Editorial: ਹੈਰਾਨੀ ਨਹੀਂ ਹੋਣੀ ਚਾਹੀਦੀ ਅਮਰੀਕੀ ਦੋਗ਼ਲੇਪਣ ’ਤੇ
Published : Jun 13, 2025, 7:03 am IST
Updated : Jun 13, 2025, 7:40 am IST
SHARE ARTICLE
One should not be surprised by American duplicity Editorial
One should not be surprised by American duplicity Editorial

ਅਮਰੀਕਾ ਵਲੋਂ ਭਾਰਤ ਬਾਰੇ ਦੋਗ਼ਲੀ ਨੀਤੀ ਜਾਰੀ ਰੱਖੇ ਜਾਣ ਤੋਂ ਭਾਰਤੀ ਰਾਜਸੀ-ਸਮਾਜਿਕ ਹਲਕਿਆਂ ਨੂੰ ਮਾਯੂਸੀ ਹੋਣੀ ਸੁਭਾਵਿਕ ਹੀ ਹੈ।

One should not be surprised by American duplicity Editorial: ਅਮਰੀਕਾ ਵਲੋਂ ਭਾਰਤ ਬਾਰੇ ਦੋਗ਼ਲੀ ਨੀਤੀ ਜਾਰੀ ਰੱਖੇ ਜਾਣ ਤੋਂ ਭਾਰਤੀ ਰਾਜਸੀ-ਸਮਾਜਿਕ ਹਲਕਿਆਂ ਨੂੰ ਮਾਯੂਸੀ ਹੋਣੀ ਸੁਭਾਵਿਕ ਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਗੋਲੀਬੰਦੀ ਦਾ ਸਿਹਰਾ ਅਪਣੇ ਸਿਰ ਸਜਾਏ ਜਾਣ ਤੋਂ ਉਪਜਿਆ ਵਿਵਾਦ ਅਜੇ ਠੰਢਾ ਨਹੀਂ ਹੋਇਆ ਕਿ ਇਕ ਅਮਰੀਕੀ ਜਨਰਲ ਨੇ ਪਾਕਿਸਤਾਨ ਨੂੰ ਦਹਿਸ਼ਤਵਾਦ ਦੇ ਖ਼ਿਲਾਫ਼ ਘੋਲ ਵਿਚ ‘ਅਸਾਧਾਰਨ ਦੋਸਤ’ ਦਸਦਿਆਂ ਸੁਝਾਅ ਦਿਤਾ ਹੈ ਕਿ ਭਾਰਤ ਨਾਲ ਸਾਂਝ ਵਧਾਉਣ ਦੇ ਅਮਲ ਦੌਰਾਨ ਪਾਕਿਸਤਾਨੀ ਹਿੱਤ ਵਿਸਾਰੇ ਨਹੀਂ ਜਾਣੇ ਚਾਹੀਦੇ। ਇਸ ਜਨਰਲ ਨੇ ਉਪਰੋਕਤ ਰਾਇ ਉਸ ਸਮੇਂ ਪ੍ਰਗਟਾਈ ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਟੈਮੀ ਬਰੂਸ ਅਪਣੀ ਹਫ਼ਤਾਵਾਰੀ ਮੀਡੀਆ ਕਾਨਫਰੰਸ ਦੌਰਾਨ ਦਹਿਸ਼ਤਵਾਦ ਖ਼ਿਲਾਫ਼ ਭਾਰਤੀ ਸੰਘਰਸ਼ ਦੀ ਠੋਸ ਹਮਾਇਤ ਕਰਨ ਦੀਆਂ ਗੱਲਾਂ ਕਰ ਰਹੀ ਸੀ।

ਇਸ ਕਿਸਮ ਦੀ ਦੋਗ਼ਲੀ ਬਿਆਨਬਾਜ਼ੀ ਜਿੱਥੇ ਭਾਰਤੀ ਨੀਤੀਘਾੜਿਆਂ ਲਈ ਨਿੱਤ ਨਵੀਆਂ ਸਿਰਦਰਦੀਆਂ ਪੈਦਾ ਕਰਦੀ ਆਈ ਹੈ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਲੋਚਕਾਂ ਨੂੰ ਵੀ ਭਾਰਤੀ ਵਿਦੇਸ਼ ਨੀਤੀ, ਖ਼ਾਸ ਕਰ ਕੇ ਅਮਰੀਕਾ ਪ੍ਰਤੀ ‘ਕਮਜ਼ੋਰ’ ਰਣਨੀਤੀ ਦੀ ਨੁਕਤਾਚੀਨੀ ਦੇ ਮੌਕੇ ਬਖ਼ਸ਼ਦੀ ਆ ਰਹੀ ਹੈ। ਇਹ ਸਵਾਲ ਵਾਰ ਵਾਰ ਕੀਤਾ ਜਾ ਰਿਹਾ ਹੈ ਕਿ ਮੋਦੀ ਨੇ ‘ਅਪਣੇ ਦੋਸਤ’ ਡੋਨਲਡ ਟਰੰਪ ਦੇ ਦਾਅਵਿਆਂ ਪ੍ਰਤੀ ਖ਼ਾਮੋਸ਼ੀ ਕਿਉਂ ਧਾਰਨ ਕੀਤੀ ਹੋਈ ਹੈ। ਜਾਂ ਕਿਹੜੀ ਮਜਬੂਰੀ ਨੇ ਉਨ੍ਹਾਂ ਨੂੰ ਜ਼ੁਬਾਨਬੰਦੀ ਦੇ ਰਾਹ ਪਾਇਆ ਹੋਇਆ ਹੈ? ਉਂਜ, ਅਸਲੀਅਤ ਇਹ ਹੈ ਕਿ ਖ਼ਾਮੋਸ਼ੀ ਵੀ ਕੂਟਨੀਤੀ ਦਾ ਹਿੱਸਾ ਹੈ; ਭਾਰਤ ਕੋਈ ਤਿਖੇਰਾ ਜਵਾਬ ਦੇਣ ਦੀ ਅਜੇ ਸਥਿਤੀ ਵਿਚ ਨਹੀਂ। 

ਅਮਰੀਕੀ ਪ੍ਰਸ਼ਾਸਨ ਦਾ ਭਾਰਤ ਪ੍ਰਤੀ ਦੋਗ਼ਲਾਪਣ ਜਾਂ ਭਾਰਤ ਤੇ ਪਾਕਿਸਤਾਨ ਦਰਮਿਆਨ ਸਮਤੋਲ ਬਿਠਾਉਣ ਦੇ ਯਤਨ ਕੋਈ ਨਵਾਂ ਰੁਝਾਨ ਨਹੀਂ। ਪਿਛਲੇ 70 ਵਰਿ੍ਹਆਂ ਦੌਰਾਨ ਇਹੋ ਦੋ-ਮੂੰਹੀ ਪਹੁੰਚ ਕਦੇ ਪ੍ਰਤਖ ਤੇ ਕਦੇ ਅਪ੍ਰਤਖ ਰੂਪ ਵਿਚ ਸਾਹਮਣੇ ਆਉਂਦੀ ਰਹੀ ਹੈ। ਸ੍ਰੀ ਮੋਦੀ ਦੇ ਰਾਜ-ਕਾਲ ਦੌਰਾਨ ਹਾਲਾਤ ਦਾ ਤਕਾਜ਼ਾ ਕੁਝ ਅਜਿਹਾ ਰਿਹਾ ਕਿ ਸਾਨੂੰ ਭਾਰਤੀਆਂ ਨੂੰ ਅਮਰੀਕਾ, ਪਾਕਿਸਤਾਨ ਦਾ ਸਾਥ ਤਿਆਗ ਕੇ ਭਾਰਤ ਵਲ ਝੁਕਦਾ ਨਜ਼ਰ ਆਇਆ। ਪਾਕਿਸਤਾਨੀਆਂ ਦੇ ਅੰਦਰ ਵੀ ਅਜਿਹਾ ਹੀ ਪ੍ਰਭਾਵ ਜ਼ੋਰ ਫੜਨ ਲੱਗਾ। ਪਰ ਕੌਮਾਂਤਰੀ ਕੂਟਨੀਤੀ ਦੀਆਂ ਪਰਤਾਂ ਤੇ ਪੇਚੀਦਗੀਆਂ ਦੇ ਜਾਣਕਾਰ ਇਹ ਚੌਕਸ ਕਰਦੇ ਰਹੇ ਹਨ ਕਿ ਜੋ ਪ੍ਰਤਖ ਹੈ, ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ। ਅਮਰੀਕੀ ਪ੍ਰਸ਼ਾਸਨ ਦੀਆਂ ਕਈ ਪਰਤਾਂ ਹਨ। ਇਹ ਅਕਸਰ ਇਕ-ਦੂਜੀ ਦੇ ਖ਼ਿਲਾਫ਼ ਵੀ ਕੰਮ ਕਰਦੀਆਂ ਜਾਪਦੀਆਂ ਹਨ। ਪਰ ਬੁਨਿਆਦੀ ਹਕੀਕਤ ਇਹ ਵੀ ਹੈ ਕਿ ਪ੍ਰਸ਼ਾਸਨ ਦੇ ਹਰ ਅੰਗ, ਹਰ ਅਨੁਭਾਗ ਦਾ ਮੁਖੀ ਕੌਣ ਹੈ ਅਤੇ ਉਸ ਦੀ ਸੋਚ ਜਾਂ ਝੁਕਾਅ ਕਿਸ ਪਾਸੇ ਹਨ, ਬਹੁਤ ਸਾਰੇ ਕਦਮ ਤੇ ਕਾਰਵਾਈਆਂ ਇਨ੍ਹਾਂ ਤੱਤਾਂ ਉੱਤੇ ਨਿਰਭਰ ਕਰਦੇ ਹਨ।

ਪਿਛਲੇ ਰਾਸ਼ਟਰਪਤੀ ਜੋਅ ਬਾਇਡਨ ਦੇ ਰਾਜ-ਕਾਲ ਦੌਰਾਨ ਅਮਰੀਕੀ ਪ੍ਰਸ਼ਾਸਨ ਨੇ ਭਾਰਤ ਨੂੰ ਚੀਨ ਤੇ ਰੂਸ ਖ਼ਿਲਾਫ਼ ਭੁਗਤਾਉਣ ਦੇ ਯਤਨ ਵਾਰ ਵਾਰ ਕੀਤੇ। ਇਨ੍ਹਾਂ ਯਤਨਾਂ ਦੇ ਬਾਵਜੂਦ ਭਾਰਤ ਸਰਕਾਰ ਨੇ ਜਦੋਂ ਆਜ਼ਾਦਾਨਾ ਰੁਖ਼ ਅਪਨਾਉਣਾ ਜਾਰੀ ਰੱਖਿਆ ਤਾਂ ਦੋ ਝਟਕੇ ਸਿੱਧੇ ਤੌਰ ’ਤੇ ਦਿਤੇ ਗਏ: ਪਹਿਲਾ, ਬੰਗਲਾ ਦੇਸ਼ ਵਿਚ ਰਾਜ-ਪਲਟਾ ਕਰਵਾ ਕੇ (ਅਤੇ ਉੱਥੇ ਭਾਰਤ-ਵਿਰੋਧੀ ਮੁਹੰਮਦ ਯੂਨੁਸ ਦੀ ਸਰਕਾਰ ਕਾਇਮ ਕਰਵਾ ਕੇ); ਅਤੇ ਦੂਜਾ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦਾ ਹੱਥ ਹੋਣ ਦਾ ਦਾਅਵਾ ਖੁਲੇ੍ਹਆਮ ਕਰ ਕੇ। ਇਨ੍ਹਾਂ ਦੋਵਾਂ ਕਦਮਾਂ ਨੇ ਕੌਮਾਂਤਰੀ ਪੱਧਰ ’ਤੇ ਭਾਰਤੀ ਸਾਖ਼ ਨੂੰ ਭਰਵੀਂ ਢਾਹ ਲਾਈ।

ਟਰੰਪ ਪ੍ਰਸ਼ਾਸਨ ਨੇ ‘ਅਮਰੀਕਾ ਪ੍ਰਥਮ’ ਦੇ ਸਿਧਾਂਤ ’ਤੇ ਅਮਲ ਕਰਦਿਆਂ ਭਾਰਤ ਉੱਤੇ ਦਬਾਅ ਬਣਾਇਆ ਹੋਇਆ ਹੈ ਕਿ ਉਹ ਰੂਸ ਜਾਂ ਯੂਰੋਪੀਅਨ ਮੁਲਕਾਂ ਤੋਂ ਹਥਿਆਰ ਖ਼ਰੀਦਣੇ ਘਟਾ ਕੇ ਅਮਰੀਕੀ ਜੰਗੀ-ਸਮੱਗਰੀ ਦੀ ਖ਼ਰੀਦ ਵਧਾਏ। ਹਿੰਦ-ਅਮਰੀਕੀ ਵਪਾਰ ਦਾ ਤਵਾਜ਼ਨ ਪੂਰੀ ਤਰ੍ਹਾਂ ਭਾਰਤ-ਪੱਖੀ ਹੋਣ ਦੇ ਸ਼ਿਕਵੇ ਇਸੇ ਕੂਟਨੀਤੀ ਦਾ ਹਿੱਸਾ ਸਨ। ਟਰੰਪ ਤਾਂ ਖ਼ੁਦ ਵੀ ਰਾਜਨੇਤਾ ਘੱਟ ਤੇ ਕਾਰੋਬਾਰੀ ਵੱਧ ਹੈ। ਉਸ ਲਈ ਅਮਰੀਕੀ ਲਾਭਾਂ ਦੇ ਨਾਲ ਨਾਲ ਨਿੱਜੀ ਲਾਭਾਂ ਦਾ ਵੀ ਇਕੋ ਜਿੰਨਾ ਮਹੱਤਵ ਹੈ। ਅਪਰੇਸ਼ਨ ਸਿੰਧੂਰ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਉਸ ਦੇ ਕਥਨਾਂ ਦਾ ਤੱਤ-ਸਾਰ ਇਹ ਰਿਹਾ ਕਿ ਜੇਕਰ ਭਾਰਤ ਤੇ ਪਾਕਿਸਾਨ ਲੜ ਰਹੇ ਹਨ ਤਾਂ ਅਮਰੀਕਾ ਕੀ ਕਰ ਸਕਦਾ ਹੈ। ਉਹ ਤਾਂ ਦੋਵਾਂ ਮੁਲਕਾਂ ਨੂੰ ਅਮਨ-ਚੈਨ ਕਾਇਮ ਰੱਖਣ ਦੀ ਸਲਾਹ ਹੀ ਦੇ ਸਕਦਾ ਹੈ।

