
ਐਸਐਫ਼ਜੇ ਦੇ ਮੁਖੀ ਪੰਨੂੰ ਨੇ ਦੁਬਾਰਾ ਵੋਟਾਂ ਪਾਉਣ ਦੀ ਤਰੀਕ 29 ਅਕਤੂਬਰ ਰੱਖ ਦਿਤੀ
ਅੱਜ ਜਦੋਂ ਅਸੀ ਕੈਨੇਡਾ ਦੇ ਸਿੱਖ ਵਸੋਂ ਵਾਲੇ ਸ਼ਹਿਰਾਂ ਦੀ ਗਿਣਤੀ ਕਰਦੇ ਹਾਂ ਤਾਂ ਸਰੀ, ਕੈਨੇਡਾ ਦਾ ਨਾਮ ਸੱਭ ਤੋਂ ਉਪਰ ਆਉਂਦਾ ਹੈ ਤੇ ਸਿਖਜ਼ ਫ਼ਾਰ ਜਸਟਿਸ ਦਾ ਖ਼ਾਲਿਸਤਾਨ ਰੈਫ਼ਰੈਂਡਮ ਇਸੇ ਵੱਡੇ ਸ਼ਹਰਿ ਵਿਚ ਹੀ ਰਖਿਆ ਗਿਆ। ਇਥੇ ਪਈਆਂ ਵੋਟਾਂ ਨੇ ਸਿੱਖਾਂ ਦੇ ਮਨ ਵਿਚ ਇਕ ਵਖਰੇ ਦੇਸ਼ ਦੀ ਮੰਗ ਦਾ ਸੱਚ ਸੱਭ ਦੇ ਸਾਹਮਣੇ ਰੱਖ ਦਿਤਾ। ਕੈਨੇਡਾ ’ਚ ਸਰਕਾਰ ਦਾ ਕਿਸੇ ਨਾਗਰਿਕ ਦੀ ਆਜ਼ਾਦੀ ’ਤੇ ਕੋਈ ਦਬਾਅ ਨਹੀਂ। ਇਸ ਕਾਰਨ ਪ੍ਰਧਾਨ ਮੰਤਰੀ ਮੋਦੀ ਵਲੋਂ ਇਸ ਵਾਰ ਅਪਣੇ ਦੇਸ਼ ਵਿਚ ਆਏ ਪੀਐਮ ਟਰੂਡੋ ਨੂੰ ਫਟਕਾਰਿਆ ਗਿਆ ਪਰ ਫਿਰ ਵੀ ਟਰੂਡੋ ਵਲੋਂ ਇਹੀ ਕਿਹਾ ਗਿਆ ਕਿ ਕੈਨੇਡਾ ਹਰ ਨਾਗਰਿਕ ਦੇ ਸ਼ਾਂਤਮਈ ਤਰੀਕੇ ਨਾਲ ਜਤਾਏ ਵਿਰੋਧ ਨੂੰ ਹਮੇਸ਼ਾ ਜੀ ਆਇਆਂ ਕਹੇਗਾ। ਸਰਕਾਰ ਵਲੋਂ ਇਸ ਤਰ੍ਹਾਂ ਦੇ ਸਮਰਥਨ ਤੋਂ ਬਾਅਦ ਵੀ ਸਰੀ ਵਿਚ ਸਿੱਖਾਂ ਦੀ ਹਾਜ਼ਰੀ ਤੇ ਵੋਟਰ ਬਹੁਤ ਜ਼ਿਆਦਾ ਨਹੀਂ ਸਨ ਜੋ ਕਿ ਪ੍ਰਬੰਧਕਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।
ਐਸਐਫ਼ਜੇ ਦੇ ਮੁਖੀ ਪੰਨੂੰ ਨੇ ਦੁਬਾਰਾ ਵੋਟਾਂ ਪਾਉਣ ਦੀ ਤਰੀਕ 29 ਅਕਤੂਬਰ ਰੱਖ ਦਿਤੀ। ਸੋ ਮਨ ਦੀ ਆਵਾਜ਼ ਨੂੰ ਖੁਲ੍ਹ ਕੇ ਪੇਸ਼ ਕਰਨ ਦੀ ਆਜ਼ਾਦੀ ਮਾਣਦਿਆਂ ਵੀ ਜੇ ਖ਼ਾਲਿਸਤਾਨ ਲਹਿਰ ਦੇ ਆਗੂ, ਆਸ ਦੇ ਉਲਟ, ਬਹੁਤ ਵੱਡਾ ਸ਼ੋਅ ਨਹੀਂ ਕਰ ਸਕੇ, ਤਾਂ ਫਿਰ ਵਿਰੋਧੀ ਅਤੇ ਭਾਰਤ ਸਰਕਾਰ ਦੇ ਪ੍ਰਤੀਨਿਧ ਤਾਂ ਸਵਾਲ ਉਠਾਉਣਗੇ ਹੀ ਤੇ ਦਾਅਵੇ ਕਰਨਗੇ ਹੀ ਕਿ ਖ਼ਾਲਸਤਾਨੀਆਂ ਨੂੰ ਉਥੇ ਵੀ ਹਮਾਇਤ ਨਹੀਂ ਮਿਲ ਰਹੀ। ਸਿੱਖ ਪਰਚਿਆਂ ਅਤੇ ਚੈਨਲਾਂ ਉਤੇ ਗੁੱਸਾ ਕੱਢਣ ਨਾਲ ਕੁੱਝ ਨਹੀਂ ਹਾਸਲ ਹੋਣਾ। ਰਵੀ ਸਿੰਘ ਖ਼ਾਲਸਾ ਸਿੱਖੀ ਸੋਚ ਤੋਂ ਪ੍ਰੇਰਨਾ ਲੈ ਕੇ ਤੇ ਖ਼ਾਲਸਾ ਏਡ ਦੀ ਸਥਾਪਨਾ ਕਰ ਕੇ ਦੁਨੀਆਂ ਵਿਚ ਸਿੱਖੀ ਦਾ ਨਾਂ ਰੁਸ਼ਨਾਉਣ ਵਿਚ ਸਫ਼ਲ ਹੋਏ ਹਨ। ਅਸਲ ਵਿਚ ਖ਼ਾਲਸਾ ਤਾਂ ਹੈ ਹੀ ਸੱਚ ਦਾ ਪ੍ਰਤੀਕ। ਵਧਾ ਚੜ੍ਹਾ ਕੇ ਗ਼ਲਤ ਦਾਅਵੇ ਕੀਤੇ ਤਾਂ ਜਾ ਸਕਦੇ ਹਨ ਪਰ ਅਪਣੇ ਵਿਰੋਧੀਆਂ ਕੋਲੋਂ ਮਨਵਾਏ ਨਹੀਂ ਜਾ ਸਕਦੇ।
ਜਸਟਿਨ ਟਰੂਡੋ ਨੇ ਸੋਚਣ ਤੇ ਬੋਲਣ ਦੀ ਆਜ਼ਾਦੀ ਦਾ ਬਚਾਅ ਕਰਦੇ ਹੋਏ ਇਹ ਵੀ ਆਖਿਆ ਕਿ ਕੁੱਝ ਕੁ ਦੇ ਖ਼ਿਆਲ ਪੂਰੀ ਕੌਮ ਦੇ ਵਿਚਾਰ ਨਹੀ ਬਣ ਜਾਂਦੇ। ਇਨ੍ਹਾਂ ਦੀ ਬੇਤਰਤੀਬੀ ਵਾਲੀ ਤੇ ਜ਼ਮੀਨੀ ਹਕੀਕਤਾਂ ਤੋਂ ਦੂਰ ਰਹਿਣਾ ਵਾਲੀ ਲਹਿਰ ਸਦਕਾ ਹੋਰਨਾਂ ਨੂੰ ਤਾਂ ਛੱਡੋ, ਪੁਰਾਣੇ ਗਰਮ-ਖਿਆਲੀਆਂ ਦੀਆਂ ਜਾਨਾਂ ਵੀ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀਆਂ ਗੱਲਾਂ ਕਾਰਨ ਖ਼ਾਲਸਾ ਏਡ ’ਤੇ ਭਾਰਤ ਸਰਕਾਰ ਵਲੋਂ ਰੇਡ ਪਾਈ ਗਈ ਤੇ ਖ਼ਾਲਸਾ ਏਡ ਪੰਜਾਬ ਤੇ ਸਿੱਖਾਂ ਵਾਸਤੇ ਜੋ ਕੰਮ ਕਰ ਰਹੀ ਹੈ, ਉਸ ਉਤੇ ਰੋਕ ਵੀ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਜੋ ਲੋਕ ਖ਼ਾਲਿਸਤਾਨ ਲਹਿਰ ਦੇ ਆਗੂ ਅਖਵਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਅਪਣੀ ਬੋਲ-ਬਾਣੀ, ਪਹਿਰਾਵੇ ਅਤੇ ਬਾਹਰੀ ਦਿਖ ਵਿਚ ਵੀ ਖ਼ਾਲਿਸਤਾਨ ਦੀ ਸੋਚ ਨਹੀਂ ਝਲਕਦੀ। ਉਨ੍ਹਾਂ ਦੇ ਬੋਲਾਂ ਤੇ ਕੰਮਾਂ ਵਲ ਵੇਖ ਕੇ ਪੰਜਾਬ ਤੇ ਸਿੱਖਾਂ ਪ੍ਰਤੀ ਜ਼ਿੰਮੇਵਾਰੀ ਦੀ ਕਮੀ ਬਹੁਤ ਅਖਰਦੀ ਹੈ। ਅੱਜ ਜਿਥੇ ਪੰਜਾਬ ਵਿਚ ਟਰੂਡੋ ਦਾ ਸਾਥ ਲੈ ਕੇ ਨੌਜੁਆਨਾਂ ਵਾਸਤੇ ਰੁਜ਼ਗਾਰ ਯਕੀਨੀ ਬਣਾਉਣ ਦੀ ਆਸ ਕੀਤੀ ਜਾ ਸਕਦੀ ਹੈ, ਉਥੇ ਵਿਉਂਤਬੰਦੀ ਤੋਂ ਸਖਣੀ ਅਤੇ ਲਹਿਰਾਂ ਨੂੰ ਸਫ਼ਲਤਾ ਦੇ ਦੁਆਰ ਤੇ ਲਿਜਾ ਸਕਣ ਵਾਲੇ ਪਰ ਸਿਆਣਪ ਤੋਂ ਸਖਣੇ ਲੀਡਰ ਹਾਲਾਤ ਤੋਂ ਸਬਕ ਲੈਣ ਦੀ ਬਜਾਏ ਚਾਹੁੰਦੇ ਇਹੀ ਹਨ ਕਿ ਉਹ ਗ਼ਲਤ ਕਰਨ ਜਾਂ ਠੀਕ, ਹਰ ਕੋਈ ਉਨ੍ਹਾਂ ਦੇ ਹੱਕ ਵਿਚ ਤਾੜੀਆਂ ਮਾਰਦਾ ਹੀ ਵਿਖਾਈ ਦੇਵੇ। ਇਕ ਦੌਰ ਸੀ ਜਦ ਅਸਾਈਲਮ (ਪਨਾਹ) ਦੀ ਲੋੜ ਸਹੀ ਸੀ ਪਰ ਅੱਜ ਨਹੀਂ। ਅੱਜ ਪੰਜਾਬ ਅਤੇ ਸਿੱਖੀ ਨੂੰ ਸੱਭ ਤੋਂ ਵੱਡਾ ਖ਼ਤਰਾ ਅਪਣਿਆਂ ਤੋਂ ਹੈ ਜੋ ਅਪਣੇ ਨਿਜੀ ਫ਼ਾਇਦਿਆਂ ਵਾਸਤੇ ਕਿਸੇ ਵੀ ਹੱਦ ਤਕ ਡਿੱਗ ਸਕਦੇ ਹਨ। ਸਾਡੇ ਵਿਚੋਂ ਹੀ ਨਸ਼ੇ ਦਾ ਕਾਰੋਬਾਰ ਸਥਾਪਤ ਕਰਨ ਵਾਲੇ ਆਏ, ਸਾਡੇ ’ਚੋਂ ਹੀ ਬਰਗਾੜੀ ਬਹਿਬਲ ਨੂੰ ਅੰਜਾਮ ਦੇਣ ਵਾਲੇ ਆਏ ਤੇ ਸਾਡੇ ’ਚੋਂ ਹੀ ਅਸਾਈਲਮ (ਵਿਦੇਸ਼ਾਂ ਵਿਚ ਪਨਾਹ ਮੰਗਣ) ਦਾ ਧੰਦਾ ਸ਼ੁਰੂ ਕਰਨ ਵਾਲੇ ਆਏ। ਬਹੁਤਾ ਸੱਚ ਕੋਈ ਵੀ ਸੁਣਨਾ ਨਹੀਂ ਚਾਹੁੰਦਾ ਪਰ ਲਿਖਣ ਲਗਿਆਂ ਏਨੀ ਕੁ ਸੱਧਰ ਤਾਂ ਮਨ ਵਿਚ ਹੁੰਦੀ ਹੀ ਹੈ ਕਿ ਬੇਗਾਨਿਆਂ ਨੇ ਤਾਂ ਸੁਣਨੀ ਨਹੀਂ ਪਰ ‘ਅਪਣੇ’ ਤਾਂ ਸ਼ਾਇਦ ਅਪਣੇ ਲੋਕਾਂ ਉਤੇ ਤਰਸ ਕਰਨ ਲਈ ਤਿਆਰ ਹੋ ਹੀ ਜਾਣ।
- ਨਿਮਰਤ ਕੌਰ