
ਕੋਰੋਨਾ ਮਹਾਂਮਾਰੀ ਦੀ ਪਕੜ ਹੁਣ ਪੰਜਾਬ ਤੇ ਆਸ-ਪਾਸ ਦੇ ਰਾਜਾਂ ਵਿਚ ਵੀ ਡਾਢੀ ਹੁੰਦੀ ਜਾ ਰਹੀ ਹੈ।
ਕੋਰੋਨਾ ਮਹਾਂਮਾਰੀ ਦੀ ਪਕੜ ਹੁਣ ਪੰਜਾਬ ਤੇ ਆਸ-ਪਾਸ ਦੇ ਰਾਜਾਂ ਵਿਚ ਵੀ ਡਾਢੀ ਹੁੰਦੀ ਜਾ ਰਹੀ ਹੈ। ਕੁੱਝ ਪਲਾਂ ਵਾਸਤੇ ਇਹ ਗ਼ਲਤਫ਼ਹਿਮੀ ਜ਼ਰੂਰ ਪੈਦਾ ਹੋ ਗਈ ਸੀ ਕਿ ਪੰਜਾਬ ਇਸ ਜੰਗ ਵਿਚ ਸੰਪੂਰਨ ਫ਼ਤਿਹ ਪ੍ਰਾਪਤ ਕਰਨ ਦੇ ਨੇੜੇ ਪੁੱਜ ਗਿਆ ਹੈ। ਪਰ ਜਿਸ ਤਰ੍ਹਾਂ ਅੱਗੇ ਵੱਧ ਕੇ ਕੰਮ ਕਰਨ ਵਾਲੇ ਅਫ਼ਸਰ ਅਤੇ ਸਿਆਸਤਦਾਨ ਇਸ ਦੀ ਪਕੜ ਵਿਚ ਆ ਰਹੇ ਹਨ, ਹੁਣ ਇਸ ਤੋਂ ਬਚਣ ਦੀ ਤਿਆਰੀ ਹੋਰ ਤੇਜ਼ ਕਰਨ ਦੀ ਲੋੜ ਹੈ। ਇਕ ਵਜ਼ੀਰ ਤੇ ਕਈ ਵੱਡੇ ਅਫ਼ਸਰ ਵੀ ਇਸ ਦੀ ਜ਼ਦ ਵਿਚ ਆਏ ਹੋਏ ਹਨ। ਵਾਹਿਗੁਰੂ ਭਲੀ ਕਰੇ।
Corona Virus
ਇਨਸਾਨ ਨੂੰ ਹਮੇਸ਼ਾ ਜਾਪਦਾ ਹੈ ਕਿ ਉਸ ਨਾਲ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਪਰ ਕਿਸੇ ਹੋਰ ਨਾਲ ਮਿਲਣ ਤੇ ਹੀ, ਉਹ ਬਚਾਅ ਕਰਦਾ-ਕਰਦਾ ਵੀ ਸੰਪਰਕ ਵਿਚ ਆ ਜਾਂਦਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੋ ਕਿ ਇਕ ਖਿਡਾਰੀ ਸਨ, ਅਪਣੇ ਆਪ ਨੂੰ ਕੋਵਿਡ-19 ਦੀ ਮਾਰ ਤੋਂ ਸੁਰੱਖਿਅਤ ਉਨ੍ਹਾਂ ਦਾ ਸਮਝ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਉਹ ਇਕ ਖਿਡਾਰੀ ਵਾਲੀ ਤੰਦਰੁਸਤੀ ਰਖਦੇ ਹਨ ਤੇ ਇਹ ਬੀਮਾਰੀ ਕੁੱਝ ਨਹੀਂ ਵਿਗਾੜ ਸਕਦੀ।
Corona Virus
ਉਨ੍ਹਾਂ ਨੂੰ ਅਪਣੀ ਸਿਹਤ 'ਤੇ ਏਨਾ ਵਿਸ਼ਵਾਸ ਸੀ ਕਿ ਉਨ੍ਹਾਂ ਵੱਡੇ ਇਕੱਠਾਂ ਵਿਚ ਜਾਣਾ, ਤਾਂ ਵੀ ਨਾ ਪਾਉਣਾ। ਬੇਬਸੇਨਾਰੋ ਸਿਆਣਿਆਂ ਦੇ ਉਸ ਵਰਗ ਵਿਚ ਆਉਂਦੇ ਹਨ ਜੋ ਕੋਰੋਨਾ ਨੂੰ ਇਕ ਫ਼ਾਲਤੂ ਦੀ ਘਬਰਾਹਟ ਮੰਨਦੇ ਹਨ। ਸਾਡੇ ਵਿਚਕਾਰ ਵੀ ਕਈ ਸਿਆਣੇ ਹਨ ਜੋ ਕੋਰੋਨਾ ਨੂੰ ਕਿਸੇ ਲੈਬ ਵਿਚ ਬਣਾਏ ਗਏ ਹਥਿਆਰ ਦੀ ਸਾਜ਼ਸ਼ ਲਗਦੀ ਹੈ। ਕਈ ਅਜਿਹੇ ਵੀ ਸਿਆਣੇ ਹਨ ਜਿਨ੍ਹਾਂ ਨੂੰ ਇਹ ਸਰਕਾਰਾਂ ਦੀ ਇਕ ਸਾਜ਼ਸ਼ ਹੀ ਜਾਪਦੀ ਹੈ।
corona virus
ਇਹ ਉਹ ਸਿਆਣੇ ਹਨ ਜਿਨ੍ਹਾਂ ਦਾ ਅਪਣੇ ਆਪ ਉਤੇ ਪੂਰਾ ਵਿਸ਼ਵਾਸ ਹੈ ਜਾਂ ਕਈ ਉਹ ਵੀ ਹਨ ਜਿਨ੍ਹਾਂ ਨੂੰ ਅਪਣੇ ਕਰਤਾ ਪੁਰਖ ਉਤੇ ਪ੍ਰਪੱਕ ਵਿਸ਼ਵਾਸ ਹੈ। ਆਖ਼ਰਕਾਰ 'ਜਾਕੋ ਰਾਖੇ ਸਾਂਈਆਂ ਮਾਰ ਸਕੇ ਨਾ ਕੋਇ' ਦੀ ਸੋਚ ਤਾਂ ਸਾਡੇ ਹਰ ਸਾਹ ਵਿਚ ਵਸੀ ਹੈ। ਜੋ ਵੀ ਹੁੰਦਾ ਹੈ ਰੱਬ ਦੀ ਮੰਜ਼ੂਰੀ ਨਾਲ ਹੀ ਹੁੰਦਾ ਹੈ ਤੇ ਰੱਬ ਜੋ ਵੀ ਕਰੇਗਾ, ਠੀਕ ਹੀ ਕਰੇਗਾ।
Donald Trump
ਪਰ ਅਸਲੀਅਤ ਇਹ ਹੈ ਕਿ ਕਈ ਖੋਜਾਂ ਸਾਬਤ ਕਰ ਚੁਕੀਆਂ ਹਨ ਕਿ ਇਹ ਵਾਇਰਸ ਕਿਸੇ ਬੰਬ ਵਿਚ ਰੱਖੀ ਮਨੁੱਖੀ ਸ਼ਕਤੀ ਨਹੀਂ ਬਲਕਿ ਇਕ ਕੁਦਰਤੀ ਬਣਤਰ ਹੈ। ਸੋ ਅਪਣੇ ਆਪ ਨੂੰ ਕਿਸੇ ਵੈਕਸੀਨ ਜਾਂ ਦਵਾਈ ਕੰਪਨੀਆਂ ਦੀ ਸਾਜ਼ਸ਼ ਦੇ ਭੁਲੇਖੇ ਵਿਚ ਰੱਖ ਕੇ ਕਿਸੇ ਭੁਲੇਖੇ ਨੂੰ ਨਾ ਪਾਵੋ। ਇਹ ਵਾਇਰਸ ਉਸ ਤਾਕਤ ਦੀ ਮਰਜ਼ੀ ਅਨੁਸਾਰ ਤੇ ਉਸ ਦੇ ਹੁਕਮ ਨਾਮ ਹੋਂਦ ਵਿਚ ਆਇਆ ਹੈ। ਅਮਰੀਕਾ ਦਾ ਰਾਸ਼ਟਰਪਤੀ ਡੋਨਾਡਲ ਟਰੰਪ ਦੁਨੀਆਂ ਦਾ ਸੱਭ ਤੋਂ ਤਾਕਤਵਰ ਇਨਸਾਨ ਵੀ ਅੱਜ ਇਸ ਗੱਲ ਨੂੰ ਸਮਝ ਗਿਆ ਹੈ ਤੇ ਉਸ ਨੇ ਆਖ਼ਰਕਾਰ ਅਪਣੇ ਬਚਾਅ ਵਾਸਤੇ ਮਾਸਕ ਪਾਉਣਾ ਸ਼ੁਰੂ ਕਰ ਦਿਤਾ ਹੈ।
corona virus
ਪਰ ਤੁਸੀਂ ਅਜੇ ਤਕ ਇਹ ਪਾਠ ਨਹੀਂ ਸਿਖ ਰਹੇ। ਦਿੱਲੀ, ਮਹਾਰਾਸ਼ਟਰ ਦਾ ਹਾਲ ਵੇਖਣ ਤੋਂ ਬਾਅਦ ਵੀ ਪੰਜਾਬ ਦੇ ਲੋਕ ਅਪਣੇ ਬਚਾਅ ਵਾਸਤੇ ਮਾਸਕ ਨਹੀਂ ਪਾ ਰਹੇ। ਪੰਜਾਬੀ ਪੱਤਰਕਾਰਾਂ ਨੂੰ 'ਕੋਰੋਨਾ ਕਹਿਰ', 'ਕੋਰੋਨਾ ਦਾ ਧਮਾਕਾ' ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨ ਦਾ ਬੜਾ ਸ਼ੌਂਕ ਹੈ ਪਰ ਅਜੇ ਅਸਲ ਕਹਿਰ ਤਾਂ ਆਇਆ ਹੀ ਨਹੀਂ। ਜਿੰਨੀ ਸਖ਼ਤੀ ਤੇ ਫੁਰਤੀ ਦਾ ਵਿਖਾਵਾ ਪੰਜਾਬ ਦੇ ਪ੍ਰਸ਼ਾਸਨ ਵਲੋਂ ਕੀਤਾ ਗਿਆ ਹੈ, ਉਸ ਨੇ ਭਾਰੀ ਬਚਾਅ ਕੀਤਾ ਹੈ।
Corona Test
ਪਰ ਹੁਣ ਜਦ ਖੁਲ੍ਹ ਮਿਲ ਹੀ ਗਈ ਹੈ ਤਾਂ ਹਰ ਇਕ ਨੂੰ ਸੁਰੱਖਿਅਤ ਰਹਿਣ ਵਾਸਤੇ ਤੇ ਅਸਲ ਕਹਿਰ ਤੋਂ ਬਚਣ ਵਾਸਤੇ ਅਪਣਾ ਮਾਸਕ ਪਾ ਕੇ ਰਖਣਾ ਸੱਭ ਤੋਂ ਜ਼ਰੂਰੀ ਕਦਮ ਹੈ। ਇਕ ਗੱਲ ਦਾ ਹੋਰ ਧਿਆਨ ਰੱਖੋ ਕਿ ਕਈ ਸੂਬੇ ਕਹਿ ਰਹੇ ਹਨ ਕਿ ਕੋਰੋਨਾ ਕੇਸਾਂ ਦੇ ਅੰਕੜੇ ਘੱਟ ਰਹੇ ਹਨ। ਅਸਲ ਵਿਚ ਉਥੇ ਟੈਸਟਿੰਗ ਦੇ ਅੰਕੜੇ ਘੱਟ ਰਹੇ ਹਨ।
Corona virus
ਕੋਰੋਨਾ ਸਾਡੇ ਉਤੇ ਹਾਵੀ ਹੋਇਆ ਪਿਆ ਹੈ। ਹੁਣ ਰੱਬ ਵਲੋਂ ਦਿਤੀ ਸਮਝ-ਬੂਝ ਦਾ ਇਸਤੇਮਾਲ ਕਰਦੇ ਹੋਏ, ਅਪਣੇ ਬਚਾਅ ਵਾਸਤੇ ਦੂਰੀਆਂ ਬਰਕਰਾਰ ਰਖਦੇ ਮਾਸਕ ਪਾਏ ਜਾਣ ਤੇ ਹੱਥ ਵਾਰ-ਵਾਰ ਸਾਫ਼ ਕੀਤੇ ਜਾਣ। ਪੰਜਾਬ ਵਿਚ ਕੋਰੋਨਾ ਉਤੇ ਫ਼ਤਿਹ ਅਸਲ ਵਿਚ ਸਾਡੀ ਫ਼ਤਿਹ ਹੋਵੇਗੀ।
- ਨਿਮਰਤ ਕੌਰ