Editorial: ਬਾਰੀਕੀ ਨਾਲ ਜਾਂਚ ਮੰਗਦਾ ਹੈ ਅਹਿਮਦਾਬਾਦ ਹਾਦਸਾ
Published : Jun 14, 2025, 10:34 am IST
Updated : Jun 14, 2025, 10:34 am IST
SHARE ARTICLE
Editorial
Editorial

ਮ੍ਰਿਤਕਾਂ ਵਿਚ ਮੁਸਾਫ਼ਰਾਂ ਤੇ ਜਹਾਜ਼ੀ ਅਮਲੇ ਸਮੇਤ 241 ਵਿਅਕਤੀਆਂ ਤੋਂ ਇਲਾਵਾ 24 ਉਹ ਲੋਕ ਵੀ ਸ਼ਾਮਲ ਸਨ

Editorial: ਅਹਿਮਦਾਬਾਦ ਵਿਚ ਵੀਰਵਾਰ ਨੂੰ ਏਅਰ ਇੰਡੀਆ ਦੇ ਬੋਇੰਗ-787 ਡ੍ਰੀਮਲਾਈਨਰ ਜਹਾਜ਼ ਨੂੰ ਦਰਪੇਸ਼ ਭਿਆਨਕ ਹਾਦਸਾ, ਮਸ਼ੀਨ ਅੱਗੇ ਮਨੁੱਖ ਦੀ ਬੇਵੱਸੀ ਦੀ ਤ੍ਰਾਸਦਿਕ ਮਿਸਾਲ ਹੈ। ਲੰਡਨ ਦੇ ਗੈਟਵਿਕ ਏਅਰਪੋਰਟ ਜਾਣ ਵਾਲਾ ਇਹ ਜਹਾਜ਼ ਅਹਿਮਦਾਬਾਦ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ 30 ਸਕਿੰਟਾਂ ਦੇ ਅੰਦਰ ਨੇੜਲੇ ਮੈਡੀਕਲ ਕਾਲਜ ਦੇ ਹੋਸਟਲ ਉੱਪਰ ਆ ਡਿੱਗਿਆ ਜਿਸ ਕਾਰਨ 265 ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਵਿਚ ਮੁਸਾਫ਼ਰਾਂ ਤੇ ਜਹਾਜ਼ੀ ਅਮਲੇ ਸਮੇਤ 241 ਵਿਅਕਤੀਆਂ ਤੋਂ ਇਲਾਵਾ 24 ਉਹ ਲੋਕ ਵੀ ਸ਼ਾਮਲ ਸਨ ਜੋ ਹੋਸਟਲ ਦੀ ਕੈਂਟੀਨ ਤੇ ਆਸ-ਪਾਸ ਦੀਆਂ ਇਮਾਰਤਾਂ ਵਿਚ ਮੌਜੂਦ ਸਨ। ਹਵਾਈ ਸੁਰੱਖਿਆ (ਦੁਰਘਟਨਾਵਾਂ ਦੀ ਗਿਣਤੀ) ਪੱਖੋਂ ਏਅਰ ਇੰਡੀਆ ਦਾ ਰਿਕਾਰਡ ਕਾਫ਼ੀ ਚੰਗਾ ਹੈ।

ਪਿਛਲੀ ਅੱਧੀ ਸਦੀ ਦੌਰਾਨ ਇਸ ਦਾ ਨਾਂਅ ਸਿਰਫ਼ ਦੋ ਵੱਡੇ ਹਾਦਸਿਆਂ ਨਾਲ ਜੁੜਿਆ :

1985 ਦਾ ਕਨਿਸ਼ਕ ਬੰਬ ਕਾਂਡ ਜਦੋਂ ਇਸ ਦੀ ਟੋਰੰਟੋ-ਨਵੀਂ ਦਿੱਲੀ ਉਡਾਣ ਵਿਚ ਖ਼ਾਲਿਸਤਾਨੀਆਂ ਵਲੋਂ ਰੱਖਿਆ ਬੰਬ ਫਟਣ ਕਾਰਨ 349 ਲੋਕ ਮਾਰੇ ਗਏ ਅਤੇ 1978 ਦਾ ਮੁੰਬਈ ਹਾਦਸਾ ਜਦੋਂ ਦੁਬਈ ਲਈ ਰਵਾਨਾ ਹੋਇਆ ਜਹਾਜ਼ ਮੁੰਬਈ ਹਵਾਈ ਅੱਡੇ ਤੋਂ ਮਹਿਜ਼ ਚਾਰ ਕਿਲੋਮੀਟਰ ਦੂਰ ਅਰਬ ਸਾਗਰ ਵਿਚ ਜਾ ਡਿੱਗਾ। ਉਸ ਹਾਦਸੇ ਵਿਚ 213 ਜਾਨਾਂ ਗਈਆਂ ਸਨ।

ਹੁਣ ਅਹਿਮਦਾਬਾਦ ਵਿਚ ਇਸ ਹਵਾਬਾਜ਼ੀ ਕੰਪਨੀ ਤੋਂ ਕਿਹੜੀ ਕੋਤਾਹੀ ਹੋਈ, ਇਸ ਦਾ ਪਤਾ ਡ੍ਰੀਮਲਾਈਨਰ ਦੇ ਕੌਕਪਿੱਟ ਵੌਇਸ ਰਿਕਾਰਡ ਤੇ ਫਲਾਈਟ ਡੇਟਾ ਰਿਕਾਰਡਰ ਵਿਚ ਦਰਜ ਜਾਣਕਾਰੀ ਤੋਂ ਲੱਗੇਗਾ। ਇਹ ਦੋਵੇਂ ਯੰਤਰ ਹਰ ਜਹਾਜ਼ ਦੇ ਬਲੈਕ ਬੌਕਸ ਦਾ ਹਿੱਸਾ ਹੁੰਦੇ ਹਨ। ਹਵਾਬਾਜ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਉਡਾਣ ਤੋਂ ਪਹਿਲਾਂ ਹਰ ਜਹਾਜ਼ ਦੀਆਂ 64 ਪਰਖਾਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਜਹਾਜ਼ ਅੰਦਰਲੀ ਹਰ ਪ੍ਰਣਾਲੀ ਚੈੱਕ ਕੀਤੀ ਜਾਂਦੀ ਹੈ।

ਡ੍ਰੀਮਲਾਈਨਰ ਦੀ ਪਰਖ-ਪੜਤਾਲ ਦੌਰਾਨ ਉਪਰੋਕਤ 64 ਵਿਚੋਂ ਕਿਸ ਕਿਸ ਵਿਭਾਗ ਵਿਚ ਕੋਈ ਕੋਤਾਹੀ ਹੋਈ, ਇਸ ਦੀ ਜਾਣਕਾਰੀ ਵੀ ਫਲਾਈਟ ਡੇਟਾ ਰਿਕਾਰਡਰ ਦੇ ਅਧਿਐਨ ਤੋਂ ਹੀ ਮਿਲੇਗੀ। ਜਹਾਜ਼ ਦੇ ਪਾਇਲਟ ਨੇ ਮਹਿਜ਼ 600 ਫੁੱਟ ਦੀ ਉੱਚਾਈ ’ਤੇ ਪੁੱਜਦਿਆਂ ਜਹਾਜ਼ ਅੰਦਰ ਕੋਈ ਸਮੱਸਿਆ ਹੋਣ ਦਾ ਸੰਕੇਤ ਅਵੱਸ਼ ਦਿੱਤਾ ਸੀ, ਪਰ ਅਹਿਮਦਾਬਾਦ ਹਵਾਈ ਟਾਵਰ ਵਲੋਂ ਕੋਈ ਜਵਾਬੀ ਕਾਰਵਾਈ ਅਰੰਭੇ ਜਾਣ ਤੋਂ ਪਹਿਲਾਂ ਹੀ ਜਹਾਜ਼, ਆਬਾਦੀ ਵਾਲੇ ਇਲਾਕੇ ਉੱਤੇ ਆ ਡਿੱਗਿਆ। 

ਏਅਰ ਇੰਡੀਆ ਦੀ ਮੈਨੇਜਮੈਂਟ ਨੇ ਮਾਂਟ੍ਰੀਅਲ ਕਨਵੈਨਸ਼ਨ ਮੁਤਾਬਿਕ ਹਵਾਈ ਹਾਦਸੇ ਦੇ ਹਰ ਮ੍ਰਿਤਕ ਦੇ ਵਾਰਿਸਾਂ ਨੂੰ 1.30 ਕਰੋੜ  ਰੁਪਏ ਦਾ ਮਾਇਕ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਦੀ ਗੰਭੀਰਤਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਾ ਅਤੇ ਜ਼ਖ਼ਮੀਆਂ ਦੀ ਮਿਜ਼ਾਜਪੁਰਸ਼ੀ ਕਰਨਾ ਵਾਜਬ ਸਮਝਿਆ। ਉਨ੍ਹਾਂ ਨੇ ਮ੍ਰਿਤਕਾਂ ਵਿਚ ਸ਼ਾਮਲ ਸ੍ਰੀ ਵਿਜੈ ਰੁਪਾਣੀ ਦੇ ਘਰ ਜਾ ਕੇ ਉਨ੍ਹਾਂ ਦੇ ਪ੍ਰਵਾਰ ਨਾਲ ਦੁੱਖ ਵੀ ਸਾਂਝਾ ਕੀਤਾ।

ਸ੍ਰੀ ਰੁਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਨ। ਉਹ ਪੰਜਾਬ ਭਾਜਪਾ ਦੇ ਕੌਮੀ ਨਿਗ਼ਰਾਨ ਵੀ ਸਨ। ਉਨ੍ਹਾਂ ਦੇ ਚਲਾਣੇ ਨਾਲ ਭਾਜਪਾ ਦੀ ਲੀਡਰਸ਼ਿਪ ਵਿਚ ਖ਼ਲਾਅ ਪੈਦਾ ਹੋਣਾ ਸੁਭਾਵਿਕ ਹੀ ਹੈ। ਮੋਦੀ ਜਾਂ ਸ਼ਾਹ ਹਰ ਮ੍ਰਿਤਕ ਦੇ ਪ੍ਰਵਾਰ ਕੋਲ ਤਾਂ ਨਹੀਂ ਜਾ ਸਕਦੇ, ਪਰ ਹੋਰ ਕੌਮੀ ਜਾਂ ਸੂਬਾਈ ਆਗੂ ਤਾਂ ਅਜਿਹਾ ਕਰ ਹੀ ਸਕਦੇ ਹਨ। ਉਨ੍ਹਾਂ ਵਲੋਂ ਇਹ ਕਾਰਜ ਅਵੱਸ਼ ਕੀਤਾ ਜਾਣਾ ਚਾਹੀਦਾ ਹੈ। ਉਹ ਵੀ ਸਿੱਧੀ ਸਿਆਸਤ ਤੋਂ ਪਰਹੇਜ਼ ਕਰ ਕੇ। ਸੰਵੇਦਨਾ ਦਿਖਾਉਣ ’ਚ ਸਰਕਾਰ ਦਾ ਵੀ ਭਲਾ ਹੈ। 

ਅਹਿਮਦਾਬਾਦ ਦਾ ਹਵਾਈ ਅੱਡਾ ਸੰਘਣੀ ਮਨੁੱਖੀ ਆਬਾਦੀ ਵਾਲੇ ਹਿੱਸੇ ਵਿਚ ਹੋਣ ਕਾਰਨ ਜਹਾਜ਼ਾਂ ਨਾਲ ਪੰਛੀ ਟਕਰਾਉਣ ਦੀਆਂ ਘਟਨਾਵਾਂ ਲਈ ਬਦਨਾਮ ਹੈ। ਇਸ ਨੂੰ ਮਨੁੱਖੀ ਆਬਾਦੀ ਤੋਂ ਕਿਸੇ ਦੂਰਲੀ ਥਾਂ ਲਿਜਾਣ ਦੀਆਂ ਤਜਵੀਜ਼ਾਂ ਸਮੇਂ ਸਮੇਂ ਵਿਚਾਰੀਆਂ ਜ਼ਰੂਰ ਗਈਆਂ, ਪਰ ਉਨ੍ਹਾਂ ਉੱਤੇ ਫ਼ੈਸਲੇ ਸਿਆਸਤ ਦੀ ਭੇਂਟ ਚੜ੍ਹ ਗਏ।

ਹੁਣ ਅਜਿਹੀਆਂ ਤਜਵੀਜ਼ਾਂ ਉੱਤੇ ਸੰਜੀਦਗੀ ਨਾਲ ਗੌਰ ਕੀਤੇ ਜਾਣ ਅਤੇ ਹਰ ਹਵਾਈ ਅੱਡੇ ’ਤੇ ਉਡਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਲੀਆਂ ਪੇਸ਼ਬੰਦੀਆਂ ਕੀਤੇ ਜਾਣ ਦੀ ਵੀ ਸਖ਼ਤ ਜ਼ਰੂਰਤ ਹੈ। ਹਵਾਈ ਯਾਤਰਾ ਕਰਨ ਵਾਲਿਆਂ ਦੀ ਸੰਖਿਆ ਦਿਨੋਦਿਨ ਤੇਜ਼ੀ ਨਾਲ ਵੱਧ ਰਹੀ ਹੈ। ਇਸ ਖੇਤਰ ਉੱਤੇ ਵੱਧ ਰਹੇ ਬੋਝ ਨੂੰ ਝੱਲਣ ਵਿਚ ਹਵਾਈ ਜਹਾਜ਼ ਤਿਆਰ ਕਰਨ ਜਾਂ ਉਨ੍ਹਾਂ ਦੀ ਦੇਖਭਾਲ ਤੇ ਮੁਰੰਮਤ ਕਰਨ ਵਾਲੀਆਂ ਕੰਪਨੀਆਂ ਅਸਮਰਥ ਸਾਬਤ ਹੋਣ ਲੱਗੀਆਂ ਹਨ।

ਇਸ ਕਿਸਮ ਦਾ ਬੋਝ ਵੀ ਹਵਾਬਾਜ਼ੀ ਖੇਤਰ ਵਿਚ ਕੰਮ ਦੇ ਮਿਆਰ ਨਾਲ ਸਮਝੌਤਿਆਂ ਦਾ ਬਾਇਜ਼ ਬਣਨ ਲੱਗਾ ਹੈ। ਲਿਹਾਜ਼ਾ, ਹਵਾਬਾਜ਼ੀ ਮਾਹਿਰਾਂ ਅਤੇ ਇਸ ਖੇਤਰ ਦੀ ਨੇਮਬੰਦੀ ਲਈ ਜ਼ਿੰਮੇਵਾਰ ਅਥਾਰਟੀਜ਼ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਵੱਧ ਕਾਰਗਰ ਉਪਾਅ ਤੇ ਉਪਰਾਲੇ ਉਲੀਕਣ ਤਾਂ ਜੋ ਅਹਿਮਦਾਬਾਦ ਵਰਗੇ ਦੁਖਾਂਤ ਦੁਬਾਰਾ ਨਾ ਵਾਪਰਨ। 

SHARE ARTICLE

ਏਜੰਸੀ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement