
ਦੂਰਦਸ਼ਨ ਜਲੰਧਰ ਜਾਂ ਡੀ.ਡੀ. ਪੰਜਾਬੀ ਇਕੋ ਹੀ ਗੱਲ ਹੈ। ਕਿਸੇ ਸਮੇਂ ਇਹ ਪੰਜਾਬੀਆਂ ਦਾ ਚਹੇਤਾ ਚੈਨਲ ਹੀ ਨਹੀਂ ਬਲਕਿ ਸੱਭ ਤੋਂ ਚਹੇਤਾ ਚੈਨਲ ਸੀ। ਪੰਜਾਬੀ ਪ੍ਰੋਗਰਾਮ...
ਦੂਰਦਸ਼ਨ ਜਲੰਧਰ ਜਾਂ ਡੀ.ਡੀ. ਪੰਜਾਬੀ ਇਕੋ ਹੀ ਗੱਲ ਹੈ। ਕਿਸੇ ਸਮੇਂ ਇਹ ਪੰਜਾਬੀਆਂ ਦਾ ਚਹੇਤਾ ਚੈਨਲ ਹੀ ਨਹੀਂ ਬਲਕਿ ਸੱਭ ਤੋਂ ਚਹੇਤਾ ਚੈਨਲ ਸੀ। ਪੰਜਾਬੀ ਪ੍ਰੋਗਰਾਮ ਲਿਸ਼ਕਾਰਾ, ਸੌਗਾਤ, ਸਟਾਰ ਲਾਈਨ, ਪੰਜਾਬੀ ਨਾਟਕ ਅਤੇ ਪਤਾ ਨਹੀਂ ਕਿੰਨੇ ਹੀ ਹਰਮਨ ਪਿਆਰੇ ਪ੍ਰੋਗਰਾਮ ਵੇਖਣ ਲਈ ਲੋਕ ਡੀ.ਡੀ. ਪੰਜਾਬੀ ਦੇ ਮੂਹਰੇ ਬੈਠੇ ਰਹਿੰਦੇ ਸਨ ਪਰ ਹੁਣ ਇਸ ਨੂੰ ਲੋਕ ਭੁੱਲ ਚੁਕੇ ਹਨ ਕਿਉਂਕਿ : ਇਸ ਨੇ ਅਪਣਾ ਸਾਰਾ ਪ੍ਰਾਈਮ ਟਾਈਮ ਤਕਰੀਬਨ 6.30 ਤੋਂ 8.00 ਵਜੇ ਤਕ ਵੇਚ ਦਿਤਾ ਹੈ ਜਿਸ ਉਪਰ ਹਰ ਰੋਜ਼ ਪੰਜਾਬੀ ਨੌਜੁਆਨਾਂ ਨੂੰ ਬਾਹਰ ਭੇਜਣ ਵਾਲੀਆਂ ਟਰੈਵਲ ਏਜੰਟ ਕੰਪਨੀਆਂ ਦੀ ਮਸ਼ਹੂਰੀ ਜਾਂ ਪ੍ਰਾਈਵੇਟ ਡਾਕਟਰੀ ਨੁਸਖ਼ੇ ਹੀ ਵਿਖਾਈ ਦਿੰਦੇ ਹਨ। ਸਿਹਤ ਸਬੰਧੀ ਡਾਕਟਰਾਂ ਨਾਲ ਮੁਲਾਕਾਤ ਵਗ਼ੈਰਾ ਕਈ-ਕਈ ਮਹੀਨੇ ਇਕੋ ਹੀ ਚਲਦੀ ਰਹਿੰਦੀ ਹੈ। ਖ਼ਬਰਾਂ ਸੁਣ ਕੇ ਇੰਜ ਲਗਦਾ ਹੈ ਜਿਵੇਂ ਕਿਸੇ ਸਰਕਾਰ ਦਾ ਅਪਣਾ ਖ਼ਰੀਦਿਆ ਚੈਨਲ ਸਰਕਾਰੀ ਮਸ਼ਹੂਰੀਆਂ ਵਿਖਾ ਜਾਂ ਸੁਣਾ ਰਿਹਾ ਹੋਵੇ।
ਖ਼ਬਰਾਂ ਦਾ ਪੁਰਾਣਾ ਟਾਈਮ ਵੀ ਇਸੇ ਕਰ ਕੇ ਬਦਲਿਆ ਗਿਆ ਹੈ। ਹੁਣ ਕਦੇ ਵੀ ਕੋਈ ਵਧੀਆ ਕਲਾਕਾਰ ਜਾਂ ਸਾਹਿਤਕਾਰ ਜਾਂ ਪੰਜਾਬੀ ਪ੍ਰੋਗਰਾਮ ਲੋਕਾਂ ਨੂੰ ਵਿਖਾਈ ਨਹੀਂ ਦਿੰਦਾ। ਪ੍ਰਧਾਨ ਮੰਤਰੀ ਸਾਹਿਬ ਦੀਆਂ ਚਲਾਈਆਂ ਸਕੀਮਾਂ ਦੀ ਪ੍ਰਦਰਸ਼ਨੀ ਵਿਖਾ ਕੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹ ਸਕੀਮਾਂ ਜਾਂ ਯੋਜਨਾਵਾਂ ਲੋਕਾਂ ਤਕ ਪਹੁੰਚੀਆਂ ਹੀ ਨਾਂ ਮਾਤਰ ਹਨ। ਲੋਕਾਂ ਨੂੰ ਹੁਣ ਡੀ.ਡੀ. ਪੰਜਾਬੀ ਵੀ ਦੂਜੇ ਕਈ ਪ੍ਰਾਈਵੇਟ ਚੈਨਲਾਂ ਵਾਂਗ ਸਰਕਾਰੀ ਹੱਥ ਠੋਕਾ ਹੀ ਨਜ਼ਰ ਆ ਰਿਹਾ ਹੈ।
ਸੱਭ ਤੋਂ ਦੁਖਦਾਈ ਗੱਲ ਇਹ ਲਗਦੀ ਹੈ ਕਿ ਜਦੋਂ ਸਾਡੇ ਜਵਾਨ ਸ਼ਹੀਦ ਹੋ ਰਹੇ ਸੀ, ਸਰਹੱਦਾਂ ਉਤੇ ਤਣਾਅ ਦਾ ਰੌਲਾ ਹੋਰ ਚੈਨਲ ਪਾ ਰਹੇ ਸਨ ਤਾਂ ਸਾਡਾ ਡੀ.ਡੀ. ਪੰਜਾਬੀ ਮਸਤ ਹੋ ਕੇ ਅਪਣੀ ਰਵਾਇਤ ਅਨੁਸਾਰ ਹੀ ਵੀਜ਼ੇ ਵੇਚਣ ਵਾਲੀਆਂ ਕੰਪਨੀਆਂ ਦਾ ਇਸ਼ਤਿਹਾਰ ਵਿਖਾ ਰਿਹਾ ਸੀ, ਜਿਵੇਂ ਇਸ ਦੇ ਪ੍ਰਬੰਧਕ ਇਸ ਦੇਸ਼ ਦੇ ਵਸਨੀਕ ਹੀ ਨਾ ਹੋਣ। ਸਾਡੀ ਗੁਜ਼ਾਰਿਸ਼ ਹੈ ਇਸ ਦੇ ਡਾਇਰੈਕਟਰ ਸਾਹਬ ਨੂੰ ਕਿ ਸਾਨੂੰ ਪੁਰਾਣਾ ਡੀ.ਡੀ. ਪੰਜਾਬੀ ਦੇ ਦਿਉ ਜਾਂ ਫਿਰ ਇਸ ਨੂੰ ਵੇਚ ਹੀ ਦਿਉ ਕਿਉਂਕਿ ਇਹ ਪੰਜਾਬੀ ਦੀ ਸੇਵਾ ਲਈ ਬਣਾਇਆ ਗਿਆ ਸੀ ਨਾਕਿ ਸਰਕਾਰਾਂ ਦੀ ਸੇਵਾ ਕਰਨ ਜਾਂ ਸਿਰਫ਼ ਪੈਸੇ ਕਮਾਉਣ ਲਈ।
-ਗੁਰਮੀਤ ਸਿੰਘ ਬਰਾੜ, ਹਰੀਕੇ ਕਲਾਂ, ਸ੍ਰੀ ਮੁਕਤਸਰ ਸਾਹਿਬ।
ਸੰਪਰਕ : 98555-79735