
ਭਾਰਤ ਵਿਚ ਅਪਰਾਧ ਵੱਧ ਰਹੇ ਹਨ, ਔਰਤਾਂ ਸੜਕਾਂ ਤੇ ਸੁਰੱਖਿਅਤ ਨਹੀਂ, ਪਰ ਸਾਡੇ ਇਨ੍ਹਾਂ 'ਖ਼ਾਸ' ਲੋਕਾਂ ਕੋਲ ਤਿੰਨ ਤਿੰਨ ਸਿਪਾਹੀ ਹੁੰਦੇ ਹਨ..........
ਭਾਰਤ ਵਿਚ ਅਪਰਾਧ ਵੱਧ ਰਹੇ ਹਨ, ਔਰਤਾਂ ਸੜਕਾਂ ਤੇ ਸੁਰੱਖਿਅਤ ਨਹੀਂ, ਪਰ ਸਾਡੇ ਇਨ੍ਹਾਂ 'ਖ਼ਾਸ' ਲੋਕਾਂ ਕੋਲ ਤਿੰਨ ਤਿੰਨ ਸਿਪਾਹੀ ਹੁੰਦੇ ਹਨ ਅਤੇ 663 ਆਮ ਭਾਰਤੀਆਂ ਕੋਲ ਸੁਰੱਖਿਆ ਵਾਸਤੇ ਇਕ ਸਿਪਾਹੀ ਹੈ। ਪੁਲਿਸ ਕੋਲ ਅਸਲੇ ਦੀ ਕਮੀ ਹੈ। ਉਨ੍ਹਾਂ ਕੋਲ ਆਮ ਭਾਰਤੀ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਜਾਂ ਤਾਂ ਬੰਦੂਕਾਂ ਨਹੀਂ ਹਨ ਜਾਂ ਪੁਰਾਣੀਆਂ ਹਨ
ਪਰ ਇਸ 'ਖ਼ਾਸ' ਤਬਕੇ ਦੀ ਸੁਰੱਖਿਆ ਵਾਸਤੇ ਲਾਏ ਗਏ ਸੀ.ਆਈ.ਐਸ.ਐਫ਼. ਦੀ ਖ਼ਾਸ ਸੈਨਾ ਨੂੰ ਵਧੀਆ ਬੰਦੂਕਾਂ ਮਿਲ ਰਹੀਆਂ ਹਨ। ਇਹ 1200 ਲੋਕ ਹਨ ਜਿਨ੍ਹਾਂ ਦੀ ਗਿਣਤੀ 2800 ਹੋਣ ਵਾਲੀ ਹੈ ਅਤੇ ਇਹ ਸਿਰਫ਼ 78 ਲੋਕਾਂ ਨੂੰ ਸੁਰੱਖਿਆ ਦੇਂਦੇ ਹਨ। ਇਨ੍ਹਾਂ 78 ਲੋਕਾਂ ਵਿਚ ਕੇਂਦਰੀ ਮੰਤਰੀ, ਆਰ.ਐਸ.ਐਸ. ਦੇ ਆਗੂ ਅਤੇ ਕੁੱਝ ਵਿਧਾਇਕ ਤੇ ਮੁੱਖ ਮੰਤਰੀ ਆਦਿ ਸ਼ਾਮਲ ਹਨ।
'ਮੈਂ ਉਨ੍ਹਾਂ ਨੂੰ ਮਾਰਿਆ ਹੈ। ਫਿਰ ਕੀ ਹੋਇਆ?' ਇਹ ਸ਼ਬਦ ਇਕ ਆਦੀ ਖ਼ੂਨੀ ਦੇ ਜਾਪਦੇ ਹਨ ਪਰ ਅਸਲ ਵਿਚ ਇਹ ਇਕ ਸਰਕਾਰੀ ਸਿਪਾਹੀ ਦੇ ਸਨ ਜਿਸ ਨੇ ਇਕ ਜੱਜ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰ ਦਿਤੀ ਸੀ। ਅਪਣੇ ਕੀਤੇ ਦਾ, ਉਸ ਨੂੰ ਕੋਈ ਪਛਤਾਵਾ ਨਹੀਂ ਸੀ। ਉਸ ਦੇ ਪ੍ਰਵਾਰ ਮੁਤਾਬਕ ਉਹ ਬੜੇ ਦਿਨਾਂ ਤੋਂ ਤਣਾਅ ਵਿਚ ਸੀ ਅਤੇ ਰੋਂਦਾ ਰਹਿੰਦਾ ਸੀ। 10 ਦਿਨ ਪਹਿਲਾਂ ਉਸ ਦੀ ਬੇਟੀ ਦੀ ਬਾਂਹ ਟੁੱਟ ਗਈ ਸੀ ਅਤੇ ਉਸ ਨੂੰ ਛੁੱਟੀ ਨਹੀਂ ਮਿਲ ਰਹੀ ਸੀ।
ਜੱਜ ਦਾ 18 ਸਾਲ ਦਾ ਬੇਟਾ ਉਸ ਨਾਲ ਬਦਤਮੀਜ਼ੀ ਨਾਲ ਗੱਲ ਕਰਦਾ ਸੀ ਅਤੇ ਸ਼ਾਇਦ ਉਸ ਦਿਨ ਵੀ ਗੁੱਸੇ ਵਿਚ ਆ ਕੇ ਉਸ ਜੱਜ ਦੇ ਬੇਟੇ ਨੇ ਇਸ ਸਿਪਾਹੀ ਨਾਲ ਕੌੜੀ ਕੁਸੈਲੀ ਭਾਸ਼ਾ ਵਿਚ ਗੱਲ ਕੀਤੀ ਸੀ। ਇਕ ਪਲ ਵਿਚ ਹੀ ਸਿਪਾਹੀ ਦੇ ਸਿਰ ਤੇ ਸਾਲਾਂ ਦੇ ਵਿਤਕਰੇ ਦਾ ਗੁੱਸਾ ਆ ਸਵਾਰ ਹੋਇਆ ਅਤੇ ਉਸ ਨੇ ਗੋਲੀ ਚਲਾ ਦਿਤੀ। ਕਿਸੇ ਵੀ ਹਾਲ ਵਿਚ ਇਸ ਤਰ੍ਹਾਂ ਦੀ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਇਹ ਹਾਦਸਾ ਸਰਕਾਰੀ ਅਫ਼ਸਰਾਂ/ਮੰਤਰੀਆਂ ਦੇ ਪ੍ਰਵਾਰਾਂ ਵਲੋਂ ਸਿਪਾਹੀਆਂ ਦੀ ਦੁਰਵਰਤੋਂ ਅਤੇ ਉਨ੍ਹਾਂ ਪ੍ਰਤੀ ਵਰਤੀ ਜਾਂਦੀ ਮਾੜੀ ਭਾਸ਼ਾ ਉਤੇ ਨਜ਼ਰ ਪਾਉਣ ਦੀ ਸਖ਼ਤ ਜ਼ਰੂਰਤ ਵਲ ਵੀ ਧਿਆਨ ਦਿਵਾਉਂਦਾ ਹੈ।
ਬਹੁਤ ਵਾਰ ਵੇਖਿਆ ਗਿਆ ਹੈ ਕਿ ਇਕ ਸਿਪਾਹੀ ਦੀ ਸਰਕਾਰੀ ਮੁਲਾਜ਼ਮਾਂ (ਅਫ਼ਸਰਾਂ/ਸਿਆਸਤਦਾਨਾਂ) ਵਲੋਂ ਬਹੁਤ ਦੁਰਵਰਤੋਂ ਕੀਤੀ ਹੁੰਦੀ ਹੈ। ਕਦੇ ਉਨ੍ਹਾਂ ਨੂੰ ਜੁੱਤਿਆਂ ਦੇ ਤਸਮੇ ਬੰਨ੍ਹਣ ਲਈ ਕਿਹਾ ਜਾਂਦਾ ਹੈ, ਕਦੇ ਉਨ੍ਹਾਂ ਕੋਲੋਂ ਬੱਚਿਆਂ ਦੇ ਬੂਟ ਪਾਲਸ਼ ਕਰਵਾਏ ਜਾਂਦੇ ਹਨ, ਕਦੇ ਡਰਾਈਵਰੀ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਝਾੜੂ ਪੋਚਾ ਜਾਂ ਸਫ਼ਾਈ ਵੀ ਕਰਨੀ ਪੈਂਦੀ ਹੈ। ਭਾਰਤੀ ਸਰਕਾਰੀ ਸਿਸਟਮ ਨੇ ਇਸ ਚੌਥੇ ਵਰਗ ਦੇ ਭਾਗਾਂ ਵਿਚ ਇੱਜ਼ਤ ਲਿਖੀ ਹੀ ਨਹੀਂ ਹੋਈ। ਇਹ ਗ਼ਰੀਬ ਤਬਕਾ ਹੈ ਜਿਸ ਨੂੰ ਨੌਕਰੀ ਬੜੇ ਸੰਘਰਸ਼ ਤੋਂ ਬਾਅਦ ਮਿਲਦੀ ਹੈ ਪਰ ਫਿਰ ਜੋ ਗ਼ੁਲਾਮੀ ਕਰਨੀ ਪੈਂਦੀ ਹੈ, ਉਹ ਇਕ ਆਜ਼ਾਦ ਦੇਸ਼ ਵਿਚ ਪੂਰੀ ਤਰ੍ਹਾਂ ਨਾਜਾਇਜ਼ ਹੁੰਦੀ ਹੈ।
Security Circle
ਕਹਿਣ ਨੂੰ ਭਾਰਤ ਆਜ਼ਾਦ ਹੈ ਪਰ ਆਜ਼ਾਦੀ ਸਿਰਫ਼ ਕੁੱਝ ਗਿਣੇ ਚੁਣਿਆਂ ਵਾਸਤੇ ਆਈ ਜਾਪਦੀ ਹੈ। ਗ਼ਰੀਬੀ ਤੇ ਜਾਤ-ਪਾਤ ਨੇ ਗ਼ੁਲਾਮੀ ਨੂੰ ਇਕ ਨਵਾਂ ਨਾਂ ਦੇ ਦਿਤਾ ਹੈ। ਇਸ ਸਿਪਾਹੀ ਨੂੰ ਤਾਂ ਹੁਣ ਅਪਣੇ ਜੁਰਮ ਦੀ ਸਜ਼ਾ ਭੁਗਤਣੀ ਹੀ ਪਵੇਗੀ ਪਰ ਇਹ ਜਾਂਚ ਕਰਨੀ ਵੀ ਜ਼ਰੂਰੀ ਹੈ ਕਿ ਕਿਉਂ ਇਕ 18 ਸਾਲ ਦੇ ਬੱਚੇ ਨੂੰ ਇਹ ਹੱਕ ਦਿਤਾ ਗਿਆ ਸੀ ਕਿ ਉਹ ਇਕ ਵਰਦੀ ਪਾਈ ਸਿਪਾਹੀ ਉਤੇ ਰੋਅਬ ਝਾੜ ਸਕੇ? ਉਸ ਬੱਚੇ ਨੂੰ ਕਿਸ ਗੱਲ ਦਾ ਗ਼ਰੂਰ ਸੀ? ਇਕ ਸਿਪਾਹੀ ਨੂੰ ਡਰਾਈਵਰ ਕਿਉਂ ਲਾਇਆ ਗਿਆ ਸੀ?
ਭਾਰਤ ਵਿਚ ਹਰ ਸਰਕਾਰੀ ਅਫ਼ਸਰ ਤੇ ਸਿਆਸਤਦਾਨ ਅਪਣੇ ਆਪ ਨੂੰ ਖ਼ਾਸ ਸਮਝਦਾ ਤਾਂ ਹੈ ਹੀ, ਪਰ ਕੀ ਕਾਨੂੰਨ ਵੀ ਉਸ ਨੂੰ ਖ਼ਾਸ ਮੰਨਦਾ ਹੈ? ਭਾਰਤ ਵਿਚ ਅਪਰਾਧ ਵੱਧ ਰਹੇ ਹਨ, ਔਰਤਾਂ ਸੜਕਾਂ ਤੇ ਸੁਰੱਖਿਅਤ ਨਹੀਂ, ਪਰ ਸਾਡੇ ਇਨ੍ਹਾਂ 'ਖ਼ਾਸ' ਲੋਕਾਂ ਕੋਲ ਤਿੰਨ ਤਿੰਨ ਸਿਪਾਹੀ ਹੁੰਦੇ ਹਨ ਅਤੇ 663 ਆਮ ਭਾਰਤੀਆਂ ਕੋਲ ਸੁਰੱਖਿਆ ਵਾਸਤੇ ਇਕ ਸਿਪਾਹੀ ਹੈ। ਪੁਲਿਸ ਕੋਲ ਅਸਲੇ ਦੀ ਕਮੀ ਹੈ। ਉਨ੍ਹਾਂ ਕੋਲ ਆਮ ਭਾਰਤੀ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਜਾਂ ਤਾਂ ਬੰਦੂਕਾਂ ਨਹੀਂ ਹਨ ਜਾਂ ਪੁਰਾਣੀਆਂ ਹਨ ਪਰ ਇਸ 'ਖ਼ਾਸ' ਤਬਕੇ ਦੀ ਸੁਰੱਖਿਆ ਵਾਸਤੇ ਲਾਏ ਗਏ ਸੀ.ਆਈ.ਐਸ.ਐਫ਼. ਦੀ ਖ਼ਾਸ ਸੈਨਾ ਨੂੰ ਵਧੀਆ ਬੰਦੂਕਾਂ ਮਿਲ ਰਹੀਆਂ ਹਨ।
ਇਹ 1200 ਲੋਕ ਹਨ ਜਿਨ੍ਹਾਂ ਦੀ ਗਿਣਤੀ 2800 ਹੋਣ ਵਾਲੀ ਹੈ ਅਤੇ ਇਹ ਸਿਰਫ਼ 78 ਲੋਕਾਂ ਨੂੰ ਸੁਰੱਖਿਆ ਦੇਂਦੇ ਹਨ। ਇਨ੍ਹਾਂ 78 ਲੋਕਾਂ ਵਿਚ ਕੇਂਦਰੀ ਮੰਤਰੀ, ਆਰ.ਐਸ.ਐਸ. ਦੇ ਆਗੂ ਅਤੇ ਕੁੱਝ ਵਿਧਾਇਕ ਤੇ ਮੁੱਖ ਮੰਤਰੀ ਆਦਿ ਸ਼ਾਮਲ ਹਨ। ਭਾਰਤ ਵਿਚ 'ਖ਼ਾਸ ਵਿਅਕਤੀਆਂ' ਦੀ ਗਿਣਤੀ 579092 ਹੈ ਜਦਕਿ ਚੀਨ ਵਿਚ 435 ਹੀ ਹਨ ਅਤੇ ਅਮਰੀਕਾ ਵਿਚ 252। ਇਹ ਲੋਕ ਖ਼ਾਸ ਨਹੀਂ ਹਨ। ਪ੍ਰਧਾਨ ਮੰਤਰੀ ਜੇ ਅਪਣੇ-ਆਪ ਨੂੰ ਦੇਸ਼ ਦਾ ਚੌਕੀਦਾਰ ਆਖਦੇ ਹਨ ਤਾਂ ਇਹ ਬਾਕੀ ਵੀ ਤਾਂ ਸਰਕਾਰੀ ਸੇਵਾਦਾਰ ਹੀ ਹੋਏ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਕਿਉਂ ਦਿਤੀ ਜਾਂਦੀ ਹੈ?
ਸੁਰੱਖਿਆ ਦੇ ਨਾਲ ਨਾਲ ਛੋਟੇ ਸਿਪਾਹੀਆਂ ਦੀ ਫ਼ੌਜ ਵੀ ਜਾਂਦੀ ਹੈ ਜੋ ਵਿਚਾਰੇ ਪ੍ਰਵਾਰ ਦੀ ਗ਼ੁਲਾਮੀ ਕਰਨ ਲਈ ਮਜਬੂਰ ਹੁੰਦੇ ਹਨ। ਗੁੜਗਾਉਂ ਦੇ ਇਸ ਹਾਦਸੇ ਵਿਚ ਸਰਕਾਰੀ ਰੀਤ ਦੀ ਕੀਮਤ ਉਸ ਜੱਜ ਦੇ ਪ੍ਰਵਾਰ ਨੇ ਵੀ ਚੁਕਾਈ ਹੈ ਅਤੇ ਉਸ ਸਿਪਾਹੀ ਦਾ ਪ੍ਰਵਾਰ ਵੀ ਚੁਕਾਏਗਾ। ਜਿਹੜਾ ਬਾਪ ਪਹਿਲਾਂ ਅਪਣੀ ਬੇਟੀ ਨੂੰ ਘੱਟ ਸਮਾਂ ਦੇ ਪਾ ਰਿਹਾ ਸੀ, ਹੁਣ ਤਾਂ ਉਸ ਨੂੰ ਸਲਾਖ਼ਾਂ ਪਿੱਛੇ ਹੀ ਮਿਲੇਗਾ।
ਸਰਕਾਰੀ ਸਹੂਲਤਾਂ ਦੀ ਕਦਰ ਕਰਨੀ ਇਸ 'ਖ਼ਾਸਮ ਖ਼ਾਸ' ਤਬਕੇ ਨੂੰ ਸਿਖਣੀ ਅਤੇ ਸਿਖਾਉਣੀ ਬਹੁਤ ਜ਼ਰੂਰੀ ਹੈ। ਗ਼ਰੀਬ ਭਾਰਤੀ ਨੂੰ ਨਵੇਂ ਭਾਰਤ ਵਿਚ ਗ਼ੁਲਾਮ ਬਣਨ ਤੋਂ ਰੋਕਣਾ ਵੀ ਬਹੁਤ ਜ਼ਰੂਰੀ ਹੈ ਨਹੀਂ ਤਾਂ 'ਤੰਗ ਆਮਦ ਬਜੰਗ ਆਮਦ' ਅਨੁਸਾਰ, ਉਸ ਨੂੰ ਵੀ ਗੁੱਸਾ ਆ ਸਕਦਾ ਹੈ ਤੇ ਹਾਦਸੇ ਵਾਪਰ ਸਕਦੇ ਹਨ।
-ਨਿਮਰਤ ਕੌਰ