Editorial: ਗੁਰੂ ਦੀਆਂ ਬੇਅਦਬੀਆਂ 'ਚ ਵਾਧਾ ਪਰ ਸਿੱਖ ਇਸ ਦਾ ਬਾ-ਦਲੀਲ ਜਵਾਬ ਦੇਣ 'ਚ ਨਾਕਾਮ ਤੇ ਧੌਲ ਧੱਫੇ ਨੂੰ ਹੀ ਇਕੋ ਇਕ ਜਵਾਬ ਦਸ ਰਹੇ

By : NIMRAT

Published : Jan 18, 2024, 7:37 am IST
Updated : Jan 18, 2024, 9:05 am IST
SHARE ARTICLE
File Photo
File Photo

ਪਿਛਲੇ ਅੱਠ ਸਾਲਾਂ ਵਿਚ ਬੇਅਦਬੀ ਦੇ ਮਾਮਲਿਆਂ ਵਿਚ 14 ਕਤਲ ਹੋ ਚੁੱਕੇ ਹਨ

Editorial: ਫਗਵਾੜੇ ਵਿਚ ਇਕ ਨੌਜੁਆਨ ਨੂੰ ਗੁਰੂ ਘਰ ਵਿਚ ਬੇਅਦਬੀ ਕਰਨ ਵਾਸਤੇ ਭੇਜੇ ਜਾਣ ਅਤੇ ਫਿਰ ਫੜੇ ਜਾਣ ਅਤੇ ਕਤਲ ਹੋ ਜਾਣ ਦਾ ਮਸਲਾ ਹੁਣ ਇਕ ਅਜਿਹਾ ਮਾਮਲਾ ਨਹੀਂ ਰਹਿ ਗਿਆ ਬਲਕਿ ਇਹ ਅਨੇਕਾਂ ਹੋਰ ਕਮਜ਼ੋਰ ਕੜੀਆਂ ਦਾ ਨਤੀਜਾ ਹੈ। ਪਿਛਲੇ ਅੱਠ ਸਾਲਾਂ ਵਿਚ ਬੇਅਦਬੀ ਦੇ ਮਾਮਲਿਆਂ ਵਿਚ 14 ਕਤਲ ਹੋ ਚੁੱਕੇ ਹਨ। ਜਦ 2015 ਵਿਚ ਬਰਗਾੜੀ ਵਿਚ ਬੇਅਦਬੀ ਅਤੇ ਫਿਰ ਗੋਲੀਆਂ ਤਕ ਚਲੀਆਂ ਸਨ ਤਾਂ ਸਿੱਖ ਨੌਜੁਆਨਾਂ ਦੀਆਂ ਸਿਫ਼ਤਾਂ ਹੋ ਰਹੀਆਂ ਸਨ ਕਿ ਇਨ੍ਹਾਂ ਨੇ ਅਪਣਾ ਵਿਰੋਧ ਬੜਾ ਸ਼ਾਂਤਮਈ ਰਖਿਆ।

ਉਨ੍ਹਾਂ ਵਲੋਂ ਆਪਾ ਨਾ ਗਵਾਉਣ ਦਾ ਹੀ ਨਤੀਜਾ ਸੀ ਕਿ ਪੰਜਾਬ ਦੀ ਸਰਕਾਰ ਅਤੇ ਡੀਜੀਪੀ ਅਪਣਾ ਆਪਾ ਗਵਾ ਬੈਠੇ ਤੇ ਅਪਣਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਗਏ। ਪਰ ਉਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ’ਚੋਂ ਵੀ 5 ਦਾ ਕਤਲ ਹੋਇਆ ਤੇ ਉਹ ਅਪਣੇ ਨਾਲ ਸੱਚ ਵਲ ਜਾਂਦੀਆਂ ਕੜੀਆਂ ਹਮੇਸ਼ਾਂ ਲਈ ਨਾਲ ਲੈ ਗਏ। ਫਗਵਾੜਾ ਵਿਚ ਜੋ ਹੋਇਐ, ਉਹ ਰਮਨਦੀਪ ਸਿੰਘ ਮੰਗੂ ਵਲੋਂ ਅਪਣੇ ਬਚਾਅ ਵਿਚ ਕੀਤਾ ਗਿਆ ਦਸਿਆ ਜਾ ਰਿਹਾ ਹੈ

ਪਰ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਹੁਣ ਸਾਹਮਣੇ ਆ ਰਹੀਆਂ ਹਨ ਜਿਥੇ ਨਿਹੰਗਾਂ ਵਲੋਂ ਸਿੱਖੀ ਦਾ ਬਚਾਅ ਕਰਨ ਲਈ ਅਪਣਾਏ ਤਰੀਕੇ, ਉਸ ਦਾ ਨੁਕਸਾਨ ਕਰ ਰਹੇ ਹਨ। ਕਦੇ ਕਿਸੇ ਪ੍ਰਦੇਸੀ ਸੂਬੇ ਦੀ ਲੜਕੀ ਨੂੰ ਘੇਰ ਲੈਣਾ, ਕਦੇ ਸੜਕ ’ਤੇ ਕਿਸੇ ਅੱਲ੍ਹੜ ਵਲੋਂ ਆਖੇ ਸ਼ਬਦਾਂ ਤੇ ਭੜਕ ਜਾਣਾ ਤੇ ਕਦੀ ਗੁਰੂ ਘਰਾਂ ’ਚ ਫੜੇਗਿਆਂ ਨੂੰ ‘ਸੋਧਾ’ ਲਗਾਉਣ ਦੇ ਕੁੱਝ ਮਾਮਲੇ, ਸਿੱਖੀ ਦੀ ਛਵੀ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਫਗਵਾੜੇ ਵਿਚ ਮਾਰੇ ਗਏ ਨੌਜੁਆਨ ਦੀ ਮੌਤ ਤੋਂ ਕੁੱਝ ਪਲ ਪਹਿਲਾਂ ਕਬੂਲਨਾਮੇ ਦਾ ਵੀਡੀਉ ਦਰਸਾਉਂਦਾ ਸੀ ਕਿ ਨੌਜੁਆਨ ਸ਼ਾਇਦ ਨਸ਼ੇੜੀ ਸੀ ਤੇ ਕੇਵਲ ਦੋ-ਤਿੰਨ ਹਜ਼ਾਰ ਰੁਪਏ ਵਾਸਤੇ ਇਸ ਕਾਰੇ ਲਈ ਮੰਨ ਗਿਆ ਸੀ। ਪਰ ਫਿਰ ਵੀ ਉਸ ਨੇ ਕੋਈ ਬੇਅਦਬੀ ਨਾ ਕੀਤੀ। ਜਿਸ ਥਾਂ ਗੁਰਬਾਣੀ ਭੁੱਲੇ ਭਟਕਿਆਂ ਨੂੰ ਆਸਰਾ ਦੇਣ ਦੀ ਸਿਖਿਆ ਦੇਂਦੀ ਹੈ, ਉਸੇ ਗੁਰੂ ਘਰ ਵਿਚ ਭਟਕਿਆਂ ਨੂੰ ਮਾਰਿਆ ਜਾਣਾ ਕੀ ਗੁਰੂ ਸ਼ਬਦ ਦੀ ਬੇਅਦਬੀ ਨਹੀਂ?

