ਇਕ ਇਮਾਨਦਾਰ ਸਰਕਾਰ ਸ਼ਾਇਦ ਚੰਗੇ ਰਾਜ-ਪ੍ਰਬੰਧ ਰਾਹੀਂ ਇਨਸਾਫ਼ ਦੇ ਸਕੇ। ਘਬਰਾਏ ਹੋਏ ਸਿਆਣੇ ਸਿੱਖ ਇਸ ਸੁਨਾਮੀ ਨੂੰ ਐਸ.ਜੀ.ਪੀ.ਸੀ. ਚੋਣਾਂ ਵਿਚ ਵੀ ਲਿਆਉਣ ਦਾ ਯਤਨ ਕਰਨ ਕਿਉਂਕਿ ਜਦ ਤਕ ਸਿੱਖੀ ਦਾ ਗੜ੍ਹ ਤਾਕਤਵਰ ਨਹੀਂ ਹੁੰਦਾ, ਤਦ ਤਕ ਪੰਥ ਦੇ ਨਾਮ ਤੇ ਅਧਰਮੀਆਂ ਵਲੋਂ ਜਾਂ ਸਿਆਸਤਦਾਨਾਂ ਵਲੋਂ ਧਰਮ ਦਾ ਇਸਤੇਮਾਲ ਕੀਤਾ ਜਾਂਦਾ ਰਹੇਗਾ। ਅੱਜ ਆਮ ਪੰਜਾਬੀ ਨੇ ਪੰਥਕ ਪਾਰਟੀ ਨੂੰ ਤੇ ਸਿੱਖਾਂ ਦੇ ਆਖ਼ਰੀ ਮਹਾਰਾਜੇ ਨੂੰ ਲੋਕਾਂ ਦੀ ਤਾਕਤ ਵੀ ਵਿਖਾ ਦਿਤੀ ਹੈ।
Congress-BJP
ਇਹ ਮੌਕਾ ਪੰਜਾਬ ਨੇ ‘ਆਪ’ ਨੂੰ ਦੂਜੀ ਵਾਰ ਦਿਤਾ ਹੈ। ਪਹਿਲੀ ਵਾਰ ਭਾਜਪਾ ਦੀ ਸੁਨਾਮੀ ਵਿਚ ਚਾਰ ਐਮ.ਪੀ. ਸੰਸਦ ਵਿਚ ਭੇਜੇ ਤੇ ਇਸ ਵਾਰ ਫਿਰ ਜਦ ਦੇਸ਼ ਡਬਲ ਇੰਜਣ ਦੀਆਂ ਸਰਕਾਰਾਂ ਚੁਣ ਰਿਹਾ ਹੈ, ਪੰਜਾਬ ਨੇ ਕੇਜਰੀਵਾਲ ਨੂੰ ਫਿਰ ਇਕ ਮੌਕਾ ਦਿਤਾ ਹੈ। ਇਸ ਵਾਰ ਇਹ ਮੌਕਾ ਵਿਅਰਥ ਨਹੀਂ ਜਾਣਾ ਚਾਹੀਦਾ। ਪੰਜਾਬ ਦੇ ਲੋਕਾਂ ਨੇ ਸਾਰੇ ਮੁੱਦੇ ਛੱਡ, ਸਾਰੇ ਡਰ ਛੱਡ, ਇਹ ਮੌਕਾ ਇਮਾਨਦਾਰੀ ਦੀ ਗਰੰਟੀ ਨੂੰ ਦਿਤਾ ਹੈ। ਹੁਣ ਹਰ ਮਾਫ਼ੀਆ ਪੰਜਾਬ ਵਿਚੋਂ ਖ਼ਤਮ ਕਰ ਦੇਣ ਦਾ ਸਮਾਂ ਆ ਗਿਆ ਹੈ। ਪਹਿਲਾ ਕੰਮ ਮਾਫ਼ੀਆ ਨੂੰ ਹੱਥ ਪਾਉਣ ਦਾ ਕਰਨਾ ਪਵੇਗਾ।
ਭਗਵੰਤ ਮਾਨ ਪੰਜਾਬ ਦੀ ਆਵਾਜ਼ ਬਣ ਕੇ ਸਦਨ ਵਿਚ ਗਰਜੇ ਸਨ ਪਰ ਹੁਣ ਉਨ੍ਹਾਂ ਦੇ ‘ਇਨਕਲਾਬੀ’ ਕੰਮਾਂ ਹੇਠ ਵਧਦਾ ਪੰਜਾਬ ਸਾਰੇ ਦੇਸ਼ ਵਿਚ ਚਮਕਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਪੰਜਾਬ ਦੇ ਪਿਆਰ, ਸਤਿਕਾਰ ਤੇ ਵਿਸ਼ਵਾਸ ’ਤੇ ਖਰੇ ਉਤਰਨਗੇ।
- ਨਿਮਰਤ ਕੌਰ