ਆਜ਼ਾਦੀ ਸੰਗਰਾਮ ਲੜਨ ਵਾਲੇ ਸਾਡੇ ਉਸ ਸਮੇਂ ਦੇ ਲੀਡਰ ਗ਼ਲਤ ਸਨ ਜਾਂ ਅਸੀ ਹੀ ਪੂਰੇ ਦੇ ਪੂਰੇ ਅਹਿਸਾਨ-ਫ਼ਰਾਮੋਸ਼ ਬਣ ਗਏ ਹਾਂ?
Published : Aug 15, 2023, 7:07 am IST
Updated : Aug 15, 2023, 7:39 am IST
SHARE ARTICLE
File Photo
File Photo

ਸਾਡੇ ਕੋਲ ਹਰ ਆਜ਼ਾਦੀ ਹੈ, ਅਸੀ ਆਪ ਨਾਸਮਝੀ, ਲਾਲਚ, ਨਫ਼ਰਤ, ਕ੍ਰੋਧ ਦੀਆਂ ਬੇੜੀਆਂ ਵਿਚ ਅਪਣੇ ਆਪ ਨੂੰ ਜਕੜ ਕੇ ਅਪਣੇ ਆਪ ਨੂੰ ਕਮਜ਼ੋਰ ਕੀਤਾ ਹੈ।

 

76ਵੀਂ ਆਜ਼ਾਦੀ ਵਰ੍ਹੇਗੰਢ ਦੀਆਂ ਸੱਭ ਨੂੰ ਮੁਬਾਰਕਾਂ ਤੇ ਜਿਹੜੇ ਸੱਜਣ ਇਸ ਦਿਨ ਨੂੰ ਕੁੱਝ ਖ਼ਾਸ ਨਹੀਂ ਮੰਨਦੇ, ਉਨ੍ਹਾਂ ਨੂੰ ਅੱਜ ਇਕ ਪਲ ਵਾਸਤੇ ਅਪਣੇ ਆਪ ਨੂੰ ਸੌ ਸਾਲ ਪਿੱਛੇ ਲੈ ਜਾਣ ਲਈ ਵਕਤ ਕਢਣਾ ਚਾਹੀਦਾ ਹੈ। ਸੋਚੋ ਇਕ ਵਕਤ ਸੀ ਜਦ ਤੁਸੀ ਅਪਣੀ ਹੀ ਇਸ ਧਰਤੀ ਉਤੇ ਕਿਸੇ ਕਲੱਬ ਵਿਚ ਜਾਂ ਹੋਰ ਕਿਸੇ ਥਾਂ, ਕਿਸੇ ਅੰਗਰੇਜ਼ ਨਾਲ ਬੈਠ ਕੇ ਖਾਣਾ ਵੀ ਨਹੀਂ ਸੀ ਖਾ ਸਕਦੇ। ਤੁਹਾਡੇ ਮੱਥੇ ਉਤੇ ਗ਼ੁਲਾਮੀ ਦਾ ਐਸਾ ਠੱਪਾ ਲੱਗਾ ਹੋਇਆ ਸੀ ਕਿ ਤੁਸੀ ਭਾਵੇਂ ਕਿਸੇ ਰਾਣੀ ਦੀ ਕੁੱਖ ’ਚੋਂ ਪੈਦਾ ਹੋਏ ਹੋ ਜਾਂ ਕਿਸੇ ਛੋਟੀ ਜਾਤੀ ਦੀ ਮਹਿਲਾ ਦੀ ਕੁੱਖ ’ਚੋਂ ਜੰਮੇ ਹੋ ਜਾਂ ਤੁਸੀ ਕਿਸੇ ਬ੍ਰਾਹਮਣ ਦੀ ਕੁੱਖ ’ਚੋਂ ਜਾਂ ਕਿਸੇ ਮੁਸਲਮਾਨ ਦੇ ਘਰ ਦਾ ਚਿਰਾਗ਼ ਹੋ, ਤੁਹਾਡੇ ਨਾਲ ਗ਼ੁਲਾਮਾਂ ਵਾਲਾ ਹੀ ਸਲੂਕ ਕੀਤਾ ਜਾਂਦਾ ਸੀ।

ਤੁਸੀ ਗ਼ੁਲਾਮੀ ਦੀਆਂ ਬੇੜੀਆਂ ’ਚ ਐਸੇ ਬੱਝੇ ਹੋਏ ਸੀ ਕਿ ਤੁਸੀ ਬੜੇ ਸਿਆਣੇ ਹੋਣ ਦੇ ਬਾਵਜੂਦ ਕਿਸੇ ਗੋਰੇ ਸਾਹਮਣੇ ਅਪਣੇ ਹੱਕਾਂ ਅਧਿਕਾਰਾਂ ਦੀ ਗੱਲ ਕਰਨ ਬਦਲੇ ਕਾਲੇਪਾਣੀ ਦੀ ਸਜ਼ਾ ਮਿਲਣ ਦੇ ਹੱਕਦਾਰ ਬਣ ਜਾਂਦੇ ਸੀ। ਜਿਸ ਅੰਮ੍ਰਿਤਸਰ ਨੂੰ ਅਸੀ ਅਪਣੀ ਗੁਰੂ ਕੀ ਨਗਰੀ ਵਜੋਂ ਮਾਣਦੇ ਤੇ ਜਾਣਦੇ ਹਾਂ, ਉਸ ਵਿਚ ਜਨਰਲ ਡਾਇਰ ਨੇ ਸਾਨੂੰ ਕਮਰ ਸਿੱਧੀ ਕਰ ਕੇ ਚੱਲਣ ਤੋਂ ਵੀ ਰੋਕ ਦਿਤਾ ਸੀ ਤੇ ਸੜਕ ਦੇ ਇਕ ਹਿੱਸੇ ਉਤੇ ਸਾਡੇ ਪੂਰਵਜ ਉਥੇ ਰੀਂਗਣ ਲਈ ਮਜਬੂਰ ਕੀਤੇ ਜਾਂਦੇ ਸਨ।

 

ਅੱਜ ਦੇ ਦਿਨ ਬੜੇ ਆਰਾਮ ਨਾਲ ਆਮ ਹਿੰਦੁਸਤਾਨੀ, ਖ਼ਾਸ ਕਰ ਕੇ ਨੌਜਵਾਨ ਆਖ ਦੇਂਦਾ ਹੈ ਕਿ ਅਸੀ ਗ਼ੁਲਾਮ ਹਾਂ। ਬਿਨਾਂ ਸੋਚੇ ਸਮਝੇ, ਕਦੇ ਕਿਸੇ ਇਤਿਹਾਸਕ ਹਸਤੀ ’ਤੇ ਇਲਜ਼ਾਮ ਲਗਾ ਦੇਂਦੇ ਹਨ ਤੇ ਕਦੇ ਕਿਸੇ ਤੇ। ਕੁੱਝ ਨਹਿਰੂ ਨੂੰ ਨਫ਼ਰਤ ਕਰਦੇ ਹਨ ਤੇ ਕੁੱਝ ਜਿਨਾਹ ਨੂੰ। ਕੁੱਝ ਆਖਦੇ ਹਨ ਕਿ ਮਹਾਤਮਾ ਗਾਂਧੀ ਨੇ ਗ਼ਲਤ ਕੀਤਾ ਤੇ ਕੁੱਝ ਆਖਦੇ ਹਨ ਕਿ ਮਾ. ਤਾਰਾ ਸਿੰਘ ਨੇ ਸਹੀ ਨਹੀਂ ਕੀਤਾ। ਪਰ ਜਿਹੜੇ ਹਾਲਾਤ ਵਿਚ ਉਨ੍ਹਾਂ ਨੇ ਅਪਣਾ ਫ਼ਰਜ਼ ਨਿਭਾਇਆ, ਉਹ ਸਾਡੇ ਨਾਲੋਂ ਤਾਂ ਚੰਗੇ ਹੀ ਸਾਬਤ ਹੋਏ। ਉਹ ਗ਼ੁਲਾਮ ਦੇਸ਼ ਵਿਚ ਜੰਮੇ ਪਰ ਉਨ੍ਹਾਂ ਨੇ ਫਿਰ ਵੀ ਆਜ਼ਾਦੀ ਬਾਰੇ ਸੋਚਿਆ ਤੇ ਸੰਘਰਸ਼ ਕੀਤਾ, ਕੁਰਬਾਨੀਆਂ ਦਿਤੀਆਂ ਤਾਕਿ ਅੱਜ ਅਸੀ ਆਜ਼ਾਦ ਹਵਾ ਵਿਚ ਸਾਹ ਲੈ ਸਕੀਏ।

ਅੱਜ ਸਾਡੇ ਦੇਸ਼ ਦੇ ਆਗੂ ਵਿਦੇਸ਼ਾਂ ਵਿਚ ਵੀ ਮਾਣ ਸਨਮਾਨ ਪ੍ਰਾਪਤ ਕਰ ਆਉਂਦੇ ਹਨ ਪਰ ਅਜਿਹਾ ਹੋਣ ਪਿੱਛੇ ਵੀ ਸਾਡੇ ਬੀਤ ਚੁੱਕੇ ਆਗੂਆਂ ਦਾ ਨੇਕ ਨੀਅਤੀ ਨਾਲ ਗ਼ੁਲਾਮੀ ਵਿਰੁਧ ਕੀਤਾ ਸੰਘਰਸ਼ ਹੀ ਸੀ ਜਿਸ ਨੇ ਗ਼ੁਲਾਮੀ ਦੀਆਂ ਬੇੜੀਆਂ ਦੀ ਜਕੜ ਵਿਚੋਂ ਬਾਹਰ ਕੱਢ ਕੇ ਆਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਵਾਇਆ। ਤੇ ਹੁਣ ਅਸੀ ਇਸੇ ਗੱਲ ਨੂੰ ਲੈ ਕੇ ਲੜਦੇ ਰਹਿੰਦੇ ਹਾਂ ਕਿ ਮਹਾਤਮਾ ਗਾਂਧੀ ਜਾਂ ਸੁਭਾਸ਼ ਚੰਦਰ ਬੋਸ ’ਚੋਂ ਕੌਣ ਵੱਡਾ ਸੀ। ਪਰ ਜੇ ਉਨ੍ਹਾਂ ਬੀਤੇ ਸੰਘਰਸ਼ੀ ਆਗੂਆਂ ਦੀ ਅਪਣੇ ਨਾਲ ਤੁਲਨਾ ਕਰੀਏ ਤਾਂ ਸਾਡੇ ਸਾਹਮਣੇ ਇਕ ਵੱਡਾ ਪ੍ਰਸ਼ਨ ਆ ਖੜਾ ਹੋਵੇਗਾ ਕਿ ਦੋਹਾਂ ਵਿਚੋਂ ਵੱਡਾ ਅਹਿਸਾਨ-ਫਰਾਮੋਸ਼ ਕੌਣ ਸੀ ਅਤੇ ਜਵਾਬ ਹੋਵੇਗਾ ਅਸੀ!

 

ਸਾਡੇ ਕੋਲ ਹਰ ਆਜ਼ਾਦੀ ਹੈ, ਅਸੀ ਆਪ ਨਾਸਮਝੀ, ਲਾਲਚ, ਨਫ਼ਰਤ, ਕ੍ਰੋਧ ਦੀਆਂ ਬੇੜੀਆਂ ਵਿਚ ਅਪਣੇ ਆਪ ਨੂੰ ਜਕੜ ਕੇ ਅਪਣੇ ਆਪ ਨੂੰ ਕਮਜ਼ੋਰ ਕੀਤਾ ਹੈ। ਇਕ ਸਮੇਂ ਅੰਗਰੇਜ਼ ਸਾਡੇ ਲਈ ਹਊਆਂ ਸਨ ਤੇ ਅੱਜ ਅਸੀ ਆਪ ਅਪਣੇ ਲਈ ਹਉਆ ਬਣ ਗਏ ਹਾਂ। ਸਿਰਫ਼ ਇਕ ਕਿਸਾਨੀ ਸੰਘਰਸ਼ ਹੀ ਇਸ ਦੇਸ਼ ਦੇ ਆਜ਼ਾਦ ਗ਼ੁਲਾਮਾਂ ਦੀ ਕੁਰਬਾਨੀ ਨੂੰ ਸਮਝ ਸਕਿਆ। ਪਰ ਉਹ ਵੀ ਅਪਣੀ ਕੁਰਸੀ ਦੇ ਲਾਲਚ ਵਿਚ ਅੰਨ੍ਹੇ ਹੋਏ ਸਾਡੇ ਅੱਜ ਦੇ ਨੇਤਾਵਾਂ ਕਾਰਨ ਕਿਸਾਨ ਨੂੰ ਆਰਥਕ ਆਜ਼ਾਦੀ ਨਾ ਦਿਵਾ ਸਕਿਆ।

 

ਹਾਂ, ਸਾਡੇ ਦੇਸ਼, ਸਾਡੇ ਸਿਸਟਮ ਵਿਚ ਬਹੁਤ ਕਮਜ਼ੋਰੀਆਂ ਹਨ ਤੇ ਇਨ੍ਹਾਂ ਨੂੰ ਦੂਰ ਕਰਨ ਦਾ ਜ਼ਿੰਮਾ ਵੀ ਸਾਡਾ ਹੈ ਪਰ ਕੀ ਅਸੀ ਅਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ? ਕੀ ਅਸੀ ਅਪਣੀ ਆਜ਼ਾਦੀ ਦੀ ਕਦਰ ਪਾ ਰਹੇ ਹਾਂ? ਕੀ ਅਸੀ ਅਪਣੇ ਪੂਰਵਜਾਂ ਦੀ ਜ਼ਿੰਦਗੀ ਤੇ ਕੁਰਬਾਨੀਆਂ ਨਾਲ ਮਿਲੀ ਆਜ਼ਾਦ ਫ਼ਿਜ਼ਾ ਤੇ ਆਜ਼ਾਦ ਪੌਣ ਨੂੰ ਸਦਾ ਲਈ ਸ਼ੁਧ ਰੱਖ ਕੇ ਇਸ ਦਾ ਆਨੰਦ ਮਾਣ ਸਕਾਂਗੇ ‘ਜਾਂ ਬੀਤ ਚੁੱਕੇ’ ਲੀਡਰਾਂ ਦੇ ਸਿਰ ਭਾਂਡਾ ਭੰਨਦੇ ਰਹਿ ਕੇ ਆਪ ਸਗੋਂ ਹੋਰ ਵੀ ਵੱਡੀਆਂ ਗ਼ਲਤੀਆਂ ਤੇ ਖ਼ੁਨਾਮੀਆਂ ਕਰ ਕੇ ਦੇਸ਼ ਤੇ ਸਮਾਜ ਨੂੰ ਵੀ ਖੂਹ ਵਿਚ ਸੁਟ ਕੇ ਦਮ ਲਵਾਂਗੇ?                           
 - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement