
ਸਾਰੀ ਕਹਾਣੀ ਹੀ ਇਸ ਇਕ ਗੱਲ ’ਤੇ ਆ ਰੁਕਦੀ ਹੈ ਕਿ ਕਿਹੜਾ ਤਜਰਬਾ ਹੈ ਜਿਸ ਦੇ ਸਿਰ ’ਤੇ ਪ੍ਰਧਾਨ ਮੰਤਰੀ ਕਿਸਾਨੀ ਖੇਤੀ ਵਿਚ ਇੰਨਾ ਵੱਡਾ ਬਦਲਾਅ ਲਿਆਉਣ ਦੀ ਤਿਆਰੀ ਵਿਚ ਹਨ?
ਸੰਸਦ ਵਿਚ ਕਿਸਾਨਾਂ ਦਾ ਮੁੱਦਾ ਪਹਿਲੀ ਵਾਰ ਪੂਰੀ ਤਰ੍ਹਾਂ ਚਰਚਾ ਵਿਚ ਰਿਹਾ ਤੇ ਸਾਰੇ ਸੈਸ਼ਨ ਵਿਚ ਛਾਇਆ ਰਿਹਾ। ਕੋਈ ਭਾਵੁਕ ਹੋਇਆ, ਕਈਆਂ ਨੇ ਗੁੱਸਾ ਕਢਿਆ, ਕਈਆਂ ਨੇ ਅਸਤੀਫ਼ਿਆਂ ਦੀ ਗੱਲ ਕੀਤੀ, ਕਈਆਂ ਨੇ ਖੇਤੀ ਕਾਨੂੰਨ ਦੀਆਂ ਪਰਤਾਂ ਫਰੋਲ ਕੇ ਕਿਸਾਨਾਂ ਦਾ ਪੱਖ ਰਖਿਆ। ਕਈਆਂ ਨੇ ਸਰਕਾਰ ਦਾ ਪੱਖ ਰਖਿਆ ਪਰ ਅੰਤ ਵਿਚ ਨਿਕਲਿਆ ਕੀ?
Parliament Session
ਕਿਸਾਨ ਅੰਦੋਲਨ ਨੂੰ ਪ੍ਰਧਾਨ ਮੰਤਰੀ ਨੇ ਵੀ ‘ਪਵਿੱਤਰ’ ਆਖ ਤਾਂ ਦਿਤਾ ਪਰ ਫਿਰ ਵੀ ਦਾਅਵਾ ਜਾਰੀ ਰਖਿਆ ਕਿ ਅੱਜ ਦੇਸ਼ ਨੂੰ ਖੇਤੀ ਖੇਤਰ ਵਿਚ ਕਿਸਾਨ ਨਾਲੋਂ ਜ਼ਿਆਦਾ ਨਿਜੀ ਕੰਪਨੀਆਂ ਦੀ ਲੋੜ ਹੈ ਤੇ ਸਰਕਾਰੀ ਬਾਬੂ ਸੱਭ ਕੁੱਝ ਨਹੀਂ ਕਰ ਸਕਦੇ। ਨਾਲ ਇਹ ਵੀ ਆਖ ਦਿਤਾ ਕਿ ਇਹ ਨਵੇਂ ਕਾਨੂੰਨ ਇਕ ਸਫ਼ਲ ਤਜਰਬੇ ਦੇ ਆਧਾਰ ਤੇ ਦੇਸ਼ ਵਿਚ ਲਾਗੂ ਕੀਤੇ ਜਾ ਰਹੇ ਹਨ। ਪਰ ਇਹ ਕਿਹੜਾ ਸਫ਼ਲ ਤਜਰਬਾ ਹੈ ਜਿਹੜਾ ਆਖਦਾ ਹੈ ਕਿ ਸਰਕਾਰੀ ਜਮਾਤ ਦੇਸ਼ ਨੂੰ ਸੰਭਾਲ ਨਹੀਂ ਪਾ ਰਹੀ ਜਿਸ ਕਾਰਨ, ਬਿਨਾਂ ਕਿਸੇ ਰੈਗੂਲੇਟਰ ਦੇ, ਕਿਸਾਨ ਦੀ ਜ਼ਮੀਨ ਉਤੇ ਮੈਲੀ ਅੱਖ ਰੱਖਣ ਵਾਲੇ ਧੰਨਾ ਸੇਠਾਂ ਨੂੰ ਲਿਆ ਬਿਠਾਇਆ ਜਾਵੇ?
PM Modi
ਪ੍ਰਧਾਨ ਮੰਤਰੀ ਵਲੋਂ ਦੇਸ਼ ਨੂੰ ਅਪਣੇ ਵਲ ਕਰਨ ਲਈ ਕਈ ਸਫ਼ਲ ਉਦਾਹਰਣਾਂ ਦਿਤੀਆਂ ਗਈਆਂ ਜਿਥੇ ਡਿਜੀਟਲ ਨਾਲ ਆਮ ਲੋਕਾਂ ਦੀ ਜ਼ਿੰਦਗੀ ਸੁਧਰ ਗਈ। ਉਨ੍ਹਾਂ ਦੇ ਕੁੱਝ ਦਾਅਵੇ ਠੀਕ ਵੀ ਸਨ। ਵਿਰੋਧੀ ਧਿਰ ਵਲੋਂ ਵੀ ਜਵਾਬ ਦਿਤੇ ਗਏ ਪਰ ਚਰਚਾ ਕਿਸੇ ਸਿਰੇ ਨਾ ਲੱਗ ਸਕੀ ਕਿਉਂਕਿ ਬਦਲਾਅ ਦੀ ਗੱਲ ਕੀਤੀ ਗਈ, ਨਿਜੀਕਰਨ ਦੀ ਗੱਲ ਕੀਤੀ, ਸਰਕਾਰੀ ਜਮਾਤ ਦੀ ਅਸਫ਼ਲਤਾ ਦੀ ਗੱਲ ਕੀਤੀ, ਕਿਸਾਨ ਦਾ ਪੱਖ ਨਾ ਸਮਝਣ ਦੀ ਗੱਲ ਕੀਤੀ ਪਰ ਕਿਤੇ ਵੀ ਭਾਜਪਾ ਸਰਕਾਰ ਦੀ ਅਸਫ਼ਲਤਾ ਬਾਰੇ ਗੱਲ ਨਹੀਂ ਕੀਤੀ ਗਈ। ਮੋਦੀ ਜੀ ਨੇ ਆਖਿਆ ਕਿ ਜੇ ਇਹ ਬਦਲਾਅ ਦਾ ਤਜਰਬਾ ਸਫ਼ਲ ਰਿਹਾ ਤਾਂ ਵਿਰੋਧੀ ਧਿਰ ਸਫ਼ਲਤਾ ਨੂੰ ਅਪਣੀ ਝੋਲੀ ਵਿਚ ਪਾ ਲਵੇ ਤੇ ਜੇ ਇਹ ਅਸਫ਼ਲ ਰਿਹਾ ਤਾਂ ਮੋਦੀ ਜੀ ਦੀ ਝੋਲੀ ਵਿਚ ਪਾ ਦੇਵੇ।
Farmers
ਪਰ ਕੀ ਸਾਰੇ ਸਾਂਸਦ ਇਹ ਸਮਝ ਰਹੇ ਸਨ ਕਿ ਜਿਨ੍ਹਾਂ ਬਾਰੇ ਗੱਲ ਹੋ ਰਹੀ ਸੀ, ਉਹ ਨਕਲੀ ਨਹੀਂ, ਅਸਲ ਕਿਸਾਨ ਹਨ ਜਿਨ੍ਹਾਂ ਵਾਸਤੇ ਅਸਫ਼ਲਤਾ ਮੌਤ ਨਾਲੋਂ ਮਾੜੀ ਹੋਵੇਗੀ? ਜੇ ਇਹ ਕਾਨੂੰਨ ਕਿਸਾਨ ਵਾਸਤੇ ਫ਼ਾਇਦੇਮੰਦ ਸਾਬਤ ਨਾ ਹੋਇਆ ਤਾਂ ਇਹ ਨੋਟਬੰਦੀ ਤੋਂ ਵੀ ਅਨੇਕਾਂ ਗੁਣਾਂ ਵੱਡਾ ਨੁਕਸਾਨਦੇਹ ਸਾਬਤ ਹੋਵੇਗਾ। ਨੋਟਬੰਦੀ ਦੀ ਅਸਫ਼ਲਤਾ ਨਾਲ ਕਰੋੜਾਂ ਲੋਕਾਂ ਦੀ ਜਮ੍ਹਾਂ ਪੂੁੰਜੀ ਖ਼ਤਮ ਹੋਈ ਸੀ ਪਰ ਇਸ ਕਾਨੂੰਨ ਦੀ ਅਸਫ਼ਲਤਾ ਨਾਲ ਕਿਸਾਨ ਦੀ ਜ਼ਮੀਨ ਵੀ ਖ਼ਤਰੇ ਵਿਚ ਪੈ ਜਾਵੇਗੀ ਤੇ ਜ਼ਮੀਨ ਕਿਸਾਨ ਦੀ ਮਾਂ ਹੈ ਜਿਸ ਤੋਂ ਵਿਛੜ ਕੇ ਉਹ ਜ਼ਿੰਦਾ ਨਹੀਂ ਰਹਿ ਸਕਦਾ।
Farmers
ਜੇ ਇਕ ਡਾਕਟਰ ਤੋਂ ਉਸ ਦੀ ਡਿਗਰੀ ਖੋਹ ਲਈ ਜਾਵੇ ਤਾਂ ਉਹ ਕੀ ਕਰੇਗਾ? ਇਹ ਕਾਨੂੰਨ ਵੀ ਕਿਸਾਨ ਦੀ ਖੇਤੀ ਦੀ ਡਿਗਰੀ ’ਤੇ ਭਾਰੂ ਪੈ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਕ ਸਫ਼ਲ ਤਜਰਬੇ ਦਾ ਹਲਕਾ ਜਿਹਾ ਨਾਮ ਲਿਆ ਪਰ ਉਨ੍ਹਾਂ ਉਸ ਬਾਰੇ ਵਿਸਥਾਰ ਨਾਲ ਕੋਈ ਗੱਲ ਨਹੀਂ ਕੀਤੀ। ਰਵਨੀਤ ਸਿੰਘ ਬਿੱਟੂ ਨੇ ‘ਬਿਹਾਰ ਮਾਡਲ’ ਦੀ ਸਚਾਈ ਪੇਸ਼ ਕਰ ਕੇ ਬਿਹਾਰ ਵਿਚ ਸਰਕਾਰੀ ਮੰਡੀਆਂ ਦੇ ਬੰਦ ਹੋਣ ਅਤੇ ਪੈਦਾਵਾਰ ਵਿਚ ਗਿਰਾਵਟ ਦੀ ਗੱਲ ਕੀਤੀ ਪਰ ਅਨੁਰਾਗ ਠਾਕੁਰ ਨੇ ਉਨ੍ਹਾਂ ਅੰਕੜਿਆਂ ਨੂੰ ਸਹੀ ਤਰ੍ਹਾਂ ਸਾਹਮਣੇ ਲਿਆਉਣ ਤੋਂ ਰੋਕਿਆ।
Pm Modi
ਸਾਰੀ ਕਹਾਣੀ ਹੀ ਇਸ ਇਕ ਗੱਲ ’ਤੇ ਆ ਰੁਕਦੀ ਹੈ ਕਿ ਕਿਹੜਾ ਤਜਰਬਾ ਹੈ ਜਿਸ ਦੇ ਸਿਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨੀ ਖੇਤੀ ਵਿਚ ਇੰਨਾ ਵੱਡਾ ਬਦਲਾਅ ਲਿਆਉਣ ਦੀ ਤਿਆਰੀ ਵਿਚ ਹਨ? ਜੇ ਸਰਕਾਰ ਨੂੰ ਲਗਦਾ ਹੈ ਕਿ ਕਿਸਾਨਾਂ ਦਾ ਡਰ ਸਹੀ ਨਹੀਂ ਤਾਂ ਬਿਹਾਰ ਮਾਡਲ ਨੂੰ ਤੱਥਾਂ ਸਮੇਤ ਪੇਸ਼ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੂੰ ਸਹੀ ਤਸਵੀਰ ਵਿਖਾਉਣ ਲਈ ਬੁਲਾਇਆ ਜਾਵੇ ਤੇ ਜੇ ਇਨ੍ਹਾਂ ਦਾ ਡਰ ਬੇਬੁਨਿਆਦ ਹੈ ਤਾਂ ਉਹ ਡਰ ਦੂਰ ਹੋ ਜਾਵੇਗਾ ਜਾਂ ਇਹ ਵੀ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਗ਼ਲਤ ਜਾਣਕਾਰੀ ਹੋਵੇ ਤੇ ਉਹ ਤੱਥਾਂ ਨੂੰ ਵੇਖ ਕੇ ਅਪਣਾ ਮਨ ਬਦਲ ਹੀ ਲੈਣ!
- ਨਿਮਰਤ ਕੌਰ