Editorial: ਮੋਦੀ ਯੁੱਗ : ਅੰਮ੍ਰਿਤ ਕਾਲ ਅਜੇ ਦੂਰ ਦੀ ਗੱਲ...
Published : Jun 11, 2025, 6:40 am IST
Updated : Jun 11, 2025, 7:33 am IST
SHARE ARTICLE
Modi Era The era of Amrit is still a distant thing Editorial in punjabi
Modi Era The era of Amrit is still a distant thing Editorial in punjabi

ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਹਮਾਇਤੀ ਮੋਦੀ ਕਾਲ ਨੂੰ ‘ਸੁਸ਼ਾਸਨ ਦੇ ਗਿਆਰਾਂ ਵਰ੍ਹੇ’ ਦੱਸ ਰਹੇ ਹਨ ਜਦਕਿ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ....

Modi Era The era of Amrit is still a distant thing Editorial in punjabi : ‘ਗਲਾਸ ਕਿੰਨਾ ਭਰਿਆ ਹੋਇਆ ਹੈ ਜਾਂ ਗਲਾਸ ਕਿੰਨਾ ਖ਼ਾਲੀ ਹੈ’ ਵਾਲਾ ਕਥਾਨਕ ਨਰਿੰਦਰ ਮੋਦੀ ਸਰਕਾਰ ਦੇ 11 ਵਰਿ੍ਹਆਂ ਉਪਰ ਆਪੋ ਅਪਣੀ ਪਸੰਦ ਮੁਤਾਬਿਕ ਸਹਿਜੇ ਹੀ ਲਾਗੂ ਕੀਤਾ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਹਮਾਇਤੀ ਮੋਦੀ ਕਾਲ ਨੂੰ ‘ਸੁਸ਼ਾਸਨ ਦੇ ਗਿਆਰਾਂ ਵਰ੍ਹੇ’ ਦੱਸ ਰਹੇ ਹਨ ਜਦਕਿ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ਨੂੰ ਇਹੋ ਕਾਲ ‘ਵਿਅਥਾ ਤੇ ਝੂਠੇ ਪ੍ਰਚਾਰ ਦੇ 11 ਵਰ੍ਹੇ’ ਜਾਪ ਰਿਹਾ ਹੈ। ਅਜਿਹੇ ਆਲਮ ਵਿਚ ਇਤਬਾਰ ਕਿਸ ਉੱਤੇ ਕਰੀਏ, ਇਹ ਦੁਬਿਧਾ ਹਰ ਨਿਰਪੱਖ ਨਾਗਰਿਕ ਦੇ ਮਨ ਵਿਚ ਪੈਦਾ ਹੋਣੀ ਸੁਭਾਵਿਕ ਹੈ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ ਨੱਡਾ ਨੇ ਮੋਦੀ ਕਾਲ ਦੀਆਂ ਪ੍ਰਾਪਤੀਆਂ ਦੀ ਉਸਤਤਿ ਕਰਦਿਆਂ 10 ਨੁਕਤੇ ਗਿਣਾਏ ਹਨ ਜੋ ਇਸ ਤਰ੍ਹਾਂ ਹਨ : (1) ਭਾਰਤੀ ਅਰਥਚਾਰਾ ਲਗਾਤਾਰ ਮਜ਼ਬੂਤ ਹੋਇਆ; ਭਾਰਤ 10ਵੇਂ ਤੋਂ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ; ਆਈ.ਐਮ.ਐਫ. ਦਾ ਨਵਾਂ ਮੁਲਾਂਕਣ ਇਸ ਨੂੰ ਜਲਦ ਹੀ ਚੌਥਾ ਸਭ ਤੋਂ ਵੱਡਾ ਅਰਥਚਾਰਾ ਕਰਾਰ ਦੇ ਦੇਵੇਗਾ।  (2) ਪੱਟੀਦਰਜ ਜਾਤਾਂ, ਪੱਟੀਦਰਜ ਕਬੀਲਿਆਂ, ਪਛੜੇ ਵਰਗਾਂ ਅਤੇ ਔਰਤਾਂ ਦੀ ਆਰਥਿਕ ਸਮਾਜਿਕ ਦਸ਼ਾ ਵਿਚ ਲਗਾਤਾਰ ਸੁਧਾਰ ਹੋਇਆ। (3) 25 ਕਰੋੜ ਤੋਂ ਵੱਧ ਭਾਰਤੀ 11 ਵਰਿ੍ਹਆਂ ਦੌਰਾਨ ਗ਼ਰੀਬੀ ਰੇਖਾ ਤੋਂ ਉੱਪਰ ਉੱਭਰੇ; ਘੋਰ ਗ਼ਰੀਬਾਂ ਦੀ ਗਿਣਤੀ ਲਗਾਤਾਰ ਘਟੀ। (4) ਸਰਕਾਰ ਨੇ ‘ਚੰਮ ਨਹੀਂ, ਕੰਮ ਨੂੰ ਵੁਕੱਤ’ ਦੇਣ ਦੀ ਸਿਆਸਤ ਨੂੰ ਹੁਲਾਰਾ ਦਿਤਾ; ਖੁਸ਼ਾਮਦੀ ਕਲਚਰ ਨੂੰ ਲਗਾਤਾਰ ਨਕਾਰਿਆ। (5) ਕੋਵਿਡ-19 ਦੇ ਪ੍ਰਬੰਧਨ ਦੌਰਾਨ 110 ਕਰੋੜ ਤੋਂ ਵੱਧ ਦੇਸ਼ਵਾਸੀਆਂ ਨੂੰ ਦੋ ਵਾਰ (220 ਕਰੋੜ) ਟੀਕੇ ਮੁਫ਼ਤ ਲਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ। ਮੁਫ਼ਤ ਟੀਕਾਕਰਨ ਦੇ ਕਾਰਜ ਵਿਚ ਗੁਆਂਢੀ ਮੁਲਕਾਂ ਦੀ ਵੀ ਮਦਦ ਕੀਤੀ।  (6) ਸ੍ਰੀਨਗਰ ਨੂੰ ਰੇਲ ਰਾਹੀਂ ਭਾਰਤ ਨਾਲ ਜੋੜਿਆ।

(7) ਵਿਕਸਿਤ ਭਾਰਤ ਦੇ ਸੰਕਲਪ ਨੂੰ ‘ਨੀਤੀਆਂ, ਸੁਧਾਰ ਤੇ ਪਰਿਵਰਤਨ’ ਦੇ ਅਮਲ ਰਾਹੀਂ ਲਗਾਤਾਰ ਹੁਲਾਰਾ ਦਿਤਾ। (8) ਜੰਮੂ ਕਸ਼ਮੀਰ ਨਾਲ ਜੁੜੀ ਧਾਰਾ 370 ਦਾ ਖ਼ਾਤਮਾ ਕਰ ਕੇ ਉਸ ਦਾ ਬਾਕੀ ਭਾਰਤ ਨਾਲ ਸਿੱਧਾ ਰਲੇਵਾਂ ਸੰਭਵ ਬਣਾਇਆ। (9) ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਪ੍ਰਯਾਸ’ ਦੇ ਸੰਕਲਪ ਉੱਤੇ ਸਖ਼ਤੀ ਨਾਲ ਪਹਿਰਾ ਦਿਤਾ। (10) ਤੀਹਰੇ ਤਲਾਕ ਦੀ ਪ੍ਰਥਾ ਖ਼ਤਮ ਕਰ ਕੇ ਅਤੇ ਵਕਫ਼ ਸੋਧ ਐਕਟ ਵਰਗੇ ਕਾਨੂੰਨ ਬਣਾ ਕੇ ਘੱਟ ਗਿਣਤੀਆਂ ਦੇ ਹਿਤਾਂ ਦੀ ਹਿਫ਼ਾਜ਼ਤ ਯਕੀਨੀ ਬਣਾਈ। ਇਨ੍ਹਾਂ ਸਾਰੇ ਨੁਕਤਿਆਂ ਦੀ ਚਰਚਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਵੀ ਕੀਤੀ। ਉਨ੍ਹਾਂ ਨੇ ਅਪਣੀ ਤਕਰੀਰ ਰਾਹੀਂ ਕਿਹਾ ਕਿ ਉਹ ‘ਸੇਵਾ, ਸੁਸ਼ਾਸਨ ਤੇ ਗ਼ਰੀਬ ਕਲਿਆਣ’ ਪ੍ਰਤੀ ਵਚਨਬੱਧ ਹਨ ਅਤੇ ਕੌਮੀ ਸਮਾਜ ਦੇ ਹਰ ਵਰਗ ਦੇ ਜੀਵਨ ਵਿਚ ਤਬਦੀਲੀ ਲਿਆਉਣ ਦੇ ਸੰਕਲਪ ਉੱਤੇ ਪਹਿਰਾ ਦੇਣਾ ਜਾਰੀ ਰੱਖਣਗੇ। 

ਹੁਕਮਰਾਨ ਧਿਰ ਦੀ ਅਜਿਹੀ ਬਚਨ-ਬਾਣੀ ਤੋਂ ਉਲਟ ਵਿਰੋਧੀ ਧਿਰ ਨੇ ਦੇਸ਼ ਵਾਸੀਆਂ ਦਾ ਧਿਆਨ ‘ਗਲਾਸ ਕਿੰਨਾ ਖ਼ਾਲੀ ਹੈ’ ਵੱਲ ਖਿੱਚਿਆ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ‘ਕੰਮ ਘੱਟ, ਸ਼ੋਰ ਵੱਧ ਤੇ ਕੋਈ ਜਵਾਬਦੇਹੀ ਨਹੀਂ’ ਵਰਗੇ ਔਗੁਣਾਂ ਦਾ ਮੁਜੱਸਮਾ ਦਸਿਆ ਹੈ। ਕਾਂਗਰਸ ਪ੍ਰਧਾਨ ਮਲਿਕਾਅੱਰਜੁਨ ਖੜਗੇ ਦੇ ਕਥਨਾਂ ਮੁਤਾਬਿਕ ਭਾਜਪਾ ਨੇ ਪੂਰੇ ਦੇਸ਼ ਦੀ ਰੂਹ ਆਰ.ਐੱਸ.ਐੱਸ. ਕੋਲ ਗਿਰਵੀ ਰੱਖ ਦਿਤੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਦਾਅਵਾ ਹੈ ਕਿ ਮੋਦੀ ਸਰਕਾਰ ਨੇ ਫੈਡਰਲਿਜ਼ਮ ਦੀ ਆਤਮਾ ਨੂੰ ਵਾਰ-ਵਾਰ ਘਾਇਲ ਕੀਤਾ ਹੈ। ਅਜਿਹੇ ਹੀ ਦ੍ਰਿਸ਼ਟਾਂਤ ਹੋਰਨਾਂ ਵਿਰੋਧੀ ਆਗੂਆਂ ਦੇ ਕਥਨਾਂ ਤੋਂ ਵੀ ਮਿਲਦੇ ਹਨ। 

ਜਦੋਂ ਇਕ ਪਾਸੇ ਸੀਨੇ ਠੋਕੇ ਜਾ ਰਹੇ ਹੋਣ ਅਤੇ ਦੂਜੇ ਪਾਸੇ ਤਲਖ਼ ਬੋਲਾਂ ਵਾਲਾ ਮਾਹੌਲ ਹੋਵੇ, ਉਦੋਂ ਨਿਰਪੱਖਤਾ ਦਾ ਕਿਨਾਰਾ ਲੱਭਣਾ ਦੁਸ਼ਵਾਰ ਕੰਮ ਹੋ ਜਾਂਦਾ ਹੈ। ਇਕ ਗੱਲ ਸਾਫ਼ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਕੌਮੀ ਅਰਥਚਾਰਾ ਲਗਾਤਾਰ ਮਜ਼ਬੂਤ ਹੋਇਆ ਹੈ, ਸਿਹਤ ਸੰਭਾਲ ਤੇ ਸਿਖਿਆ ਦੇ ਖੇਤਰਾਂ ਵਿਚ ਪ੍ਰਗਤੀ ਹੋਈ ਹੈ, ਕੌਮਾਂਤਰੀ ਪੱਧਰ ’ਤੇ ਭਾਰਤ ਦਾ ਕੱਦ ਵੀ ਵਧਿਆ ਹੈ ਅਤੇ ਮੁਲਕ ਵਿਚ ਬੁਨਿਆਦੀ ਢਾਂਚੇ ਦਾ ਸੁਧਾਰ ਵੀ ਭਰਪੂਰ ਹੋਇਆ ਹੈ, ਪਰ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨਾਲ ਜੁੜੇ ਲਾਭਾਂ ਦੀ ਵੰਡ ਸੀਮਤ ਵਰਗਾਂ ਤਕ ਮਹਿਦੂਦ ਰਹੀ ਹੈ।

ਜਦੋਂ ਸਮਾਜਿਕ ਨਾਬਰਾਬਰੀ ਵਿਚ ਕਮੀ ਨਾ ਆਵੇ, ਉਦੋਂ ਤਕ ‘ਸਭ ਕਾ ਵਿਕਾਸ’ ਵਰਗਾ ਨਾਅਰਾ ਬੇਮਾਅਨਾ ਲੱਗਦਾ ਹੈ। ਇਸੇ ਤਰ੍ਹਾਂ ਮੋਦੀ ਸਰਕਾਰ ਨਾ ਤਾਂ ਬੇਰੁਜ਼ਗਾਰੀ ਘਟਾ ਸਕੀ ਹੈ ਅਤੇ ਨਾ ਹੀ ਸਮਾਜਿਕ ਸੌਹਾਰਦ ਤੇ ਸਦਭਾਵ ਵਾਲਾ ਮਾਹੌਲ ਸਿਰਜ ਸਕੀ ਹੈ। ਘੱਟਗਿਣਤੀ ਭਾਈਚਾਰਿਆਂ, ਖ਼ਾਸ ਕਰ ਕੇ ਮੁਸਲਿਮ ਸਮਾਜ ਵਿਚ ਅਸੁਰੱਖਿਆ ਜੇਕਰ ਵਧੀ ਨਹੀਂ ਤਾਂ ਘਟੀ ਵੀ ਨਹੀਂ। ਵੋਟ ਰਾਜਨੀਤੀ ਨਾਲ ਜੁੜੀਆਂ ਮਜਬੂਰੀਆਂ ਕਾਰਨ ਸ੍ਰੀ ਮੋਦੀ ਸਮੇਤ ਵੱਖ ਵੱਖ ਭਾਜਪਾ ਆਗੂਆਂ ਤੇ ਸੰਘ ਦੇ ਸਿਧਾਂਤਕਾਰਾਂ ਨੇ ਜਿਹੜੀ ਵਿਸ਼ੈਲੀ ਮਾਨਸਿਕਤਾ ਪਾਰਟੀ ਕਾਡਰ ਤੇ ਹੋਰਨਾਂ ਹਮਾਇਤੀਆਂ ਦੇ ਜ਼ਿਹਨਾਂ ਅੰਦਰ ਪੈਦਾ ਕੀਤੀ, ਉਹ ਰਾਸ਼ਟਰੀ ਏਕਤਾ ਤੇ ਇਕਸੁਰਤਾ ਦੇ ਇਜ਼ਹਾਰ ਨਾਲ ਜੁੜੇ ਨਾਜ਼ੁਕ ਮੌਕਿਆਂ ’ਤੇ ਵੀ ਅਪਣੇ ਜ਼ਹਿਰੀ ਰੂਪ ਵਿਚ ਸਾਹਮਣੇ ਆ ਜਾਂਦੀ ਹੈ। ਜਦੋਂ ਤਕ ਇਹ ਜ਼ਹਿਰ ਬਰਕਰਾਰ ਹੈ, ਉਦੋਂ ਤਕ ਮੋਦੀ ਯੁੱਗ ਨੂੰ ਅੰਮ੍ਰਿਤ ਕਾਲ ਕਿਵੇਂ ਮੰਨਿਆ ਜਾ ਸਕਦਾ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement