
ਵਿਦੇਸ਼ ਜਾ ਵੱਸਣ ਦਾ ਜਨੂੰਨ ਸਾਡੇ ਖ਼ਿੱਤੇ ਦੇ ਨੌਜਵਾਨਾਂ ਦੇ ਦਿਮਾਗਾਂ ਤੋਂ ਉਤਰ ਨਹੀਂ ਰਿਹਾ।
The obsession with migration is more dangerous now: ਵਿਦੇਸ਼ ਜਾ ਵੱਸਣ ਦਾ ਜਨੂੰਨ ਸਾਡੇ ਖ਼ਿੱਤੇ ਦੇ ਨੌਜਵਾਨਾਂ ਦੇ ਦਿਮਾਗਾਂ ਤੋਂ ਉਤਰ ਨਹੀਂ ਰਿਹਾ। ਇਸੇ ਜਨੂੰਨ ਕਾਰਨ ਉਨ੍ਹਾਂ ਵਲੋਂ ਅਣਕਿਆਸੇ ਖ਼ਤਰੇ ਸਹੇੜਨ ਅਤੇ ਆਪੋ-ਅਪਣੇ ਪਰਿਵਾਰਾਂ ਤੋਂ ਇਲਾਵਾ ਕੇਂਦਰ ਸਰਕਾਰ ਲਈ ਵੀ ਪਰੇਸ਼ਾਨੀਆਂ ਪੈਦਾ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਬੁੱਧਵਾਰ ਨੂੰ ਭਾਰਤੀ ਨਾਗਰਿਕਾਂ, ਖ਼ਾਸ ਕਰ ਕੇ ਨੌਜਵਾਨਾਂ ਲਈ ਉਚੇਚੇ ਤੌਰ ’ਤੇ ਚਿਤਾਵਨੀ ਜਾਰੀ ਕੀਤੀ ਕਿ ਉਹ ਯੂਰੋਪ ਜਾਂ ਪੱਛਮੀ ਏਸ਼ੀਆ ਦੇ ਜੰਗੀ ਖਿੱਤਿਆਂ ਵਿਚ ਪੜ੍ਹਾਈ ਜਾਂ ਨੌਕਰੀ ਦੀਆਂ ਪੇਸ਼ਕਸ਼ਾਂ ਸਵੀਕਾਰਨ ਤੋਂ ਪਹਿਲਾਂ ਪੂਰੀ ਇਹਤਿਆਤ ਵਰਤਣ ਅਤੇ ਜੇ ਸੰਭਵ ਹੋਵੇ ਤਾਂ ਅਜਿਹੀਆਂ ਪੇਸ਼ਕਸ਼ਾਂ ਕਬੂਲਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹੈਲਪਲਾਈਨਾਂ ਨਾਲ ਸੰਪਰਕ ਜ਼ਰੂਰ ਸਥਾਪਿਤ ਕਰਨ।
ਤਰਜਮਾਨ ਨੇ ਇਹ ਚਿਤਾਵਨੀ, ਸੋਸ਼ਲ ਮੀਡੀਆ ਮੰਚਾਂ ’ਤੇ ਵਾਇਰਲ ਉਸ ਵੀਡੀਓ ਦੇ ਪ੍ਰਸੰਗ ਵਿਚ ਜਾਰੀ ਕੀਤੀ ਜਿਸ ਵਿਚ ਪੰਜਾਬ, ਹਰਿਆਣਾ ਤੇ ਜੰਮੂ ਨਾਲ ਸਬੰਧਤ 9 ਯੁਵਕ ਰੂਸੀ ਫ਼ੌਜ ਦੀਆਂ ਵਰਦੀਆਂ ਵਿਚ ਨਜ਼ਰ ਆਉਂਦੇ ਹਨ। ਇਹ ਯੁਵਕ ਇਹ ਦੋਸ਼ ਲਾਉਂਦੇ ਸੁਣੇ ਜਾ ਸਕਦੇ ਹਨ ਕਿ ਬੇਈਮਾਨ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਝਾਂਸੇ ਤਾਂ ਕੁਝ ਹੋਰ ਦਿੱਤੇ, ਪਰ ਮਾਸਕੋ ਪੁੱਜਣ ’ਤੇ ਉਨ੍ਹਾਂ ਦੀਆਂ ਸੇਵਾਵਾਂ ਰੂਸੀ ਫ਼ੌਜੀ ਅਧਿਕਾਰੀਆਂ ਦੇ ਸਪੁਰਦ ਕਰ ਦਿਤੀਆਂ। ਇਨ੍ਹਾਂ ਯੁਵਕਾਂ ਦਾ ਇਹ ਵੀ ਦਾਅਵਾ ਹੈ ਕਿ ਹੁਣ ਉਨ੍ਹਾਂ ਨੂੰ ਯੂਕਰੇਨ ਵਾਲੇ ਜੰਗੀ ਮੋਰਚੇ ’ਤੇ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੀ ਟੋਲੀ ਵਿਚ ਪਹਿਲਾਂ 15 ਭਾਰਤੀ ਸਨ। ਹੁਣ 9 ਹੀ ਬਚੇ ਹਨ। ਬਾਕੀ ਛੇਆਂ ਵਿਚੋਂ ਚਾਰ ਮਾਰੇ ਜਾ ਚੁੱਕੇ ਹਨ ਅਤੇ ਦੋ ਲਾਪਤਾ ਹਨ।
ਪਿਛਲੇ 15 ਮਹੀਨਿਆਂ ਦੌਰਾਨ ਇਹ ਤੀਜੀ ਵਾਰ ਹੈ ਜਦੋਂ ਭਾਰਤੀ, ਖ਼ਾਸ ਕਰ ਕੇ ਪੰਜਾਬੀ ਨੌਜਵਾਨਾਂ ਨੂੰ ਰੂਸ-ਯੂਕਰੇਨ ਜੰਗੀ ਮੋਰਚੇ ’ਤੇ ਭਾੜੇ ਦੇ ਫ਼ੌਜੀਆਂ ਵਜੋਂ ਵਰਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਵੀ ਇਹੋ ਦੋਸ਼ ਲੱਗਦੇ ਰਹੇ ਸਨ ਕਿ ਏਜੰਟਾਂ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ। ਏਜੰਟਾਂ ਦੇ ਖ਼ਿਲਾਫ਼ ਛਾਪਿਆਂ ਤੇ ਗ੍ਰਿਫ਼ਤਾਰੀਆਂ ਦੀ ਮੁਹਿੰਮ ਵੀ ਚੱਲੀ ਸੀ, ਪਰ ਸਥਿਤੀ ਅਜੇ ਵੀ ਜਿਉਂ ਦੀ ਤਿਉਂ ਹੈ। ਜਨਵਰੀ ਮਹੀਨੇ ਭਾਰਤ ਸਰਕਾਰ ਨੇ ਸੰਸਦ ਵਿਚ ਕਬੂਲਿਆ ਸੀ ਕਿ 126 ਭਾਰਤੀ ਨਾਗਰਿਕ ਰੂਸੀ ਫ਼ੌਜ ਵਿਚ ਨੌਕਰੀ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 11 ਦੀ ਭਾਰਤ ਸਰਕਾਰ ਨੇ ਵਤਨ ਵਾਪਸੀ ਵੀ ਸੰਭਵ ਬਣਾਈ ਸੀ। ਇਸ ਤੋਂ ਬਾਅਦ ਜੁਲਾਈ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਸਕੋ ਫੇਰੀ ਦੌਰਾਨ ਰੂਸ ਸਰਕਾਰ ਨੇ ਸਾਰੇ ਭਾਰਤੀ ‘ਫ਼ੌਜੀਆਂ’ ਨੂੰ ਡਿਸਚਾਰਜ ਕਰਨ, ਉਨ੍ਹਾਂ ਦੀਆਂ ਸੇਵਾਵਾਂ ਬਦਲੇ ਵਾਜਬ ਮੁਆਵਜ਼ਾ ਦੇਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੈਨਸ਼ਨਾਂ ਦੇਣ ਦਾ ਵਾਅਦਾ ਕੀਤਾ ਸੀ।
