
ਸਿਆਸਤਦਾਨਾਂ ਵਲੋਂ ਦਲ ਬਦਲਣ ਦੀਆਂ ਗੱਲਾਂ ਸਹੀ ਜਾਪਦੀਆਂ ਹਨ ਪਰ ਜਿਹੜੇ ਲੋਕ ਮੀਰੀ ਪੀਰੀ ਦੇ ਰਾਖੇ ਅਖਵਾਉਂਦੇ ......
ਐਤਵਾਰ ਦੇ ਦਿਨ ਦਿੱਲੀ ਵਿਚ ਇਕ ਅਜੀਬੋ ਗ਼ਰੀਬ ਰਿਸ਼ਤੇ ਦੀ ਸ਼ੁਰੂਆਤ ਹੋਈ। ਦਹਾਕਿਆਂ ਦੇ ਦੁਸ਼ਮਣ ਸਰਨਾ ਭਰਾ ਤੇ ਅਕਾਲੀ ਦਲ ਬਾਦਲ ਨੇ ਆਪਸ ਵਿਚ ਨਵਾਂ ਰਿਸ਼ਤਾ ਬਣਾ ਲਿਆ ਹੈ। ਉਨ੍ਹਾਂ ਦਾ ਰਿਸ਼ਤਾ ਅਤੇ ਰਿਸ਼ਤੇ ਵਿਚੋਂ ਰਿਸਦਾ ਪਿਆਰ ਵੇਖ ਕੇ ਕਈ ਲੋਕ ਦੰਗ ਰਹਿ ਗਏ। ਜੋ ਲੋਕ ਇਕ ਦੂਜੇ ਤੇ ਬੜੇ ਸੰਗੀਨ ਦੋਸ਼ ਲਗਾਉਂਦੇ ਸਨ, ਇਕ ਦੂਜੇ ਨੂੰ ਗੋਲਕ ਚੋਰ ਆਖਦੇ ਸਨ, ਸਿੱਖ ਪੰਥ ਦੀ ਗਿਰਾਵਟ ਦਾ ਕਾਰਨ ਮੰਨਦੇ ਸਨ, ਅੱਜ ਮੰਚ ਉਤੇ ਇਕ ਦੂਜੇ ਦੀਆਂ ਤਾਰੀਫ਼ਾਂ ਕਰਦੇ ਨਹੀਂ ਸਨ ਥੱਕ ਰਹੇ। ਸਰਨਾ ਵਲੋਂ ਜਦ ਸੁਖਬੀਰ ਬਾਦਲ ਨੂੰ ਸਿੱਖ ਪੰਥ ਦੇ ਇਕਲੌਤੇ ਆਗੂ ਆਖਿਆ ਗਿਆ ਤਾਂ ਸਮਝ ਨਹੀਂ ਆ ਰਿਹਾ ਸੀ ਕਿ ਉਹ ਅੱਜ ਝੂਠ ਬੋਲ ਰਹੇ ਸਨ ਜਾਂ ਪਿਛਲੇ ਤਿੰਨ ਦਹਾਕਿਆਂ ਤੋਂ ਝੂਠ ਬੋਲਦੇ ਆ ਰਹੇ ਸਨ। ਸਰਨਾ ਭਰਾ ਹਮੇਸ਼ਾ ਹੀ ਕਾਂਗਰਸ ਨਾਲ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਕਰੀਬੀ ਸਨ ਤੇ ਉਨ੍ਹਾਂ ਦੇ ਸਲਾਹਕਾਰ ਵੀ ਰਹੇ ਸਨ। ਹੁਣ ਜਦ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਚਲੇ ਗਏ ਹਨ ਤਾਂ ਜ਼ਾਹਰ ਹੈ ਕਿ ਉਹ ਬਾਕੀ ਕਰੀਬੀਆਂ ਨੂੰ ਵੀ, ਸਿੱਧੇ ਜਾਂ ਅਸਿੱਧੇ ਢੰਗ ਨਾਲ, ਭਾਜਪਾ ਵਿਚ ਸ਼ਾਮਲ ਕਰਵਾ ਕੇ ਹੀ ਰਹਿਣਗੇ।
