
ਅੱਜ ਵਧਦੀ ਆਬਾਦੀ ਨੂੰ ਲੈ ਕੇ ਦੁਨੀਆਂ ਵਿਚ ਕੋਈ ਘਬਰਾਹਟ ਨਹੀਂ ਕਿਉਂਕਿ ਹੁਣ ਵੱਡੀ ਆਬਾਦੀ ਨੂੰ ਸੰਭਾਲਣ ਦੇ ਰਸਤੇ ਤਲਾਸ਼ੇ ਜਾ ਰਹੇ ਹਨ।
ਭਾਰਤ ਅਗਲੇ ਸਾਲ ਤੋਂ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਇਸ ਨੂੰ ਸੱਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਦਾ ਦਰਜਾ ਛੇਤੀ ਹੀ ਮਿਲ ਜਾਣ ਦੀ ਸੂਚਨਾ ਸੰਯੁਕਤ ਰਾਸ਼ਟਰ ਵਲੋਂ ਦਿਤੀ ਗਈ ਹੈ। ਭਾਰਤ ਦੀ ਆਬਾਦੀ ਹੁਣ ਤਕ ਚੀਨ ਤੋਂ ਪਿੱਛੇ ਸੀ ਤੇ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅਜੇ ਕੁੱਝ ਹੋਰ ਸਾਲਾਂ ਤਕ ਆਬਾਦੀ ਦੇ ਮਾਮਲੇ ਵਿਚ ਤਾਂ ਭਾਰਤ ਚੀਨ ਤੋਂ ਪਿੱਛੇ ਹੀ ਰਹੇਗਾ ਪਰ ਹੁਣ ਇਸ ਨਵੀਂ ਰੀਪੋਰਟ ਤੇ ਜੇ ਵਿਸ਼ਵਾਸ ਕੀਤਾ ਜਾਵੇ ਤਾਂ ਅਗਲੇ ਸਾਲ ਭਾਰਤ ਦੀ ਆਬਾਦੀ ਚੀਨ ਦੇ 142 ਕਰੋੜ ਤੋਂ ਵੱਧ ਜਾਵੇਗੀ। ਅੱਜ ਤਕਰੀਬਨ ਸਾਰੀ ਦੁਨੀਆਂ ਵਿਚ ਆਬਾਦੀ ਦੇ ਵਾਧੇ ਦੀ ਰਫ਼ਤਾਰ ਘਟੀ ਹੋਈ ਹੈ ਪਰ ਜਿਸ ਤਰ੍ਹਾਂ ਚੀਨ ਨੇ ਅਪਣੀ ਆਬਾਦੀ ਤੇ ਰੋਕ ਲਗਾਈ ਹੈ, ਉਸ ਦੀ ਅਬਾਦੀ ਵਿਚ ਕਮੀ ਦੀ ਰਫ਼ਤਾਰ ਬਹੁਤ ਤੇਜ਼ ਹੋਣੀ ਹੈ।
ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ 2050 ਤਕ ਭਾਰਤ ਦੀ ਆਬਾਦੀ 166 ਕਰੋੜ ਹੋ ਜਾਵੇਗੀ ਜਦਕਿ ਚੀਨ ਦੀ ਅਬਾਦੀ ਅਗਲੇ ਸਾਲ ਤੋਂ ਹੀ ਘਟਣੀ ਸ਼ੁਰੂ ਹੋ ਜਾਵੇਗੀ। ਇਸ ਖ਼ਬਰ ਨਾਲ ਪਹਿਲੇ ਸਥਾਨ ਤੇ ਪਹੁੰਚਣ ਦੀ ਖ਼ੁਸ਼ੀ ਨਹੀਂ ਮਨਾਈ ਜਾ ਸਕਦੀ ਕਿਉਂਕਿ ਅਸੀ ਅੱਜ ਅਪਣੀ 141 ਕਰੋੜ ਆਬਾਦੀ ਨੂੰ ਵੀ ਇਕ ਸਤਿਕਾਰ ਯੋਗ ਮਨੁੱਖੀ ਜੀਵਨ ਦੇਣ ਜੋਗੇ ਵੀ ਨਹੀਂ ਹੋ ਸਕੇ। ਜੇ ਦੁਨੀਆਂ ਦੇ ਤਾਕਤਵਰ ਦੇਸ਼ਾਂ ਨੂੰ ਕਿਸੇ ਨੇ ਟੱਕਰ ਦਿਤੀ ਹੈ ਤਾਂ ਉਹ ਚੀਨ ਵਲੋਂ ਹੀ ਦਿਤੀ ਗਈ ਹੈ ਜਿਨ੍ਹਾਂ ਨੇ ਅਪਣੀ ਆਬਾਦੀ ਨੂੰ ਵੀ ਕਾਬੂ ਵਿਚ ਕੀਤਾ ਤੇ ਦੇਸ਼ ਨੂੰ ਆਰਥਕ ਤਾਕਤ ਵੀ ਬਣਾ ਦਿਤਾ।
ਹਾਲ ਵਿਚ ਹੀ ਵਿਸ਼ਵ ਮਨੁੱਖੀ ਅਧਿਕਾਰਾਂ ਦੀ ਇਕ ਰੀਪੋਰਟ ਆਈ ਜਿਸ ਵਿਚ 13 ਬੁਨਿਆਦੀ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਾਰੇ ਦੇਸ਼ਾਂ ਨੂੰ ਪਰਖਿਆ ਗਿਆ। ਸਾਊਥ ਈਸਟ ਏਸ਼ੀਆ ਵਿਚ ਸੱਭ ਤੋਂ ਕਮਜ਼ੋਰ ਦੇਸ਼ ਪਾਕਿਸਤਾਨ ਸੀ ਤੇ ਦੂਜੇ ਨੰਬਰ ਤੇ ਭਾਰਤ। ਭਾਰਤ ਵਿਚ ਸਿਰਫ਼ ਸਜ਼ਾ ਏ ਮੌਤ ਕਿਸੇ ਅਤਿ ਦੇ ਗੰਭੀਰ ਮਾਮਲੇ ਵਿਚ ਹੀ ਦਿਤੀ ਜਾਂਦੀ ਹੈ ਪਰ ਬਾਕੀ 12 ਸਮਾਜਕ ਤੇ ਆਰਥਕ ਹੱਕਾਂ ਤੋਂ ਭਾਰਤੀ ਜਨਤਾ ਵੀ ਵਾਂਝੀ ਹੀ ਹੈ। ਇਕ ਮਨੁੱਖ ਦਾ ਬੁਨਿਆਦੀ ਹੱਕ ਹੈ ਕਿ ਉਸ ਨੂੰ ਸਿਖਿਆ, ਸਿਹਤ, ਕੰਮ, ਸੁਰੱਖਿਆ ਆਦਿ ਮਿਲਣ ਤੇ ਅੱਜ ਆਮ ਭਾਰਤੀ ਨੂੰ ਕਿਸੇ ਸਰਵੇਖਣ ਦੀ ਲੋੜ ਹੈ ਕਿ ਕੀ ਉਨ੍ਹਾਂ ਦੇ ਹੱਕਾਂ ਦਾ ਕੋਈ ਰਖਵਾਲਾ ਹੈ ਵੀ? ਜਿਹੜੇ ਨਫ਼ਰਤ ਦੇ ਸਹਾਰੇ ਜਿਉਂਦੇ ਹਨ, ਉਹ ਇਸ ਗੱਲ ਤੋਂ ਸੰਤੁਸ਼ਟੀ ਲੈ ਸਕਦੇ ਹਨ ਕਿ ਭਾਰਤ ਪਾਕਿਸਤਾਨ ਤੋਂ ਅੱਗੇ ਹੈ ਪਰ ਕੀ ਅਸੀ ਸ੍ਰੀਲੰਕਾ ਤੋਂ ਵੀ ਬਿਹਤਰ ਸਥਿਤੀ ਵਿਚ ਹਾਂ?
ਅੱਜ ਵਧਦੀ ਆਬਾਦੀ ਨੂੰ ਲੈ ਕੇ ਦੁਨੀਆਂ ਵਿਚ ਕੋਈ ਘਬਰਾਹਟ ਨਹੀਂ ਕਿਉਂਕਿ ਹੁਣ ਵੱਡੀ ਆਬਾਦੀ ਨੂੰ ਸੰਭਾਲਣ ਦੇ ਰਸਤੇ ਤਲਾਸ਼ੇ ਜਾ ਰਹੇ ਹਨ। ਇਹ ਦੁਨੀਆਂ ਇਕ ਮਹਾਂਮਾਰੀ ਨਾਲ ਵੀ ਸਫ਼ਲਤਾ ਨਾਲ ਜੂਝ ਹਟੀ ਹੈ। ਚੀਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੋਕਾਂ ਦੇ ਅਧਿਕਾਰਾਂ ਨੂੰ ਕੁਚਲ ਕੇ ਅਪਣੀ ਨਵੀਂ ਸੋਚ ਨੂੰ ਲਾਗੂ ਕੀਤਾ। ਬੱਚੇ ਜੰਮਣ ਤੇ ਪਾਬੰਦੀ ਲਾ ਕੇ ਕੁੱਝ ਵੱਡੀਆਂ ਪ੍ਰਾਪਤੀਆਂ ਕਰਨਾ ਸਰਕਾਰ ਦੀ ਮਰਜ਼ੀ ਸੀ ਪਰ ਅੱਜ ਉਹ ਅਪਣੇ ਆਪ ਨੂੰ ਤਾਕਤਵਰ ਬਣਾ ਕੇ ਅਪਣੇ ਦੇਸ਼ ਦੇ ਗ਼ਰੀਬਾਂ ਨੂੰ ਗ਼ਰੀਬੀ ਵਿਚੋਂ ਕੱਢ ਰਹੇ ਹਨ। ਉਨ੍ਹਾਂ ਦੀ ਸਰਕਾਰ ਦਾ ਦਾਅਵਾ ਹੈ ਕਿ ਉਹ ਹੁਣ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਕੰਮ ਕਰ ਰਹੇ ਹਨ ਤੇ 70 ਫ਼ੀ ਸਦੀ ਗ਼ਰੀਬਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢ ਚੁਕੇ ਹਨ। ਪਰ ਭਾਰਤ ਇਕ ਲੋਕਤੰਤਰ ਹੈ ਜੋ ਚੀਨ ਵਾਂਗ ਨਹੀਂ ਚਲ ਸਕਦਾ ਭਾਵੇਂ ਲੋਕਤੰਤਰ ਵਿਚ ਵੀ ਅਨੇਕਾਂ ਸਫ਼ਲਤਾਵਾਂ ਦੀਆਂ ਉਦਾਹਰਣਾਂ ਮੌਜੂਦ ਹਨ। ਸਾਡੇ ਨੀਤੀ ਬਣਾਉਣ ਵਾਲਿਆਂ ਕੋਲ ਕਿਹੜੀ ਦੁੂਰ ਅੰਦੇਸ਼ ਯੋਜਨਾ ਹੈ ਜੋ ਲੋਕਤੰਤਰ ਵਿਚ ਆਮ ਭਾਰਤੀ ਨੂੰ ਸਸ਼ਕਤ ਬਣਾਈ ਰੱਖ ਸਕਦੀ ਹੈ? ਇਸ ਬਾਰੇ ਉਨ੍ਹਾਂ ਨੂੰ ਹੁਣ ਖੁੱਲ੍ਹ ਕੇ ਦਸਣਾ ਪਵੇਗਾ। -ਨਿਮਰਤ ਕੌਰ