
ਪੰਜਾਬ ਦੇ ਨੌਜਵਾਨ ਅੱਜ ਸੜਕਾਂ ਤੇ ਸਰਕਾਰ ਦੀ ਘਰ ਘਰ ਨੌਕਰੀ ਦੇ ਵਾਅਦੇ ਨੂੰ ਲਲਕਾਰ ਕੇ ਖ਼ਜ਼ਾਨਾ ਖ਼ਾਲੀ ਦਾ ਡਮਰੂ ਵਜਾ ਰਹੇ ਹਨ।
ਪੰਜਾਬ ਦੇ ਨੌਜਵਾਨ ਅੱਜ ਸੜਕਾਂ ਤੇ ਸਰਕਾਰ ਦੀ ਘਰ ਘਰ ਨੌਕਰੀ ਦੇ ਵਾਅਦੇ ਨੂੰ ਲਲਕਾਰ ਕੇ ਖ਼ਜ਼ਾਨਾ ਖ਼ਾਲੀ ਦਾ ਡਮਰੂ ਵਜਾ ਰਹੇ ਹਨ। ਕਲ ਬੇਰੋਜ਼ਗਾਰ ਈ.ਟੀ.ਟੀ. ਅਧਿਆਪਕਾਂ ਨੇ ਭਾਖੜਾ ਨਹਿਰ ਵਿਚ ਛਾਲਾਂ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ। ਉਨ੍ਹਾਂ ਨੂੰ ਸਿਰਫ਼ ਸਰਕਾਰੀ ਨੌਕਰੀਆਂ ਚਾਹੀਦੀਆਂ ਹਨ ਤੇ ਘਰ ਘਰ ਨੌਕਰੀ ਦਾ ਮਤਲਬ ਹਰ ਘਰ ਵਿਚ ਇਕ ਸਰਕਾਰੀ ਨੌਕਰੀ ਹੀ ਸਮਝਿਆ ਗਿਆ। ਕਾਂਗਰਸ ਚੋਣ ਪ੍ਰਚਾਰ ਨੇ ਵੀ ਇਹੀ ਖੇਡ ਖੇਡੀ ਤੇ ਨੌਕਰੀ ਦੇਣ ਤੋਂ ਬਾਅਦ ਸਪਸ਼ਟ ਕਰ ਦਿਤਾ ਕਿ ਰੋਜ਼ਗਾਰ ਦਾ ਮਤਲਬ ਸਿਰਫ਼ ਸਰਕਾਰੀ ਨੌਕਰੀ ਹੀ ਨਹੀਂ ਹੁੰਦਾ ਬਲਕਿ ਕਿਸੇ ਤਰ੍ਹਾਂ ਦਾ ਕੰਮਕਾਜ ਵੀ ਹੋ ਸਕਦਾ ਹੈ।
PHOTO
ਇਕ ਪਿੰਡ ਵਿਚ ਸਪੋਕਸਮੈਨ ਦੀ ਸੱਥ ਦੌਰਾਨ ਇਕ ਨੌਜਵਾਨ ਮਿਲਿਆ ਜਿਸ ਨੇ ਆਖਿਆ ਕਿ ਉਸ ਨੂੰ ਰੋਜ਼ਗਾਰ ਮੇਲੇ ਵਿਚ 7500 ਦੀ ਨੌਕਰੀ ਮਿਲੀ। ਸਿਖਿਆ ਪੱਧਰ ਬਾਰੇ ਪੁਛਿਆ ਤਾਂ ਉਹ 8ਵੀਂ ਪਾਸ ਸੀ। ਅੱਜ ਪੰਜਾਬ ਵਿਚ ਪੂਰੇ ਦੇਸ਼ ਵਾਂਗ ਬੇਰੁਜ਼ਗਾਰੀ ਸਿਖਰ ਤੇ ਹੈ ਅਤੇ ਜਿਸ ਤਰ੍ਹਾਂ ਦੇ ਆਸਾਰ ਨਜ਼ਰ ਆ ਰਹੇ ਹਨ, ਇਸ ਨੇ ਭਵਿੱਖ ਵਿਚ ਵਧਣਾ ਹੀ ਵਧਣਾ ਹੈ। ਭਾਰਤ ਵਿਚ ਜੀ.ਐਮ., ਫ਼ੋਰਡ, ਹਾਰਲੇ ਡੈਵੀਸਨ ਵਰਗੀਆਂ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਬੰਦ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਸਮਾਨ ਖ਼ਰੀਦਣ ਵਾਸਤੇ ਭਾਰਤ ਦੀ ਆਬਾਦੀ ਦੀ ਸਮਰੱਥਾ ਨਹੀਂ ਰਹੀ। ਫ਼ੋਰਡ ਦੇ ਜਾਣ ਨਾਲ ਨਾ ਸਿਰਫ਼ 4000 ਲੋਕ ਬੇਰੁਜ਼ਗਾਰ ਹੋਏ ਬਲਕਿ ਭਵਿੱਖ ਤੋਂ ਹੋਰ ਕੰਪਨੀਆਂ ਵੀ ਇਥੇ ਆਉਣ ਤੋਂ ਰੁਕਣਗੀਆਂ। ਅਰਥਚਾਰੇ ਵਿਚ ਸਰਕਾਰਾਂ ਤੇ ਜਨਤਾ ਉਤੇ ਬਰਾਬਰ ਦਾ ਅਸਰ ਹੁੰਦਾ ਹੈ। ਸੋ ਸਾਡੇ ਸਰਕਾਰੀ ਖ਼ਜ਼ਾਨੇ ਖ਼ਾਲੀ ਹਨ ਤਾਂ ਸਰਕਾਰੀ ਨੌਕਰੀਆਂ ਨਹੀਂ ਮਿਲ ਸਕਦੀਆਂ। ਜੇ ਸਾਡੇ ਲੋਕਾਂ ਵਿਚ ਖ਼ਰੀਦਣ ਦੀ ਸਮਰੱਥਾ ਨਹੀਂ ਹੈ ਤਾਂ ਖ਼ਜ਼ਾਨਾ ਤਾਂ ਖ਼ਾਲੀ ਰਹੇਗਾ ਹੀ।
Ford
ਸਾਡੀ ਸਰਕਾਰ ਦੀ ਜੋ ਸੋਚ ਬਣੀ ਹੋਈ ਹੈ ਕਿ ਉਹ 1 ਫ਼ੀ ਸਦੀ ਨੂੰ ਹੀ ਖ਼ੁਸ਼ ਰਖ ਸਕਦੀ ਹੈ। ਨਾ ਸਿਰਫ਼ ਅੱਜ ਦੀ ਸਰਕਾਰ ਦੇ ‘ਦੋਸਤ’ ਬਲਕਿ ਹਰ ਸਰਕਾਰ ਦੇ ਖ਼ਾਸਮ-ਖ਼ਾਸ ਸਿਆਸਤਦਾਨ ਤੇ ਅਫ਼ਸਰਸ਼ਾਹੀ ਵੀ ਉਸੇ 1 ਫ਼ੀ ਸਦੀ ਦਾ ਹਿੱਸਾ ਹਨ। ਭਾਵੇਂ ਸਾਰਾ ਖ਼ਜ਼ਾਨਾ ਖ਼ਾਲੀ ਹੋ ਜਾਵੇ ਤਾਂ ਵੀ ਸਿਆਸਤਦਾਨ ਤੇ ਅਫ਼ਸਰ ਵਾਸਤੇ ਹਰ ਸਹੂਲਤ ਉਪਲਬੱਧ ਹੈ। ਸਾਡੇ ਦੇਸ਼ ਵਿਚ ਹਰ ਕੋਈ ਉਸ 1 ਫ਼ੀ ਸਦੀ ਸ਼ੇ੍ਣੀ ਦਾ ਹਿੱਸਾ ਬਣਨਾ ਚਾਹੁੰਦਾ ਹੈ। ਸਾਰੇ ਸਰਕਾਰੀ ਨੌਕਰੀਆਂ ਕਰਨ ਵਾਸਤੇ ਤਿਆਰ ਹਨ ਕਿਉਂਕਿ ਉਹ ਤਾਂ ਇਕ ਤਰ੍ਹਾਂ ਦੀ ਲਾਟਰੀ ਹੀ ਸਮਝੀ ਜਾਂਦੀ ਹੈ। ਇਕ ਵਾਰ ਨਿਕਲ ਆਈ ਤਾਂ ਸਾਰੀ ਉਮਰ ਲਈ ਐਸ਼ ਸਮਝੋ।
Harley- Davidson
ਜੇ ਇਸ ਦਾ ਹੱਲ ਕਢਣਾ ਚਾਹੁੰਦੇ ਹੋ ਤਾਂ ਫਿਰ ਨਾ ਸਿਰਫ਼ ਸਰਕਾਰਾਂ ਦੀਆਂ ਗ਼ਲਤੀਆਂ ਬਲਕਿ ਅਪਣੀਆਂ ਗ਼ਲਤੀਆਂ ਨੂੰ ਵੀ ਕਬੂਲਣਾ ਪਵੇਗਾ। ਕਮਜ਼ੋਰੀ ਸਾਡੇ ਨੌਜਵਾਨਾਂ ਵਿਚ ਵੀ ਹੈ ਜੋ ਕੰਮ ਕਰਨਾ ਨਹੀਂ ਚਾਹੁੰਦੇ। ਮਾਂ ਦੇ ਹੱਥ ਦੀ ਪੱਕੀ ਪਕਾਈ ਉਮਰ ਭਰ ਵਾਸਤੇ ਮੰਗਦੇ ਹਨ ਅਤੇ ਜੇ ਕਸੂਰ ਕਢਣਾ ਹੈ ਤਾਂ ਵਿਚ ਰੱਬ ਦੀ ਵੀ ਗ਼ਲਤੀ ਕੱਢ ਲਉ ਜਿਸ ਨੇ ਤੁਹਾਡਾ ਜਨਮ ਇਸ ਧਰਤੀ ਤੇ ਕੀਤਾ ਨਾ ਕਿ ਕੈੈਨੇਡਾ ਵਿਚ। ਇਕ ਗ਼ਰੀਬ ਦੇਸ਼ ਵਿਚ ਪੈਦਾ ਹੋਏ ਲੋਕ ਨੌਕਰੀਆਂ ਮੰਗਦੇ ਹਨ ਜਿਥੇ ਤਨਖ਼ਾਹ ਕੈਨੇਡਾ ਦੇ ਬਰਾਬਰ ਮਿਲਦੀ ਹੈ। ਕੈਨੇਡਾ ਵਿਚ ਡਰਾਈਵਰੀ ਕਰਨੀ ਸਹੀ ਹੈ ਪਰ ਪੰਜਾਬ ਵਿਚ ਮਿਹਨਤ ਕਰਨੀ ਸਹੀ ਨਹੀਂ।
PHOTO
ਕਾਰਨ ਇਹ ਹੈ ਕਿ ਇਥੇ ਤਰੱਕੀ ਨੂੰ ਸਮਾਂ ਲਗਦਾ ਹੈ। ਇਕਦਮ ਡਾਲਰ ਦੀ ਤਾਕਤ ਨਹੀਂ ਆਉਂਦੀ। ਪਰ ਜੇ ਸਾਡੇ ਬਜ਼ੁਰਗ ਕਿਸਾਨ ਇਸ ਤਰ੍ਹਾਂ ਸੋਚਦੇ ਤਾਂ ਫਿਰ ਭਾਰਤ ਅੱਜ ਵੀ ਭੁਖਮਰੀ ਵਿਚ ਫਸਿਆ ਹੁੰਦਾ। ਉਨ੍ਹਾਂ ਉਸ ਸਮੇਂ ਮਿਹਨਤ ਕੀਤੀ ਤੇ ਉਨ੍ਹਾਂ ਦਾ ਅੱਜ ਸੁਧਰਿਆ। ਅੱਜ ਸਾਡੇ ਸਿਆਸਤਦਾਨਾਂ, ਅਫ਼ਸਰਸ਼ਾਹੀ ਤੇ ਨੌਜਵਾਨਾਂ ਨੂੰ ਅਪਣੇ ਦੇਸ਼ ਦੀ ਹਕੀਕਤ ਸਮਝਦੇ ਹੋਏ, ਅਪਣੇ ਆਪ ਨੂੰ ਇਕ ਖ਼ਾਸ ਤਬਕੇ ਵਿਚੋਂ ਕੱਢ ਕੇ ਅਪਣੇ ਆਪ ਨੂੰ ਭਾਰਤ ਦਾ ਆਮ ਨਾਗਰਿਕ ਸਮਝ ਕੇ ਕਮਰ ਕੱਸਣ ਦੀ ਲੋੜ ਹੈ।
-ਨਿਮਰਤ ਕੌਰ