
ਬੀਤੇ ਸਮੇਂ ਵਿਚ ਅਸੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਅਪਣੇ ਉਦਯੋਗ ਸੂਬੇ ਤੋਂ ਬਾਹਰ ਲਿਜਾਂਦੇ ਵੇਖਿਆ ਹੈ
ਪੰਜਾਬ ਵਿਚ ਹਰ ਨਵੀਂ ਸਰਕਾਰ ਵਿਕਾਸ ਦੇ ਨਵੇਂ ਨਵੇਂ ਯਤਨ ਸ਼ੁਰੂ ਕਰਦੀ ਹੈ ਪਰ ਹਰ ਵਾਰ ਬਹੁਤੇ ਕੰਮ ਸਰਕਾਰ ਬਦਲ ਜਾਣ ਤਕ ਸਿਰੇ ਨਹੀਂ ਲੱਗ ਸਕਦੇ। ਕਦੇ ਨਿਵੇਸ਼ ਲਿਆਉਣ ਵਾਸਤੇ ਸਮਿਟ ਕੀਤੇ ਗਏ, ਕਦੇ ਐਨ.ਆਰ.ਆਈ. ਸੰਮੇਲਨ ਪਰ ਹਰ ਵਾਰੀ ਗੱਲ ਆ ਕੇ ਇਥੇ ਰੁਕ ਜਾਂਦੀ ਹੈ ਕਿ ਲੋਕ ਹਾਜ਼ਰੀ ਤਾਂ ਲਵਾਂ ਜਾਂਦੇ ਹਨ ਪਰ ਪੈਸਾ ਨਹੀਂ ਲਿਆਉਂਦੇ।
ਬੀਤੇ ਸਮੇਂ ਵਿਚ ਅਸੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਅਪਣੇ ਉਦਯੋਗ ਸੂਬੇ ਤੋਂ ਬਾਹਰ ਲਿਜਾਂਦੇ ਵੇਖਿਆ ਹੈ। ਬੱਦੀ ਵਿਚ ਖ਼ਾਸ ਰਿਆਇਤਾਂ ਦੇਣ ਕਾਰਨ ਲੁਧਿਆਣਾ ਤੋਂ ਕਈ ਉਦਯੋਗ ਬਾਹਰ ਚਲੇ ਗਏ ਹਨ। ਪਿਛਲੀ ਵਾਰ ਜਦ ਸਰਕਾਰ ਨੇ ਨਿਵੇਸ਼ ਵਾਸਤੇ ਦੇਸ਼ ਵਿਦੇਸ਼ ਤੋਂ ਉਦਯੋਗਪਤੀ ਸੱਦੇ ਤਾਂ ਮੋਹਾਲੀ ਦੀਆਂ ਸਰਹੱਦਾਂ ਉਤੇ ਮੋਰਚਾ ਲੱਗਾ ਵੇਖ ਕੇ ਘਬਰਾ ਗਏ।
ਅੱਜ ਵੀ ਇਕ ਪਾਸੇ ਪੰਜਾਬ ਵਿਚ ਪਹਿਲੀ ਵਾਰ ਸੈਰ ਸਪਾਟੇ ਨੂੰ ਉਪਰ ਚੁਕਣ ਵਾਸਤੇ ਸਿਖਰ ਸੰਮੇਲਨ ਕਰਵਾਏ ਗਏ ਹਨ ਜਿਥੇ ਪੰਜਾਬ ਵਿਚ ਵੱਖ ਵੱਖ ਤਰ੍ਹਾਂ ਦੀਆਂ ਪਦਰਸ਼ਨੀਆਂ ਲਗਾ ਕੇ ਨਿਵੇਸ਼ ਨੂੰ ਪੰਜਾਬ ਵਿਚ ਲਿਆਉਣ ਵਾਸਤੇ ਉਤਸ਼ਾਹਤ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਵਿਚ ਵਿਆਹ ਕਰਵਾਉਣ ਲਈ ਖ਼ਾਸ ਥਾਵਾਂ ਬਣਾਈਆਂ ਜਾ ਰਹੀਆਂ ਹਨ। ਪੁਰਾਣੀਆਂ ਹਵੇਲੀਆਂ ਨੂੰ ਤਿਆਰ ਕਰ ਕੇ ਸੈਰ ਸਪਾਟੇ ਦੇ ਸਾਧਨ ਬਣਾਏ ਜਾ ਰਹੇ ਹਨ। ਪਹਾੜਾਂ ਵਿਚ ਸੈਰ ਸਪਾਟਾ ਹੁੰਦਾ ਹੈ।
ਇਤਿਹਾਸਕ ਸੈਰ ਸਪਾਟੇ ਦਾ ਲਾਭ ਲੈਂਦੇ ਹੋਏ ਅਸੀ ਉਤਰਾਖੰਡ ਅਤੇ ਰਾਜਸਥਾਨ ਨੂੰ ਹੁਣੇ ਹੁਣੇ ਵੇਖਿਆ ਹੈ। ਪੰਜਾਬ ਵਿਚ ਐਡਵੈਂਚਰ ਤੇ ਖੇਡਾਂ ਦੇ ਗੜ੍ਹ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਗਿਆ ਪਰ ਇਹ ਵੀ ਇਕ ਨਿਵੇਕਲਾ ਰਸਤਾ ਬਣ ਰਿਹਾ ਹੈ। ਬੜੇ ਚਿਰਾਂ ਬਾਅਦ ਇਕ ਆਸ ਵਿਖਾਈ ਦੇ ਰਹੀ ਹੈ ਕਿ ਸਾਡੀ ਵਿਦੇਸ਼ ਦੌੜਦੀ ਜਵਾਨੀ ਦਾ ਧਿਆਨ ਵਾਪਸ ਪੰਜਾਬ ਵਲ ਮੁੜ ਸਕਦਾ ਹੈ।
ਅੱਜ ਜਿਸ ਤਰ੍ਹਾਂ ਨੌਜਵਾਨ ਅਪਣੇ ਭਵਿੱਖ ਤੋਂ ਨਿਰਾਸ਼ ਤੇ ਨਾ-ਉਮੀਦ ਹੋ ਕੇ ਗ਼ਲਤ ਰਸਤੇ ਵਲ ਚਲ ਪਏ ਹਨ, ਉਸ ਮਾਹੌਲ ਵਿਚ ਨੌਜਵਾਨ ਕੰਮ ਵੀ ਕਰ ਸਕਦੇ ਹਨ ਤੇ ਉਦਯੋਗਪਤੀ ਵੀ ਬਣ ਸਕਦੇ ਹਨ। ਸੈਰ ਸਪਾਟੇ ਦਾ ਇਕ ਨਿਵੇਕਲਾ ਸੰਕਲਪ ਸਾਹਮਣੇ ਆਇਆ ਹੈ ਜਿਥੇ ਸ਼ਹਿਰੀ ਜਾਂ ਵਿਦੇਸ਼ੀ, ਪਿੰਡਾਂ ਤੇ ਖੇਤਾਂ ਵਿਚ ਕੁੱਝ ਸਮਾਂ ਬਿਤਾ ਕੇ ਅਪਣੇ ਵਿਰਸੇ ਨਾਲ ਕੁੱਝ ਸਮਾਂ ਬਿਤਾਉਣ ਦਾ ਮੌਕਾ ਪ੍ਰਾਪਤ ਕਰ ਸਕਦੇ ਹਨ।
ਇਸ ਯੋਜਨਾ ਨਾਲ ਪਿੰਡਾਂ ਵਿਚ ਪੈਸਾ ਆਏਗਾ ਤੇ ਸ਼ਹਿਰਾਂ ਵਾਲਿਆਂ ਨੂੰ ਕੁਦਰਤ ਦੀ ਗੋਦ ਵਿਚ ਬਹਿ ਕੇ ਛੁੱਟੀ ਮਨਾਉਣ ਦਾ ਤੇ ਅਪਣੇ ਅਸਲ ਪੰਜਾਬ ਨਾਲ ਜੁੜ ਬੈਠਣ ਦਾ ਸ਼ਾਨਦਾਰ ਮੌਕਾ ਮੇਲ ਬਣ ਸਕੇਗਾ। ਇਸ ਕੋਸ਼ਿਸ਼ ਨੂੰ ਪੂਰਾ ਸਮਰਥਨ ਦੇਣਾ ਜ਼ਰੂਰੀ ਹੈ। ਜੇ ਅਸੀ ਚਾਹੁੰਦੇ ਹਾਂ ਕਿ ਸਾਡੀ ਜਵਾਨੀ ਨਸ਼ੇ ਤੋਂ ਦੂਰ ਰਹਿ ਕੇ ਪੰਜਾਬ ਵਿਚ ਰਹੇ ਤਾਂ ਫਿਰ ਇਸ ਨਵੀਂ ਆਸ ਨੂੰੁ ਇਕ ਮੌਕਾ ਜ਼ਰੂਰ ਦੇਣਾ ਪਵੇਗਾ।
ਪੰਜਾਬ ਦੇ ਕਈ ਪੁਰਾਣੇ ਜ਼ਖ਼ਮ ਹਨ ਜਿਨ੍ਹਾਂ ਕਾਰਨ ਉਸ ਦਾ ਸਰਕਾਰਾਂ ਉਤੇ ਵਿਸ਼ਵਾਸ ਹਿਲਿਆ ਹੋਇਆ ਹੈ ਪਰ ਅੱਜ ਸਮਝਣਾ ਪਵੇਗਾ ਕਿ ਨਿਆਂ ਦੇ ਨਾਲ ਨਾਲ ਕਲ ਨੂੰ ਸਵਾਰਨ ਦੇ ਕਦਮ ਅੱਜ ਲੈਣੇ ਜ਼ਰੂਰੀ ਹਨ। ਸਾਨੂੰ ਅਪਣੇ ਹੱਕਾਂ ਦੀ ਲੜਾਈ ਨੂੰ ਸੜਕਾਂ ਤੋਂ ਚੁਕ ਕੇ ਅਦਾਲਤਾਂ ਤੇ ਗੱਲਬਾਤ ਦੇ ਰਾਹ ਲਿਜਾਣ ਨਾਲ ਹੱਲ ਨਿਕਲਣ ਦੀ ਆਸ ਦੇ ਨਾਲ ਨਾਲ ਨਿਵੇਸ਼ ਨੂੰ ਪੰਜਾਬ ਵਿਚ ਆਉਣ ਦਾ ਭਰੋਸਾ ਵੀ ਮਿਲੇਗਾ।
-ਨਿਮਰਤ ਕੌਰ