ਪਰ ਕੇਵਲ ਕਿਸਾਨ ਦੇ ਪਰਾਲੀ ਸਾੜਨ ਨੂੰ ਹੀ ਦੋਸ਼ ਨਹੀਂ ਦਿਤਾ ਜਾ ਸਕਦਾ, ਦੀਵਾਲੀ ਦੇ ਪਟਾਕੇ ਹੀ ਪਰਾਲੀ ਦੇ ਪ੍ਰਦੂਸ਼ਣ ਤੋਂ ਜ਼ਿਆਦਾ ਨੁਕਸਾਨ ਇਕੋ ਦਿਨ ਵਿਚ ਕਰ ਜਾਣਗੇ...
ਕਿਸਾਨਾਂ ਵਲੋਂ ਪਰਾਲੀ ਸਾੜਨਾ ਵਾਤਾਵਰਣ ਵਾਸਤੇ ਹਾਨੀਕਾਰਕ ਤਾਂ ਹੈ ਹੀ ਤੇ ਇਸ ਵਿਚ ਸ਼ੱਕ ਵੀ ਕੋਈ ਨਹੀਂ ਪਰ ਕਿਸਾਨ ਉਤੇ ਇਸ ਦੀ ਸਾਰੀ ਜ਼ਿੰਮੇਵਾਰੀ ਨਹੀਂ ਸੁੱਟੀ ਜਾ ਸਕਦੀ। ਇਹ ਵਾਤਾਵਰਣ ਦੀ ਸੰਭਾਲ ਬਾਰੇ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨ ਦੇ ਬੂਹੇ ਤੇ ਪਹੁੰਚ ਕੇ ਉਸ ਕੋਲੋਂ ਪਰਾਲੀ ਚੁੱਕ ਲੈਣ ਜਾਂ ਮਸ਼ੀਨਾਂ ਦੀਆਂ ਸਹੂਲਤਾਂ ਦੇਣ ਜਿਸ ਨਾਲ ਪਰਾਲੀ, ਬਗ਼ੈਰ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ, ਸੰਭਾਲ ਲਈ ਜਾਵੇ।
ਦੀਵਾਲੀ ਨੇੜੇ ਆ ਰਹੀ ਹੈ ਅਤੇ ਕਿਸਾਨਾਂ ਵਲੋਂ ਪਰਾਲੀ ਸਾੜਨ ਦੇ ਦਿਨ ਵੀ। ਪਰ ਕੋਈ ਵੀ ਦਿੱਲੀ 'ਚ ਪਟਾਕਿਆਂ ਤੇ ਪਾਬੰਦੀ ਲਾਉਣ ਦੀ ਗੱਲ ਨਹੀਂ ਕਰ ਰਿਹਾ। ਸਾਰਾ ਧਿਆਨ ਕਿਸਾਨਾਂ ਉਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਜੁਰਮਾਨੇ ਭਰਨ ਦੀਆਂ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਹਨ। ਪ੍ਰਦੂਸ਼ਣ ਤੋਂ ਘਬਰਾਈ ਦਿੱਲੀ ਨੇ, ਪਿਛਲੇ ਸਾਲ ਦਿੱਲੀ ਦੀਆਂ ਸੜਕਾਂ ਤੋਂ ਗੱਡੀਆਂ ਦੀ ਗਿਣਤੀ 'ਕੱਲੀ ਜੋਟਾ' ਪ੍ਰਬੰਧ ਨਾਲ ਘਟਾਉਣ ਦਾ ਕੰਮ ਕੀਤਾ ਸੀ। ਜਿਸ ਸੰਕਟ ਵਿਚੋਂ ਦਿੱਲੀ ਲੰਘ ਰਹੀ ਹੈ, ਉਸ ਸਥਿਤੀ ਵਿਚ ਦਿੱਲੀ ਦੇ ਹਰ ਪ੍ਰਵਾਰ ਵਾਸਤੇ ਗੱਡੀਆਂ ਦੀ ਐਮਰਜੰਸੀ ਲਾਉਣੀ ਲਾਜ਼ਮੀ ਹੈ।
