ਸਿੱਧੂ ਮੂਸੇਵਾਲੇ ਵਿਚ ਕਮਜ਼ੋਰੀਆਂ ਸਨ, ਪਰ ਉਸ ਵਿਚ ਹੁਨਰ ਵੀ ਸੀ ਜਿਸ ਨਾਲ ਉਹ ਰਵਾਇਤਾਂ ਨੂੰ ਚੁਨੌਤੀ ਦੇ ਰਿਹਾ ਸੀ ਤੇ ਲਾਰੈਂਸ ਰਵਾਇਤ ਦਾ ਹਿੱਸਾ ਸੀ।
ਜਿਸ ਤਰ੍ਹਾਂ ਦੀਆਂ ਕਹਾਣੀਆਂ ਜੇਲ ਵਿਚ ਵਕਤ ਬਿਤਾ ਆਏ ਲੋਕਾਂ ਕੋਲੋਂ ਸੁਣਨ ਨੂੰ ਮਿਲਦੀਆਂ ਹਨ, ਉਨ੍ਹਾਂ ਨੂੰ ਸੁਣ ਚੁਕਣ ਮਗਰੋਂ ਹੈਰਾਨੀ ਨਾ ਹੋਈ ਜਦ ਲਾਰੈਂਸ ਬਿਸ਼ਨੋਈ ਨੇ ਇਕ ਰਾਸ਼ਟਰੀ ਚੈਨਲ ’ਤੇ ਅਪਣਾ ਪੱਖ ਲੋਕਾਂ ਸਾਹਮਣੇ ਪੇਸ਼ ਕੀਤਾ। ਉਸ ਨੇ ਅਪਣੀ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਅਪਣੇ ਆਪ ਨੂੰ ਇਕ ਦੇਸ਼ ਭਗਤ ਅਖਵਾਉਣ ਦਾ ਯਤਨ ਵੀ ਕੀਤਾ। ਉਸ ਦੀਆਂ ਗੱਲਾਂ ਸੁਣ ਕੇ ਹਮਦਰਦੀ ਉਪਜ ਰਹੀ ਸੀ ਕਿਉਂਕਿ ਅੱਜ ਕਿੰਨੇ ਅਜਿਹੇ ਨੌਜਵਾਨ ਹਨ ਜੋ ਅਜਿਹੇ ਰਾਹ ’ਤੇ ਕੇਵਲ ਇਸ ਲਈ ਚਲ ਰਹੇ ਹਨ ਕਿਉਂਕਿ ਉਨ੍ਹਾਂ ਦੀ ਆਵਾਜ਼ ਸੁਣੀ ਨਹੀਂ ਜਾਂਦੀ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਅਪਣੇ ਆਪ ਨਾਲ ਆਪ ਹੀ ਨਿਆਂ ਕਰ ਸਕਦੇ ਹਨ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਅੰਤ ਕਿਥੇ ਜਾ ਕੇ ਹੋਵੇਗਾ।
