
Editorial: ਪੰਜਾਬ ਵਿਚ ਇਕ ਵੀ ਸੀਟ ਨਾ ਜਿੱਤੇ ਜਾਣ ਦੀ ਨਾਕਾਮੀ ਸਵੀਕਾਰ ਕਰਦਿਆਂ ਉਨ੍ਹਾਂ ਨੇ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
ਭਾਜਪਾ ਨੇਤਾ ਸੁਨੀਲ ਜਾਖੜ ਨੇ ਸਰਗਰਮ ਸਿਆਸਤ ਤੋਂ ਅਪਣੀ ਕਿਨਾਰਾਕਸ਼ੀ ਦੀ ਵਜ੍ਹਾ ਸਪੱਸ਼ਟ ਕਰ ਕੇ ਸਿਆਸੀ ਧੁੰਦਲਕਾ ਕਾਫ਼ੀ ਹੱਦ ਤਕ ਮਿਟਾ ਦਿੱਤਾ ਹੈ। ਵੀਰਵਾਰ ਨੂੰ ਇਕ ਮੀਡੀਆ ਕਾਨਫ਼ਰੰਸ ਰਾਹੀਂ ਉਨ੍ਹਾਂ ਦਸਿਆ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਵਲੋਂ ਪੰਜਾਬ ਵਿਚ ਇਕ ਵੀ ਸੀਟ ਨਾ ਜਿੱਤੇ ਜਾਣ ਦੀ ਨਾਕਾਮੀ ਸਵੀਕਾਰ ਕਰਦਿਆਂ ਉਨ੍ਹਾਂ ਨੇ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
ਇਸੇ ਕਰ ਕੇ ਪਿਛਲੇ ਛੇ ਮਹੀਨਿਆਂ ਦੌਰਾਨ ਉਨ੍ਹਾਂ ਨੇ ਖ਼ੁਦ ਨੂੰ ਸਿਆਸੀ ਸਰਗਰਮੀਆਂ ਤੋਂ ਅਲਹਿਦਾ ਰੱਖਿਆ। ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਬਾਰੇ ਕਿਆਸਅਰਾਈਆਂ ਖ਼ਾਰਿਜ ਕਰਦਿਆਂ ਕਿਹਾ ਕਿ ਉਹ ਮੌਕਾਪ੍ਰਸਤੀ ਦੀ ਸਿਆਸਤ ਵਿਚ ਯਕੀਨ ਨਹੀਂ ਰੱਖਦੇ। ਉਨ੍ਹਾਂ ਨੇ ਕਬੂਲਿਆ ਕਿ ਪੰਜਾਬ ਵਿਚ ਭਾਜਪਾ ਦਾ ਆਧਾਰ ਭਾਵੇਂ ਵਿਆਪਕ ਹੁੰਦਾ ਜਾ ਰਿਹਾ ਹੈ, ਫਿਰ ਵੀ ਚੁਣਾਵੀ ਕਾਮਯਾਬੀਆਂ ਲਈ ਇਸ ਨੂੰ ਅਜੇ ਵੀ ਅਕਾਲੀ ਦਲ ਨਾਲ ਭਾਈਵਾਲੀ ਦੀ ਲੋੜ ਹੈ। ਇਸੇ ਤਰ੍ਹਾਂ ਅਕਾਲੀ ਦਲ ਨੂੰ ਵੀ ਸਿਆਸੀ ਸੁਰਜੀਤੀ ਵਾਸਤੇ ਭਾਜਪਾ ਦੀ ਮਦਦ ਦੀ ਜ਼ਰੂਰਤ ਹੈ, ਪਰ ਮਦਦ ਮੰਗਣ ਤੋਂ ਪਹਿਲਾਂ ਉਸ ਨੂੰ ਅਪਣਾ ਘਰ ਦਰੁਸਤ ਕਰਨਾ ਪਵੇਗਾ। ਉਨ੍ਹਾਂ ਨੇ ਅਪਣੀ ਇਹ ਰਾਇ ਦੁਹਰਾਈ ਕਿ ਅਕਾਲ ਤਖ਼ਤ ਨੂੰ ਸੁਖਬੀਰ ਸਿੰਘ ਬਾਦਲ ਬਾਰੇ ਫ਼ੈਸਲਾ ਛੇਤੀ ਲੈਣਾ ਚਾਹੀਦਾ ਹੈ ਤਾਂ ਜੋ ਸਿਆਸੀ ਅਸਥਿਰਤਾ ਘੱਟ ਜਾਵੇ ਅਤੇ ਸਿੱਖ ਭਾਈਚਾਰੇ ਦੇ ਮੁਫ਼ਾਦਾਂ ਦੀ ਬਿਹਤਰ ਹਿਫ਼ਾਜ਼ਤ ਹੋ ਸਕੇ।
ਉਪਰੋਕਤ ਸਾਰੇ ਕਥਨਾਂ ਵਿਚ ਕੁੱਝ ਵੀ ਅਜਿਹਾ ਨਹੀਂ ਜੋ ਅਸਲਵਾਦੀ ਨਾ ਹੋਵੇ। ਸ੍ਰੀ ਜਾਖੜ ਨੂੰ ਉਨ੍ਹਾਂ ਦੇ ਵਿਰੋਧੀ ਵੀ ਸੂਝਵਾਨ ਸਿਆਸਤਦਾਨ ਮੰਨਦੇ ਆਏ ਹਨ। ਸ਼ੋਹਦਾਪਣ ਜਾਂ ਮਾਅਰਕੇਬਾਜ਼ੀ ਉਨ੍ਹਾਂ ਦੇ ਸਿਆਸੀ ਸੁਭਾਅ ਦਾ ਅੰਗ ਨਹੀਂ ਰਹੀ। ਇਸੇ ਕਾਰਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਦੀ ਛੱਡਣ ਵੇਲੇ ਸੋਨੀਆ ਗਾਂਧੀ ਤੇ ਹੋਰ ਕੇਂਦਰੀ ਕਾਂਗਰਸੀ ਆਗੂਆਂ ਨੂੰ ਮਸ਼ਵਰਾ ਦਿਤਾ ਸੀ ਕਿ ਕੋਈ ਹੋਰ ਨਾਮ ਵਿਚਾਰਨ ਦੀ ਥਾਂ ਉਹ ਸ੍ਰੀ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਸੋਚਣ। ਉਦੋਂ ਇਹ ਚਰਚਾ ਤੁਰ ਪਈ ਸੀ ਕਿ ਕੋਈ ਹਿੰਦੂ, ਪੰਜਾਬ ਦਾ ਮੁੱਖ ਮੰਤਰੀ ਕਿਵੇਂ ਹੋ ਸਕਦਾ ਹੈ?
ਇਹ ਵਿਵਾਦ ਖੜ੍ਹਾ ਕਰਨ ਵਾਲੇ ਭੁੱਲ ਗਏ ਸਨ ਕਿ ਚਰਿੱਤਰ ਦੀ ਥਾਂ ਚਿਹਰੇ ਨੂੰ ਪਹਿਲ ਵਾਲਾ ਸਿਧਾਂਤ ਪੰਜਾਬ ਦੇ ਨਿਘਾਰ ਦੀ ਇਕ ਮੁੱਖ ਵਜ੍ਹਾ ਰਿਹਾ ਹੈ। ਜਾਖੜ ਜਦੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਦੋਂ ਕਿਸੇ ਨੂੰ ਇਤਰਾਜ਼ ਕਿਉਂ ਨਹੀਂ ਹੋਇਆ? ਇਹ ਵੱਖਰੀ ਗੱਲ ਹੈ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ, ਖ਼ਾਸ ਕਰ ਕੇ ਰਾਹੁਲ ਗਾਂਧੀ ਨੇ ਸੌੜੀ ਸੋਚ ਦਾ ਮੁਜ਼ਾਹਰਾ ਕੀਤਾ। ਜਾਖੜ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿਤਾ। ਉਸ ਨੇ ‘ਚੰਨੀ ਕਰੇਗਾ ਮਸਲੇ ਹੱਲ’ ਦੇ ਪੋਸਟਰਾਂ ਨਾਲ ਸਾਰਾ ਪੰਜਾਬ ਭਰ ਦਿਤਾ, ਪਰ ਵਿਧਾਨ ਸਭਾ ਚੋਣਾਂ ਵਿਚ ਖ਼ੁਦ ਵੀ ਮਸਲਾ ਸਾਬਤ ਹੋਇਆ। ਦਰਅਸਲ, ਸੁਨੀਲ ਜਾਖੜ ਵਾਲੀ ਹੋਣੀ ਉਨ੍ਹਾਂ ਦੇ ਪਿਤਾ ਡਾ. ਬਲਰਾਮ ਜਾਖੜ ਨੇ ਵੀ ਭੁਗਤੀ ਸੀ। ਉਹ ਵੀ ਇਕ ਸਮੇਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੇ। ਪਰ ਜਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਲਿਆਕਤ ਦੀ ਕਦਰ ਨਹੀਂ ਪੈ ਰਹੀ ਤਾਂ ਰਾਜਸਥਾਨ ਤੋਂ ਲੋਕ ਸਭਾ ਚੋਣ ਲੜਨੀ ਬਿਹਤਰ ਸਮਝੀ। ਇਸ ਕਦਮ ਸਦਕਾ ਉਹ ਲੋਕ ਸਭਾ ਦੇ ਸਪੀਕਰ ਵੀ ਬਣੇ ਅਤੇ ਕੇਂਦਰੀ ਜ਼ਰਾਇਤ ਮੰਤਰੀ ਵੀ ਰਹੇ। ਹਾਂ, ਪੰਜਾਬ ਤੋਂ ਇਕ ਕਾਬਲ ਨੇਤਾ ਜ਼ਰੂਰ ਖੁੱਸ ਗਿਆ।
ਸੁਨੀਲ ਜਾਖੜ ਨੇ ਪੰਜਾਬ ਤੋਂ ਪਲਾਇਨ ਵਾਲਾ ਅਮਲ ਨਹੀਂ ਅਪਣਾਇਆ, ਇਹ ਕਾਬਿਲੇ-ਤਾਰੀਫ਼ ਵਿਹਾਰ ਹੈ। ਪੰਜਾਬ ਨੂੰ ਅਜਿਹੇ ਸਿਆਸਤਦਾਨਾਂ ਦੀ ਜ਼ਰੂਰਤ ਹੈ ਜੋ ਧਰਤੀ ਨਾਲ ਵੀ ਜੁੜੇ ਹੋਣ ਅਤੇ ਆਕਾਸ਼ ਵਿਚ ਉਡਾਰੀਆਂ ਮਾਰਨ ਦੇ ਵੀ ਸਮਰੱਥ ਹੋਣ। ਉਂਜ ਵੀ, ਛੋਟੀ ਜਾਂ ਹੋਛੀ ਸਿਆਸਤ ਤੋਂ ਪਰਹੇਜ਼ ਕਰਨ ਵਾਲੇ ਸਿਆਸਤਦਾਨ ਹੁਣ ਵਿਰਲੇ-ਟਾਵੇਂ ਹੀ ਰਹਿ ਗਏ ਹਨ। ਅਜਿਹੇ ਸਿਆਸਤਦਾਨਾਂ ਦੀ ਸੋਚ ਦੀ ਕਦਰ ਹੋਣੀ ਚਾਹੀਦੀ ਹੈ। ਇਸੇ ਪ੍ਰਸੰਗ ਵਿਚ ਜਾਖੜ ਵਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦਿਤੀ ਇਹ ਸਲਾਹ ਨਿਹਾਇਤ ਦਰੁਸਤ ਜਾਪਦੀ ਹੈ ਕਿ ‘‘ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਤੋਂ ਪਹਿਲਾਂ ਚੋਣਾਂ ਜਿੱਤਣ ਦੇ ਹੀਲੇ-ਵਸੀਲੇ ਸਿੱਖੋ; ਕਿਸਾਨਾਂ ਦੀ ਨੁਕਤਾਚੀਨੀ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਦੁੱਖ-ਦਰਦ ਸਮਝਣ ਦਾ ਯਤਨ ਕਰੋ।’’ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਜਾਖੜ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਜੋ ਕੁੱਝ ਕਿਹਾ ਹੈ, ਉਹ ਵਿਹਾਰਿਕਤਾ ਤੇ ਸਿਧਾਂਤ ਪੱਖੋਂ ਸਚਮੁੱਚ ਵਜ਼ਨੀ ਹੈ। ਇਹ ਭਾਜਪਾ ਦੇ ਸਰਬਰਾਹਾਂ ਲਈ ਨੇਕ ਸਲਾਹ ਤਾਂ ਹੈ ਹੀ, ਬਾਕੀ ਰਾਜਸੀ ਧਿਰਾਂ ਲਈ ਵੀ ਇਸ ਦਾ ਮਹੱਤਵ ਘੱਟ ਨਹੀਂ।