
ਇਸ ਵੇਲੇ ਚੀਨ, ਦੁਨੀਆਂ ਦੀ ਸੱਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ।
ਇਸ ਵੇਲੇ ਚੀਨ, ਦੁਨੀਆਂ ਦੀ ਸੱਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ। ਆਬਾਦੀ ਵਿਚ ਇਸ ਦੀ ਬਰਤਰੀ ਨੇ ਕਈ ਚੀਨੀ ਲੀਡਰਾਂ ਦੇ ਦਿਲਾਂ ਵਿਚ ਇਹ ਹੰਕਾਰ ਭਰ ਦਿਤਾ ਹੈ ਕਿ ਸੱਭ ਤੋਂ ਵੱਡੀ ਆਬਾਦੀ ਵਾਲਾ ਦੇਸ਼, ਦੁਨੀਆਂ ਦਾ ਸੱਭ ਤੋਂ ਤਾਕਤਵਰ ਦੇਸ਼ ਵੀ ਹੋਣਾ ਚਾਹੀਦਾ ਹੈ। ਪਰ ਉਸ ਦਾ ਇਹ ਸੁਪਨਾ, ਸਿਰਫ਼ ‘ਮੁੰਗੇਰੀ ਲਾਲ ਦੇ ਸੁਪਨਿਆਂ’ ਵਰਗਾ ਸੁਪਨਾ ਹੀ ਨਹੀਂ ਸਗੋਂ ਉਸ ਨੇ ਇਸ ਆਬਾਦੀ ਦੇ ਕੰਮਕਾਰ ਕਰਨ ਯੋਗ ਹਿੱਸੇ ਨੂੰ ਕੰਮਕਾਰ ਉਤੇ ਲਗਾ ਕੇ ਦੁਨੀਆਂ ਦਾ ਅਨੋਖਾ ਉਦਯੋਗਿਕ ਇਨਕਲਾਬ ਲਿਆ ਵਿਖਾਉਣ ਵਿਚ ਵੀ ਕਾਮਯਾਬੀ ਹਾਸਲ ਕਰ ਲਈ ਹੈ।
Population
ਕੁੱਝ ਸਾਲ ਪਹਿਲਾਂ ਤਕ, ਦੁਨੀਆਂ ਦੇ ਸਾਰੇ ਦੇਸ਼ਾਂ ਵਿਚ, ਸਸਤਾ ਤੇ ਚਮਕੀਲਾ ਚੀਨੀ ਸਾਮਾਨ, ਸਥਾਨਕ ਕੰਪਨੀਆਂ ਦੇ ਮਾਲ ਨੂੰ ਚਿਤ ਕਰਦਾ ਵੇਖਿਆ ਗਿਆ ਸੀ। ਅਮਰੀਕਾ ਵਰਗੇ ਦੇਸ਼ ਵਿਚ ਮੈਨਹਟਨ ਵਰਗੇ ਵਪਾਰਕ ਕੇਂਦਰ ਵਿਚ ਸਾਰੇ ਵੱਡੇ ਵੱਡੇ ਅਮਰੀਕੀ ਸਟੋਰਾਂ ਵਿਚ 100 ਫ਼ੀ ਸਦੀ ਚੀਨੀ ਮਾਲ ਵਿਕਦਾ ਹੋਇਆ ਨਜ਼ਰ ਆ ਸਕਦਾ ਸੀ ਤੇ ਅਮਰੀਕਾ ਵਿਚ ਬਣੇ ਸਮਾਨ ਦੀ ਬੇਕਦਰੀ ਹੁੰਦੀ ਵੀ ਵੇਖੀ ਗਈ। ਭਾਰਤ ਵਿਚ ਵੀ ਇਹੀ ਹਾਲ ਸੀ। ਹਰ ਚੀਜ਼ ਚੀਨ ਦੀ ਬਣੀ ਹੋਈ ਮਿਲਣ ਲੱਗ ਪਈ ਸੀ।