ਅਕਾਲੀ ਦਲ ਤਾਂ ਮਜਬੂਰਨ ‘ਤਿੰਨ ਕਾਲੇ ਕਾਨੂੰਨਾਂ’ ਕਾਰਨ ਮਿਲੀ ਬਦਨਾਮੀ ਸਦਕਾ ਭਾਜਪਾ ਤੋਂ ਅਲੱਗ ਹੋਇਆ ਸੀ ਪਰ ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਦਾ ਪੱਖ ਸਾਫ਼ ਹੋ ਗਿਆ ਜਦ ਉਨ੍ਹਾਂ ਬੀਜੇਪੀ ਦੇ ਉਮੀਦਵਾਰ ਦੀ ਹਮਾਇਤ ਐਲਾਨੀਆ ਤੌਰ ਤੇ ਕਰ ਦਿਤੀ। ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿਚ ਵੀ, ਸੁਪ੍ਰੀਮ ਕੋਰਟ ਵਿਚ ਕੇਂਦਰ ਸਰਕਾਰ ਦੇ ਵਕੀਲ, ਅਕਾਲੀ ਦਲ ਦੇ ਵਕੀਲਾਂ ਨਾਲ ਹੀ, ਬਾਦਲਾਂ ਦੇ ਹੱਕ ਵਿਚ ਬੋਲ ਰਹੇ ਸਨ। ਖ਼ੈਰ, ਇਹ ਦਿਲਾਂ ਦੀ ਸਾਂਝ ਸ਼ਾਇਦ ਦੋਹਾਂ ਪਾਰਟੀਆਂ ਨੇ ਇਕ ਦੂਜੇ ਨਾਲ ਮੁੜ ਤੋਂ ਗਠਜੋੜ ਦੇ ਰਾਹ ਖੁਲ੍ਹੇ ਰੱਖਣ ਲਈ ਕੀਤੀ ਹੋਵੇ ਜਾਂ ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ। ਜਿਹੜੇ ਕਾਰਨ ਮੰਚ ਤੋਂ ਦੱਸੇ ਗਏ ਸਨ, ਉਨ੍ਹਾਂ ਤੇ ਵਿਸ਼ਵਾਸ ਕਰਨਾ ਔਖਾ ਹੈ ਕਿਉਂਕਿ ਭਾਵੇਂ ਬਰਗਾੜੀ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪ ਜਾਂ ਬੰਦੀ ਸਿੰਘਾਂ ਦੀ ਆਜ਼ਾਦੀ, ਇਹ ਦੋਵੇਂ ਧਿਰਾਂ ਪਿਛਲੇ 30 ਸਾਲਾਂ ਤੋਂ ਕੇਂਦਰ ਦੀ ਹਰ ਸਰਕਾਰ ਨਾਲ ਭਾਈਵਾਲੀ ਰਖਦੀਆਂ ਸਨ।
ਇਨ੍ਹਾਂ ਦੇ ਕਾਰਜਕਾਲ ਵਿਚ ਕਿਸੇ ਬੰਦੀ ਸਿੱਖ ਨੂੰ ਆਜ਼ਾਦੀ ਨਹੀਂ ਸੀ ਮਿਲੀ, ਸਿਰਫ਼ ਸੁਖਜਿੰਦਰ ਸਿੰਘ ਰੰਧਾਵਾ ਨੇ ਬਤੌਰ ਗ੍ਰਹਿ ਮੰਤਰੀ ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਪੰਜਾਬ ਦੀਆਂ ਜੇਲਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਰਿਹਾਈ ਦਿਵਾਈ। ਸਿੱਖ ਮਸਲਿਆਂ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਵਿਖਾਉਣ ਦੀ ਗੱਲ ਤਾਂ ਕਿਤੇ ਰਹੀ, ਇਨ੍ਹਾਂ ਦੇ ਰਾਜ ਵਿਚ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਵੀ ਰਾਹਤ ਨਾ ਮਿਲੀ ਸਗੋਂ ਬਰਗਾੜੀ ਵਰਗੇ ਦਰਦਨਾਕ ਮਾਮਲੇ ਵਿਚ ਇਕ ਪੰਥਕ ਸਰਕਾਰ ਉਤੇ ਸ਼ਰੇਆਮ ਇਲਜ਼ਾਮ ਲਗਾਏ ਜਾਂਦੇ ਰਹੇ ਕਿ ਇਸ ਸਾਕੇ ਲਈ ਉਹ ਜਾਂ ਉਸ ਦੇ ਚਹੇਤੇ ਅਫ਼ਸਰ ਜ਼ਿੰਮੇਵਾਰ ਸਨ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਦ ਪੰਜਾਬ ਤੇ ਸਿੱਖ ਧਰਮ ਵਿਚ ਇਨ੍ਹਾਂ ਦੇ ਕਾਰਜਕਾਲ ਦੌਰਾਨ ਅਤਿ ਦੀ ਗਿਰਾਵਟ ਆਈ, ਪੰਥਕ ਲੀਡਰ ਅਰਬਾਂ ਖਰਬਾਂ ਦੇ ਮਾਲਕ ਵੀ ਬਣ ਗਏ। ਇਸ ਗਠਜੋੜ ਦਾ ਪੰਜਾਬ ਵਿਚ ਸਿੱਧੇ ਅਸਿੱਧੇ ਟੀ.ਵੀ. ਅਤੇ ਸੋਸ਼ਲ ਮੀਡੀਆ ਉਪਰ ਵੱਡਾ ਕੰਟਰੋਲ ਵੀ ਹੈ।
ਇਸ ਰਿਸ਼ਤੇ ਦਾ ਵਪਾਰਕ ਕਾਰਨ ਜ਼ਿਆਦਾ ਸਮਝ ਵਿਚ ਆਉਂਦਾ ਹੈ। ਸਿਆਸਤਦਾਨਾਂ ਵਲੋਂ ਦਲ ਬਦਲਣ ਦੀਆਂ ਗੱਲਾਂ ਸਹੀ ਜਾਪਦੀਆਂ ਹਨ ਪਰ ਜਿਹੜੇ ਲੋਕ ਮੀਰੀ ਪੀਰੀ ਦੇ ਰਾਖੇ ਅਖਵਾਉਂਦੇ ਹਨ, ਉਨ੍ਹਾਂ ਦਾ ਅਜਿਹਾ ਰਵਈਆ ਨਾਕਾਬਲੇ ਬਰਦਾਸ਼ਤ ਮੰਨਿਆ ਜਾਂਦਾ ਹੈ। ਮੰਨਿਆ ਕਿ ਸਾਫ਼ ਸੁਥਰੇ ਢੰਗ ਨਾਲ ਵਪਾਰ ਕਰਨਾ ਸੌਖਾ ਨਹੀਂ ਮੰਨਿਆ ਜਾਂਦਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਿੱਖ ਧਰਮ ਦੀਆਂ ਉਚ ਸੰਸਥਾਵਾਂ ਤੇ ਕਬਜ਼ਾ ਕਰ ਕੇ ਤੁਸੀਂ ਅਪਣੇ ਵਪਾਰ ਨੂੰ ਬਚਾਉਣ ਵਾਸਤੇ ਕੇਂਦਰ ਦੀਆਂ ਸਰਕਾਰਾਂ ਕੋਲ ਪੰਜਾਬ ਅਤੇ ਪੰਥ ਦੇ ਹਿਤ ਹੀ ਕੁਰਬਾਨ ਕਰ ਦੇਵੋ। ਸਿੱਖ ਬੁੱਧੀਜੀਵੀਆਂ ਨੂੰ ਮੀਰੀ ਪੀਰੀ ਦੀ ਪ੍ਰਥਾ ਨੂੰ ਅੱਜ ਦੇ ਸਿਆਸੀ ਲੀਡਰਾਂ ਦੇ ਕਿਰਦਾਰ ਨੂੰ ਸਾਹਮਣੇ ਰੱਖ ਕੇ ਵਿਚਾਰਨ ਦੀ ਸਖ਼ਤ ਲੋੜ ਹੈ। ਕੌੜੀ ਸਚਾਈ ਇਹੀ ਹੈ ਕਿ ਅੱਜ ਇਕ ਵੀ ਸਿੱਖ ਆਗੂ ਅਜਿਹਾ ਨਹੀਂ ਰਹਿ ਗਿਆ ਜਿਸ ਦੇ ਆਚਾਰ ਵਿਉਹਾਰ ਤੇ ਫ਼ਖ਼ਰ ਕੀਤਾ ਜਾ ਸਕੇ ਅਤੇ ਇਕ ਘੱਟ ਗਿਣਤੀ ਕੌਮ ਲਈ ਇਸ ਤੋਂ ਵੱਡਾ ਸੰਕਟ ਹੋਰ ਕੋਈ ਨਹੀਂ ਹੋ ਸਕਦਾ। -ਨਿਮਰਤ ਕੌਰ