
ਯੋਗੀ ਜਿਸ ਨੂੰ ਗੁੰਡਾਗਰਦੀ ਵਿਰੁਧ ਲੜਾਈ ਕਹਿੰਦੇ ਨੇ, ਲੋਕ ਉਸ ਨੂੰ ਤਾਨਾਸ਼ਾਹੀ ਮੰਨਦੇ ਨੇ
ਉਤਰ ਪ੍ਰਦੇਸ਼ ਦੀਆਂ ਚੋਣਾਂ ਸਿਰਫ਼ ਸੂਬੇ ਵਾਸਤੇ ਨਹੀਂ ਬਲਕਿ ਦੇਸ਼ ਵਾਸਤੇ ਅਹਿਮ ਹੁੰਦੀਆਂ ਹਨ ਕਿਉਂਕਿ ਜੋ ਪਾਰਟੀ ਯੂ.ਪੀ., ਬਿਹਾਰ ਵਿਚ ਰਾਜ ਕਰੇਗੀ, ਉਹੀ ਦਿੱਲੀ ਦਾ ਤਾਜ ਪਾਵੇਗੀ। ਇਹ ਪੰਜਾਬ ਵਰਗੇ ਸੂਬੇ ਨਹੀਂ ਜੋ ਵਾਰ-ਵਾਰ ਦਿੱਲੀ ਜਿੱਤ ਆਉਂਦੇ ਹਨ ਪਰ ਫਿਰ ਮੁੜ ਆਪਸੀ ਲੜਾਈਆਂ ਵਿਚ ਮਸ਼ਰੂਫ਼ ਹੋ ਜਾਂਦੇ ਹਨ। ਪਹਿਲਾਂ ਬਿਹਾਰ ਵਿਚ ਤੇਜਸਵੀ ਯਾਦਵ ਨੇ ਭਾਜਪਾ ਨੂੰ ਬਰਾਬਰ ਦੀ ਲੜਾਈ ਲੜ ਕੇ ਵਿਖਾਈ ਤੇ ਹੁਣ ਉਸੇ ਤਰ੍ਹਾਂ ਅਖਿਲੇਸ਼ ਯਾਦਵ ਭਾਜਪਾ ਦੇ ਰਾਜ ਉਤੇ ਹਮਲਾ ਕਰ ਰਿਹਾ ਹੈ। ਜੋ ਨੁਕਸਾਨ ਭਾਜਪਾ ਨੂੰ ਪਿਛਲੇ ਦੋ ਦਿਨਾਂ ਵਿਚ ਹੋਇਆ ਹੈ, ਉਸ ਬਾਰੇ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਦੋ ਮੰਤਰੀ ਯੋਗੀ ਆਦਿਤਿਆਨਾਥ ਦੀ ਖ਼ਿਲਾਫ਼ਤ ਕਰ ਰਹੇ ਹਨ ਤੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋਏ ਹਨ।
ਕਾਰਨ ਕਈ ਦਸੇ ਜਾ ਰਹੇ ਹਨ ਪਰ ਅਸਲ ਗੱਲ ਤਾਂ ਇਹੀ ਹੁੰਦੀ ਹੈ ਕਿ ਜਦ ਸਿਆਸਤਦਾਨ ਨੂੰ ਦੂਜੀ ਪਾਰਟੀ ਜਿੱਤਦੀ ਦਿਸਦੀ ਹੈ ਜਾਂ ਉਸ ਦੀ ਅਪਣੀ ਪਾਰਟੀ ਉਸ ਨੂੰ ਬਾਹਰ ਕੱਢ ਦਿੰਦੀ ਹੈ। ਉਹ ਬਹਾਨੇ ਨਾਲ ਬਾਹਰ ਆ ਜਾਂਦਾ ਹੈ। ਅੱਜ ਭਾਜਪਾ ਦੇ ਆਗੂਆਂ ਨੂੰ ਅਖਿਲੇਸ਼ ਵਿਚ ਯੋਗੀ ਆਦਿਤਿਆਨਾਥ ਨਾਲੋਂ ਜ਼ਿਆਦਾ ਫ਼ਾਇਦਾ ਨਜ਼ਰ ਆ ਰਿਹਾ ਹੈ। ਇਸ ਦਾ ਇਕ ਮਤਲਬ ਤਾਂ ਇਹ ਹੈ ਕਿ ਯੋਗੀ ਦੀ ਕਾਰਗੁਜ਼ਾਰੀ ਬਹੁਤ ਕਮਜ਼ੋਰ ਰਹੀ ਹੈ ਤੇ ਹੁਣ ਲੋਕ ਉਸ ਤੋਂ ਮੂੰਹ ਮੋੜ ਰਹੇ ਹਨ। ਜਿਸ ਤਰ੍ਹਾਂ ਦੇ ਹਾਲਾਤ ਉਤਰ ਪ੍ਰਦੇਸ਼ ਵਿਚ ਕੋਵਿਡ ਦੌਰਾਨ ਰਹੇ ਹਨ, ਸਾਫ਼ ਹੈ ਕਿ ਉਤਰ ਪ੍ਰਦੇਸ਼ ਵਿਚ ਸਿਹਤ ਸਹੂਲਤਾਂ ’ਤੇ ਕੰਮ ਨਹੀਂ ਕੀਤਾ ਗਿਆ। ਜਿਸ ਨੂੰ ਯੋਗੀ, ਗੁੰਡਾਰਾਜ ਵਿਰੁਧ ਲੜਾਈ ਆਖਦੇ ਹਨ, ਲੋਕ ਉਸ ਨੂੰ ਤਾਨਾਸ਼ਾਹੀ ਆਖਦੇ ਹਨ। ਇਹ ਵੀ ਸੱਚ ਹੈ ਕਿ ਭਾਵੇਂ ਯੂ.ਪੀ. ਵਿਚ ਕਿਸੇ ਵੀ ਪਾਰਟੀ ਦਾ ਰਾਜ ਰਿਹਾ ਹੋਵੇ, ਯੂ.ਪੀ. ਵਿਚ ਗੁੰਡਾਗਰਦੀ ਦਾ ਬਲ ਤੇਜ਼ ਹੀ ਰਿਹਾ ਹੈ। ਪਰ ਯੋਗੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਵੱਡਾ ਗੁੰਡਾ ਬਣਾ ਦਿਤਾ ਹੈ।
ਸੱਚ ਤਾਂ ਹੁਣ ਚੋਣਾਂ ਸਮੇਂ ਸਾਫ਼ ਹੋਵੇਗਾ ਕਿ ਲੋਕ ਕੀ ਚਾਹੁੰਦੇ ਹਨ ਪਰ ਜਿਸ ਤਰ੍ਹਾਂ ਅਖਿਲੇਸ਼ ਦੀਆਂ ਰੈਲੀਆਂ ਵਿਚ ਲੋਕਾਂ ਦਾ ਹੜ੍ਹ ਆ ਰਿਹਾ ਹੈ, ਜਾਪਦਾ ਤਾਂ ਇਹ ਹੈ ਕਿ ਲੋਕਾਂ ਵਿਚ ਕੁੱਝ ਨਾਖ਼ੁਸ਼ੀ ਜ਼ਰੂਰ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਤਰ ਪ੍ਰਦੇਸ਼ ਨਫ਼ਰਤ ਦੀ ਸਿਆਸਤ ਤੋਂ ਵੱਖ ਹੋਣਾ ਚਾਹੁੰਦਾ ਹੈ। ਜਿਹੜੀ ਉਨ੍ਹਾਂ ਦੇ ਮੰਚਾਂ ਤੋਂ ਧਾਰਮਕ ਨਫ਼ਰਤ ਉਗਲੀ ਜਾ ਰਹੀ ਹੈ ਉਹ ਸ਼ਾਇਦ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ਸ਼ਾਇਦ ਲੋਕ ਸੋਚ ਰਹੇ ਹਨ ਕਿ ਮਸਜਿਦ ਗਈ, ਮੰਦਰ ਬਣ ਗਿਆ ਪਰ ਫਿਰ ਵੀ ਮੇਰੇ ਸੂਬੇ ਵਿਚ ‘ਰਾਮ ਰਾਜ’ ਨਹੀਂ ਆਇਆ।