ਇਸ ਮਗਰੋਂ ਕੁਝ ਪਰਿਵਾਰਾਂ ਨੂੰ ਪੈਨਸ਼ਨਾਂ ਲਾਈਆਂ ਵੀ ਗਈਆਂ। ਨਾਲ ਹੀ ਵਿਦੇਸ਼ੀਆਂ, ਖ਼ਾਸ ਕਰ ਕੇ ਭਾਰਤੀਆਂ ਨੂੰ ਰੂਸੀ ਫ਼ੌਜ ਵਿਚ ਭਰਤੀ ਨਾ ਕਰਨ ਦਾ ਵਾਅਦਾ ਵੀ ਭਾਰਤ ਸਰਕਾਰ ਨਾਲ ਕੀਤਾ ਗਿਆ। ਅਜੇ 10 ਅਗੱਸਤ ਨੂੰ ਹੀ ਭਾਰਤ ਸਥਿਤ ਰੂਸੀ ਦੂਤਾਵਾਸ ਨੇ ਇਕ ਬਿਆਨ ਰਾਹੀਂ ਸਪਸ਼ਟ ਕੀਤਾ ਸੀ ਕਿ ਇਸ ਸਮੇਂ ਇਕ ਵੀ ਭਾਰਤੀ, ਰੂਸੀ ਫ਼ੌਜ ਵਿਚ ਸ਼ਾਮਲ ਨਹੀਂ। ਉਸ ਦਾਅਵੇ ਨੂੰ ਅਜੇ ਮਹੀਨਾ ਵੀ ਨਹੀਂ ਹੋਇਆ ਕਿ ਯੂਕਰੇਨ-ਰੂਸ ਜੰਗੀ ਮੁਹਾਜ਼ ਤੋਂ ਭਾਰਤੀ ‘ਫ਼ੌਜੀਆਂ’ ਵਾਲੀ ਵੀਡੀਓ ਸਾਹਮਣੇ ਆ ਗਈ।
ਇਸ ਹਕੀਕਤ ਨੂੰ ਤਾਂ ਰੂਸ ਸਰਕਾਰ ਨੇ ਵੀ ਸਵੀਕਾਰ ਕੀਤਾ ਹੈ ਕਿ ਰੂਸੀ ਨੌਜਵਾਨੀ ਵਿਚ ਫ਼ੌਜ ’ਚ ਭਰਤੀ ਹੋਣ ਪ੍ਰਤੀ ਉਤਸ਼ਾਹ ਦੀ ਘਾਟ ਹੈ। ਅਜਿਹੇ ਹਾਲਾਤ ਦੌਰਾਨ ਰੂਸੀ ਫ਼ੌਜ ਦੀ ਨਫ਼ਰੀ ਬਰਕਰਾਰ ਰੱਖਣ ਹਿੱਤ ਵਿਦੇਸ਼ੀਆਂ ਨੂੰ ਵੀ ਫ਼ੌਜ ’ਚ ਭਰਤੀ ਕੀਤਾ ਜਾ ਰਿਹਾ ਹੈ। ਪਰ ਇਸ ਕੰਮ ਵਿਚ ਕੋਈ ਜ਼ੋਰ-ਜ਼ਬਰਦਸਤੀ ਨਹੀਂ ਵਰਤੀ ਜਾ ਰਹੀ। ਦੂਜੇ ਪਾਸੇ, ਤਾਜ਼ਾਤਰੀਨ ਵੀਡੀਓ ਵਿਚ ਨਜ਼ਰ ਆਉਂਦੇ ਭਾਰਤੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਜਾਂ ਤਾਂ ਵਿਦਿਆਰਥੀ ਵੀਜ਼ੇ ’ਤੇ ਮਾਸਕੋ ਆਏ ਅਤੇ ਜਾਂ ਫਿਰ ਕਿਸੇ ਹੋਰ ਗ਼ੈਰ-ਫ਼ੌਜੀ ਨੌਕਰੀ ਲਈ। ਉਨ੍ਹਾਂ ਨੂੰ ਝਾਂਸਾ ਦੇ ਕੇ ਰੂਸ ਲਿਆਂਦਾ ਗਿਆ। ਇਨ੍ਹਾਂ ਯੁਵਕਾਂ ਦੇ ਪਰਿਵਾਰ ਵੀ ਇਸੇ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ ਅਤੇ ਝੂਠੇ ਝਾਂਸਿਆਂ ਲਈ ਟਰੈਵਲ ਏਜੰਟਾਂ ਨੂੰ ਦੋਸ਼ੀ ਦੱਸ ਰਹੇ ਹਨ। ਪਰ ਕੋਈ ਵੀ ਇਹ ਕਬੂਲਣ ਲਈ ਤਿਆਰ ਨਹੀਂ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਤੇ ਚਿਤਾਵਨੀਆਂ ਪ੍ਰਤੀ ਅਮਲ ਕਰਨ ਦੀ ਰੁਚੀ ਨਹੀਂ ਦਿਖਾਈ।
ਵਿਦੇਸ਼ ਮੰਤਰਾਲਾ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਅਪਣੀ ਫੇਰੀ ਦੀ ਸਮਾਂ-ਸੂਚੀ ਤੇ ਮਿਆਦ ਬਾਰੇ ਸਮੁੱਚੀ ਜਾਣਕਾਰੀ ਅਪਣੇ ਵੈੱਬਸਾਈਟ ਉੱਤੇ ਪਾਉਣ ਅਤੇ ਵਿਦੇਸ਼ੀ ਰਾਜਧਾਨੀ ਪੁੱਜਣ ’ਤੇ ਉਸ ਮੁਲਕ ਸਥਿਤ ਭਾਰਤੀ ਦੂਤਾਵਾਸ ਕੋਲ ਅਪਣੀ ਰਜਿਸਟਰੇਸ਼ਨ ਕਰਵਾਉਣ ਲਈ ਕਹਿੰਦਾ ਹੈ ਤਾਂ ਜੋ ਹੰਗਾਮੀ ਹਾਲਾਤ ਵਿਚ ਉਸ ਤਕ ਪਹੁੰਚ ਬਣਾਈ ਜਾ ਸਕੇ। ਪਰ ਬਹੁਤੇ ਲੋਕ ਅਜਿਹਾ ਨਹੀਂ ਕਰਦੇ। ਗ਼ੈਰਕਾਨੂੰਨੀ ਢੰਗਾਂ ਜਾਂ ਕਥਿਤ ਡੰਕੀ ਰੂਟਾਂ ਰਾਹੀਂ ਵਿਦੇਸ਼ ਪੁੱਜਣ ਵਾਲੇ ਤਾਂ ਬਿਲਕੁਲ ਹੀ ਨਹੀਂ। ਵਿਦੇਸ਼ ਜਾਣ ਦੇ ਜਨੂੰਨੀਆਂ ਦੇ ਮਾਪਿਆਂ ਜਾਂ ਹੋਰਨਾਂ ਪਰਿਵਾਰਕ ਮੈਂਬਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਜੋ ਕੁਝ ਵੀ ਕਰਨਾ ਹੈ, ਉਹ ਕਾਨੂੰਨੀ ਢੰਗਾਂ ਤੇ ਰਾਹਾਂ ਰਾਹੀਂ ਕੀਤਾ ਜਾਵੇ। ਬੇਈਮਾਨ ਜਾਂ ਜਾਅਲੀ ਟਰੈਵਲ ਏਜੰਟਾਂ ਦਾ ਧੰਦਾ ਹੁਣ ਦਾ ਨਹੀਂ; ਇਹ ਸੱਤ ਦਹਾਕੇ ਪੁਰਾਣਾ ਹੈ। ਅਜਿਹੇ ਏਜੰਟਾਂ ਨੂੰ ਬੇਈਮਾਨ ਪੁਲੀਸ ਅਫ਼ਸਰਾਂ ਜਾਂ ਮੌਕਾਪ੍ਰਸਤ ਸਿਆਸਤਦਾਨਾਂ ਦੀ ਸਰਪ੍ਰਸਤੀ ਵੀ ਓਨੀ ਹੀ ਪੁਰਾਣੀ ਹੈ। ਅਜਿਹੇ ਆਲਮ ਵਿਚ ਇਹਤਿਆਤ ਤਾਂ ਪਰਿਵਾਰਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਉਂਜ ਵੀ ਹੁਣ ਪਰਵਾਸ ਸੌਖਾ ਨਹੀਂ ਰਿਹਾ। ਗ਼ੈਰਕਾਨੂੰਨੀ ਪਰਵਾਸ ਤਾਂ ਸਿੱਧੇ ਤੌਰ ’ਤੇ ਜਾਨ ਜੋਖ਼ਮ ’ਚ ਪਾਉਣ ਵਾਲਾ ਅਮਲ ਹੈ। ਸਮਾਂ ਆ ਗਿਆ ਹੈ ਕਿ ਪਰਿਵਾਰ ਵੀ ਇਸ ਨੂੰ ਨਿਰਉਤਸ਼ਾਹਿਤ ਕਰਨ ਅਤੇ ਸਰਕਾਰਾਂ ਵੀ।