ਇਹ ਸਥਿਤੀ ਸ਼ਾਂਤ ਤੇ ਡੂੰਘੀ ਵਿਚਾਰ ਚਰਚਾ ਮੰਗਦੀ ਹੈ ਜੋ ਸਿੱਖਾਂ ਨੂੰ ਮਾਰਗ ਦਰਸਾਏ ਕਿ ਜਦੋਂ ਕੋਈ ਗੁਰੂ ਘਰ ’ਚ ਜਾ ਕੇ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕਰਦਾ ਹੈ ਤਾਂ ਉਸ ਨਾਲ ਨਜਿਠਣਾ ਕਿਸ ਤਰ੍ਹਾਂ ਚਾਹੀਦਾ ਹੈ। ਗਿ. ਹਰਪ੍ਰੀਤ ਸਿੰਘ ਨੇ ਦਸਿਆ ਹੈ ਕਿ 2013-2019 ਦਰਮਿਆਨ ਬੇਅਦਬੀ ਦੇ 143 ਮਾਮਲੇ ਵਾਪਰੇ ਹਨ। ਇਥੇ ਸਵਾਲ ਉਠਦਾ ਹੈ ਕਿ ਇਨ੍ਹਾਂ ਪਿੱਛੇ ਕੀ ਕੋਈ ਵੱਡੀ ਸਾਜ਼ਸ਼ ਕੰਮ ਕਰ ਰਹੀ ਹੈ? ਪੰਜਾਬ ਵਿਚ ਅਸੀ ਧਰਮ ਪਰਿਵਰਤਨ ਅਤੇ ਡੇਰਾਵਾਦ ਦਾ ਵਾਧਾ ਵੇਖ ਰਹੇ ਹਾਂ।

ਤੇ ਕਿਸੇ ਸਿੱਖ ਨੂੰ ਗੁਰੂ ਦੇ ਸ਼ਬਦ ਤੋਂ ਦੂਰ ਕਰਨ ਲਈ ਉਸ ਨੂੰ ਸਿੱਖੀ ਵਿਰੁਧ ਉਕਸਾਇਆ ਜਾ ਰਿਹਾ ਹੈ ਜਿਸ ਕਾਰਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਬਹਿਬਲ ਬਰਗਾੜੀ ਕਾਂਡ ਪਿਛੇ ਡੇਰਾ ਪ੍ਰੇਮੀਆਂ ਦਾ ਹੱਥ ਮੰਨਿਆ ਜਾਂਦਾ ਸੀ ਪਰ ਜ਼ਿਆਦਾਤਰ ਮੁਜਰਮ ਹੀ ਮਾਰ ਦਿਤੇ ਗਏ ਤੇ ਇਕ ਐਸ.ਆਈ.ਟੀ. ਤੋਂ ਬਾਅਦ, ਦੂਜੀ ਐਸ.ਆਈ.ਟੀ. ਨੇ ਮਾਮਲਾ ਉਲਝਾ ਕੇ ਸੱਚ ਨੂੰ ਦੂਰ ਕਰ ਦਿਤਾ ਹੈ। ਪਰ ਜੇ ਉਸ ਕਾਂਡ ਤੋਂ ਬਾਅਦ ਅਨੇਕਾਂ ਸਬੂਤਾਂ ਦੇ ਆਧਾਰ ’ਤੇ ਜਾਈਏ ਤਾਂ ਯਕੀਨਨ ਪ੍ਰੇਮੀਆਂ ਵਿਚ ਸਿੱਖੀ ਵਾਸਤੇ ਪਿਆਰ ਨਹੀਂ ਸੀ।

ਫਿਰ ਇਹ ਵੀ ਮੁਮਕਿਨ ਹੈ ਕਿ ਧਰਮ ਪਰਿਵਰਤਨ ਦੀ ਲਹਿਰ ਇਨ੍ਹਾਂ ਵਧਦੀਆਂ ਬੇਅਦਬੀਆਂ ਦਾ ਹੀ ਕਾਰਨ ਹੈ। ਵਧਦੇ ਗੁਰੂ ਘਰਾਂ ਨਾਲ ਕੀ ਸਿੱਖੀ ਵੱਧ ਰਹੀ ਹੈ ਜਾਂ ਕਾਰ ਸੇਵਾ ਵਾਲੇ ਵਪਾਰੀ ਕਿਸਮ ਦੇ ਬਾਬਿਆਂ ਦੀ ਤਿਜੋਰੀ? ਅੱਜ ਜਿੰਨਾ ਸਿੱਖੀ ਤੋਂ ਦੂਰ ਇਕ ਆਮ ਸਿੱਖ ਹੈ, ਉਸ ਦੀ ਤੁਲਨਾ ਵਿਚ ਗੁਰਦਵਾਰੇ ਓਨੇ ਹੀ ਵੱਧ ਰਹੇ ਹਨ। ਜਦ ਇਕ ਗੁਰਦਵਾਰਾ ਹੁੰਦਾ ਸੀ ਤਾਂ ਸਾਰਾ ਪਿੰਡ ਜਾਂ ਕਸਬਾ ਉਥੇ ਇਕੱਠਾ ਹੁੰਦਾ ਸੀ ਤੇ ਸਿੱਖ ਸਮਾਜ ਵਿਚ ਗੁਰੂ ਘਰ ਵਿਚ ਭਾਈਚਾਰਾ ਵਧਦਾ, ਦਰਾੜਾਂ ਘਟਦੀਆਂ, ਸਾਂਝੇ ਲੰਗਰ ਵਿਚ ਬੈਠਦੇ ਰਹਿਣ ਨਾਲ ਕਦੇ ਨਾ ਕਦੇ ਜਾਤ ਪਾਤ ਦੀ ਲਕੀਰ ਫਿੱਕੀ ਪੈ ਜਾਂਦੀ

ਤੇ ਜਦ ਗੁਰੂ ਦੇ ਸਾਰੇ ਸਿੰਘ-ਸਿੰਘਣੀਆਂ ਅਪਣੇ ਗੁਰੂ ਦੇ ਘਰ ਵਿਚ ਆਉਂਦੇ ਜਾਂਦੇ ਰਹਿੰਦੇ ਤਾਂ ਕਿਸੇ ਨੂੰ ਬੇਅਦਬੀ ਕਰਨ ਦਾ ਮੌਕਾ ਮਿਲਦਾ ਹੀ ਨਹੀਂ ਸੀ। ਐਨੇ ਵੱਖ-ਵੱਖ ਗੁਰਦਵਾਰੇ ਹੋਂਦ ਵਿਚ ਆ ਗਏ ਹਨ ਕਿ ਬਹੁਤੇ ਹਰ ਸਮੇਂ ਖ਼ਾਲੀ ਹੀ ਰਹਿੰਦੇ ਹਨ ਜਿਸ ਕਾਰਨ ਸ਼ਰਾਰਤ ਕਰਨ ਵਾਲੇ ਅਪਣੀ ਸ਼ੈਤਾਨੀ ਨੂੰ ਅੰਜਾਮ ਦੇ ਜਾਂਦੇ ਹਨ।

ਅੱਜ ਗੁਰੂ ਦੇ ਸਿੱਖ ਨੂੰ ਲੋੜ ਇਸ ਗੱਲ ਦੀ ਹੈ ਕਿ ਉਹ ਜਾਗ ਕੇ ਐਸੇ ਮੰਚ ’ਤੇ ਆਉਣ ਜੋ ਕਿਸੇ ਸਿਆਸਤਦਾਨ ਦਾ ਨਾ ਹੋਵੇ ਬਲਕਿ ਉਸ ’ਚ ਸਰਬੱਤ ਦੀ ਪਹਿਰੇਦਾਰੀ ਦੀ ਸੋਚ ਹਾਵੀ ਹੋਵੇ। ਸਾਰੇ ਪਾਸਿਆਂ ਤੋਂ ਅੱਜ ਸਿੱਖੀ ’ਤੇ ਹਮਲਾ ਹੋ ਰਿਹਾ ਹੈ ਪਰ ਸੱਭ ਖ਼ਤਰਨਾਕ ਹਮਲੇ ਸਿੱਖੀ ਦੇ ਅੰਦਰੋਂ ਹੋ ਰਹੇ ਹਨ ਜੋ ਸਿੱਖਾਂ ਨੂੰ ਮਸਲੇ ਨੂੰ ਸਮਝਣ ਹੀ ਨਹੀਂ ਦੇ ਰਹੇ ਤੇ ਭਾਵੁਕ ਕਰ ਕੇ ਗ਼ਲਤ ਰਾਹ ’ਤੇ ਲਿਜਾ ਰਹੇ ਹਨ।          - ਨਿਮਰਤ ਕੌਰ

(For more news apart from Punjab News, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement