
ਉਥੇ ਤਾਂ ਮਨ ਟਿਕੇ ਹੋਏ ਹੁੰਦੇ ਹਨ
ਗੁਰੂ ਘਰਾਂ ਵਿਚ ਬੈਂਚਾਂ ਉਤੇ ਬੈਠਣ ਦੇ ਵਿਵਾਦ ਨੂੰ ਵੇਖ ਕੇ ਬਾਬਾ ਨਾਨਕ ਦੀ ਮੱਕੇ ਦੀ ਯਾਤਰਾ ਯਾਦ ਆਉਂਦੀ ਹੈ। ਹਰ ਸਿੱਖ ਨੂੰ ਬਚਪਨ ਤੋਂ ਹੀ ਉਹ ਸਾਖੀ ਸੁਣਾ ਕੇ ਇਕ ਤੱਥ ਸਮਝਾਇਆ ਜਾਂਦਾ ਰਿਹਾ ਹੈ ਕਿ ਤੁਹਾਡੇ ਹਰ ਪਾਸੇ, ਉਪਰ ਹੇਠਾਂ, ਅੰਦਰ ਬਾਹਰ, ਤੁਹਾਡੇ ਕਣ-ਕਣ, ਕਤਰੇ ਕਤਰੇ ਵਿਚ ਗੁਰੂ (ਅਕਾਲ ਪੁਰਖ) ਵਸਦਾ ਹੈ। ਜੇ ਤੁਸੀ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਤੇ ਵੀ ਚੜ੍ਹ ਜਾਉ ਜਾਂ ਚੰਨ ’ਤੇ ਵੀ ਪਹੁੰਚ ਜਾਉ, ਫਿਰ ਵੀ ਤੁਸੀ ਗੁਰੂ ਅਕਾਲ ਪੁਰਖ ਦੇ ਆਸ਼ੀਰਵਾਦ ਹੇਠ ਹੋ ਤੇ ਇਕ ਕੁਰਸੀ ਤੇ ਬੈਠਣ ਨਾਲ ਅਪਣੇ ਆਪ ਨੂੰ ਗੁਰੂ ਤੋਂ ਉੱਚਾ ਸਮਝਣ ਦੀ ਭੁੱਲ ਕੋਈ ਸੱਚਾ ਸਿੱਖ ਨਹੀਂ ਕਰ ਸਕਦਾ। ਉੱਚਾ ਹੋਣਾ ਕੀ, ਉੱਚਾ ਹੋਣ ਦਾ ਖ਼ਿਆਲ ਵੀ ਕਿਸੇ ਸਿੱਖ ਦੇ ਮਨ ਵਿਚ ਆਉਣਾ ਬੜੀ ਹੈਰਾਨੀ ਦੀ ਗੱਲ ਹੈ।
ਨਾ ਗੁਰੂ ਕੋਈ ਸ੍ਰੀਰ ਹੈ, ਨਾ ਗੁਰਦਵਾਰੇ ਵਿਚ ਕੁਰਸੀਆਂ ਜਾਂ ਕਾਲੀਨਾਂ ਤੇ ਬੈਠੀ ਸੰਗਤ ਕੋਈ ਸ੍ਰੀਰ ਹੁੰਦੀ ਹੈ, ਉਥੇ ਤਾਂ ਮਨ ਟਿਕੇ ਹੋਏ ਹੁੰਦੇ ਹਨ ਕਿਉਂਕਿ ਉਥੇ ਸ੍ਰੀਰਾਂ ਦਾ ਨਹੀਂ, ਮਨਾਂ ਦਾ ਇਲਾਜ ਹੋ ਰਿਹਾ ਹੁੰਦਾ ਹੈ ਤੇ ਮਨਾਂ ਨੂੰ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਹੁੰਦੀ ਹੈ। ਸ੍ਰੀਰਾਂ ਨੂੰ ਲੈ ਕੇ ਝਗੜੇ ਖੜੇ ਕਰਨਾ ਅਗਿਆਨਤਾ ਹੈ, ਹੋਰ ਕੁੱਝ ਨਹੀਂ। ਸਾਰੀਆਂ ਬੰਦਸ਼ਾਂ ਮਨਾਂ ਤੇ ਲਾਉਣੀਆਂ ਹੀ ਜਾਇਜ਼ ਹਨ, ਸ੍ਰੀਰਾਂ ਉਤੇ ਵਾਧੂ ਦੀਆਂ ਬੰਦਸ਼ਾਂ ਦਾ ਹਰ ਧਰਮ ਮੁਖੀ ਨੂੰ ਸਦਾ ਵਿਰੋਧ ਕੀਤਾ ਹੈ। ਬਾਬਾ ਨਾਨਕ ਨੇ ਵੀ ਸ੍ਰੀਰ ਉਤੇ ਕੇਵਲ ਉਸ ਬੰਦਸ਼ ਨੂੰ ਪ੍ਰਵਾਨ ਕੀਤਾ ਹੈ ਜੋ ਮਨ ਨੂੰ ਭਟਕਾ ਰਹੀ ਹੋਵੇ (ਜਿਤ ਖਾਧੇ ਤਨ ਪੀੜੀਐ... ਮਨ ਮਹਿ ਚਲਹਿ ਵਿਕਾਰ....)
ਇਸ ਨੂੰ ਮਰਿਆਦਾ ਦੀ ਉਲੰਘਣਾ ਵਜੋਂ ਪੇਸ਼ ਕਰਨ ਵਾਲਿਆਂ ਨੂੰ, ਜਿਨ੍ਹਾਂ ਕੋਲ 2013 ਦਾ ਅਕਾਲ ਤਖ਼ਤ ਦਾ ਫ਼ੁਰਮਾਨ ਵੀ ਹੈ, ਨੂੰ ਅੱਜ ਪੁਛਣਾ ਬਣਦਾ ਹੈ ਕਿ ਕੀ ਉਹ ਜਾਣਦੇ ਹਨ ਕਿ ਉਹ ਕਿਸ ਧਰਮ ਦੇ ਵਾਰਸ ਹਨ? ਗੁਰੂ ਸਾਹਿਬਾਂ ਨੇ ਹਰ ਸਥਾਨਕ ਰੀਤੀ ਰਿਵਾਜ ਤੋੜ ਕੇ ਸਿੱਖ ਫ਼ਲਸਫ਼ੇ ਨੂੰ ਸਾਜਿਆ ਸੀ ਜਿਸ ਵਿਚ ਰੱਬ ਤੇ ਮਨੁੱਖ ਵਿਚਕਾਰ ਕੋਈ ਹੋਰ ਨਹੀਂ ਆਵੇਗਾ। ਜੇ ਗੁਰੂ ਸਾਹਿਬ ਕੱਟੜ ਰੀਤਾਂ ਨੂੰ ਮੰਨਦੇ ਹੁੰਦੇ ਤਾਂ ਫਿਰ ਉਹ ਅਪਣਾ ਜਨੇਊ ਨਾ ਮੋੜਦੇ, ਨਾ ਸੂਰਜ ਦੀ ਉਲਟ ਦਿਸ਼ਾ ਵਿਚ ਪਾਣੀ ਪਾ ਕੇ, ਚਲੀ ਆ ਰਹੀ ਰਵਾਇਤ ’ਤੇ ਸਵਾਲ ਚੁਕਦੇ। ਜਿਸ ਧਰਮ ਨੇ ਰੱਬ ਤੇ ਇਨਸਾਨ ਵਿਚਕਾਰ ਹਰ ਬੈਰੀਅਰ ਤੋੜਿਆ ਹੋਵੇ, ਕੀ ਉਸ ਧਰਮ ਨੂੰ ਮੰਨਣ ਵਾਲੇ, ਕਿਸੇ ਦੀ ਵਡੇਰੀ ਉਮਰ ਜਾਂ ਅਪਾਹਜ ਹੋਣ ਨੂੰ ਲੈ ਕੇ ਕਿਸੇ ਵੀ ਇਨਸਾਨ ਨੂੰ ਸੰਗਤ ਵਿਚੋਂ ਬੇਦਖ਼ਲ ਕਰਨ ਦਾ ਕਾਰਨ ਬਣ ਸਕਦੇ ਹਨ?
ਅੱਜਕਲ ਦੇ ਨਵੇਂ ਸਿਆਣੇ ਆਖਦੇ ਹਨ ਕਿ ਐਮ.ਪੀ. ਸਿਮਰਨਜੀਤ ਸਿੰਘ ਮਾਨ ਕਦੇ ਵੀ ਕੁਰਸੀ ਨਹੀਂ ਇਸਤੇਮਾਲ ਕਰਦੇ ਭਾਵੇਂ ਬੜਾ ਔਖ ਝੱਲ ਕੇ ਬੈਠੇ ਰਹਿੰਦੇ ਹਨ ਤੇ ਦੋ ਆਦਮੀ ਉਨ੍ਹਾਂ ਨੂੰ ਬੈਠਣ ਤੇ ਉਠਣ ਵਿਚ ਸਹਿਯੋਗ ਕਰਦੇ ਹਨ। ਪਰ ਸਿਮਰਨਜੀਤ ਸਿੰਘ ਮਾਨ ਕੋਲ 10-15 ਸਰਕਾਰੀ ਸਕਿਉਰਟੀ ਮੁਲਾਜ਼ਮ ਹੁੰਦੇ ਹਨ ਤੇ ਅਪਣੇ ਪਾਰਟੀ ਵਰਕਰ ਵੀ ਹੁੰਦੇ ਹਨ ਜਦਕਿ ਇਕ ਆਮ ਬਜ਼ੁਰਗ ਸਿੱਖ ਦੇ ਬੱਚੇ ਵੀ ਵਿਦੇਸ਼ ਵਿਚ ਪੜ੍ਹਾਈ ਕਰ ਰਹੇ ਹੁੰਦੇ ਹਨ। ਜਿਹੜੇ ਨੌਜੁਆਨ ਗੁਰੂ ਘਰਾਂ ਵਿਚ ਬੈਂਚਾਂ ਨੂੰ ਸਾੜਨ ਲੱਗੇ ਹੋਏ ਸਨ, ਕੀ ਉਹ ਉਠਣ ਬੈਠਣ ਵੇਲੇ, ਬਜ਼ੁਰਗਾਂ ਦੀ ਸਹਾਇਤਾ ਕਰਨ ਲਈ ਗੁਰੂ ਘਰਾਂ ਵਿਚ ਬੈਠ ਕੇ ਡਿਊਟੀ ਦੇਣਗੇੇ?
ਨੌਜੁਆਨਾਂ ਨੂੰ ਸਰੀਰ ਦੀਆਂ ਤਕਲੀਫ਼ਾਂ ਬਾਰੇ ਘੱਟ ਹੀ ਸਮਝ ਹੁੰਦੀ ਹੈ ਪਰ ਜਿਸ ਤਰ੍ਹਾਂ ਇਨ੍ਹਾਂ ਨੌਜੁਆਨਾਂ ਨੇ ਗੁਰੂ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਸਪੀਚਾਂ ਵਿਚ ਗੋਡੇ ਭੰਨਣ ਦੇ ਬਿਆਨ ਦਿਤੇ ਹਨ, ਸਾਫ਼ ਹੈ ਕਿ ਇਨ੍ਹਾਂ ਦੇ ਮਨ ਵਿਚ ਹਮਦਰਦੀ ਤੇ ਸੋਚ ਵਿਚ ਸਬਰ ਤੇ ਸੂਝ ਬਿਲਕੁਲ ਵੀ ਨਹੀਂ ਹਨ। ਜਿਨ੍ਹਾਂ ਨੂੰ ਤੋੜਨ ਦੀ ਕਾਹਲ ਹੋਵੇ, ਉਨ੍ਹਾਂ ਕੋਲੋਂ ਸਿੱਖ ਪੰਥ ਨੂੰ ਜੋੜਨ ਤੇ ਅੱਗੇ ਵਧਾਉਣ ਦੀ ਸਮਰੱਥਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਲੋਕ ਇਹ ਨਹੀਂ ਸਮਝ ਰਹੇ ਕਿ ਅਪਣੇ ਇਸ ਕਦਮ ਨਾਲ ਉਨ੍ਹਾਂ ਨੇ ਸਿੱਖ ਧਰਮ ਦੀ ਛਵੀ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ।
ਇਨ੍ਹਾਂ ਦੀਆਂ ਬੈਂਚਾਂ ਨੂੰ ਅੱਗ ਲਾਉਂਦਿਆਂ ਦੀਆਂ ਤਸਵੀਰਾਂ ਹੁਣ ਦੁਨੀਆਂ ਨੂੰ ਇਕ ਹੋਰ ਕਾਰਨ ਦੇ ਦੇਣਗੀਆਂ ਜਿਸ ਨੂੰ ਵਰਤ ਕੇ ਉਹ ਪੰਜਾਬ ਵਿਚ ਨਿਵੇਸ਼ ਕਰਨ ਤੋਂ ਪਿੱਛੇ ਹਟਣ ਲੱਗ ਜਾਣਗੇ। ਇਨ੍ਹਾਂ ਤਸਵੀਰਾਂ ਨੂੰ ਵਾਰ ਵਾਰ ਇਸਤੇਮਾਲ ਕੀਤਾ ਜਾਵੇਗਾ, ਇਹ ਸਾਬਤ ਕਰਨ ਲਈ ਕਿ ਪੰਜਾਬ ਵਿਚ ਸ਼ਾਂਤੀ ਨਹੀਂ ਰਹੀ। ਪਰ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦਾ ਕੋਈ ਕਦਮ ਗੁਰੂ ਸਾਹਿਬਾਂ ਦੀ ਸੋਚ ਨਾਲ ਮੇਲ ਨਹੀਂ ਖਾਂਦਾ। ਜੋ ਲੋਕ ਆਪ ਹੰਕਾਰ, ਹਉਮੈ, ਕੱਟੜਪੁਣੇ ਦੇ ਨਸ਼ੇ ਵਿਚ ਧੁੱਤ ਹੋਣ, ਉਹ ਅਪਣੇ ‘ਤਾਲਿਬਾਨੀ’ ਢੰਗ ਤਰੀਕਿਆਂ ਨਾਲ ਬਾਕੀ ਲੋਕਾਂ ਨੂੰ ਮੂਰਖ ਅਤੇ ਇਨ੍ਹਾਂ ਦੇ ਜ਼ੋਰ ਜ਼ਬਰਦਸਤੀ ਵਾਲੇ ਹੁਕਮਾਂ ਦੇ ਗ਼ੁਲਾਮ ਲੋਕ ਹੀ ਸਮਝਦੇ ਹਨ ਜੋ ਸੰਗਤੀ ਤੌਰ ਤੇ ਗੁਰਦਵਾਰੇ ਵਿਚ ਬੈਠ ਕੇ ਵੀ ਕੋਈ ਫ਼ੈਸਲੇ ਨਹੀਂ ਲੈ ਸਕਦੇ। -ਨਿਮਰਤ ਕੌਰ