ਪਰ ਉਹ ਪੰਜਾਬ ਦੇ ਕਿਸਾਨਾਂ ਵਲ ਧਿਆਨ ਮੋੜ ਕੇ ਅਪਣੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੇ ਹਨ। ਕਿਸਾਨਾਂ ਵਲੋਂ ਪਰਾਲੀ ਸਾੜਨਾ ਵਾਤਾਵਰਣ ਵਾਸਤੇ ਹਾਨੀਕਾਰਕ ਤਾਂ ਹੈ ਹੀ ਤੇ ਇਸ ਵਿਚ ਸ਼ੱਕ ਵੀ ਕੋਈ ਨਹੀਂ ਪਰ ਕਿਸਾਨ ਉਤੇ ਇਸ ਦੀ ਸਾਰੀ ਜ਼ਿੰਮੇਵਾਰੀ ਨਹੀਂ ਸੁੱਟੀ ਜਾ ਸਕਦੀ। ਇਹ ਵਾਤਾਵਰਣ ਦੀ ਸੰਭਾਲ ਬਾਰੇ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨ ਦੇ ਬੂਹੇ ਤੇ ਪਹੁੰਚ ਕੇ ਉਸ ਕੋਲੋਂ ਪਰਾਲੀ ਚੁੱਕ ਲੈਣ ਜਾਂ ਮਸ਼ੀਨਾਂ ਦੀਆਂ ਸਹੂਲਤਾਂ ਦੇਣ ਜਿਸ ਨਾਲ ਪਰਾਲੀ, ਬਗ਼ੈਰ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ, ਸੰਭਾਲ ਲਈ ਜਾਵੇ।
ਠੀਕ ਇਸੇ ਤਰ੍ਹਾਂ ਸੰਯੁਕਤ ਰਾਸ਼ਟਰ, ਜਿਸ ਨੂੰ ਵਿਸ਼ਵ ਦੇ ਵਾਤਾਵਰਣ ਦੀ ਚਿੰਤਾ ਹੈ, ਨੇ ਸਾਰੀ ਜ਼ਿੰਮੇਵਾਰੀ ਭਾਰਤ ਤੇ ਪਾ ਦਿਤੀ ਹੈ। ਸੰਯੁਕਤ ਰਾਸ਼ਟਰ ਵਲੋਂ ਆਈ.ਪੀ.ਸੀ.ਸੀ. (ਇੰਟਰਗਵਰਨਮੈਂਟਲ ਪੈਨਲ ਫ਼ਾਰ ਕਲਾਈਮੇਟ ਚੇਂਜ ਅਰਥਾਤ ਮੌਸਮੀ ਤਬਦੀਲੀ ਲਈ ਸਰਕਾਰਾਂ ਤੋਂ ਸਰਕਾਰਾਂ ਵਿਚਾਲੇ ਦਾ ਪੈਨਲ) ਦੀ ਰੀਪੋਰਟ ਨੇ ਚੇਤਾਵਨੀ ਦਿਤੀ ਹੈ ਕਿ ਆਉਣ ਵਾਲੇ ਸਮਿਆਂ ਵਿਚ ਜੇ ਕਾਰਬਨ ਫੈਲਾਉਣ ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਤਾਪਮਾਨ ਵਿਚ 1.5 ਡਿਗਰੀ ਸੈਂਟੀਗਰੇਡ ਦਾ ਵਾਧਾ ਹੋ ਜਾਵੇਗਾ
ਜਿਸ ਦਾ ਸੱਭ ਤੋਂ ਵੱਧ ਨੁਕਸਾਨ ਭਾਰਤ ਨੂੰ ਹੋਵੇਗਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਲਮੀ ਤਪਿਸ਼ ਨੂੰ ਇਕ ਸਾਜ਼ਸ਼ ਮੰਨਦੇ ਹਨ। ਉਹ ਅਮਰੀਕੀ ਰਵਈਏ ਵਿਚ ਬਦਲਾਅ ਲਿਆਉਣ ਵਾਸਤੇ ਤਿਆਰ ਹੀ ਨਹੀਂ ਹਨ। ਜਿਹੜਾ ਦੇਸ਼ ਦੁਨੀਆਂ ਵਿਚ ਸੱਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦਾ ਹੈ, ਉਸ ਦਾ ਖ਼ਮਿਆਜ਼ਾ ਭਾਰਤ ਨੂੰ ਭੁਗਤਣ ਲਈ ਕਿਹਾ ਜਾ ਰਿਹਾ ਹੈ। ਭਾਰਤ ਵਿਚ ਮੌਸਮੀ ਤਬਦੀਲੀ ਦਾ ਜਿਹੜਾ ਅਸਰ ਪਹਿਲਾਂ ਤੋਂ ਹੀ ਦਿਸ ਰਿਹਾ ਹੈ, ਉਸ ਤੋਂ ਪਹਿਲਾਂ ਹੀ ਹਰ ਭਾਰਤੀ ਚਿੰਤਿਤ ਹੈ। ਕਈ ਥਾਵਾਂ ਤੇ ਮੀਂਹ ਕਰ ਕੇ ਹੜ੍ਹ ਵੀ ਆ ਗਏ ਹਨ ਪਰ ਫਿਰ ਵੀ ਕਈ ਥਾਵਾਂ ਸੁੱਕੀਆਂ ਰਹਿ ਗਈਆਂ ਹਨ।
ਕੇਰਲ, ਉੜੀਸਾ, ਉੱਤਰ ਪ੍ਰਦੇਸ਼, ਪੰਜਾਬ ਵਿਚ ਮੀਂਹ ਨਾਲ ਬੁਰਾ ਹਾਲ ਹੈ। ਇਹ ਅਸਰ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਹੁਣ ਤਕ 1 ਡਿਗਰੀ ਸੈਲਸੀਅਸ ਤਾਪਮਾਨ ਵਿਚ ਵਾਧਾ ਹੋ ਚੁੱਕਾ ਹੈ। ਹੋਰ ਬਦਲਾਅ ਨਾਲ ਫ਼ਸਲ ਦੀ ਉਪਜ ਵਿਚ ਕਮੀ ਆਵੇਗੀ ਅਤੇ ਭਾਰਤ ਵਰਗਾ ਖੇਤੀ ਉਤੇ ਨਿਰਭਰ ਦੇਸ਼ ਇਸ ਨਾਲ ਮੁੜ ਤੋਂ ਗ਼ਰੀਬੀ ਅਤੇ ਕਾਲ ਜਾਂ ਭੁਖਮਰੀ ਵਾਲੀ ਹਾਲਤ ਵਿਚ ਜਾ ਸਕਦਾ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਕਿਉਂਕਿ ਅਮਰੀਕਾ ਅਪਣੀ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਨਹੀਂ, ਭਾਰਤ ਨੂੰ ਇਸ ਮਾਮਲੇ ਵਿਚ ਵੀ ਪਹਿਲ ਕਰਨੀ ਪਵੇਗੀ ਤਾਕਿ ਉਹ ਅਪਣਾ ਅਤੇ ਨਾਲ ਨਾਲ, ਇਸ ਖ਼ਤਰੇ ਤੋਂ ਦੁਨੀਆਂ ਦਾ ਵੀ ਬਚਾਅ ਕਰ ਸਕੇ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਦਿੱਲੀ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰੀ ਚੁੱਕਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।
ਪਰ ਪੰਜਾਬ ਦੇ ਕਿਸਾਨਾਂ ਵਾਸਤੇ ਦਿੱਲੀ ਦੀ ਜ਼ਿੰਮੇਵਾਰੀ ਅਤੇ ਭਾਰਤ ਵਾਸਤੇ ਦੁਨੀਆਂ ਦੀ ਜ਼ਿੰਮੇਵਾਰੀ ਚੁਕਣੀ ਆਸਾਨ ਕੰਮ ਨਹੀਂ ਸਮਝਿਆ ਜਾਣਾ ਚਾਹੀਦਾ। ਇਨ੍ਹਾਂ ਹਾਲਾਤ ਵਿਚ ਦੁਨੀਆਂ ਦਾ ਕਲ ਭਿਆਨਕ ਬਣ ਸਕਦਾ ਹੈ। ਹੱਲ ਲੱਭਣ ਵਾਸਤੇ ਹੀ ਦੁਨੀਆਂ ਨੂੰ ਜਾਗਰੂਕ ਕਰਨ ਦੀ ਜ਼ਿੰੇਮੇਵਾਰੀ ਸ਼ਾਇਦ ਭਾਰਤ ਨੂੰ ਚੁਕਣੀ ਪਵੇ ਅਤੇ ਡੋਨਾਲਡ ਟਰੰਪ ਨਾਲ ਪ੍ਰਧਾਨ ਮੰਤਰੀ ਦੀ ਦੋਸਤੀ ਦਾ ਫ਼ਾਇਦਾ ਭਾਰਤ ਨੂੰ ਮਿਲ ਸਕੇ। -ਨਿਮਰਤ ਕੌਰ