
ਗਠਜੋੜ ਭਾਰਤ ਦੀ ਸਿਆਸਤ ਦਾ ਹਿੱਸਾ ਬਣ ਗਿਆ ਹੈ ਪਰ ਜਦੋਂ ਵਿਰੋਧੀ ਆਪਸ ਵਿਚ ਬਿਆਨਬਾਜ਼ੀ ਦੇ ਤੀਰ ਚਲਾ ਕੇ ਸੱਤਾ ਹਾਸਲ ਕਰਨ ਵਾਸਤੇ ਸਾਂਝ ਪਾ ਲੈਂਦੇ ਹਨ ...
ਗਠਜੋੜ ਭਾਰਤ ਦੀ ਸਿਆਸਤ ਦਾ ਹਿੱਸਾ ਬਣ ਗਿਆ ਹੈ ਪਰ ਜਦੋਂ ਵਿਰੋਧੀ ਆਪਸ ਵਿਚ ਬਿਆਨਬਾਜ਼ੀ ਦੇ ਤੀਰ ਚਲਾ ਕੇ ਸੱਤਾ ਹਾਸਲ ਕਰਨ ਵਾਸਤੇ ਸਾਂਝ ਪਾ ਲੈਂਦੇ ਹਨ ਤਾਂ ਹੈਰਾਨੀ ਵੀ ਹੁੰਦੀ ਹੈ ਪਰ ਸਿਆਸੀ ਖੇਡ ਵਿਚ ਕੁੱਝ ਵੀ ਸੰਭਵ ਬਣ ਜਾਂਦਾ ਹੈ। ਦਿੱਲੀ ਵਿਚ ਇਕ ਦੂਜੇ ਉਤੇ ਚਿੱਕੜ ਸੁੱਟਣ ਤੋਂ ਬਾਅਦ ਕਾਂਗਰਸ ਅਤੇ 'ਆਪ' ਨੇ ਗਠਜੋੜ ਬਣਾਇਆ ਸੀ, ਸਿਰਫ਼ ਅਤੇ ਸਿਰਫ਼ ਭਾਜਪਾ ਨੂੰ ਬਾਹਰ ਰੱਖਣ ਵਾਸਤੇ। ਸੋ ਹੈਰਾਨੀ ਨਹੀਂ ਹੋਈ ਜਦੋਂ ਜਨਤਾ ਦਲ (ਐਸ) ਨੂੰ ਮੁੱਖ ਮੰਤਰੀ ਦਾ ਅਹੁਦਾ ਵੀ ਕਾਂਗਰਸ ਨੇ ਬਗ਼ੈਰ ਮੰਗੇ ਹੀ ਸੌਂਪ ਦਿਤਾ ਹੈ। ਪਰ ਹੈਰਾਨੀ ਉਦੋਂ ਜ਼ਰੂਰ ਹੋਈ ਜਦੋਂ ਕਰਨਾਟਕ ਦੇ ਰਾਜਪਾਲ ਵਾਜੂਭਾਈ ਬਾਲਾ ਨੇ ਇਸ ਪ੍ਰਕਿਰਿਆ ਨੂੰ ਵੀ ਇਕ ਹੋਰ ਪੱਧਰ ਤੇ ਮਾਰ ਸੁਟਿਆ। ਜੇ ਲੋਕਤੰਤਰ ਦੀ ਚੋਣ ਦੀ ਗੱਲ ਕਰੀਏ ਤਾਂ ਕਾਂਗਰਸ ਕੋਲ ਸੱਭ ਤੋਂ ਵੱਧ ਲੋਕਾਂ ਦੀ ਹਮਾਇਤ ਹੈ। ਕਾਂਗਰਸ ਅਤੇ ਜਨਤਾ ਦਲ (ਐਸ) ਕੋਲ ਮਿਲ ਕੇ ਸੀਟਾਂ ਵੀ ਸੱਭ ਤੋਂ ਜ਼ਿਆਦਾ ਹਨ।
BALA
ਰਾਜਪਾਲ ਬਾਲਾ, ਗੁਜਰਾਤ 'ਚੋਂ ਸੰਸਦ ਮੈਂਬਰ ਸਨ ਜਿਨ੍ਹਾਂ ਮੋਦੀ ਵਾਸਤੇ ਅਪਣੀ ਸੀਟ 2002 ਵਿਚ ਤਿਆਗੀ ਸੀ। ਪਰ ਅੱਜ ਉਨ੍ਹਾਂ ਨੇ ਲੋਕਤੰਤਰ ਨੂੰ ਵੀ ਮੋਦੀ ਜੀ ਨਾਲ ਵਫ਼ਾਦਾਰੀ ਨਿਭਾਉਣ ਲਈ ਤਿਆਗ ਦਿਤਾ। ਭਾਜਪਾ ਨੂੰ ਅਪਣੀ ਤਾਕਤ ਵਧਾਉਣ ਵਾਸਤੇ ਇਕ ਹਫ਼ਤੇ ਦਾ ਸਮਾਂ ਦੇਣ ਦਾ ਮਤਲਬ ਹੈ ਕਿ ਭਾਜਪਾ ਨੂੰ ਆਜ਼ਾਦੀ ਦੇ ਦਿਤੀ ਗਈ ਹੈ ਕਿ ਉਹ ਜਾ ਕੇ ਜਨਤਾ ਦਲ (ਯੂ) ਅਤੇ ਕਾਗਰਸ ਦੇ ਵਿਧਾਇਕਾਂ ਨਾਲ ਕਿਸੇ ਤਰ੍ਹਾਂ ਦਾ ਲੈਣ-ਦੇਣ ਕਰ ਕੇ ਉਨ੍ਹਾਂ ਨੂੰ ਅਪਣੇ ਪਾਸੇ ਖਿੱਚ ਲੈਣ। ਜ਼ਰੂਰਤ ਪਵੇ ਤਾਂ ਇਨ੍ਹਾਂ ਵਿਰੁਧ ਕੋਈ ਮੁਕੱਦਮੇ ਸ਼ੁਰੂ ਕਰ ਦਿਤੇ ਜਾਣ ਜਾਂ ਇਨ੍ਹਾਂ ਨੂੰ ਖ਼ਰੀਦ ਲਿਆ ਜਾਵੇ। ਇਕ ਹਫ਼ਤੇ ਦੀ ਮੋਹਲਤ ਦੇ ਕੇ ਅੱਜ ਭਾਰਤ ਦੇ ਲੋਕਤੰਤਰ ਦੇ ਢਾਂਚੇ ਨੂੰ ਕਮਜ਼ੋਰ ਕਰਨ ਵਾਲੀ ਇਕ ਹੋਰ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਹੈ। -ਨਿਮਰਤ ਕੌਰ