
ਪੰਜਾਬ ਦੇ ਇਕ ਛੋਟੇ ਸ਼ਹਿਰ ਨਾਭਾ ਦੇ ਇਕ ਪ੍ਰਵਾਰ ਦੇ ਬਜ਼ੁਰਗ ਪਿਤਾ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ
ਪੰਜਾਬ ਦੇ ਇਕ ਛੋਟੇ ਸ਼ਹਿਰ ਨਾਭਾ ਦੇ ਇਕ ਪ੍ਰਵਾਰ ਦੇ ਬਜ਼ੁਰਗ ਪਿਤਾ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਅਪਣੇ ਇਸ ਕਦਮ ਨਾਲ ਉਹ ਇਕ ਲੰਮਾ ਵੇਰਵਾ ਵੀ ਪਿੱਛੇ ਛੱਡ ਕੇ ਗਏ ਹਨ। ਉਨ੍ਹਾਂ ਅਪਣੀ ਮੌਤ ਲਈ ਅਪਣੀ ਨੂੰਹ ਤੇ ਉਸ ਦੇ ਪ੍ਰਵਾਰ ਨੂੰ ਜ਼ਿੰਮੇਦਾਰ ਦਸਦੇ ਹੋਏ ਅਪਣੇ ਉਤੇ ਕੀਤੇ 'ਤਸ਼ੱਦਦਾਂ' ਦਾ ਵੇਰਵਾ ਵੀ ਲਿਖ ਕੇ ਪਿਛੇ ਛਡਿਆ ਹੈ। ਉਨ੍ਹਾਂ ਦੀ ਕਹਾਣੀ ਸੁਣ ਕੇ ਇਸ ਸਮਾਜ ਵਿਚ ਦੋਹਾਂ ਧਿਰਾਂ ਦੇ ਦਰਦ ਦਾ ਅਹਿਸਾਸ ਹੁੰਦਾ ਹੈ। ਅੱਜ ਕਾਨੂੰਨੀ ਸਿਸਟਮ ਬਣ ਰਹੇ ਹਨ ਤੇ ਇਕ ਔਰਤ ਅਪਣੇ ਆਪ ਨਾਲ ਹੁੰਦੇ ਨਾਜਾਇਜ਼ ਧੱਕੇ, ਨਾਜਾਇਜ਼ ਦਬਾਅ ਵਿਰੁਧ ਆਵਾਜ਼ ਤਾਂ ਚੁਕ ਸਕਦੀ ਹੈ ਪਰ ਅਫ਼ਸੋਸ ਕਿ ਅਜੇ ਸਮਾਜ ਦਾ ਦੂਜਾ ਵਰਗ ਇਹ ਵੀ ਨਹੀਂ ਸਮਝਦਾ ਕਿ ਨਾਜਾਇਜ਼ ਕੀ ਹੈ।
File Photo
ਇਸ ਬਜ਼ੁਰਗ ਦੀ ਚਿੱਠੀ ਪੜ੍ਹ ਕੇ ਬੜੀ ਹੈਰਾਨੀ ਹੋਈ। ਉਨ੍ਹਾਂ ਦੇ ਬੇਟੇ ਦਾ ਵਿਆਹ ਗੁੜਗਾਉਂ ਵਿਚ ਕੰਮ ਕਰਨ ਵਾਲੀ ਇਕ ਲੜਕੀ ਨਾਲ ਹੋਇਆ। ਹੁਣ ਜਿਹੜੀ ਬੱਚੀ ਅਪਣੇ ਘਰ ਤੋਂ ਬਾਹਰ ਰਹਿ ਕੇ ਇਕ ਵੱਡੇ ਸ਼ਹਿਰ ਵਿਚ ਅਪਣੇ ਪੈਰਾਂ 'ਤੇ ਖੜੀ ਹੋ ਚੁਕੀ ਹੈ, ਕੁਦਰਤੀ ਹੈ ਕਿ ਉਸ ਨੂੰ ਅਪਣੇ ਪੈਰਾਂ 'ਤੇ ਖੜਾ ਹੋਣਾ ਅਪਣੇ ਆਪ ਆ ਗਿਆ। ਉਸ ਨੂੰ ਅਪਣੀ ਕਮਾਈ ਦੇ ਸਿਰ 'ਤੇ, ਬਿਨਾਂ ਚੌਕਾ ਚੁੱਲ੍ਹਾ ਤੇ ਬਿਨਾਂ ਭਾਂਡੇ ਪੋਚਾ ਕੀਤਿਆਂ, ਅਪਣਾ ਘਰ ਚਲਾਉਣਾ ਵੀ ਆ ਗਿਆ। ਉਸ ਲਈ ਵਿਆਹ ਤੋਂ ਬਾਅਦ ਇਹ ਸੱਭ ਭੁਲਣਾ ਆਸਾਨ ਨਹੀਂ ਹੋ ਸਕਦਾ।
File Photo
ਸਹੁਰੇ ਪ੍ਰਵਾਰ ਦੀਆਂ ਉਮੀਦਾਂ ਕੁੱਝ ਵਖਰੀਆਂ ਸਨ। ਉਹ ਚਾਹੁੰਦੇ ਸਨ ਕਿ ਵੱਡੇ ਸ਼ਹਿਰ ਵਿਚ ਕਮਾਈ ਅਪਣੀ ਆਜ਼ਾਦੀ, ਅਪਣਾ ਆਤਮ ਸਨਮਾਨ, ਅਪਣੀ ਆਤਮ ਨਿਰਭਰਤਾ, ਸੱਭ ਕੁੱਝ ਭੁਲਾ ਕੇ ਇਕ ਛੋਟੇ ਸ਼ਹਿਰ ਦੇ ਘਰ ਦੀ ਨੂੰਹ ਵਾਂਗ ਘਰ ਸੰਭਾਲਣ ਵਿਚ ਜੁਟ ਜਾਵੇ। ਉਸ ਲੜਕੀ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਘਰ ਦੀ ਰਸੋਈ ਦੀ ਸੰਭਾਲ ਕਰੇ ਤੇ ਉਹ ਗੱਲ ਨਾ ਕਰੇ ਜਿਹੜੀ ਉਨ੍ਹਾਂ ਨੂੰ ਗ਼ੈਰ ਸੰਸਕਾਰੀ ਜਾਪਦੀ ਸੀ। ਪਰ ਜੇ ਉਨ੍ਹਾਂ ਦਾ ਬੇਟਾ ਤੇ ਉਸ ਘਰ ਦੇ ਵੱਡੇ ਆਦਮੀ ਉਸ ਵਲੋਂ ਸਾਰੇ ਪ੍ਰਵਾਰ ਵਾਸਤੇ ਖਾਣਾ ਬਣਾਉਣ, ਅਪਣੀ ਰਸੋਈ ਦੀ ਦੇਖਭਾਲ (ਸੱਸ ਬੀਮਾਰ ਰਹਿੰਦੀ ਸੀ) ਨਹੀਂ ਸਿਖ ਸਕੀ ਤਾਂ ਕੀ ਇਸ ਨਵੀਂ ਨਵੇਲੀ ਨੂੰਹ-ਰਾਣੀ ਤੋਂ ਇਹ ਸਾਰਾ ਕੰਮ ਸਹੀ ਤਰੀਕੇ ਨਾਲ ਕਰਨ ਦੀ ਉਮੀਦ ਕਰਨਾ ਠੀਕ ਵੀ ਸੀ?
File Photo
ਇਸ ਟਕਰਾਅ ਵਿਚ ਦੋਵੇਂ ਪਾਸਿਉਂ ਗ਼ਲਤੀਆਂ ਹੋਈਆਂ ਹੋ ਸਕਦੀਆਂ ਹਨ। ਪੂਰਾ ਸੱਚ ਤਾਂ ਜਾਂਚ ਮਗਰੋਂ ਹੀ ਪਤਾ ਲੱਗ ਸਕੇਗਾ ਪਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਅੱਜ ਛੋਟੇ ਸ਼ਹਿਰਾਂ ਤੇ ਮੱਧ ਸ਼੍ਰੇਣੀ ਦੇ ਘਰਾਂ ਵਿਚ ਆਮ ਹੀ ਆ ਰਹੀਆਂ ਹਨ। ਔਰਤਾਂ ਨੂੰ ਬਾਹਰ ਨਿਕਲ ਕੇ ਕੰਮ ਕਰਨ ਦੀ ਇਜਾਜ਼ਤ ਤਾਂ ਮਿਲ ਰਹੀ ਹੈ ਪਰ ਘਰ ਦੇ ਕੰਮਾਂ ਨੂੰ ਪਹਿਲ ਦੇਣ ਉਤੇ ਵੀ ਜ਼ੋਰ ਦਿਤਾ ਜਾਂਦਾ ਹੈ। ਅਜੇ ਵੀ ਘਰ ਦੀ ਆਰਥਕ ਜ਼ਿੰਮੇਵਾਰੀ ਤੋਂ ਅੱਗੇ ਵੱਧ ਕੇ, ਬੰਦਾ ਅਪਣੇ ਆਪ ਦਾ ਖ਼ਿਆਲ ਰਖਣ ਦੇ ਕਾਬਲ ਨਹੀਂ ਬਣ ਸਕਿਆ
File Photo
ਅਤੇ ਜਿਵੇਂ ਜਿਵੇਂ ਸਮਾਂ ਵਧੇਗਾ, ਔਰਤਾਂ ਨੂੰ ਇਸ ਸੱਚ ਦਾ ਅਹਿਸਾਸ ਹੁੰਦਾ ਜਾਵੇਗਾ ਕਿ ਉਹ ਮਰਦ ਵਾਂਗ, ਕੁੱਝ ਕੰਮ ਕਰਨ ਦਾ ਹੀ ਜ਼ਿੰਮਾ ਲੈ ਸਕਦੀਆਂ ਹਨ, ਹਰ ਕੰਮ ਦਾ ਨਹੀਂ। ਅੱਜ ਜਿਹੜਾ ਮਰਦ ਪ੍ਰਧਾਨ ਸਮਾਜ ਉਨ੍ਹਾਂ ਨੂੰ ਕੁੱਝ ਹੱਕ ਦੇ ਰਿਹਾ ਹੈ, ਉਹ ਹੱਕ ਮਰਦਾਂ ਵਲੋਂ ਦਿਤਾ ਹੱਕ ਨਹੀਂ ਬਲਕਿ ਕੁਦਰਤ ਦੇ ਸਿਰਜਣਹਾਰ ਦਾ ਦਿਤਾ ਹੱਕ ਹੈ। ਇਕ ਆਤਮ ਨਿਰਭਰ ਔਰਤ ਵਾਸਤੇ ਇਕ ਅਜਿਹੇ ਸਿਸਟਮ, ਅਜਿਹੇ ਆਦਮੀ, ਅਜਿਹੇ ਪ੍ਰਵਾਰ ਅੱਗੇ ਝੁਕਣਾ ਮੁਸ਼ਕਲ ਹੈ ਜੋ ਉਸ ਦੇ ਬਿਨਾਂ, ਆਪ ਅਪਣੀ ਸੰਭਾਲ ਦਾ ਪ੍ਰਬੰਧ ਵੀ ਨਹੀਂ ਕਰ ਸਕਦਾ। ਸਾਰਾ ਪ੍ਰਵਾਰ ਨਵੀਂ ਵਿਆਹੀ ਕੁੜੀ ਤੋਂ ਹੀ ਆਸ ਰਖਦਾ ਹੈ ਕਿ ਉਹ ਸਾਰੇ ਜੀਆਂ ਦੀ ਸੇਵਾ-ਸੰਭਾਲ ਦਾ ਜ਼ਿੰਮਾ ਲਵੇ।
File Photo
ਸੋਚ ਨੂੰ ਹੁਣ ਝੁਕਾਉਣ ਵਲ ਨਹੀਂ, ਮਿਲ ਕੇ ਤੇ ਸਿਰ ਜੋੜ ਕੇ ਘਰ ਚਲਾਉਣ ਵਲ ਮੋੜਨਾ ਪਵੇਗਾ। ਅੱਜ ਇਕ ਵੱਡੀ ਸਮੱਸਿਆ ਘਰਾਂ ਵਿਚ ਵਧਦੀ ਅਸ਼ਾਂਤੀ ਤੇ ਤਲਾਕ ਦੀ ਹੈ। ਇਹ ਸਥਿਤੀ ਕਿਸੇ ਵਾਸਤੇ ਚੰਗੀ ਨਹੀਂ ਕਿਉਂਕਿ ਮਰਦ ਤੇ ਔਰਤ ਇਕ ਦੂਜੇ ਦੇ ਸਾਥ ਨਾਲ ਹੀ ਅਸਲ ਖ਼ੁਸ਼ੀ ਹਾਸਲ ਕਰ ਸਕਦੇ ਹਨ। ਔਰਤਾਂ ਨੂੰ ਹੁਣ ਅੰਦਰ ਡੱਕ ਕੇ ਰੱਖਣ, ਕਾਬੂ ਕਰਨ, ਝੁਕਾਉਣ ਵਾਲੀ ਸੋਚ ਕਬੂਲ ਨਹੀਂ ਹੋਣੀ। ਮਰਦਾਂ ਨੂੰ ਔਰਤਾਂ ਨੂੰ ਘਰ ਦੀ ਨੌਕਰਾਣੀ ਵਾਂਗ ਵਰਤਣਾ ਬੰਦ ਕਰਨਾ ਪੈਣਾ ਹੈ ਅਤੇ ਘਰ ਪ੍ਰਵਾਰ ਵਿਚ ਸਿਰਫ਼ ਰੁਪਿਆਂ ਪੈਸਿਆਂ ਨਾਲ ਹੀ ਨਹੀਂ ਬਲਕਿ ਹਰ ਖੇਤਰ ਵਿਚ ਔਰਤ ਦੇ ਬਰਾਬਰ ਯੋਗਦਾਨ ਪਾਉਣਾ ਪੈਣਾ ਹੈ। - ਨਿਮਰਤ ਕੌਰ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।