
ਚੋਣਾਂ ਵਿਚ ਹਾਰ ਤੋਂ ਬਾਅਦ ਆਮ ਰਵਾਇਤ ਇਹ ਹੁੰਦੀ ਸੀ ਕਿ ਹੁਣ ਪੰਜ ਸਾਲ ਦੂਜੇ ਨੂੰ ਕੰਮ ਕਰਨ ਦੇਵੋ ਤੇ ਉਸ ਦੇ ਕੰਮ ’ਤੇ ਨਜ਼ਰ ਬਣਾ ਕੇ ਰੱਖੋ।
ਇਕ ਪਾਸੇ ਕਾਂਗਰਸ ਭਾਰਤ ਜੋੜੋ ਯਾਤਰਾ ਕਰ ਰਹੀ ਹੈ ਤੇ ਦੂਜੇ ਪਾਸੇ ਗੋਆ ਵਿਚ ਕਮਲ ਫਿਰ ਖਿੜ ਗਿਆ ਹੈ। ਭਾਜਪਾ ਵਲੋਂ ਗੋਆ ਵਿਚ ਬਾਜ਼ੀ ਮਾਰ ਲੈਣ ਨੂੰ ਵੇਖ ਕੇ ਇਕ ਗੱਲ ਹੀ ਕਹਿਣੀ ਬਣਦੀ ਹੈ ਕਿ ਇਸ ਪਾਰਟੀ ਨੂੰ ਹਾਰ ਮੰਨਣੀ ਆਉਂਦੀ ਹੀ ਨਹੀਂ। ਚੋਣਾਂ ਵਿਚ ਹਾਰ ਤੋਂ ਬਾਅਦ ਆਮ ਰਵਾਇਤ ਇਹ ਹੁੰਦੀ ਸੀ ਕਿ ਹੁਣ ਪੰਜ ਸਾਲ ਦੂਜੇ ਨੂੰ ਕੰਮ ਕਰਨ ਦੇਵੋ ਤੇ ਉਸ ਦੇ ਕੰਮ ’ਤੇ ਨਜ਼ਰ ਬਣਾ ਕੇ ਰੱਖੋ। ਪਰ ਭਾਜਪਾ ਇਸ ਸੋਚ ਦੀ ਧਾਰਨੀ ਨਹੀਂ ਲਗਦੀ। ਉਹ ਹਾਰਨ ਤੋਂ ਬਾਅਦ ਜਾਂ ਜਿੱਤਣ ਤੋਂ ਬਾਅਦ ਵੀ ਇਕ ਪਲ ਵਾਸਤੇ ਆਰਾਮ ਨਾਲ ਨਹੀਂ ਬੈਠਦੀ।
ਜਿਵੇਂ ਕੀੜੀਆਂ ਦੀ ਫ਼ੌਜ ਹਰ ਦਮ ਅਪਣੀ ਦੌੜ ਵਾਲੀ ਚਾਲ ਵਿਚ ਚਲਦੀ ਰਹਿੰਦੀ ਹੈ, ਇਹ ਵੀ ਹਰਦਮ ਅਪਣੀ ਤਾਕਤ ਵਧਾਉਣ ਵਿਚ ਹੀ ਲੱਗੇ ਰਹਿੰਦੇ ਹਨ ਤੇ ਸਫ਼ਲਤਾ ਹਰਦਮ ਇਨ੍ਹਾਂ ਦੀ ਕਦਮ-ਬੋਸੀ ਕਰਦੀ ਲਗਦੀ ਹੈ। ਦਿੱਲੀ, ਬੰਗਾਲ ਤੇ ਪੰਜਾਬ ਨੂੰ ਛੱਡ ਕੇ ਲਗਦਾ ਇਹੀ ਹੈ ਕਿ ਭਾਜਪਾ ਜਿਥੇ ਜੋ ਚਾਹੇਗੀ, ਉਹ ਹੋ ਕੇ ਰਹੇਗਾ, ਭਾਵੇਂ ਸਿੱਧੇ ਹੱਥ ਦੀ ਖੇਡ ਖੇਡ ਕੇ ਹੋਵੇ ਤੇ ਭਾਵੇਂ ਪੁੱਠੇ ਹੱਥ ਦੀ ਖੇਡ ਖੇਡ ਕੇ ਹੋਵੇ।