ਪੰਜ ਸਾਲ ਵਿਚ ਭਾਜਪਾ ਦਾ ਰਾਜ ਯੂ.ਪੀ. ਤੇ ਕੇਂਦਰ ਵਿਚ ਹੋਣ ਦੇ ਬਾਵਜੂਦ, ਇਸ ਸੂਬੇ ਵਿਚ ਸੱਭ ਤੋਂ ਵੱਧ ਗ਼ਰੀਬੀ ਹੈ ਤੇ ਕੋਵਿਡ ਦੌਰਾਨ ਦਰਿਆਵਾਂ ਵਿਚ ਲਾਸ਼ਾਂ ਦੇ ਦ੍ਰਿਸ਼ ਕਿਸੇ ਨੂੰ ਨਹੀਂ ਭੁਲਣਗੇ। ਜਿਨ੍ਹਾਂ ਨੂੰ ਲੋਕ ਰਾਮ ਅਵਤਾਰ ਮੰਨਦੇ ਹਨ, ਉਹ ਤਾਂ ਹਰ ਤਾਕਤ ਅਪਣੀ ਮੁੱਠੀ ਵਿਚ ਰੱਖੀ ਬੈਠੇ ਹਨ ਪਰ ਫਿਰ ਵੀ ਆਯੁਧਿਆ ਦੀ ਖ਼ੁਸ਼ਹਾਲੀ ਨਹੀਂ ਬਣਾ ਸਕੇ। ਕਾਂਗਰਸ ਤੇ ਪ੍ਰਿਯੰਕਾ ਗਾਂਧੀ ਅਪਣੇ ਵਲੋਂ ਔਰਤਾਂ ਨੂੰ ਅੱਗੇ ਰੱਖ ਕੇ ਨਵੀਂ ਸਿਆਸਤ ਕਰਨ ਦਾ ਯਤਨ ਜ਼ਰੂਰ ਕਰ ਰਹੀ ਹੈ ਪਰ ਇਸ ਮਰਦ ਪ੍ਰਧਾਨ ਦੇਸ਼ ਦੇ ਮਰਦ ਅੱਜ ਵੀ ਇਸ ਸੋਚ ਵਲ ਨਹੀਂ ਧਿਆਨ ਦੇ ਰਹੇ। ਉਹ ਅਜੇ ਵੀ ਔਰਤਾਂ ਨੂੰ 1000-2000 ਰੁਪਏ ਜਾਂ ਮੁਫ਼ਤ ਬੱਸ ਸਫ਼ਰ ਤਕ ਹੀ ਸੀਮਤ ਰਖਣਾ ਚਾਹੁੰਦੇ ਹਨ।PM modi
ਕਿਸਾਨੀ ਸੰਘਰਸ਼ ਦੀਆਂ ਕੁੱਝ ਚਿੰਗਾਰੀਆਂ ਵੀ ਅਜੇ ਉਤਰ ਪ੍ਰਦੇਸ਼ ਦੇ ਕਿਸਾਨਾਂ ਦੇ ਦਿਲਾਂ ਵਿਚ ਸੁਲਘਦੀਆਂ ਹੋਣਗੀਆਂ ਜੋ ਇਸ ਚਿਣਗ ਵਿਚ ਕੁੱਝ ਗਰਮੀ ਤਾਂ ਜ਼ਰੂਰ ਪਾਉਣਗੀਆਂ। ਪਰ ਹੁਣ ਮੋਦੀ ਜੀ ਜ਼ਿਆਦਾ ਧਿਆਨ ਯੂ.ਪੀ. ਵਿਚ ਹੀ ਦੇਣ ਨੂੰ ਮਜਬੂਰ ਹੋਣਗੇ ਤੇ ਪੰਜਾਬ ਮਿਸ਼ਨ ਸਿਰਫ਼ ਪੰਜਾਬ ਨੂੰ ਅਸੁਰੱਖਿਅਤ ਕਰਾਰ ਕਰਨ ਤਕ ਹੀ ਸੀਮਤ ਰਹਿ ਜਾਵੇਗਾ। -ਨਿਮਰਤ ਕੌਰ