ਸਿੱਖਾਂ ਨੂੰ ਸਰਬ ਸੰਮਤੀ ਨਾਲ ਅੰਤਰ-ਰਾਸ਼ਟਰੀ ਪੱਧਰ ਤੇ, ਸਹੀ ਤੇ ਸਾਫ਼ ਸੁਥਰੇ ਅਕਸ ਵਾਲੇ ਸਿੱਖਾਂ ਦੀ ਭਾਲ ਕਰਨੀ ਚਾਹੀਦੀ ਹੈ
Editorial: ਇਕ ਸਾਬਕਾ ਕੇਂਦਰੀ ਮੰਤਰੀ ਦੇ ਨਾਂ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਵਿਵਾਦ ਵਿਚ ਦਿੱਲੀ ਦੇ ਇਕ ਸਾਬਕਾ ਅਕਾਲੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਦੇ ਵਿਧਾਇਕ ਦਾ ਨਾਮ ਵੀ ਆ ਰਿਹਾ ਹੈ। ਜਿਸ ਵਿਅਕਤੀ ਨੇ ਇਸ ਦਾ ਪ੍ਰਗਟਾਵਾ ਕੀਤਾ ਹੈ, ਉਸ ਦਾ ਕਹਿਣਾ ਹੈ ਕਿ ਉਸ ਕੋਲ ਸਬੂਤ ਹਨ ਕਿ ਉਸ ਨੇ 10,000 ਕਰੋੜ ਰੁਪਏ ਉਸ ਗੁਰਦਵਾਰਾ ਪ੍ਰਧਾਨ ਕੋਲੋਂ ਹਵਾਲਾ ਰਾਹੀਂ ਏਧਰ ਉਧਰ ਕਰਵਾਏ ਸੀ। ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਇਹ ਕੰਮ ਇਸ ਲਈ ਕਰ ਸਕੇ ਕਿਉਂਕਿ ਉਨ੍ਹਾਂ ਕੋਲ ਗੁਰੂ ਘਰ ਵਿਚ ਆਉਂਦੇ ਬੇਹਿਸਾਬੇ ਪੈਸੇ ਦੀ ਕੁੰਜੀ ਸੀ ਜਿਸ ਕਾਰਨ ਉਹ ਇਹ ਕੰਮ ਕਰ ਸਕੇ।
ਇਹ ਪੈਸਾ ਕੈਨੇਡਾ ਵਿਚ ਉਗਾਏ ਗਏ ਗਾਂਜੇ ਦੇ ਵਪਾਰ ਵਿਚੋਂ ਹੋਏ ਮੁਨਾਫ਼ੇ ਦਾ ਦਸਿਆ ਜਾ ਰਿਹਾ ਹੈ। ਇਸ ਦੀ ਜਦੋਂ ਜਾਂਚ ਹੋਵੇਗੀ, ਅਸਲ ਤਸਵੀਰ ਉਦੋਂ ਸਾਹਮਣੇ ਆਵੇਗੀ ਪਰ ਇਹ ਇਲਜ਼ਾਮ ਗੰਭੀਰ ਹੋਣ ਦੇ ਨਾਲ-ਨਾਲ ਸਿੱਖਾਂ ਦੇ ਅੱਜ ਦੇ ਹਾਲਾਤ ਦੇ ਪਿਛੋਕੜ ਦੀ ਤਸਵੀਰ ਵੀ ਵਿਖਾਵੇਗੀ। ਇਹ ਪਹਿਲੀ ਵਾਰ ਨਹੀਂ ਕਿ ਗੋਲਕ ਵਿਚ ਸ਼ਰਧਾਲੂਆਂ ਵਲੋਂ ਪਾਏ ਦਾਨ ਦੀ ਗ਼ਲਤ ਵਰਤੋਂ ਬਾਰੇ ਗੱਲ ਨਿਕਲੀ ਹੈ। ਬੜੇ ਵੱਡੇ ਅਕਾਲੀ ਆਗੂਆਂ ਦੇ ਨਾਮ ਗੁਰੂ ਘਰਾਂ ਤੇ ਗੋਲਕ ਦੀ ਮਾਇਆ ਨਾਲ ਜੁੜਦੇ ਆਏ ਹਨ।
ਅਸੀ ਆਮ ਵੇਖਿਆ ਹੈ ਕਿ ਗੋਲਕ ਉਤੇ ਕਾਬਜ਼ ਹੋਣ ਵਾਸਤੇ ਤਲਵਾਰਾਂ ਤੇ ਡਾਂਗਾਂ ਗੁਰੂ ਘਰਾਂ ਵਿਚ ਚਲਦੀਆਂ ਰਹਿੰਦੀਆਂ ਹਨ। ਪ੍ਰਧਾਨਗੀ ਕਦੇ ਕੀਤੀ ਨਹੀਂ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ, ਲੜਾਈਆਂ ਤੇ ਇਲਜ਼ਾਮ ਦਸਦੇ ਹਨ ਕਿ ਪ੍ਰਧਾਨਗੀਆਂ ਘੱਟ ਹੀ ਸਿੱਖ ਫ਼ਲਸਫ਼ੇ ਦੀ ਸੇਵਾ ਵਾਸਤੇ ਕੀਤੀਆਂ ਜਾ ਰਹੀਆਂ ਹਨ। ਹੁਣ ਜੇ ਗਾਂਜੇ ਦੀ ਖੇਤੀ ਦੇ ਕਾਲੇ ਮੁਨਾਫ਼ੇ ’ਚੋਂ ਆਏ ਪੈਸੇ ਨੂੰ ਸਾਫ਼ ਕਰਨ ਵਾਸਤੇ ਗੋਲਕ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਸਥਿਤੀ ਪਹਿਲਾਂ ਨਾਲੋਂ ਹੋਰ ਵੀ ਬਦਤਰ ਹੋ ਜਾਂਦੀ ਹੈ। ਇਸ ਵਿਵਾਦ ਬਾਰੇ ਸੁਣ ਕੇ ਦੁਖਦਾਈ ਖ਼ਬਰ ਸੁਣਨ ਵਾਂਗ ਨਿਰਾਸ਼ਾ ਆ ਜਕੜਦੀ ਹੈ ਜਾਂ ਇਸ ਨੂੰ ਸੁਣ ਕੇ ਆਮ ਸਿੱਖ ਅੰਦਰ ਗੁਰੂ ਪ੍ਰਤੀ ਸਤਿਕਾਰ ਜਾਗ ਸਕਦਾ ਹੈ। ਆਮ ਸਿੱਖ ਬੜੀ ਸ਼ਰਧਾ ਨਾਲ, ਅਪਣੇ ਗੁਰੂ ਦਾ ਹੁਕਮ ਮੰਨਦੇ ਹੋਏ ਅਪਣਾ ਦਸਵੰਧ ਗੋਲਕ ਵਿਚ ਪਾਉਂਦਾ ਹੈ।
ਉਸ ਗੋਲਕ ਦੀ ਸਹੀ ਵਰਤੋਂ ਦੀ ਆਸ ਕਰਦੇ ਹੋਏ ਸੋਚਦੇ ਹਾਂ ਕਿ ਇਹ ਸਰਬੱਤ ਦੇ ਭਲੇ ਵਾਸਤੇ ਇਸਤੇਮਾਲ ਕੀਤੀ ਜਾ ਰਹੀ ਹੋਵੇਗੀ। ਸਰਬੱਤ ਦਾ ਭਲਾ ਕੀ, ਇਹ ਤਾਂ ਸਿੱਖਾਂ ਦੇ ਭਲੇ ਵਾਸਤੇ ਵੀ ਇਸਤੇਮਾਲ ਨਹੀਂ ਕੀਤੀ ਜਾ ਰਹੀ। ਸਰਕਾਰੀ ਪੈਸੇ ਨਾਲ ਵਾਧੂ ਪੈਸਾ ਜੇ ਗ਼ਰੀਬ ਸਿੱਖਾਂ ਦੇ ਹੱਥ ਵਿਚ ਆ ਜਾਵੇ ਤਾਂ ਪੰਜਾਬ ਦਾ ਕੋਈ ਕਿਸਾਨ ਕੁੱਝ ਲੱਖ ਰੁਪਿਆਂ ਵਾਸਤੇ ਖ਼ੁਦਕੁਸ਼ੀ ਨਾ ਕਰੇ। ਲੰਗਰ ਜੇ ਛੋਟੇ ਕਿਸਾਨ ਦੇ ਖੇਤਾਂ ’ਚੋਂ ਬਣੇ, ਹਰ ਗੁਰੂ ਘਰ ਵਿਚ ਪੰਜਾਬ ਦਾ ਘਿਉ, ਮੱਖਣ, ਦਾਲ ਲੱਗੇ, ਐਮ.ਐਸ.ਪੀ. ਤਾਂ ਗੁਰੂ ਘਰ ਤੋਂ ਆਪੇ ਹੀ ਮਿਲ ਜਾਵੇਗੀ। ਨੌਜੁਆਨਾਂ ਨੂੰ ਕੰਮਕਾਰ ਵਾਸਤੇ ਪੈਸੇ ਦੇਣ ਦੀ ਵੱਡੀ ਤਾਕਤ ਗੁਰੂ ਦੀ ਗੋਲਕ ਵਿਚ ਹੀ ਬੰਦ ਹੈ। ਪਰ ਸੰਭਾਲ ਕਰਨ ਵਾਲੇ ਹੱਥ ਸਾਫ਼ ਸੁਥਰੇ ਹੋਣੇ ਚਾਹੀਦੇ ਹਨ।
ਸਿੱਖਾਂ ਨੂੰ ਸਰਬ ਸੰਮਤੀ ਨਾਲ ਅੰਤਰ-ਰਾਸ਼ਟਰੀ ਪੱਧਰ ਤੇ, ਸਹੀ ਤੇ ਸਾਫ਼ ਸੁਥਰੇ ਅਕਸ ਵਾਲੇ ਸਿੱਖਾਂ ਦੀ ਭਾਲ ਕਰਨੀ ਚਾਹੀਦੀ ਹੈ ਜਾਂ ਗੋਲਕ ’ਚ ਪੈਸਾ ਪਾਉਣ ਤੇ ਰੋਕ ਲਗਣੀ ਚਾਹੀਦੀ ਹੈ। ਬੜੀ ਹੀ ਸ਼ਰਮਨਾਕ ਸਥਿਤੀ ਹੈ ਕਿ ਜੇ ਇਕ ਪ੍ਰਧਾਨ ਧਰਮ ਦੀ ਆੜ ਲੈ ਕੇ ਹਵਾਲੇ ਦਾ ਕਾਰਾ ਕਰ ਰਿਹਾ ਸੀ ਤਾਂ ਇਸ ਦੀ ਸੀਬੀਆਈ ਜਾਂਚ ਦੇ ਨਾਲ-ਨਾਲ ਨਿਰਪੱਖ ਸਿੱਖ ਜਾਂਚ ਵੀ ਹੋਣੀ ਚਾਹੀਦੀ ਹੈ ਅਤੇ ਸਿੱਖਾਂ ਨੂੰ ਗੁਰੂ ਦਾ ਸਿੱਖ ਬਣਨਾ ਪਵੇਗਾ ਨਾਕਿ ਸਿਆਸੀ ਲੀਡਰਾਂ ਤੇ ਹਾਕਮਾਂ ਦੇ ਚਮਚੇ। ਗੁਰਦਵਾਰਾ ਚੋਣਾਂ ਨੇ ਭਲੇ ਕਿਰਦਾਰ ਵਾਲੇ ਸਿੱਖਾਂ ਨੂੰ ਘਰ ਬਿਠਾ ਦਿਤਾ ਹੈ ਤੇ ਸਿਆਸਤਦਾਨਾਂ ਦੇ ਮੁਨਾਸਬ ਤੇ ਗ਼ੈਰ ਮੁਨਾਸਬ, ਹਰ ਢੰਗ ਤਰੀਕੇ ਨਾਲ ਸੇਵਾ ਕਰਨ ਲਈ ਤਤਪਰ ਰਹਿਣ ਵਾਲਿਆਂ ਨੂੰ ਸਿੱਖ ਸਿਆਸਤ ਤੋਂ ਬਾਅਦ ਗੁਰਦਵਾਰਾ ਪ੍ਰਬੰਧ ਵਿਚ ਸਰਬਉਚ ਸਥਾਨ ਵੀ ਦਿਵਾ ਦਿਤੇ ਹਨ।
- ਨਿਮਰਤ ਕੌਰ