ਦੂਜੇ ਪਾਸੇ ਦੇਸ਼ ਦੀ ਸੱਭ ਤੋਂ ਵੱਡੀ ਵਿਰੋਧੀ ਧਿਰ ਦੀ ਪਾਰਟੀ ਕਾਂਗਰਸ ਦੇਸ਼ ਨੂੰ ਜੋੜਨ ਵਿਚ ਲੱਗੀ ਹੈ ਪਰ ਗੋਆ ਵਿਚ ਅਪਣੇ ਵਿਧਾਇਕਾਂ ਨੂੰ ਅਪਣੇ ਨਾਲ ਨਹੀਂ ਰੱਖ ਸਕੀ। ਉਨ੍ਹਾਂ ਉਤੇ ਈ.ਡੀ., ਸੀ.ਬੀ.ਆਈ. ਤੇ ਹੋਰ ਅਨੇਕਾਂ ਪਾਸਿਆਂ ਦਾ ਦਬਾਅ ਬਣਿਆ ਹੋਇਆ ਹੈ ਪਰ ਉਂਜ ਵੀ ਕਾਂਗਰਸੀ ਆਗੂਆਂ ਨੂੰ ਦਲ ਬਦਲਣ ਦੀ ਆਦਤ ਜਿਹੀ ਹੋ ਗਈ ਹੈ। ਪੰਜਾਬ ਵਿਚ ਵੀ ਕਿੰਨੇ ਹੀ ਕਾਂਗਰਸੀ ਆਗੂਆਂ ਨੂੰ ਭਾਵੇਂ ਲੋਕਾਂ ਨੇ ਨਕਾਰ ਦਿਤਾ ਹੈ, ਫਿਰ ਵੀ ਭਾਜਪਾ ਵਿਚ ਸ਼ਰਨ ਮਿਲ ਗਈ ਹੈ ਤੇ ਉਨ੍ਹਾਂ ਵਿਰੁਧ ਜਾਂਚਾਂ ਪੜਤਾਲਾਂ ਦੀ ਗੱਲ ਵੀ ਖ਼ਤਮ ਹੋ ਗਈ ਹੈ।
ਭਾਜਪਾ ਦੀਆਂ ਕੋਸ਼ਿਸ਼ਾਂ ਦਿੱਲੀ ਤੇ ਪੰਜਾਬ ਵਿਚ ਅਜੇ ਤਕ ਤਾਂ ਕਾਮਯਾਬ ਨਹੀਂ ਹੋਈਆਂ ਪਰ ਇਸ ਪਿਛੇ ਕਾਰਨ ‘ਆਪ’ ਆਗੂਆਂ ਦੀ ਪਾਰਟੀ ਪ੍ਰਤੀ ਨਿਸ਼ਠਾ ਤੋਂ ਜ਼ਿਆਦਾ ਇਹ ਹੈ ਕਿ ਗ਼ੈਰ-ਕਾਂਗਰਸੀ ਵਿਰੋਧੀ ਧਿਰ ਕੋਲ, ਕੁਲ ਮਿਲਾ ਕੇ 2-3 ਸੀਟਾਂ ਹੀ ਹਨ। ਜੇ ਭਾਜਪਾ ਕੋਲ ਪੰਜਾਬ ਵਿਚ 20-30 ਸੀਟਾਂ ਹੁੰਦੀਆਂ ਤਾਂ ਪੰਜਾਬ ਵਿਚ ਕਮਲ ਦਾ ਖਿੜਨਾ ਵੀ ਸੰਭਵ ਹੋ ਜਾਂਦਾ।
ਪਰ ਸਵਾਲ ਇਹ ਉਠਦਾ ਹੈ ਕਿ ਭਾਜਪਾ ਦੀ ਦ੍ਰਿੜ੍ਹਤਾ ਕੀ ਭਾਰਤ ਦੇ ਹਿਤ ਵਿਚ ਵੀ ਹੈ? ਕੀ ਇਹ ਲੋਕਤੰਤਰ ਨੂੰ ਅੱਗੇ ਲਿਜਾਣ ਵਾਲਾ ਇਕ ਸਹੀ ਕਦਮ ਹੈ? ਮਹਾਰਾਸ਼ਟਰ ਵਿਚ ਜਿਸ ਤਰ੍ਹਾਂ ਊਧਵ ਠਾਕਰੇ ਨਾਲ ਉਸ ਦੀ ਪਾਰਟੀ ਦੇ ਲੋਕਾਂ ਨੇ ਵਿਸ਼ਵਾਸਘਾਤ ਕੀਤਾ ਹੈ, ਉਹ ਵੀ ਭਾਜਪਾ ਨੇ ਹੀ ਕਰਵਾਇਆ ਸੀ ਅਤੇ ਉਹ ਭਾਜਪਾ ਦੀ ਜਿੱਤ ਦੀ ਚਾਹਤ ਕਾਰਨ ਹੀ ਹੋਇਆ ਸੀ।
ਕਾਂਗਰਸ ਵਿਚ ਹਜ਼ਾਰਾਂ ਖੋਟ ਹਨ, ਕਾਂਗਰਸ ਮੁਕਤ ਭਾਰਤ ਨਾਲ ਭਾਵੇਂ ਭ੍ਰਿਸ਼ਟਾਚਾਰ ਵਿਰੁਧ ਇਕ ਲਹਿਰ ਵੀ ਬਣਦੀ ਹੋਵੇ ਪਰ ਕੀ ਇਕ ਗ਼ਲਤੀ ਨੂੰ ਠੀਕ ਕਰਨ ਵਾਸਤੇ ਅਪਣੇ ਅੰਦਰ ਸੌ ਹੋਰ ਗ਼ਲਤੀਆਂ ਪੈਦਾ ਕਰਨਾ ਸਹੀ ਰਸਤਾ ਹੈ? ਜਿਹੜੇ ਆਗੂ ਇਕ ਸੋਚ ਵਿਚੋਂ ਜੰਮੇ ਪਲੇ ਤੇ ਵੱਡੇ ਹੋਏ ਹਨ, ਉਹ ਇਕਦਮ ਵਖਰੀ ਸੋਚ ਪ੍ਰਤੀ ਅਪਣੀ ਵਫ਼ਾਦਾਰੀ ਬਦਲ ਰਹੇ ਹਨ, ਉਨ੍ਹਾਂ ਦੀ ਵੋਟਰ ਪ੍ਰਤੀ ਕੀ ਇਮਾਨਦਾਰੀ ਰਹੇਗੀ? ਜਦ ਸਿਆਸਤਦਾਨਾਂ ਦੀ ਮੰਡੀ ਵਿਚ ਦਲ ਬਦਲੂਆਂ ਦੀਆਂ ਪੌਂ ਬਾਰਾਂ ਬਣੀਆਂ ਹੋਈਆਂ ਹਨ ਤਾਂ ਫਿਰ ਇਸ ਸੋਚ ਦੇ ਹੁੰਦਿਆਂ, ਲੋਕਾਂ ਨਾਲ ਨਾਇਨਸਾਫ਼ੀ ਹੁੰਦੀ ਰਹਿਣਾ, ਕੁਦਰਤੀ ਹੀ ਹੋਵੇਗਾ।
ਅੱਜ ਭਾਰਤ ਨੂੰ ਜੁੜਨਾ ਪਵੇਗਾ। ਉਪ੍ਰੋਕਤ ਸੋਚ ਵਿਰੁਧ ਜੁੜਨਾ ਪਵੇਗਾ। ਸਿਆਸਤਦਾਨਾਂ ਨੂੰ ਮਜਬੂਰ ਕਰਨਾ ਪਵੇਗਾ ਕਿ ਉਹ ਇਕ ਦੂਜੇ ਨੂੰ ਤਬਾਹ ਕਰਨ ਦੀ ਥਾਂ ਦੇਸ਼ ਵਿਚ ਕੰਮ ਕਰਨ ਦੀ ਗੱਲ ਕਰਨ ਲਈ ਮਜਬੂਰ ਹੋ ਜਾਣ। ਇਸ ਦਾ ਹੱਲ ਕਿਸੇ ਯਾਤਰਾ ਕੋਲ ਨਹੀਂ ਬਲਕਿ ਵੋਟਰਾਂ ਕੋਲ ਹੈ। ਜਿਹੜਾ ਆਗੂ ਅਪਣੀ ਪਾਰਟੀ ਬਦਲਦਾ ਹੈ, ਉਸ ਨੂੰ ਮੁੜ ਵੋਟ ਨਾ ਪਾਉ। ਜਿਹੜਾ ਅਪਣੀ ਸੋਚ ਉਤੇ ਖਰਾ ਨਹੀਂ ਉਤਰ ਸਕਦਾ, ਉਹ ਤੁਹਾਡੇ ਨਾਲ ਕਿਵੇਂ ਖਰਾ ਉਤਰ ਸਕੇਗਾ? - ਨਿਮਰਤ ਕੌਰ