
ਇੰਨੀਆਂ ਹਾਰਾਂ ਦੇ ਬਾਅਦ ਤਾਂ ਸਾਫ਼ ਹੋੋਣਾ ਚਾਹੀਦਾ ਹੈ ਕਿ ਆਖ਼ਰ ਕਾਂਗਰਸ ਵਾਰ-ਵਾਰ ਹਾਰਦੀ ਕਿਉਂ ਜਾ ਰਹੀ ਹੈ?
‘ਕਾਂਗਰਸ-ਮੁਕਤ ਭਾਰਤ’ ਮੁਹਿੰਮ, ਹਰ ਚੋਣ ਦੇ ਬਾਅਦ, ਸਫ਼ਲਤਾ ਦੇ ਹੋਰ ਨੇੜੇ ਹੁੰਦੀ ਜਾ ਰਹੀ ਹੈ। ਹਰ ਵਾਰ ਲੋਕਾਂ ਦੇ ਫ਼ਤਵੇ ਤੋਂ ਬਾਅਦ ਕਾਂਗਰਸ ਸੋਚਣ ਵਿਚਾਰਨ ਬੈਠ ਜਾਂਦੀ ਹੈ ਕਿ ਆਖ਼ਰ ਇਹ ਹੋ ਕੀ ਗਿਆ? ਇਹ ਅਪਣੇ ਆਪ ਵਿਚ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਇੰਨੀਆਂ ਹਾਰਾਂ ਦੇ ਬਾਅਦ ਤਾਂ ਸਾਫ਼ ਹੋੋਣਾ ਚਾਹੀਦਾ ਹੈ ਕਿ ਆਖ਼ਰ ਕਾਂਗਰਸ ਵਾਰ-ਵਾਰ ਹਾਰਦੀ ਕਿਉਂ ਜਾ ਰਹੀ ਹੈ?
Sonia Gandhi
ਹੁਣ ਪੰਜਾਬੀ ਕਾਂਗਰਸੀ ਇਕ ਦੂਜੇ ’ਤੇ ਦੋਸ਼ ਲਗਾਉਣ ਲਈ ਅਪਣੀ ਪੂਰੀ ਤਾਕਤ ਲਗਾ ਰਹੇ ਹਨ ਪਰ ਜੇ ਇਨ੍ਹਾਂ ਨੇ ਇਹੀ ਤਾਕਤ ਅਪਣੀ ਸਰਕਾਰ ਦੇ ਕੰਮ-ਕਾਰ ਵਿਚ ਸੁਧਾਰ ਲਿਆਉਣ ਲਈ ਲਗਾ ਦਿਤੀ ਹੁੰਦੀ ਤਾਂ ਹਾਰ ਜਾਣ ਤੇ ਏਨੀ ਨਮੋਸ਼ੀ ਨਾ ਹੁੰਦੀ ਜਿੰਨੀ ਹੁਣ ਹੋਈ ਹੈ। ਕਾਂਗਰਸ ਹਾਈ ਕਮਾਨ ਤੇ ਅਕਾਲੀ ਹਾਈ ਕਮਾਨ ਵਿਚ ਫ਼ਰਕ ਕੀ ਰਹਿ ਗਿਆ ਹੈ? ਦੋਵੇਂ ਹਾਈ ਕਮਾਨ (ਅਰਥਾਤ ਦੋਵੇਂ ਪ੍ਰਵਾਰ) ਪਾਰਟੀ ਨੂੰ ਛੋਟਾ ਤੇ ਅਪਣੇ ਆਪ ਨੂੰ ਵੱਡਾ ਦੱਸਣ ਲਈ ਡਟੇ ਹੋਏ ਹਨ। ਪਾਰਟੀਆਂ ਮਰਦੀਆਂ ਹਨ ਤਾਂ ਮਰਨ ਦਿਉ ਪਰ ਦੋਹਾਂ ਪ੍ਰਵਾਰਾਂ (ਗਾਂਧੀ ਤੇ ਬਾਦਲ) ਦੀ ਸਰਦਾਰੀ ਨਹੀਂ ਜਾਣ ਦੇਣੀ, ਨਾ ਪਾਰਟੀਆਂ ਦੀਆਂ ਗੋਲਕਾਂ ਦੀਆਂ ਚਾਬੀਆਂ ਕਿਸੇ ਹੋਰ ਹੱਥ ਜਾਣ ਦੇਣੀਆਂ ਹਨ।
Captain Amarinder Singh
ਜਦ ਕਾਂਗਰਸੀਆਂ ਨੂੰ ਜ਼ਿੰਮੇਵਾਰੀ ਲੈਣ ਲਈ ਆਖੋ ਤਾਂ ਸਾਰੇ ਭੱਜ ਜਾਂਦੇ ਹਨ ਜਿਵੇਂ ਰਾਸ਼ਟਰ ਪੱਧਰ ਤੇ ਗਾਂਧੀ ਪ੍ਰਵਾਰ ਨੇ ਇਕ ਵਾਰ ਫਿਰ ਅਪਣੇ ‘ਯੈਸਮੈਨਾਂ’ ਕੋਲੋਂ ਅਖਵਾ ਲਿਆ ਹੈ ਕਿ ਵਾਗਡੋਰ ਸੰਭਾਲਣ ਵਾਲਾ ਤਾਂ ਤੁਹਾਡੇ ਬਿਨਾਂ ਹੋਰ ਕੋਈ ਜੰਮਿਆ ਹੀ ਨਹੀਂ। ਇਸੇ ਤਰ੍ਹਾਂ ਪੰਜਾਬ ਕਾਂਗਰਸ ਨੇ ਜਦ ਅਪਣੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿਚ ਫੜਾ ਦਿਤੀ ਸੀ ਤਾਂ ਸਾਰੇ ਉਨ੍ਹਾਂ ਸਾਹਮਣੇ ਲੰਮਲੇਟ ਹੋ ਗਏ ਸਨ। ਜਿਵੇਂ ਕੈਪਟਨ ਅਮਰਿੰਦਰ ਸਿੰਘ ਜਾਣਦੇ ਸਨ ਕਿ ਉਨ੍ਹਾਂ ਦੇ ਰਾਜ ਵਿਚ ਖੁਲ੍ਹ ਕੇ ਮਾਫ਼ੀਆ ਰਾਜ ਚਲ ਰਿਹਾ ਸੀ, ਉਸੇ ਤਰ੍ਹਾਂ ਰਾਹੁਲ ਗਾਂਧੀ ਵੀ ਅਪਣੇ ਆਗੂਆਂ ਨੂੰ ਖੁਲ੍ਹ ਕੇ ਬਗ਼ਾਵਤ ਕਰਦੇ ਵੇਖ ਰਹੇ ਸਨ ਅਤੇ ਦੋਵੇਂ ਬਰਬਾਦੀ ਹੁੰਦੇ ਵੇਖਦੇ ਰਹੇ ਤੇ ਚੁੱਪ ਰਹੇ।
Charanjit Singh Chani
ਜਦ ਨਵਜੋਤ ਸਿੱਧੂ ਮੁੱਖ ਮੰਤਰੀ ਚੰਨੀ ਨੂੰ ਨੀਵਾਂ ਵਿਖਾਉਂਦੇ ਸਨ ਤਾਂ ਹਾਈਕਮਾਨ ਉਦੋਂ ਵੀ ਚੁੱਪ ਰਿਹਾ। ਜਦ ਪਾਰਟੀ ਪ੍ਰਧਾਨ ਹੀ ਮੁੱਖ ਮੰਤਰੀ ਦੀ ਜਹੀ ਤਹੀ ਕਰਦਾ ਮਿਲੇਗਾ ਤਾਂ ਫਿਰ ਬਾਕੀ ਕਿਵੇਂ ਚੁੱਪ ਰਹਿੰਦੇ? ਰਾਣਾ ਗੁਰਜੀਤ ਸਿੰਘ ਨੇ ਅਪਣੇ ਪੁੱਤਰ ਨੂੰ ਬੁਲਾ ਕੇ ਕਾਂਗਰਸ ਵਿਰੁਧ ਖੜਾ ਕਰ ਦਿਤਾ। ਸੁਨੀਲ ਜਾਖੜ ਨੇ ਵਾਰ-ਵਾਰ ਅਪਣੇ ਨਾਲ ਹੋਏ ਵਿਤਕਰੇ ਨੂੰ ਲੈ ਕੇ ਹਿੰਦੂ ਵੋਟਰਾਂ ਨੂੰ ਕਾਂਗਰਸ ਤੋਂ ਦੂਰ ਕੀਤਾ। ਤ੍ਰਿਪਤ ਰਜਿੰਦਰ ਬਾਜਵਾ ਨੇ ਅਪਣੇ ਪੁੱਤਰ ਵਾਸਤੇ ਬਗ਼ਾਵਤ ਕੀਤੀ। ਬਸ ਬਗ਼ਾਵਤ ਹੀ ਬਗ਼ਾਵਤ ਸੀ ਤੇ ਫਿਰ ਵੀ ਇਹ ਅਜੇ ‘ਚਿੰਤਨ’ ਕਰ ਰਹੇ ਹਨ ਕਿ ਲੋਕਾਂ ਨੇ ਇਨ੍ਹਾਂ ਨੂੰ ਵੋਟ ਕਿਉਂ ਨਹੀਂ ਪਾਈ?
Rahul Gandhi
ਜੇ ਕਾਂਗਰਸੀ ਚੰਨੀ ਨੂੰ ਜਿਤਾ ਕੇ ਮੁੱਖ ਮੰਤਰੀ ਬਣਾ ਵੀ ਲੈਂਦੇ ਤਾਂ ਕੀ ਨਵਜੋਤ ਸਿੱਧੂ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਪਾਉਂਦੇ? ਲੋਕ ਜਾਣਦੇ ਸੀ ਕਿ ਇਨ੍ਹਾਂ ਸਾਰਿਆਂ ਨੇ ਜਿੱਤ ਕੇ ਵੀ ਇਕ ਸਰਕਾਰ ਨਹੀਂ ਦੇਣੀ, ਇਕ ਸਰਕਸ ਹੀ ਪੇਸ਼ ਕਰਨੀ ਹੈ ਤੇ ਦਿੱਲੀ ਵਿਚ ਬੈਠੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਾਂਧੀ ਦੇ ਬੰਦਰਾਂ ਅਨੁਸਾਰ, ਨਾ ਕੁੱਝ ਬੋਲਣਾ ਹੈ, ਨਾ ਸੁਣਨਾ ਤੇ ਨਾ ਵੇਖਣਾ ਹੈ। ਰਾਹੁਲ ਗਾਂਧੀ ਨੇ ਇਸ ਵਾਰ ਪੰਜਾਬ ਦੇ ਮੰਚ ਤੋਂ ਆਖਿਆ ਵੀ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਐਮ.ਐਲ.ਏਜ਼ ਦੀ ਬਗ਼ਾਵਤ ਦਾ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਤਾਂ ਇਕ ਲੋਕਤਾਂਤਰਿਕ ਪ੍ਰੰਪਰਾ ਹੈ। ਉਹ ਗ਼ਲਤ ਸਨ ਕਿਉਂਕਿ ਇਕ ਅਸਲ ਲੋਕਤਾਂਤਰਿਕ ਪ੍ਰੰਪਰਾ ਸਿਰਫ਼ ਬਗ਼ਾਵਤ ਦੀ ਖੁਲ੍ਹ ਨੂੰ ਹੀ ਨਹੀਂ ਕਹਿੰਦੇ ਬਲਕਿ ਜ਼ਿੰਮੇਵਾਰੀ ਵੀ ਉਸ ਵਿਚ ਸ਼ਾਮਲ ਹੁੰਦੀ ਹੈ।
Navjot Sidhu
ਅੱਜ ਕਾਂਗਰਸ ਅਪਣੀ ਜ਼ਿੰਮੇਵਾਰੀ ਭੁਲ ਚੁੱਕੀ ਹੈ। ਸੱਤਾ ਦੇ ਸਿੰਘਾਸਨ ਜਾਂ ਪਾਰਟੀ ਦੀ ਵੱਡੀ ਕੁਰਸੀ ’ਤੇ ਬੈਠ ਕੇ ਕਾਂਗਰਸੀ ਆਰਾਮ ਕਰਨ ਲੱਗ ਪੈਂਦੇ ਹਨ ਜਦ ਕਿ ਉਨ੍ਹਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਅੱਜ ਜਦ ਕੇਂਦਰ ਵਿਚ ਸਰਕਾਰ ਨਹੀਂ, ਰਾਹੁਲ ਗਾਂਧੀ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਅਪਣੇ ਗਿਣੇ ਚੁਣੇ ਸੂਬਿਆਂ ਦੇ ਸ਼ਾਸਨ ਵਿਚ ਮੌਜੂਦ ਰਹਿਣ, ਵਿਖਾਈ ਦੇਣ ਤੇ ਮੁੱਖ ਮੰਤਰੀਆਂ ਨੂੰ ਖਿੱਚ ਕੇ ਰੱਖਣ। ਜ਼ਿੰਮੇਵਾਰੀ ਦੇ ਬਗ਼ੈਰ, ਆਜ਼ਾਦੀ ਵੀ ਭੀੜ-ਤੰਤਰ ਬਣ ਜਾਂਦੀ ਹੈ ਤੇ ਪੰਜਾਬੀ ਕਾਂਗਰਸੀ ਵੀ ਭੀੜਾਂ ਵਾਂਗ ਬੇਕਾਬੂ ਹੋ ਗਏ ਸਨ। ਜੇ ਉਹ ਅਪਣੀ ਹਾਰ ਦਾ ਮੰਥਨ ਕਰ ਹੀ ਰਹੇ ਹਨ ਤਾਂ ਪਹਿਲਾਂ ਇਨ੍ਹਾਂ ਤੋਂ ਇਸ ਹਾਰ ਵਿਚ ਅਪਣੀ ਅਪਣੀ ਜ਼ਿੰਮੇਵਾਰੀ ਦੀ ਬੈਲੈਂਸਸ਼ੀਟ ਮੰਗ ਲਉ, ਤਸਵੀਰ ਆਪ ਹੀ ਸਾਫ਼ ਹੋ ਜਾਵੇਗੀ।
- ਨਿਮਰਤ ਕੌਰ