
ਅੱਜ ਸਾਰੇ ਦੇਸ਼ ਵਿਚ ਨਸ਼ਾ ਅਪਣਾ ਜਾਲ ਵਿਛਾ ਰਿਹਾ ਹੈ ਤੇ ਬੇਰੁਜ਼ਗਾਰ ਤੇ ਘਬਰਾਇਆ ਹੋਇਆ ਨੌਜਵਾਨ ਇਸ ਦਾ ਮਨ-ਭਾਉਂਦਾ ਸ਼ਿਕਾਰ ਬਣਿਆ ਹੋਇਆ ਹੈ।
ਹੁਣ ਪੰਜਾਬ ਪੁਲਿਸ ਨਸ਼ਾ ਤਸਕਰੀ ਤੇ ਗੈਂਗਸਟਰਾਂ ਵਿਰੁਧ ਹਰਕਤ ਵਿਚ ਆ ਗਈ ਲਗਦੀ ਹੈ। ਪੰਜਾਬ ਪੁਲਿਸ ਨੇ ਜਦ ਗੁਜਰਾਤ ਪੁਲਿਸ ਨਾਲ ਮਿਲ ਕੇ 73 ਕਿਲੋ ਨਸ਼ਾ ਫੜ ਕੇ ਪੰਜਾਬ ਵਿਚ ਆਉਣ ਤੋਂ ਰੋਕਣ ਦਾ ਉੱਦਮ ਕੀਤਾ ਤਾਂ ਸਾਫ਼ ਹੋ ਗਿਆ ਕਿ ਹੁਣ ਪੰਜਾਬ ਪੁਲਿਸ ਹੀ ਨਹੀਂ, ਕੇਂਦਰ ਸਰਕਾਰ ਵੀ ਨਸ਼ੇ ਦੇ ਕਾਰੋਬਾਰ ਨੂੰ ਠਲ੍ਹ ਪਾਉਣ ਬਾਰੇ ਸੰਜੀਦਾ ਹੈ। ਅੱਜ ਸਾਰੇ ਦੇਸ਼ ਵਿਚ ਨਸ਼ਾ ਅਪਣਾ ਜਾਲ ਵਿਛਾ ਰਿਹਾ ਹੈ ਤੇ ਬੇਰੁਜ਼ਗਾਰ ਤੇ ਘਬਰਾਇਆ ਹੋਇਆ ਨੌਜਵਾਨ ਇਸ ਦਾ ਮਨ-ਭਾਉਂਦਾ ਸ਼ਿਕਾਰ ਬਣਿਆ ਹੋਇਆ ਹੈ।
Lawrence Bishnoi
ਜਿਵੇਂ ਅਸੀਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਸਾਂਝ ਵੇਖੀ ਹੈ, ਇਹ ਸਾਫ਼ ਹੈ ਕਿ ਹੁਣ ਨਸ਼ਾ ਤਸਕਰੀ ਦੇ ਨਾਲ ਚਲਦਾ ਗੈਂਗਸਟਰਵਾਦ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਸਰਹੱਦਾਂ ਦਾ ਮੋਹਤਾਜ ਨਹੀਂ ਰਿਹਾ। 2016 ਵਿਚ ਸੰਯੁਕਤ ਰਾਸ਼ਟਰ ਦੀ ਰੀਪੋਰਟ ਨੇ ਲਾਤੀਨੀ ਅਮਰੀਕਾ ਵਿਚ ਡੂੰਘੀ ਖੋਜ ਕਰਨ ਮਗਰੋਂ ਨਸ਼ਾ ਤਸਕਰੀ ਤੇ ਹਿੰਸਾ ਵਿਚ ਘਿਊ-ਖਿਚੜੀ ਵਾਲੀ ਸਾਂਝ ਵਿਖਾਈ ਜਿਸ ਵਿਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੇ ਆਪਸ ਵਿਚ ਮਿਲ ਕੇ ਚੰਗੀ ਸਫ਼ਲਤਾ ਪ੍ਰਾਪਤ ਕੀਤੀ ਤੇ ਨੌਜਵਾਨਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ।
GDP
ਇਸ ਸਾਰੀ ਖੇਡ ਪਿੱਛੇ ਪੈਸੇ ਦੀ ਜਾਦੂਗਰੀ ਕੰਮ ਕਰਦੀ ਹੈ। ਅਫ਼ਗ਼ਾਨਿਸਤਾਨ ਵਿਚ ਜਿਥੇ ਨਸ਼ੇ ਦੀ ਸ਼ੁਰੂਆਤ ਹੋਈ, 2010 ਵਿਚ ਸੰਯੁਕਤ ਰਾਸ਼ਟਰ ਮੁਤਾਬਕ ਨਸ਼ੇ ਦਾ ਕਾਰੋਬਾਰ ਅਫ਼ਗ਼ਾਨਿਸਤਾਨ ਦੀ ਜੀਡੀਪੀ ਦਾ 13 ਫ਼ੀ ਸਦੀ ਹਿੱਸਾ ਸੀ। ਅੱਜ ਜਦ ਉਹ ਦੇਸ਼ ਪੂਰੀ ਤਰ੍ਹਾਂ ਤਬਾਹੀ ਵਲ ਵਧ ਚੁੱਕਾ ਹੈ, ਨਸ਼ਾ ਉਸ ਦੇਸ਼ ਦੀ ਆਮਦਨ ਦਾ ਇਕਲੌਤਾ ਸਾਧਨ ਹੈ। ਭਾਰਤ ਦੀਆਂ ਸਰਹੱਦਾਂ ’ਤੇ ਇਸ ਨੂੰ ਰੋਕਣਾ ਨਸ਼ੇ ਵਿਰੁਧ ਲੜਾਈ ਦਾ ਸੱਭ ਤੋਂ ਮਹੱਤਵਪੂਰਨ ਕਦਮ ਹੈ।
afganistan
ਪਰ ਨਸ਼ਾ ਅਪਣੇ ਆਪ ਨਹੀਂ ਸਮਾਜ ਵਿਚ ਪਹੁੰਚਦਾ, ਉਸ ਨੂੰ ਇਕ ਯੋਜਨਾਬੱਧ ਤਰੀਕੇ ਨਾਲ ਪਿੰਡਾਂ ਦੀਆਂ ਗਲੀਆਂ ਤਕ ਪਹੁੰਚਾਣ ਦੀ ਯੋਜਨਾ ਬਣਦੀ ਹੈ। ਇਹ ਵਪਾਰ ਅਫ਼ਗ਼ਾਨਿਸਤਾਨ ਦੇ ਖੇਤ ਤੋਂ ਸ਼ੁਰੂ ਹੋ ਕੇ ਪੰਜਾਬ ਜਾਂ ਗੁਜਰਾਤ ਦੇ ਕੌਨੇ-ਕੌਨੇ ਵਿਚ ਪਹੁੰਚਾਣ ਵਾਸਤੇ ਕਈ ਗ਼ੈਰ ਕਾਨੂੰਨੀ ਤੇ ਕਾਨੂੰਨੀ ਰਸਤੇ ਇਸਤੇਮਾਲ ਕਰਦਾ ਹੈ। ਜਿਵੇਂ ਲਾਰੰਸ ਬਿਸ਼ਨੋਈ ਨੂੰ ਫੜਨ ਵਿਚ ਦਿੱਲੀ ਪੁਲਿਸ, ਗੁਜਰਾਤ ਪੁਲਿਸ ਨੇ ਪੰਜਾਬ ਨਾਲ ਮਿਲ ਕੇ ਕੰਮ ਕੀਤਾ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਹੁਣ ਸਰਕਾਰਾਂ ਚਾਹੁਣ ਲਗੀਆਂ ਹਨ ਕਿ ਇਸ ਕਾਰੋਬਾਰ ਨੂੰ ਡਾਢੀ ਸੱਟ ਮਾਰੀ ਜਾਵੇ।
Goldy Brar, Sidhu MooseWala
ਅੱਜ ਅਸੀਂ ਛੋਟੇ-ਵੱਡੇ ਗੈਂਗਸਟਰਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਵੇਖ ਰਹੇ ਹਾਂ ਪਰ ਹੁਣ ਜੇ ਸਰਕਾਰ ਇਸ ਮੁੱਦੇ ਨਾਲ ਨਜਿੱਠਣ ਵਾਸਤੇ ਤਿਆਰ ਹੈ ਤਾਂ ਫਿਰ ਇਸ ਨੂੰ ਮਿਲਦੀ ਕਾਨੂੰਨੀ ਪਨਾਹਗਾਰ ਤੋਂ ਵੀ ਪਰਦਾ ਉਠਣਾ ਚਾਹੀਦਾ ਹੈ। ਇਸ ਕਾਰੋਬਾਰ ਵਿਚ ਸਿਆਸਤਦਾਨਾਂ, ਪੁਲਿਸ ਕਰਮਚਾਰੀਆਂ ਤੇ ਅਫ਼ਸਰਸ਼ਾਹੀ ਦੀ ਸਮੂਲੀਅਤ ਬਾਰੇ ਸਾਰੇ ਜਾਣੂ ਹਨ ਤੇ ਹੁਣ ਸਫ਼ਾਈ ਕਰਨ ਵਕਤ ਇਸ ਜਾਣਕਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਜਿਹੜੇ ‘‘ਗੈਂਗਸਟਰ’’ ਫੜੇ ਜਾ ਰਹੇ ਹਨ, ਉਨ੍ਹਾਂ ਦਾ ਸੱਚ ਵੀ ਸਾਹਮਣੇ ਅਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਸ ਕਾਰੋਬਾਰ ਵਿਚ ਧੱਕਣ ਵਾਲਾ ਕੌਣ ਸੀ।
ਕੀ ਉਹ ਅਪਣੀ ਨਸ਼ੇ ਦੀ ਆਦਤ ਕਾਰਨ ਇਸ ਕਾਰੋਬਾਰ ਵਿਚ ਫਸੇ ਹਨ ਜਾਂ ਅਪਣੇ ਲਾਲਚ ਕਾਰਨ ਦੁਜਿਆਂ ਨੂੰ ਹੀ ਸ਼ਿਕਾਰ ਬਣਾਉਂਦੇ ਰਹੇ? ਕਈ ਅਜਿਹੇ ਵਪਾਰੀ ਵੀ ਸਾਹਮਣੇ ਆਏ ਹਨ, ਜਿਵੇਂ ਹਾਲ ਵਿਚ ਹੀ ਪਤਾ ਲੱਗਾ ਕਿ ਇਸ ਕਾਲੇ ਕਾਰੋਬਾਰ ਦੇ ਮੁਨਾਫ਼ੇ ਤੋਂ ਕਈਆਂ ਨੇ ਅਪਣੇ ਉਦਯੋਗ ਤੇ ਕਾਨੂੰਨੀ ਧੰਦੇ ਚਲਾ ਲਏ ਹਨ। ਇਕ ਗ਼ਰੀਬ ਬੇਬਸ ਨੌਜਵਾਨ ਤੇ ਮੌਕਾਪ੍ਰਸਤ ਉਦਯੋਗਪਤੀ ਵਿਚ ਅੰਤਰ ਕਰਨਾ ਬੜਾ ਜ਼ਰੂਰੀ ਹੈ ਤਾਂ ਜੋ ਨੌਜੁਆਨਾਂ ਦਾ ਇਹ ਸਹਿਮ ਆਮ ਨੌਜਵਾਨਾਂ ਦੇ ਮਨ ਦਾ ਇਕ ਜ਼ਖ਼ਮ ਬਣ ਕੇ ਨਾ ਰਹਿ ਜਾਵੇ।
- ਨਿਮਰਤ ਕੌਰ