
ਅਵਾਮੀ ਲੀਗ ਬੰਗਲਾਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ। ਇਸ ਦਾ ਜਨਮ 1949 ਵਿਚ ਹੋਇਆ
India needs to show better diplomacy Bangladesh: ਅਵਾਮੀ ਲੀਗ ਬੰਗਲਾਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ। ਇਸ ਦਾ ਜਨਮ 1949 ਵਿਚ ਹੋਇਆ। ਉਦੋਂ ਆਜ਼ਾਦ ਬੰਗਲਾਦੇਸ਼ ਵਜੂਦ ਵਿਚ ਨਹੀਂ ਸੀ ਆਇਆ, ਬਲਕਿ ਇਸ ਵਾਲਾ ਇਲਾਕਾ ਪੂਰਬੀ ਪਾਕਿਸਤਾਨ ਹੋਇਆ ਕਰਦਾ ਸੀ। ਅਵਾਮੀ ਲੀਗ ਨੂੰ ਤੱਤਕਾਲੀ ਹੁਕਮਰਾਨ ਮੁਸਲਿਮ ਲੀਗ ਦੇ ਬਦਲ ਵਜੋਂ ਉਭਾਰਿਆ ਗਿਆ। ਇਸ ਦੀ ਸਥਾਪਨਾ ਦਾ ਮੁੱਖ ਮਨੋਰਥ ਬੰਗਲਾ-ਭਾਸ਼ੀਆਂ ਨੂੰ ਪਾਕਿਸਤਾਨੀ ਸਿਆਸਤ ਵਿਚ ਬਰਾਬਰ ਦਾ ਹਿੱਸੇਦਾਰ ਬਣਾਉਣਾ ਅਤੇ ਬੰਗਲਾ ਭਾਸ਼ਾ ਨੂੰ ਉਰਦੂ ਦੇ ਬਰਾਬਰ ਦੀ ਕੌਮੀ ਭਾਸ਼ਾ ਦਾ ਦਰਜਾ ਦਿਵਾਉਣਾ ਸੀ। ਸ਼ੇਖ ਹਸੀਨਾ ਦੇ ਪਿਤਾ, ਸ਼ੇਖ ਮੁਜੀਬੁਰ ਰਹਿਮਾਨ 1960ਵਿਆਂ ਵਿਚ ਅਵਾਮੀ ਲੀਗ ਦੇ ਪ੍ਰਮੁਖ ਆਗੂ ਵਜੋਂ ਉੱਭਰੇ ਅਤੇ ਫਿਰ 1971 ਵਿਚ ਆਜ਼ਾਦ ਬੰਗਲਾਦੇਸ਼ ਦੇ ਸੰਸਥਾਪਕ ਸਾਬਤ ਹੋਏ।
ਅਗੱਸਤ 1975 ਵਿਚ ਇਕ ਫ਼ੌਜੀ ਰਾਜਪਲਟੇ ਦੌਰਾਨ ਉਨ੍ਹਾਂ ਦੀ ਹੱਤਿਆ ਮਗਰੋਂ ਫ਼ੌਜੀ ਜਰਨੈਲ, ਜ਼ਿਆ-ਉਰ-ਰਹਿਮਾਨ ਬੰਗਲਾਦੇਸ਼ ਦਾ ਹੁਕਮਰਾਨ ਬਣਿਆ। ਉਸ ਨੇ ਅਪਣੇ ਅਹੁਦੇ ਨੂੰ ਜਮਹੂਰੀ ਮਾਨਤਾ ਦਿਵਾਉਣ ਲਈ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੀ ਸਥਾਪਨਾ 1978 ਵਿਚ ਕੀਤੀ। ਉਸ ਦੀ ਹੱਤਿਆ ਮਗਰੋਂ ਬੀ.ਐਨ.ਪੀ. ਦੀ ਵਾਗਡੋਰ ਉਸ ਦੀ ਪਤਨੀ, ਬੇਗ਼ਮ ਖਾਲਿਦਾ ਜ਼ਿਆ ਦੇ ਹੱਥਾਂ ਵਿਚ ਰਹੀ। 1983 ਵਿਚ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਅਤੇ ਫਿਰ 1991 ਤੋਂ 1996 ਤੇ 2001 ਤੋਂ 2006 ਤਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੀ। ਉਸ ਮਗਰੋਂ ਸ਼ੇਖ ਹਸੀਨਾ ਦੀ ਸੱਤਾ ’ਤੇ ਵਾਪਸੀ ਹੋਈ। ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਜਿੱਤੀਆਂ ਕੌਮੀ ਚੋਣਾਂ ਰਾਹੀਂ ਜਿਹੜੀ ਤਾਨਾਸ਼ਾਹੀ-ਬਿਰਤੀ ਗ੍ਰਹਿਣ ਕੀਤੀ, ਉਸ ਦਾ ਖ਼ਮਿਆਜ਼ਾ ਉਹ ਹੁਣ ਭਾਰਤ ਵਿਚ ਜਲਾਵਤਨੀ ਦੇ ਰੂਪ ਵਿਚ ਭੁਗਤ ਰਹੀ ਹੈ।
ਅਗੱਸਤ ਵਾਲੇ ਰਾਜਪਲਟੇ ਤੋਂ ਫੌਰੀ ਬਾਅਦ ਬੀ.ਐਨ.ਪੀ. ਨੇ ਵਿਦਿਆਰਥੀ ਵਿਦਰੋਹੀਆਂ ਵਲੋਂ ਅਵਾਮੀ ਲੀਗ ਦੇ ਕਾਰਕੁਨਾਂ ਉੱਤੇ ਕਹਿਰ ਢਾਹੇ ਜਾਣ ਦਾ ਵਿਰੋਧ ਕੀਤਾ ਸੀ। ਇਹ ਪਾਰਟੀ, ਅਵਾਮੀ ਲੀਗ ਉੱਪਰ ਪਾਬੰਦੀ ਦਾ ਵੀ ਵਿਰੋਧ ਇਸ ਆਧਾਰ ’ਤੇ ਕਰਦੀ ਹੈ ਕਿ ਜਮਹੂਰੀਅਤ ਵਿਚ ਸਿਆਸੀ ਪਾਰਟੀਆਂ ਨੂੰ ਸਜ਼ਾ ਦੇਣ ਦਾ ਹੱਕ ਸਿਰਫ਼ ਵੋਟਰਾਂ ਕੋਲ ਹੈ। ਰਾਜਪਲਟੇ ਵਿਚ ਮੁਹਰੈਲ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀ ਆਗੂਆਂ ਨੇ ਐਨ.ਸੀ.ਪੀ. (ਬੰਗਲਾ ਨਾਮ : ਜਾਤੀਓ ਨਾਗਰਿਕ ਪਾਰਟੀ) ਦੀ ਸਥਾਪਨਾ ਰਾਹੀਂ ਚੋਣ ਪਿੜ ਵਿਚ ਉਤਰਨ ਦਾ ਐਲਾਨ ਕੀਤਾ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਮੁਹੰਮਦ ਯੂਨੁਸ ਇਸੇ ਪਾਰਟੀ ਦੀ ਜਿੱਤ ਦਾ ਰਾਹ ਸੁਖ਼ਾਲਾ ਬਣਾ ਕੇ ਰਾਜ-ਸੱਤਾ ਉੱਤੇ ਪਰਤਣ ਦੀ ਯੋਜਨਾ ਉੱਤੇ ਅਮਲ ਕਰ ਰਹੇ ਹਨ। ਪਰ ਇਹ ਮਿਸ਼ਨ ਕਾਮਯਾਬ ਹੁੰਦਾ ਨਹੀਂ ਜਾਪਦਾ ਕਿਉਂਕਿ ਜੇ ਚੋਣਾਂ ਇਸੇ ਸਾਲ ਹੁੰਦੀਆਂ ਹਨ ਤਾਂ ਜਿੱਤ ਬੀ.ਐਨ.ਪੀ. ਦੀ ਹੋਣ ਦੀਆਂ ਪੇਸ਼ੀਨਗੋਈਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ; ਖ਼ਾਸ ਤੌਰ ’ਤੇ ਅਵਾਮੀ ਲੀਗ ਵਾਲੀਆਂ ਵੋਟਾਂ ਇਸ ਪਾਰਟੀ ਦੇ ਹੱਕ ਵਿਚ ਭੁਗਤਣ ਦੀਆਂ ਸੰਭਾਵਨਾਵਾਂ ਕਾਰਨ। ਜਿੱਥੋਂ ਤਕ ਭਾਰਤ ਦਾ ਸਵਾਲ ਹੈ, ਉਸ ਨੂੰ ਅਪਣੀ ਪਹੁੰਚ ਬਦਲਣੀ ਚਾਹੀਦੀ ਹੈ। ਅਟੰਕ ਰਹਿਣ ਦਾ ਪ੍ਰਭਾਵ ਦੇਣ ਦੇ ਬਾਵਜੂਦ ਉਸ ਨੂੰ ਬੀ.ਐਨ.ਪੀ. ਨਾਲ ਵੀ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਅਤੇ ਐਨ.ਸੀ.ਪੀ. ਨਾਲ ਵੀ। ਸਫ਼ਾਰਤੀ ਕੂਟਨੀਤੀ ਦਾ ਤਕਾਜ਼ਾ ਵੀ ਇਹੋ ਹੀ ਹੈ।