ਇਨ੍ਹਾਂ ਨੂੰ ਇਕ ਫ਼ੌਜੀ ਵਾਂਗ ਮਰਨ ਵਾਸਤੇ ਤਿਆਰ ਨਹੀਂ ਕੀਤਾ ਜਾਂਦਾ ਸਗੋਂ ਉਹ ਤਾਂ ਸਮਾਜ ਵਿਚ ਰਹਿ ਕੇ ਸੌਖਾ ਜੀਵਨ ਬਤੀਤ ਕਰਨ ਲਈ ਸੰਘਰਸ਼ ਕਰ ਰਹੇ ਹੁੰਦੇ ਹਨ। ਜਿਵੇਂ ਦੇਸ਼ ਵਿਚ ਚਿੱਟੇ ਅਤੇ ਕਾਲੇ ਧਨ ਦੀ ਬਰਾਬਰ ਦੀ ਇਕ ਸਮਾਨਾਂਤਰ ਅਰਥ-ਵਿਵਸਥਾ ਚਲਦੀ ਹੈ, ਉਸੇ ਤਰ੍ਹਾਂ ਸਾਡੇ ਸਮਾਜ ਵਿਚ ਇਕ ਸਮਾਨਾਂਤਰ ਸਮਾਜ ਚਲਦਾ ਹੈ। ਜਿਹੜਾ ਲਾਰੈਂਸ ਬਿਸ਼ਨੋਈ ਧਾਰਾ 307 ਤਹਿਤ ਜੇਲ ਵਿਚ ਸੁਟਿਆ ਗਿਆ ਸੀ, ਉਹ ਜੇਲ ਵਿਚ ਨੌਂ ਸਾਲ ਤੋਂ ਰਹਿੰਦੇ ਰਹਿੰਦੇ ਇਕ ਰਾਸ਼ਟਰੀ ਗੈਂਗਸਟਰ ਬਣ ਗਿਆ ਹੈ ਜਿਸ ਦੀ ‘ਕੰਪਨੀ’ ਹੁਣ ਵਿਦੇਸ਼ਾਂ ਵਿਚ ਅਪਣੇ ਪੈਰ ਪਸਾਰ ਰਹੀ ਹੈ। ਇਸ ਜੇਲ ਸਿਸਟਮ ਵਿਚ ਰਹਿ ਕੇ ਉਸ ਨੇ ਅਪਣੇ ਆਪ ਨੂੰ ਇਕ ਕ੍ਰਾਂਤੀਕਾਰੀ ਵਿਦਿਆਰਥੀ ਤੋਂ ਅਜਿਹਾ ਰੂਪ ਦੇ ਲਿਆ ਜਿਸ ਨਾਲ ਹਜ਼ਾਰਾਂ ਹੋਰ ਨੌਜਵਾਨ ਆ ਜੁੜੇ ਹਨ।
ਬਿਸ਼ਨੋਈ ਦਾ ਨਾਂ ਸਿਰਫ਼ ਪੰਜਾਬ ਜਾਂ ਚੰਡੀਗੜ੍ਹ ਜਾਂ ਹਰਿਆਣਾ ਤਕ ਹੀ ਸੀਮਤ ਨਹੀਂ ਬਲਕਿ ਉਸ ਨੇ ਇਨ੍ਹਾਂ ਸਾਰੇ ਸੂਬਿਆਂ ਦੇ ਛੋਟੇ ਗੈਂਗਸਟਰਾਂ ਨੂੰ ਜੋੜ ਕੇ ਇਕ ਵੱਡਾ ਗੈਂਗਸਟਰ ਨੈਟਵਰਕ ਬਣਾ ਲਿਆ ਹੈ। ਕੀ ਇਹ ਉਸ ਦੀ ਮਿਹਨਤ ਤੇ ਦਿਮਾਗ਼ ਦੀ ਕਰਾਮਾਤ ਹੈ ਜਾਂ ਸਾਡੇ ਜੇਲ ਸਿਸਟਮ ਦੀ ਹਾਰ? ਜਿਥੇ ਅਪਰਾਧੀ ਨੂੰ ਸੁਧਾਰਨ ਵਾਸਤੇ ਭੇਜਿਆ ਜਾਂਦਾ ਹੈ, ਉਥੇ ਹੀ ਉਸ ਨੂੰ ਅਪਰਾਧ ਦੀ ਦੁਨੀਆਂ ਵਿਚ ਅੱਗੇ ਵਧਣ ਵਾਸਤੇ ਹਰ ਸਹੂਲਤ ਮਿਲਦੀ ਹੈ। ਤਾਂ ਫਿਰ ਗ਼ਲਤੀ ਕਿਸ ਦੀ ਹੋਈ?
ਜੋ ਕੁੱਝ ਉਸ ਨੇ ਮੂਸੇਵਾਲੇ ਬਾਰੇ ਆਖਿਆ, ਉਸ ਦਾ ਗੁੱਸਾ ਸਮਝ ਵਿਚ ਆਉਂਦਾ ਹੈ ਕਿਉਂਕਿ ਉਸ ਦੀ ਅਪਣੀ ਨਜ਼ਰ ਵਿਚ ਉਹ ਆਪ ਇਕ ਵੱਡੀ ਤਾਕਤ ਹੈ, ਪਰ ਉਹ ਮੂਸੇਵਾਲ ਦੇ ਯੋਗਦਾਨ ਨੂੰ ਨਹੀਂ ਸਮਝ ਸਕਦਾ ਕਿਉਂਕਿ ਦੋਹਾਂ ਵਿਚ ਫਰਕ ਬਹੁਤ ਸੀ। ਸਿਧੂ ਮੂਸੇਵਾਲੇ ਵਿਚ ਕਮਜ਼ੋਰੀਆਂ ਸਨ, ਪਰ ਉਸ ਵਿਚ ਹੁਨਰ ਵੀ ਸੀ ਜਿਸ ਨਾਲ ਉਹ ਰਵਾਇਤਾਂ ਨੂੰ ਚੁਨੌਤੀ ਦੇ ਰਿਹਾ ਸੀ ਤੇ ਲਾਰੈਂਸ ਰਵਾਇਤ ਦਾ ਹਿੱਸਾ ਸੀ। ਦੋਹਾਂ ਮੁੰਡਿਆਂ ਨੂੰ ਚੁਨੌਤੀ ਦਾ ਸਾਹਮਣਾ ਕਰਨਾ ਪਿਆ ਪਰ ਇਕ ਨਾਮੀ ਗੈਂਗਸਟਰ ਬਣਿਆ ਤੇ ਇਕ ਨੌਜਵਾਨਾਂ ਦੀ ਰੂਹ ਨੂੰ ਦਸਤਕ ਦੇਣ ਵਾਲੀ ਆਵਾਜ਼। ਹਾਂ, ਸਿੱਧੂ ਮੂਸੇਵਾਲੇ ਨੂੰ ਨਿਆਂ ਦੇਣ ਲਈ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ ਪਰ ਇਹੀ ਅੰਤਰ ਹੈ ਰਾਤ ਦੇ ਹਨੇਰੇ ਤੇ ਜੇਲ ਵਿਚ ਚਲਣ ਵਾਲੇ ਸਮਾਜ ਵਿਚ ਤੇ ਰੌਸ਼ਨੀ ਵਿਚ ਪਨਪਦੇ ਸਮਾਜ ਵਿਚ।
ਲਾਰੈਂਸ ਦੀਆਂ ਗੱਲਾਂ ਸੁਣ ਕੇ ਅਫ਼ਸੋਸ ਹੋ ਰਿਹਾ ਸੀ ਕਿਉਂਕਿ ਉਹ ਵੀ ਜਾਣਦਾ ਹੈ ਕਿ ਉਸ ਦੇ ਆਸ ਪਾਸ ਸਾਜ਼ਸ਼ਾਂ ਤੇਜ਼ ਹੋ ਰਹੀਆਂ ਹਨ ਤੇ ਹੁਣ ਉਹ ਅਪਣੇ ਆਪ ਨੂੰ ਸਿੱਧੂ ਦੇ ਕਤਲ ਦੀ ਸਾਜ਼ਸ਼ ਤੋਂ ਵੀ ਦੂਰ ਕਰਨ ਦਾ ਯਤਨ ਕਰ ਰਿਹਾ ਸੀ ਪਰ ਜਿਸ ਹਨੇਰੇ ਦੀ ਗਹਿਰਾਈ ਵਿਚ ਉਹ ਪਹੁੰਚ ਗਿਆ ਹੈ, ਉਸ ਦਾ ਵਾਪਸ ਰੌਸ਼ਨੀ ਵਿਚ ਆਉਣਾ ਮੁਮਕਿਨ ਨਹੀਂ ਰਿਹਾ। ਉਸ ਨੇ ਆਪ ਹੀ ਰੱਬ ਦਾ ਦਿਤਾ ਰਾਹ ਕਬੂਲ ਲਿਆ ਹੈ। ਪਰ ਸਵਾਲ ਇਹ ਹੈ ਕਿ ਇਹ ਰਾਹ ਰੱਬ ਦਾ ਹੈ ਜਾਂ ਉਸ ਨੇ ਆਪ ਚੁਣਿਆ ਹੈ?
ਦੇਸ਼ ਪ੍ਰੇਮੀ ਅਖਵਾਉਂਦੇ ਲਾਰੈਂਸ ਤੇ ਉਸ ਦੇ ਸਾਥੀਆਂ ਨੂੰ ਸਮਝਣਾ ਪਵੇਗਾ ਕਿ ਕੀ ਅਸੀ ਅਪਣੀ ਮਾਂ ਨੂੰ ਕਦੇ ਇਕ ਝਰੀਟ ਵੀ ਮਾਰ ਸਕਦੇ ਹਾਂ? ਮਾਂ ਸਾਨੂੰ ਥਪੜ ਮਾਰਦੀ ਹੈ, ਥਾਪੀ ਨਾਲ ਕੁਟਦੀ ਹੈ, ਪਰ ਅਸੀ ਅਪਣੇ ਘਰ ਵਿਚ ਬੰਦੂਕਾਂ ਚਲਾ ਕੇ ਮਾਂ ਦੇ ਪਿਆਰ ਦਾ ਵਾਸਤਾ ਨਹੀਂ ਦੇ ਸਕਦੇ। ਲਾਰੈਂਸ ਤੇ ਸਿੱਧੂ ਮੂਸੇਵਾਲਾ ਦੀਆਂ ਜ਼ਿੰਦਗੀਆਂ ਸਾਨੂੰ ਇਕ ਸੰਦੇਸ਼ ਦਿੰਦੀਆਂ ਹਨ। ਚੁਨੌਤੀਆਂ ਸੱਭ ਨੂੰ ਆਉਂਦੀਆਂ ਹਨ, ਪਰ ਫ਼ੈਸਲਾ ਅਸੀਂ ਖ਼ੁਦ ਕਰਨਾ ਹੈ ਕਿ ਅਸੀ ਕਿਹੜੇ ਪਾਸੇ ਜਾਣਾ ਹੈ - ਰੌਸ਼ਨੀ ਵਲ ਜਾਂ ਹਨੇਰੇ ਵਲ? ਹਨੇਰਾ ਹੈ ਤੇ ਸਾਡਾ ਸਿਸਟਮ ਉਸ ਨੂੰ ਰੋਕ ਨਹੀਂ ਪਾ ਰਿਹਾ ਕਿਉਂਕਿ ਸ਼ਾਇਦ ਬਹੁਤ ਜ਼ਿਆਦਾ ਆਬਾਦੀ ਦੀ ਸਮੱਸਿਆ ਨਾਲ ਨਜਿਠਣ ਦੀ ਯੋਗਤਾ ਸਾਡੇ ਕੋਲ ਨਹੀਂ ਹੈ। ਪਰ ਤੁਸੀ ਕਿਸ ਪਾਸੇ ਜਾਣਾ ਹੈ, ਇਹ ਤੁਹਾਡੇ ਅਪਣੇ ਤੇ ਨਿਰਭਰ ਹੈ। ਹਰ ਇਕ ਕੋਲ ਪੈਸਾ ਨਹੀਂ ਹੁੰਦਾ, ਵੱਡੀ ਗੱਡੀ, ਮਹਿੰਗੇ ਕਪੜੇ ਨਹੀਂ ਹੁੰਦੇ, ਕਈਆਂ ਕੋਲ ਮਾਂ-ਬਾਪ ਵੀ ਨਹੀਂ ਹੁੰਦੇ। ਪਰ ਰੂਹ ਦੀ ਆਵਾਜ਼ ਤੇ ਉਸ ’ਚੋਂ ਨਿਕਲਦੀ ਆਵਾਜ਼ ’ਚੋਂ ਇਕ ਨੂੰ ਚੁਣਨ ਦੀ ਆਜ਼ਾਦੀ ਸੱਭ ਕੋਲ ਹੁੰਦੀ ਹੈ। - ਨਿਮਰਤ ਕੌਰ