ਚੌਥੇ ਦਿਨ ਉਹ ਅਚਾਨਕ ਵਿਚੋਲਗਿਰੀ ’ਤੇ ਉਤਰ ਆਏ। ਜ਼ਾਹਿਰ ਹੈ ਕਿ ਪਾਕਿਸਤਾਨ ਵਲੋਂ ਕੁਝ ਦਿਨ ਪਹਿਲਾਂ ਕ੍ਰਿਪਟੋ ਕਰੰਸੀ ਨੂੰ ਕਾਰੋਬਾਰੀ ਕਰੰਸੀ ਵਜੋਂ ਮਾਨਤਾ ਦੇਣ ਅਤੇ ਇਸ ਕਰੰਸੀ ਦੀ ਪ੍ਰਚਲਣ ਵਿਚ ਪਾਕਿਸਤਾਨ ਦੀ ਮਦਦ ਕਰਨ ਵਾਲੀ ਅਮਰੀਕੀ ਫਰਮ ਵਿਚ ਟਰੰਪ ਦੇ ਦੋ ਪੁੱਤਰਾਂ ਦੀ ਹਿੱਸੇਦਾਰੀ ਹੋਣ ਦਾ ਪੱਤਾ ਪਾਕਿਸਤਾਨੀ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੇ ਚੰਗਾ ਕੰਮ ਆ ਗਿਆ। ਹੁਣ ਜੇ ਅਮਰੀਕੀ ਸੈਨਾ ਦੀ ਕੇਂਦਰੀ ਕਮਾਂਡ ਦਾ ਮੁਖੀ ਜਨਰਲ ਮਾਈਕਲ ਈ. ਕੁਰਿੱਲਾ ਅਮਰੀਕੀ ਕਾਂਗਰਸ (ਪਾਰਲੀਮੈਂਟ) ਦੇ ਹੇਠਲੇ ਸਦਨ ‘ਪ੍ਰਤੀਨਿਧੀ ਸਭਾ’ ਦੀ ਸੁਰੱਖਿਆ ਸੈਨਾਵਾਂ ਬਾਰੇ ਕਮੇਟੀ ਅੱਗੇ ਹਾਜ਼ਰੀ ਦੌਰਾਨ ਪਾਕਿਸਤਾਨ ਦੀ ਤਾਰੀਫ਼ ਕਰਦਾ ਹੈ ਅਤੇ ਉਸ ਦੇ ਫ਼ੌਜੀ ਮੁਖੀ, ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਇਸਲਾਮੀ ਦਹਿਸ਼ਤਵਾਦ ਵਿਰੁੱਧ ਘੋਲ ਵਿਚ ‘ਠੋਸ ਮਦਦਗਾਰ’ ਦੱਸਦਾ ਹੈ ਤਾਂ ਅਜਿਹੇ ਕਥਨਾਂ ’ਤੇ ਹੈਰਾਨੀ ਨਹੀ ਹੋਣੀ ਚਾਹੀਦੀ। ਲਿਹਾਜ਼ਾ, ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮਾਂਤਰੀ ਕੂਟਨੀਤੀ ਦੀ ਸ਼ਤਰੰਜੀ ਬਿਸਾਤ ’ਤੇ ਕੋਈ ਕਿਸੇ ਦਾ ਮਿੱਤਰ ਨਹੀਂ। ਹਰ ਇਕ ਨੂੰ ਅਪਣੇ ਹਿੱਤ ਪਿਆਰੇ ਹਨ। ਇਸ ਲਈ, ਘੱਟੋਘੱਟ ਅਮਰੀਕਾ ਦੇ ਪ੍ਰਸੰਗ ਵਿਚ ਸਫ਼ਾਰਤ, ਸੌਦੇਬਾਜ਼ੀ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ, ਸਿਧਾਂਤਾਂ ਦੀ ਬੁਨਿਆਦ ’ਤੇ ਨਹੀਂ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement