
ਗ੍ਰਹਿ ਮੰਤਰੀ ਨੇ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਤਾਂ ਮਿਥ ਦਿਤਾ ਹੈ ਪਰ ਸਫ਼ਲਤਾ ਵਾਸਤੇ ਸਰਹੱਦਾਂ ਦੇ ਨਾਲ ਨਾਲ ਵਰਦੀ ਦੀ ਸਫ਼ਾਈ ਵੀ ਕਰਨੀ ਪਵੇਗੀ
ਕੇਰਲ ਦੇ ਸਮੁੰਦਰੀ ਤੱਟ ਤੋਂ 2500 ਕਿਲੋ ਅਫ਼ੀਮ ਫੜੀ ਗਈ ਹੈ। ਇਕ ਵੱਡੇ ਸਮੁੰਦਰੀ ਜਹਾਜ਼ ਤੋਂ ਛੋਟੀਆਂ ਕਿਸ਼ਤੀਆਂ ਤੇ 40-60 ਕਿਲੋ ਦੀਆਂ ਬੋਰੀਆਂ ਵਿਚ ਇਸ ਨਸ਼ੇ ਨੇ ਅਜੇ ਭਾਰਤ ਅਤੇ ਸ੍ਰੀਲੰਕਾ ਵਿਚ ਜਾਣਾ ਸੀ। ਐਨ.ਸੀ.ਬੀ. ਤੇ ਭਾਰਤੀ ਨੇਵੀ ਦੀ ਇਸ ਸਫ਼ਲਤਾ ਨੇ ਭਾਰਤ ਵਿਚ ਵੱਡੀ ਮਾਤਰਾ ਵਿਚ ਸੜਕਾਂ ਤੇ ਨਸ਼ੇ ਨੂੰ ਆਉਣ ਤੋਂ ਰੋਕ ਦਿਤਾ ਹੈ। ਦਸਿਆ ਗਿਆ ਹੈ ਕਿ ਜਿਹੜਾ ਨਸ਼ਾ ਸ੍ਰੀਲੰਕਾ ਜਾ ਰਿਹਾ ਸੀ, ਉਹ ਵੀ ਕੁੱਝ ਮਹੀਨਿਆਂ ਵਿਚ ਭਾਰਤ ਵਿਚ ਹੀ ਵੇਚਿਆ ਜਾਣਾ ਸੀ। ਪਹਿਲਾਂ ਵੀ ਦੋ ਵਾਰ ਇਸ ਤਰ੍ਹਾਂ ਦੀ ਸਫ਼ਲਤਾ ਕੇਰਲਾ ਅਤੇ ਗੁਜਰਾਤ ਦੇ ਤੱਟਾਂ ਤੋਂ ਮਿਲੀ ਸੀ।
ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਸਮੁੰਦਰੀ ਜਹਾਜ਼ ਬਲੋਚਿਸਤਾਨ, ਇਰਾਨ ਅਤੇ ਪਾਕਿਸਤਾਨ ਦੇ ਸਮੁੰਦਰੀ ਤੱਟਾਂ ਵਲੋਂ ਆ ਰਿਹਾ ਸੀ ਅਤੇ ਇਸ ਨਸ਼ੇ ਦੇ ਨਾਲ ਨਾਲ ਇਕ 29 ਸਾਲ ਦੇ ਪਾਕਿਸਤਾਨੀ ਨਾਗਰਿਕ ਨੂੰ ਵੀ ਫੜਿਆ ਗਿਆ ਹੈ ਜੋ ਇਸ ਸਾਰੇ ਮਾਮਲੇ ਨੂੰ ਬੇਨਕਾਬ ਕਰੇਗਾ। ਇਹ ਕੋਈ ਨਵੀਂ ਜਾਣਕਾਰੀ ਨਹੀਂ ਕਿ ਨਸ਼ਾ ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਰਸਤੇ ਆਉਂਦਾ ਹੈ ਪਰ ਇਹ ਜ਼ਰੂਰ ਨਵੀਂ ਗੱਲ ਹੈ ਕਿ ਸਾਡੇ ਸਮੁੰਦਰੀ ਤੱਟ ਦੀਆਂ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ਨਸ਼ਾ ਤਸਕਰੀ ਦੀਆਂ ਵੱਡੀਆਂ ਚੋਰਮੋਰੀਆਂ ਹਨ। ਕੇਰਲ ਵਿਚ ਤਾਂ ਕਿਲੋਆਂ ਦੇ ਹਿਸਾਬ ਨਸ਼ਾ ਆ ਰਿਹਾ ਹੈ ਅਤੇ ਇਥੋਂ ਸਮੁੰਦਰੀ ਜਹਾਜ਼ਾਂ ਦੇ ਰਸਤੇ ਮਿੰਟਾਂ ਵਿਚ ਨਸ਼ਾ-ਵਿਤਰਣ ਦਾ ਰਸਤਾ ਹੈ। ਇਹ ਸਾਰਾ ਨਸ਼ਾ ਪੰਜਾਬ ਦੀ ਜਵਾਨੀ ਨੇ ਨਹੀਂ ਸੀ ਖ਼ਰੀਦਣਾ।
ਇਹ ਖ਼ਬਰ ਵੀ ਪੜ੍ਹੋ : ਗਰਮੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਪੰਜਾਬ ਤੇ ਬਾਕੀ ਸੂਬਿਆਂ ਵਿਚ ਅੰਤਰ ਸਿਰਫ਼ ਇਹ ਹੈ ਕਿ ਪੰਜਾਬ ਦੇ ਲੋਕ ਇਸ ਸਮੱਸਿਆ ਪ੍ਰਤੀ ਜਾਗਰੂਕ ਪਹਿਲਾਂ ਹੋ ਗਏ ਅਤੇ ਕੁੱਝ ਸਿਆਸੀ ਰੰਜਸ਼ਾਂ ਕਾਰਨ ਸੱਚ ਸਾਹਮਣੇ ਆ ਗਿਆ। ਬਾਕੀ ਸੂਬਿਆਂ ਨੇ ਇਸ ਤਰ੍ਹਾਂ ਦੀ ਪਹਿਲਕਦਮੀ ਨਹੀਂ ਵਿਖਾਈ ਜਿਸ ਦਾ ਅਸਰ ਇਹ ਹੈ ਕਿ ਇਨ੍ਹਾਂ ਤੱਟਾਂ ਉਤੇ ਮਿੰਟ ਮਿੰਟ ਬਾਅਦ ਨਸ਼ਾ ਪਹੁੰਚ ਰਿਹਾ ਹੈ। ਪਰ ਸੱਭ ਤੋਂ ਅਹਿਮ ਗੱਲ ਜਿਸ ਬਾਰੇ ਗੱਲ ਕਰਨੀ ਜ਼ਰੂਰੀ ਹੈ ਕਿ ਨਸ਼ਾ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਆਉਂਦਾ ਹੈ ਪਰ ਵਰਤਿਆ ਭਾਰਤ ਵਿਚ ਹੀ ਜਾਂਦਾ ਹੈ। ਸ੍ਰੀਲੰਕਾ ਵੀ ਅਜੇ ਇਸ ਨਸ਼ੇ ਦਾ ਗੋਦਾਮ ਹੈ, ਉਸ ਦੀ ਵਿਕਰੀ ਦਾ ਟਿਕਾਣਾ ਨਹੀਂ ਬਣਿਆ। ਐਨ.ਸੀ.ਬੀ. ਅਫ਼ਸਰ ਸਮੀਰ ਵਾਨਖੇੜੇ (ਜਿਸ ਨੇ ਸ਼ਾਹਰੁਖ਼ ਖ਼ਾਨ ਦੇ ਬੇਟੇ ਨੂੰ ਗ਼ਲਤ ਨਸ਼ੇ ਦੀ ਵਰਤੋਂ ਦੇ ਕੇਸ ਵਿਚ ਫਸਾਉਣਾ ਚਾਹਿਆ ਸੀ) ਨੂੰ ਅੱਜ ਸੀ.ਬੀ.ਆਈ ਨੇ ਹੀ ਫੜ ਕੇ ਉਸ ਤੇ ਵੱਡੇ ਇਲਜ਼ਾਮ ਲਗਾਏ ਹਨ ਅਤੇ ਜਿਹੜਾ ਵਾਨਖੇੜੇ ਅਰਯਾਨ ਖ਼ਾਨ ਨੂੰ ਜੇਲ ਵਿਚ ਸੁਟਣਾ ਚਾਹੁੰਦਾ ਸੀ ਅੱਜ ਆਪ ਹੀ ਸਲਾਖਾਂ ਪਿਛੇ ਹੈ। ਪਰ ਜਿਹੜਾ ਪੰਜਾਬ ਅਪਣੇ ਸੂਬੇ ਵਿਚ ਫੈਲਦੇ ਨਸ਼ੇ ਬਾਰੇ ਜਾਗਰੂਕ ਹੈ, ਆਵਾਜ਼ ਚੁਕ ਰਿਹਾ ਹੈ, ਉਥੇ ਸਿਸਟਮ ਨੇ ਉਹ ਫੁਰਤੀ ਨਹੀਂ ਦਿਖਾਈ। ਪੰਜਾਬ ਦੀਆਂ ਜੇਲਾਂ ਵਿਚ ਨਸ਼ਾ ਖੁਲ੍ਹਾ ਵਿਕਦਾ ਹੈ ਪਰ ਅਜੇ ਤਕ ਉਥੇ ਨਸ਼ਾ ਫੜਨ ਵਾਸਤੇ ਕੁੱਤੇ ਨਹੀਂ ਰੱਖੇ ਕਿਉਂਕਿ ਕੁੱਤੇ ਨੂੰ ਰਿਸ਼ਵਤ ਨਹੀਂ ਦਿਤੀ ਜਾ ਸਕਦੀ।
ਇਹ ਖ਼ਬਰ ਵੀ ਪੜ੍ਹੋ :ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ ,ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ
ਗ੍ਰਹਿ ਮੰਤਰੀ ਨੇ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਤਾਂ ਮਿਥ ਦਿਤਾ ਹੈ ਪਰ ਸਫ਼ਲਤਾ ਵਾਸਤੇ ਸਰਹੱਦਾਂ ਦੇ ਨਾਲ ਨਾਲ ਵਰਦੀ ਦੀ ਸਫ਼ਾਈ ਵੀ ਕਰਨੀ ਪਵੇਗੀ। ਅੱਜ ਦੀ ਸਚਾਈ ਇਹ ਵੀ ਮੰਗ ਕਰਦੀ ਹੈ ਕਿ ਫ਼ਾਸਟ ਟਰੈਕ ਅਦਾਲਤਾਂ ਅਤੇ ਐਸ.ਆਈ.ਟੀ.ਸਿਰਫ਼ ਇਨ੍ਹਾਂ ਅਪਰਾਧਾਂ ਵਾਸਤੇ ਬਣਾ ਦਿਤੀਆਂ ਜਾਣ ਤਾਕਿ ਇਹ ਸੰਦੇਸ਼ ਵਰਦੀ ਨੂੰ ਚਲਾ ਜਾਵੇ ਕਿ ਇਸ ’ਤੇ ਲੱਗੇ ਦਾਗ਼ ਬਰਦਾਸ਼ਤ ਨਹੀਂ ਹੋਣਗੇ। ਜਦ ਤਕ ਸਿਸਟਮ ਸਾਫ਼ ਨਹੀਂ ਹੋਵੇਗਾ, ਸਰਹੱਦਾਂ ਤੇ ਸਫ਼ਾਈ ਸਫ਼ਲ ਨਹੀਂ ਹੋਵੇਗੀ ਅਤੇ ਤਸਕਰੀ ਦੀ ਮਾਤਰਾ ਕਿਲੋਆਂ ਤੋਂ ਵਧਦੀ ਹੋਈ ਮਣਾਂ ਵਿਚ ਚਲੀ ਜਾਵੇਗੀ ਤੇ ਸਾਡੇ ਭਵਿੱਖ ਨੂੰ ਖੋਖਲਾ ਕਰ ਦੇਵੇਗੀ।
-ਨਿਮਰਤ ਕੌਰ