China
ਪਰ ਵਪਾਰ ਵਿਚ ਹੀ ਨਹੀਂ, ਫ਼ੌਜੀ ਤਾਕਤ, ਖੇਡਾਂ ਅਤੇ ਹੋਰ ਖੇਤਰਾਂ ਵਿਚ ਵੀ ‘ਅਫ਼ੀਮੀ’ ਕਰ ਕੇ ਜਾਣੇ ਜਾਂਦੇ ਚੀਨੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਵਲ ਵੱਡਾ ਹੰਭਲਾ ਮਾਰਿਆ। ਫਿਰ ਉਹ ਐਟਮੀ ਤਾਕਤ ਵੀ ਬਣ ਗਿਆ ਤੇ ਕੁੱਝ ਸਾਲ ਪਹਿਲਾਂ ਤਾਂ ਉਸ ਨੇ ਪਾਕਿਸਤਾਨ ਤੇ ਉਤਰੀ ਕੋਰੀਆ ਵਰਗੇ ਦੇਸ਼ਾਂ ਨੂੰ ਵੀ ਐਟਮੀ ਤਾਕਤ ਵਾਲੇ ਦੇਸ਼ ਬਣਾ ਦਿਤਾ।
ਇਸ ਤਰ੍ਹਾਂ ਏਸ਼ੀਆ ਤੇ ਅਫ਼ਰੀਕਾ ਦੇ ਬਹੁਤੀ ਆਬਾਦੀ ਵਾਲੇ ਦੇਸ਼ ਜਿਥੇ ਪਛੜੇ ਹੋਏ ਦੇਸ਼ ਮੰਨੇ ਜਾਂਦੇ ਹਨ, ਚੀਨ ਦੁਨੀਆਂ ਦਾ ਇਕੋ ਦੇਸ਼ ਬਣ ਨਿਕਲਿਆ ਜੋ ਅਪਣੀ ਵੱਡੀ ਆਬਾਦੀ ਦੇ ਬਾਵਜੂਦ, ਵੱਡੀਆਂ ਤਾਕਤਾਂ ਵਿਚ ਗਿਣਿਆ ਜਾਣ ਲੱਗਾ। ਕਾਰਨ ਇਹੀ ਸੀ ਕਿ ਚੀਨ ਨੇ ਬੜੀ ਸਖ਼ਤੀ ਨਾਲ, ਅਪਣੀ ਨੌਜਵਾਨ ਵਸੋਂ (18 ਤੋਂ 65 ਸਾਲ) ਨੂੰ ਸਮਝਾ ਦਿਤਾ ਕਿ ਇਹ ਵਸੋਂ ਦੇਸ਼ ਲਈ ਕਮਾਈ ਕਰਨ ਵਾਲੀ ਵਸੋਂ ਹੀ ਹੁੰਦੀ ਹੈ ਤੇ ਇਸ ਉਮਰ ਵਰਗ ਨੂੰ ਸਖ਼ਤੀ ਨਾਲ ਕੰਮ ਕਰਨ ਤੇ ਲਾ ਦਿਤਾ। ਕੋਈ ਵਿਹਲਾ, ਅਨਪੜ੍ਹ ਹੁਨਰ ਵਿਚ ਨਿਪੁੰਨਤਾ ਤੋਂ ਸਖਣਾ ਬੰਦਾ ਨਾ ਰਹਿਣ ਦਿਤਾ ਗਿਆ।
China and India
ਚੀਨ ਇਕ ਕਮਿਊਨਿਸਟ ਦੇਸ਼ ਹੋਣ ਕਾਰਨ, ਕਾਨੂੰਨਾਂ ਦੀ ਪ੍ਰਵਾਹ ਨਾ ਕਰਨ ਵਾਲਾ ਤੇ ਫ਼ੈਸਲਿਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਲਾ ਦੇਸ਼ ਸਾਬਤ ਹੋਇਆ। ਇਸ ਦਾ ਨਤੀਜਾ ਇਹ ਨਿਕਲਿਆ ਕਿ 18 ਤੋਂ 65 ਸਾਲ ਦੀ ਚੀਨੀ ਵਸੋਂ, ਮਸ਼ੀਨ ਵਾਂਗ ਕੰਮ ਕਰਨ ਦੀ ਆਦੀ ਬਣਾ ਦਿਤੀ ਗਈ ਤੇ ਵਾਰ ਵਾਰ ਕਹਿ ਦਿਤਾ ਗਿਆ ਕਿ ਜੇ ਇਸ ਉਮਰ ਵਰਗ ਦੇ ਕਿਸੇ ਚੀਨੀ ਨੂੰ ਆਲਸੀ, ਬੇਕਾਰ ਤੇ ਵਿਹਲੜ ਵੇਖਿਆ ਗਿਆ ਤਾਂ ਉਸ ਨੂੰ ਗੋਲੀ ਮਾਰ ਦਿਤੀ ਜਾਏਗੀ। ਇਸ ਸਖ਼ਤੀ ਦਾ ਨਤੀਜਾ ਇਹ ਨਿਕਲਿਆ ਕਿ ‘ਕੰਮ ਕਰਨ ਵਾਲੀ ਉਮਰ’ ਵਾਲਾ ਚੀਨ ਨਾ ਸਿਰਫ਼ ਅਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲੱਗ ਪਿਆ ਸੀ ਸਗੋਂ ਦੁਨੀਆਂ ਦੀਆਂ ਲੋੜਾਂ ਵੀ ਪੂਰੀਆਂ ਕਰਨ ਲੱਗ ਪਿਆ। ਚੀਨੀ ਮਾਲ ਸਸਤਾ ਵੀ ਹੁੰਦਾ ਸੀ, ਵੇਖਣ ਵਿਚ ਜ਼ਿਆਦਾ ਸੋਹਣਾ ਵੀ ਤੇ ਚਮਕ-ਦਮਕ ਵਾਲਾ ਵੀ।
Population
ਇਹ ਸਾਰਾ ਇਸ ਲਈ ਯਾਦ ਕੀਤਾ ਜਾ ਰਿਹਾ ਹੈ ਕਿ ਚੀਨ ਦੁਨੀਆਂ ਦਾ ਇਕੋ ਇਕ ਦੇਸ਼ ਹੈ ਜਿਸ ਨੇ ਅਪਣੀ ਸੱਭ ਤੋਂ ਵੱਡੀ ਆਬਾਦੀ ਨੂੰ ਦੇਸ਼ ਉਤੇ ਭਾਰ ਨਾ ਬਣਨ ਦਿਤਾ ਸਗੋਂ ਉਸ ਨੂੰ ਕੰਮ ਉਤੇ ਲਾ ਕੇ ਅਪਣੇ ਦੇਸ਼ ਦੀ ਵੱਡੀ ਤਾਕਤ ਬਣਾ ਦਿਤਾ ਜਦਕਿ ਭਾਰਤ ਇਸ ਗੱਲ ਤੇ ਹੀ ਰੋਂਦਾ ਰਹਿੰਦਾ ਹੈ ਕਿ ਦੇਸ਼ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ, ਇਸ ਲਈ ਇਥੇ ਗ਼ਰੀਬੀ ਦੂਰ ਨਹੀਂ ਕੀਤੀ ਜਾ ਸਕਦੀ। ਚੀਨ ਕਹਿੰਦਾ ਹੈ, ਇਹ ਬਿਲਕੁਲ ਗ਼ਲਤ ਹੈ। ਇਹ ਗੱਲ ਚੀਨ ਤੋਂ ਸਿਖਣੀ ਚਾਹੀਦੀ ਹੈ ਕਿ ‘ਹਮ ਦੋ ਹਮਾਰੇ ਦੋ’ ਵਰਗੇ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖ਼ਰਚਣ ਦੀ ਬਜਾਏ, ਸੱਭ ਤੋਂ ਪਹਿਲਾਂ ਭਾਰਤ ਦੀ ਵੱਡੀ ਬੇਕਾਰ ਪਈ ਆਬਾਦੀ ਨੂੰ ‘ਕਮਾਊ’ ਕਿਵੇਂ ਬਣਾਇਆ ਜਾਏ ਤੇ ਇਸ ਬਾਰੇ ਸਪੱਸ਼ਟ ਨੀਤੀ ਕਿਵੇਂ ਤਿਆਰ ਕੀਤੀ ਜਾਏ, ਜਿਵੇਂ ਚੀਨ ਨੇ ਕੀਤੀ।
China's population
ਅੱਜ ਚੀਨ ਦੀ ਹਾਲਤ ਇਹ ਹੈ ਕਿ ਉਥੇ ਪੈਸਾ ਆ ਜਾਣ ਕਾਰਨ, ਚੀਨ ਦੀ ਆਬਾਦੀ ਘਟਣੀ ਸ਼ੁਰੂ ਹੋ ਗਈ ਹੈ ਤੇ ਫਿਰ ਤੋਂ ਅਜਿਹੇ ‘ਲਾਲਚ’ ਦਿਤੇ ਜਾ ਰਹੇ ਹਨ ਕਿ ਚੀਨੀ ਤਿੰਨ ਜਾਂ ਚਾਰ ਤੋਂ ਘੱਟ ਬੱਚੇ ਪੈਦਾ ਨਾ ਕਰਨ ਕਿਉਂਕਿ ਚੀਨੀਆਂ ਦੀ ਗਿਣਤੀ ਘੱਟ ਗਈ ਤਾਂ ਚੀਨ, ਦੁਨੀਆਂ ਦਾ ਸਿਰਮੌਰ ਆਗੂ ਕਿਵੇਂ ਬਣੇਗਾ? ਦੂਜੇ ਪਾਸੇ ਭਾਰਤ ਬਾਰੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ 2025 ਤਕ ਇਹ ਆਬਾਦੀ ਦੇ ਮਾਮਲੇ ਵਿਚ ਚੀਨ ਨਾਲੋਂ ਅੱਗੇ ਲੰਘ ਜਾਏਗਾ ਤੇ ਡਰ ਰਿਹਾ ਹੈ ਕਿ ਏਨੀ ਵਸੋਂ ਨੂੰ ਰੋਟੀ, ਕਪੜਾ ਤੇ ਮਕਾਨ ਕਿਥੋਂ ਦੇਵੇਗਾ? ਕਾਰਨ ਇਹੀ ਹੈ ਕਿ ਅਸੀ ਚੀਨ ਤੋਂ ਇਹ ਸਿਖਣ ਲਈ ਤਿਆਰ ਨਹੀਂ ਕਿ ਵੱਡੀ ਆਬਾਦੀ ਦੇ 18 ਤੋਂ 65 ਸਾਲ ਦੇ ਵਰਗ ਨੂੰ ‘ਕਮਾਊ, ਹੁਨਰਮੰਦ ਤੇ ਮਸ਼ੀਨ ਵਾਂਗ ਕੰਮ ਕਰਨ ਵਾਲੇ ਸ਼ਹਿਰੀ’ ਕਿਵੇਂ ਬਣਾਇਆ ਜਾਵੇ? ਜੇ ਏਨੀ ਕੁ ਗੱਲ ਸਮਝ ਵਿਚ ਆ ਜਾਵੇ ਤਾਂ ਵੱਡੀ ਆਬਾਦੀ ਦੇਸ਼ ਨੂੰ ਵੱਡਾ ਵੀ ਬਣਾ ਸਕਦੀ ਹੈ ਤੇ ਇਸ ਤੋਂ ਡਰਨ ਦੀ ਲੋੜ ਵੀ ਨਹੀਂ ਰਹਿ ਜਾਂਦੀ।