
ਸਰਕਾਰਾਂ ਆਖਣਗੀਆਂ ਕਿ ਅਸੀ ਗ਼ਰੀਬ ਬੱਚਿਆਂ ਨੂੰ ਦਿਨ ਦਾ ਇਕ ਸਮੇਂ ਦਾ ਭੋਜਨ ਕਰਵਾਉਂਦੇ ਹਾਂ ਤੇ ਗ਼ਰੀਬਾਂ ਨੂੰ ਚਾਵਲ, ਦਾਲ ਤੇ ਕਣਕ ਦੇਂਦੇ ਹਾਂ।
ਪਾਕਿਸਤਾਨ ਵਿਚ ਲੋਕ ਆਟੇ ਪਿੱਛੇ ਲੜ ਰਹੇ ਹਨ ਪਰ ਅੰਤਰਰਾਸ਼ਟਰੀ ਭੁੱਖਮਰੀ ਦੀ ਸੂਚੀ ਵਿਚ, 121 ਦੇਸ਼ਾਂ ਵਿਚੋਂ ਭਾਰਤ ਦੀ ਪੁਜ਼ੀਸ਼ਨ 107 ’ਤੇ ਹੈ ਅਤੇ ਪਾਕਿਸਤਾਨ 89 ’ਤੇ ਹੈ। ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਜਦ ਭੁੱਖਮਰੀ ਪਿੱਛੇ ਪਾਕਿਸਤਾਨ ਵਿਚ ਲੜਾਈਆਂ ਹੋ ਰਹੀਆਂ ਹਨ ਤੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੈ, ਤਾਂ ਵੀ ਇਹ ਦੋਵੇਂ ਦੇਸ਼ ਭਾਰਤ ਨਾਲੋਂ ਬਿਹਤਰ ਦਰਜੇ ’ਤੇ ਹਨ? ਹੁਣ ਕੁੱਝ ਲੋਕ ਤਾਂ ਆਖਣਗੇ ਕਿ ਇਹ ਇਕ ਸਾਜ਼ਿਸ਼ ਹੈ। ਅਮਰੀਕਾ ਦਾ ਪਾਕਿਸਤਾਨ ਤੇ ਅਫ਼ਗਾਨਿਸਤਾਨ ਨਾਲ ਰਿਸ਼ਤਾ ਸੀ ਜਿਸ ਕਾਰਨ ਉਹ ਇਨ੍ਹਾਂ ਅੰਤਰ-ਰਾਸ਼ਟਰੀ ਰੀਪੋਰਟਾਂ ਦੇ ਨਤੀਜੇ ਭਾਰਤ ਵਿਰੁਧ ਦੇਂਦਾ ਹੈ।
ਪਰ ਜ਼ਿਆਦਾ ਚੰਗਾ ਰਹੇਗਾ ਕਿ ਅਸੀ ਅਪਣੀਆਂ ਅੱਖਾਂ ਖੋਲ੍ਹ ਕੇ ਅਪਣੇ ਆਸ-ਪਾਸ ਝਾਤ ਮਾਰ ਕੇ ਸਮਝ ਤਾਂ ਲਈਏ ਕਿ ਆਖ਼ਰਕਾਰ ਸੱਚ ਹੈ ਕੀ? ਸਾਡੇ ਦੇਸ਼ ਵਿਚ ਏਸ਼ੀਆ ਦਾ ਸੱਭ ਤੋਂ ਅਮੀਰ ਇਨਸਾਨ ਅਡਾਨੀ ਹੈ ਜਿਸ ਦੇ ਮੁਕਾਬਲੇ ਦਾ ਕੋਈ ਅਮੀਰ, ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚ ਨਹੀਂ ਹੈ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਅਤਿਵਾਦ ਤੇ ਬੰਦੂਕ ਦਾ ਰਾਜ ਹੈ ਤੇ ਸਾਡਾ ਦੇਸ਼ ਇਕ ਲੋਕਤੰਤਰੀ ਦੇਸ਼ ਹੈ। ਫਿਰ ਵੀ ਅੰਤਰ-ਰਾਸ਼ਟਰੀ ਭੁੱਖਮਰੀ ਸਰਵੇਖਣ ਆਖਦਾ ਹੈ ਕਿ ਭਾਰਤ ਵਿਚ ਹਾਲਾਤ ਮਾੜੇ ਹਨ, ਕਿਉਂ?
ਜੇ ਆਬਾਦੀ ਮੁਤਾਬਕ ਔਸਤ ਦੀ ਗੱਲ ਕਰੀਏ ਤਾਂ ਅਸੀ ਅਪਣੇ ਦੇਸ਼ ਬਾਰੇ ਫ਼ੈਸਲਾ ਅਡਾਨੀ ਅਤੇ ਸੜਕ ’ਤੇ ਰਹਿਣ ਵਾਲਿਆਂ ਵਿਚਕਾਰ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦੋਹਾਂ ਦੇ ਮੁਕਾਬਲੇ ਵਿਚੋਂ ਔਸਤ ਨਹੀਂ ਨਿਕਲਦੀ। ਜਿਵੇਂ ਹਰ ਇਨਸਾਨ ਆਈਨ ਸਟਾਈਨ ਨਹੀਂ ਹੁੰਦਾ, ਮੋਦੀ ਜਾਂ ਰਾਹੁਲ ਗਾਂਧੀ ਨਹੀਂ ਹੁੰਦਾ ਜਾਂ ਗੌਡਸੇ ਨਹੀਂ ਹੁੰਦਾ, ਅਸੀ ਸਰਵੇਖਣਾਂ ਵਿਚ ‘ਸੱਭ’ ਯਾਨੀ 70-80 ਫ਼ੀ ਸਦੀ ਦੇ ਆਧਾਰ ’ਤੇ ਨਤੀਜੇ ਕਢਦੇ ਹਾਂ। ਅਮਰੀਕਾ ਜੋ ਕਿ ਦੁਨੀਆਂ ਦਾ ਸੱਭ ਤੋਂ ਅਮੀਰ ਦੇਸ਼ ਹੈ, ਉਸ ਵਿਚ ਵੀ ਗ਼ਰੀਬ, ਨਸ਼ੇੜੀ ਹੁੰਦੇ ਹਨ ਪਰ ਫ਼ੈਸਲਾ ਉਨ੍ਹਾਂ ਦੇ ਆਧਾਰ ’ਤੇ ਨਹੀਂ ਹੁੰਦਾ।
ਭਾਰਤ ਦੀ ਆਬਾਦੀ ਦੁਨੀਆਂ ਵਿਚ ਸੱਭ ਤੋਂ ਵੱਧ ਆਬਾਦੀ ਬਣ ਜਾਣ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਪਾਕਿਸਤਾਨ ਦੀ ਆਬਾਦੀ ਕੇਵਲ 23.14 ਕਰੋੜ ਹੈ ਤੇ ਅਫ਼ਗ਼ਾਨਿਸਤਾਨ ਦੀ ਆਬਾਦੀ ਕੇਵਲ 3.69 ਕਰੋੜ ਹੈ ਅਤੇ ਭਾਰਤ ਦੀ 132 ਕਰੋੜ ਹੈ। ਸਾਡੀ ਆਮ ਜਨਤਾ ਦੀ ਆਬਾਦੀ ਬਾਰੇ ਜਦ 70 ਫ਼ੀ ਸਦੀ ਦੀ ਗੱਲ ਹੁੰਦੀ ਹੈ ਤਾਂ ਉਹ ਪਾਕਿਸਤਾਨ ਦੀ ਪੂਰੀ ਆਬਾਦੀ ਤੋਂ ਤਿਗਣੀ ਹੋ ਜਾਂਦੀ ਹੈ। ਜਦ ਖੋਜ ਸਿੱਧ ਕਰੇ ਕਿ ਸਾਡੀ 70 ਫ਼ੀ ਸਦੀ ਆਬਾਦੀ, ਯਾਨੀ 90 ਕਰੋੜ ਲੋਕ ਹਰ ਰੋਜ਼ ਪੇਟ ਭਰ ਖਾਣਾ ਨਹੀਂ ਖਾ ਸਕਦੇ ਤਾਂ ਫਿਰ ਤੁਸੀ ਪਾਕਿਸਤਾਨ ਦੀ ਭੁਖਮਰੀ ਨੂੰ ਪਿੱਛੇ ਛੱਡ ਜਾਂਦੇ ਹੋ। ਇਹ ਸੱਚ ਅੰਕੜਿਆਂ ’ਤੇ ਨਿਰਭਰ ਨਹੀਂ ਕਰਦਾ ਸਗੋਂ ਇਹ ਸੱਚ ਤੁਹਾਡੀਆਂ ਅੱਖਾਂ ਸਾਹਮਣੇ ਹੈ, ਭਾਵੇਂ ਤੁਸੀ ਅਫ਼ਸਰ ਹੋ ਜਾਂ ਕਾਰੋਬਾਰੀ। ਇਹ ਉਹ ਲੋਕ ਹਨ ਜਿਨ੍ਹਾਂ ਨੇ 5000 ਦੀ ਕਮਾਈ ਨਾਲ 6 ਬੱਚਿਆਂ ਦਾ ਪੇਟ ਭਰਨਾ ਹੁੰਦਾ ਹੈ। ਜਦ ਭਾਰਤ ਦਾ ਕਿਸਾਨ ਮੁਸ਼ਕਲਾਂ ਵਿਚ ਹੋਵੇਗਾ, ਜਦ ਉਹ ਮੁੱਠੀ ਭਰ ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਕਰ ਕੇ ਖ਼ੁਦਕੁਸ਼ੀ ਕਰੇਗਾ ਤਾਂ ਫਿਰ ਉਸ ਦੇ ਖੇਤੀ ਨਾਲ ਜੁੜੇ ਪ੍ਰਵਾਰਾਂ ਦਾ ਕੀ ਹਾਲ ਹੋਵੇਗਾ?
ਸਰਕਾਰਾਂ ਆਖਣਗੀਆਂ ਕਿ ਅਸੀ ਗ਼ਰੀਬ ਬੱਚਿਆਂ ਨੂੰ ਦਿਨ ਦਾ ਇਕ ਸਮੇਂ ਦਾ ਭੋਜਨ ਕਰਵਾਉਂਦੇ ਹਾਂ ਤੇ ਗ਼ਰੀਬਾਂ ਨੂੰ ਚਾਵਲ, ਦਾਲ ਤੇ ਕਣਕ ਦੇਂਦੇ ਹਾਂ। ਪਰ ਕੀ ਇਕ ਡੰਗ ਦਾ ਭੋਜਨ ਇਨਸਾਨ ਵਾਸਤੇ ਕਾਫ਼ੀ ਹੁੰਦਾ ਹੈ? ਕੀ ਸਾਡੀਆਂ ਸਰਕਾਰਾਂ, ਨੀਤੀਆਂ ਘੜਨ ਵਾਲੇ, ਸਾਡੇ ਅਡਾਨੀ, ਅੰਬਾਨੀ ਇਸ ਇਕ ਡੰਗ ਦੇ ਭੋਜਨ ਨਾਲ ਅਪਣਾ ਗੁਜ਼ਾਰਾ ਕਰ ਸਕਦੇ ਹਨ? ਅਮਰੀਕਾ ਦੇ ਅਮੀਰ ਤੇ ਆਮ ਲੋਕ ਇਕ ਦੂਜੇ ਵਰਗੇ ਹੀ ਦਿਸਦੇ ਹਨ ਪਰ ਕੀ ਸਾਡਾ ਕਿਸਾਨ, ਅੰਬਾਨੀ, ਅਡਾਨੀ ਵਾਂਗ ਦਿਸਦਾ ਹੈ? ਇਨ੍ਹਾਂ ਦੀਆਂ ਤਸਵੀਰਾਂ ਦਾ ਅੰਤਰ ਹੀ ਸਾਡੇ ਦੇਸ਼ ਵਿਚ ਵਧਦੀ ਭੁੱਖਮਰੀ ਦਾ ਸੱਚ ਬਿਆਨ ਕਰਦਾ ਹੈ।
- ਨਿਮਰਤ ਕੌਰ