
Editorial : ‘ਸ਼ਰਧਾਲੂਆਂ ਦੇ ਉਤਸ਼ਾਹ ਤੇ ਉਮਾਹ ਅੱਗੇ ਕੋਈ ਰੁਕਾਵਟ ਕਾਰਗਰ ਨਹੀਂ ਹੁੰਦੀ। ਸ਼ਰਧਾ ਦਾ ਸੈਲਾਬ ਠਲ੍ਹਣਾ ਆਸਾਨ ਨਹੀਂ ਹੁੰਦਾ।
ਤਿੰਨ ਹਫ਼ਤਿਆਂ ਵਿਚ ਦੋ ਵਾਰ ਭਗਦੜ। ਦੋਵਾਂ ਭਗਦੜਾਂ ਵਿਚ ਸਰਕਾਰੀ ਅੰਕੜਿਆਂ ਮੁਤਾਬਿਕ 50 ਮੌਤਾਂ, 300 ਤੋਂ ਵੱਧ ਲੋਕ ਜ਼ਖ਼ਮੀ। ਇਕ ਭਗਦੜ ਪ੍ਰਯਾਗ ਰਾਜ ਵਿਖੇ ਮਹਾਂਕੁੰਭ ਵਾਲੀ ਥਾਂ ’ਤੇ; ਦੂਜੀ ਮਹਾਂਕੁੰਭ ਵਿਚ ਸ਼ਾਮਲ ਹੋਣ ਦੇ ਸ਼ਰਧਾਵਾਨਾਂ ਦੀ ਨਵੀਂ ਦਿੱਲੀ ਸਟੇਸ਼ਨ ’ਤੇ। ਸੁਖਾਵਾਂ ਨਹੀਂ ਮਹਾਂਕੁੰਭ ਵਾਲੇ ਤਸੱਵਰ ਦਾ ਇਹ ਪੱਖ। ਪਹਿਲੀ ਭਗਦੜ ਦੀ ਜਾਂਚ ਰਿਪੋਰਟ ਅਜੇ ਸਰਕਾਰੀ ਤੌਰ ’ਤੇ ਨਸ਼ਰ ਵੀ ਨਹੀਂ ਹੋਈ, ਦੂਜੀ ਦੀ ਤਾਂ ਜਾਂਚ ਅਜੇ ਸ਼ੁਰੂ ਹੀ ਹੋਈ ਹੈ। ਪਹਿਲੇ ਦੁਖਾਂਤ ਦੀ ਮੁੱਢਲੀ ਪੜਤਾਲ ਵਿਚ ਭਗਦੜ ਲਈ ਕਸੂਰ ਬੁਨਿਆਦੀ ਤੌਰ ’ਤੇ ਸ਼ਰਧਾਲੂਆਂ ਦੀ ਹਜੂਮੀ ਬਿਰਤੀ ਦਾ ਦਸਿਆ ਗਿਆ ਸੀ; ਦੂਜੇ ਦੁਖਾਂਤ ਬਾਰੇ ਵੀ ਅਧਿਕਾਰਤ ਤੌਰ ’ਤੇ ਸੰਕੇਤ ਅਜਿਹੇ ਹੀ ਦਿਤੇ ਜਾ ਰਹੇ ਹਨ। ਜ਼ਾਹਿਰ ਹੈ ਕਿ ਸਰਕਾਰਾਂ ਨੂੰ ਬਰੀ ਕਰਨ ਦੇ ਫ਼ੈਸਲੇ ਦਾ ਮੁੱਢ ਬੰਨਿ੍ਹਆ ਜਾ ਚੁੱਕਾ ਹੈ। ਇਹੋ ਸੰਕੇਤ ਦਿਤੇ ਜਾ ਰਹੇ ਹਨ ਕਿ ਜਦੋਂ ਸ਼ਰਧਾਲੂ ਵਹੀਰਾਂ ਘੱਤ ਕੇ ਇਕ ‘ਪਾਵਨ ਪਰਵ’ ਲਈ ਪੁੱਜ ਰਹੇ ਹੋਣ ਤਾਂ ਆਪਮੁਹਾਰਾਪਣ ਜਾਂ ਧੱਕਾ-ਮੁੱਕੀ ਰੋਕਣੀ ਅਸੰਭਵ ਹੋ ਜਾਂਦੀ ਹੈ।
‘ਸ਼ਰਧਾਲੂਆਂ ਦੇ ਉਤਸ਼ਾਹ ਤੇ ਉਮਾਹ ਅੱਗੇ ਕੋਈ ਰੁਕਾਵਟ ਕਾਰਗਰ ਨਹੀਂ ਹੁੰਦੀ। ਸ਼ਰਧਾ ਦਾ ਸੈਲਾਬ ਠਲ੍ਹਣਾ ਆਸਾਨ ਨਹੀਂ ਹੁੰਦਾ।’’ ਅਜਿਹੇ ਸਰਕਾਰੀ ਕਥਨ ਜ਼ਿੰਮੇਵਾਰੀ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰਨ ਵਾਂਗ ਹਨ। ਅਜਿਹੀ ਸਰਕਾਰੀ ਮਨੋਬਿਰਤੀ ਹੀ ਭੀੜਾਂ ਨੂੰ ਕੰਟਰੋਲ ਵਿਚ ਰੱਖਣ ਵਾਲੇ ਪ੍ਰਬੰਧਾਂ ਦੀ ਘਾਟ ਦਾ ਮੁੱਖ ਆਧਾਰ ਸਾਬਤ ਹੁੰਦੀ ਆਈ ਹੈ।
ਸ਼ਨਿਚਰਵਾਰ ਸ਼ਾਮ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਉਪਰ ਮਚੀ ਭਗਦੜ ਦੀ ਇਕ ਅਹਿਮ ਵਜ੍ਹਾ ਉਪਰੋਕਤ ਸਰਕਾਰੀ ਮਨੋਬਿਰਤੀ ਹੀ ਸੀ। ਪ੍ਰਯਾਗ ਰਾਜ ਜਾਣ ਵਾਲੀਆਂ ਤਿੰਨ ਗੱਡੀਆਂ ਵਾਲੇ ਪਲੈਟਫਾਰਮ ਤੇਜ਼ੀ ਨਾਲ ਭਰਦੇ ਜਾ ਰਹੇ ਹਨ। ਲੋਕਾਂ ਨੂੰ ਖੜ੍ਹਨ ਦੀ ਥਾਂ ਨਹੀਂ ਸੀ ਮਿਲ ਰਹੀ। ਤਿੰਨ ਗੱਡੀਆਂ ਦੇ ਡੱਬੇ ਵੀ ਤੂੜੇ ਜਾ ਚੁੱਕੇ ਸਨ। ਅਜਿਹੇ ਹਾਲਾਤ ਪੈਦਾ ਹੋਣ ਦੇ ਬਾਵਜੂਦ ਨਾ ਸੀਨੀਅਰ ਰੇਲ ਅਧਿਕਾਰੀਆਂ ਨੇ ਸਟੇਸ਼ਨ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਾ ਵਾਜਬ ਸਮਝਿਆ ਅਤੇ ਨਾ ਹੀ ਭੀੜਾਂ ਨੂੰ ਕੰਟਰੋਲ ਵਿਚ ਰੱਖਣ ਵਾਲੇ ਕਦਮ ਫ਼ੌਰੀ ਤੌਰ ’ਤੇ ਚੁੱਕਣੇ ਜਾਇਜ਼ ਸਮਝੇ।
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਆਮ ਦਿਨਾਂ ਦੌਰਾਨ ਵੀ ਦੇਸ਼ ਦੇ ਸਭ ਤੋਂ ਵੱਧ ਭੀੜ-ਭਰੇ ਸਟੇਸ਼ਨਾਂ ਵਾਲਾ ਮਾਹੌਲ ਹੁੰਦਾ ਹੈ। ਹਰ ਗੱਡੀ ਦੀ ਆਮਦ ਵੇਲੇ ਇਸ ਦੇ ਫੁੱਟ ਓਵਰਬ੍ਰਿਜਾਂ ਦੀਆਂ ਪੌੜੀਆਂ ਉੱਤੇ ਧੱਕੇ-ਮੁੱਕੀ ਵਾਲੇ ਹਾਲਾਤ ਬਣਨੇ ਆਮ ਹੀ ਗੱਲ ਹੈ। ਇਕ ਪਲੈਟਫਾਰਮ ਤੋਂ ਦੂਜੇ ਪਲੈਟਫਾਰਮ ਤਕ ਜਾਣ ਲਈ ਲੋੜੀਂਦੇ ਅੱਸਕਾਲੇਟਰਾਂ (ਮਸ਼ੀਨੀ ਪੌੜੀਆਂ) ਦੀ ਗਿਣਤੀ ਬਹੁਤ ਸੀਮਿਤ ਹੈ। ਲਿਫ਼ਟਾਂ ਵੀ ਬਹੁਤ ਘੱਟ ਹਨ। ਅਜਿਹੀ ਸੂਰਤ ਵਿਚ ਬਿਰਧਾਂ, ਮੋਟਾਪੇ ਵਾਲੇ ਜਾਂ ਦਿਵਿਆਂਗ ਮੁਸਾਫ਼ਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਕੁੱਝ ਸ਼ਨਿਚਰਵਾਰ ਸ਼ਾਮੀਂ ਵਾਪਰਿਆ। ਪੌੜੀਆਂ ਉੱਤੇ ਧੱਕਾ-ਮੁੱਕੀ ਤੇ ਕਾਹਲ ਵਾਲੀ ਬਿਰਤੀ ਕਾਰਨ ਭਾਰੀ ਦੇਹ ਵਾਲੀ ਇਕ ਔਰਤ ਦੇ ਡਿੱਗਣ ਨੇ ਭਗਦੜ ਪੈਦਾ ਕਰ ਦਿਤੀ ਅਤੇ ਪਲਾਂ ਵਿਚ ਹੀ ਪਲੈਟਫਾਰਮ ਦਾ ਇਕ ਹਿੱਸਾ ਦੱਬੀਆਂ-ਕੁਚਲੀਆਂ ਦੇਹਾਂ ਵਾਲੇ ਪਿੜ ਵਿਚ ਬਦਲ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ 12 ਨੰਬਰ ਪਲੈਟਫਾਰਮ ਤੋਂ ਪ੍ਰਯਾਗ ਰਾਜ ਵਾਸਤੇ ਵਿਸ਼ੇਸ਼ ਗੱਡੀ ਚਲਾਏ ਜਾਣ ਦੇ ਐਲਾਨ ਨੇ ਹੀ ਭਗਦੜ ਨੂੰ ਜਨਮ ਦਿਤਾ। ਜਿਨ੍ਹਾਂ ਨੂੰ ਤਿੰਨ ਗੱਡੀਆਂ ਵਿਚ ਥਾਂ ਨਹੀਂ ਮਿਲੀ, ਉਹ ਚੌਥੀ ਵਿਚ ਸਵਾਰ ਹੋਣ ਦੀ ਕਾਹਲ ਵਿਚ ਡਿੱਗਿਆਂ-ਢਹਿਆਂ ਨੂੰ ਕੁਚਲਦੇ ਚਲੇ ਗਏ। ਇਹ ਵੀ ਖ਼ਬਰ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪ੍ਰਯਾਗ ਰਾਜ ਜਾਣ ਵਾਲੀਆਂ ਤਿੰਨ ਗੱਡੀਆਂ ਦੀ ਸਮਰੱਥਾ ਤੋਂ 2600 ਵੱਧ ਟਿਕਟਾਂ ਵੇਚੀਆਂ ਗਈਆਂ, ਬਿਨਾਂ ਇਹ ਵਿਚਾਰਿਆਂ ਕਿ ਏਨੇ ਵੱਧ ਮੁਸਾਫ਼ਰ ਕਿੱਥੇ ਖਪਾਏ ਜਾਣਗੇ।
ਜ਼ਾਹਿਰ ਹੈ ਕਿ ਸਰਕਾਰੀ ਹਲਕਿਆਂ ਨੇ ਤਿੰਨ ਹਫ਼ਤੇ ਪਹਿਲਾਂ ਦੀ ਭਗਦੜ ਤੋਂ ਕੋਈ ਸਬਕ ਨਹੀਂ ਸਿਖਿਆ। ਜੇ ਸਬਕ ਸਿਖਿਆ ਹੁੰਦਾ ਤਾਂ ਰੇਲਵੇ ਸਟੇਸ਼ਨ ’ਤੇ ਅਥਾਹ ਜਨ-ਸੈਲਾਬ ਉਮੜਿਆ ਦੇਖ ਕੇ ਹੰਗਾਮੀ ਇੰਤਜ਼ਾਮ ਫ਼ੌਰੀ ਤੌਰ ’ਤੇ ਵਜੂਦ ਵਿਚ ਆ ਜਾਂਦੇ। ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਇਸ ਸਬੰਧੀ ਨਿਯਮ ਬਹੁਤ ਸਪੱਸ਼ਟ ਹਨ। ਪਰ ਉਨ੍ਹਾਂ ਨਿਯਮਾਂ ਦੀ ਪਾਲਣਾ ਪ੍ਰਤੀ ਸੁਹਿਰਦਤਾ ਸ਼ਨਿਚਰਵਾਰ ਸ਼ਾਮੀਂ ਨਜ਼ਰ ਨਹੀਂ ਆਈ। ਪ੍ਰਯਾਗ ਰਾਜ ਵਾਲੀ ਭਗਦੜ ਤੋਂ ਬਾਅਦ ਇਕ ਸੰਪਾਦਕੀ ਵਿਚ ਇਸ ਅਖ਼ਬਾਰ ਨੇ ਲਿਖਿਆ ਸੀ ਕਿ ਸਾਰੇ ਧਰਮ ਸਬਰ, ਸੰਜਮ ਤੇ ਸੰਜੀਦਗੀ ਦਾ ਸੁਨੇਹਾ ਦਿੰਦੇ ਹਨ, ਪਰ ਧਾਰਮਿਕ ਅਨੁਸ਼ਠਾਨਾਂ ਸਮੇਂ ਇਸ ਸੁਨੇਹੇ ਉੱਤੇ ਅਮਲ ਕਰਨ ਦੀ ਥਾਂ ਕਾਹਲ ਜਾਂ ਹੁੱਲੜਬਾਜ਼ੀ ਸ਼ਰਧਾਲੂਆਂ ਦਾ ਸੁਭਾਅ ਬਣ ਜਾਂਦੀ ਹੈ।
ਅਜਿਹੀਆਂ ਸੰਭਾਵਨਾਵਾਂ ਵੱਲ ਧਿਆਨ ਦੇਣਾ ਹਰ ਧਾਰਮਿਕ ਉਤਸਵ ਜਾਂ ਅਨੁਸ਼ਠਾਨ ਦੇ ਪ੍ਰਬੰਧਨ ਦੀ ਪ੍ਰਥਮ ਤਰਜੀਹ ਹੋਣਾ ਚਾਹੀਦਾ ਹੈ। ਕੇਂਦਰ ਤੇ ਯੂ.ਪੀ. ਸਰਕਾਰਾਂ ਨੇ ਮਹਾਂਕੁੰਭ ਨੂੰ ਰਾਸ਼ਟਰੀ ਦੀ ਥਾਂ ਅੰਤਰ-ਰਾਸ਼ਟਰੀ ਮਹਾਂਉਤਸਵ ਵਜੋਂ ਪ੍ਰਚਾਰਿਆ ਹੈ। ਨਾਲ ਹੀ ਇਹ ਪ੍ਰਭਾਵ ਪੈਦਾ ਕੀਤਾ ਗਿਆ ਕਿ ਹਰ ਦੇਸ਼ਵਾਸੀ ਨੂੰ ਇਸ ਮਹਾਂ-ਮੇਲੇ ਵਿਚ ਹਾਜ਼ਰੀ ਅਵੱਸ਼ ਭਰਨੀ ਚਾਹੀਦੀ ਹੈ। ਪਰ ਕੀ ਉਸ ਪੈਮਾਨੇ ’ਤੇ ਪ੍ਰਬੰਧ ਵੀ ਕੀਤੇ ਗਏ ਹਨ? ਦੋ ਭਗਦੜ ਕਾਂਡ, ਪ੍ਰਯਾਗ ਰਾਜ ਨੂੰ ਜਾਂਦੇ ਸ਼ਾਹਰਾਹਾਂ ’ਤੇ ਨਿੱਤ ਵਾਪਰਨ ਵਾਲੇ ਭਿਆਨਕ ਸੜਕ ਹਾਦਸੇ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਸ਼ਰਧਾਲੂਆਂ ਦੀਆਂ ਮੌਤਾਂ ਦੇ ਹਰ ਰੋਜ਼ ਸਾਹਮਣੇ ਆਉਣ ਵਾਲੇ ਅੰਕੜੇ ਦਰਸਾਉਂਦੇ ਹਨ ਕਿ ਧਾਰਮਿਕ ਭਾਵਨਾਵਾਂ ਨੂੰ ਹੁਲਾਰਾ ਦੇ ਕੇ ਵੋਟਾਂ ਖੱਟਣ ਦੀ ਰਾਜਨੀਤੀ ਮਨੁੱਖੀ ਜਿੰਦਾਂ ਉੱਤੇ ਭਾਰੀ ਪੈ ਰਹੀ ਹੈ। ਮਨੁੱਖੀ ਜਿੰਦਾਂ ਦੀ ਸੁਰੱਖਿਆ ਪ੍ਰਤੀ ਇਸ ਕਿਸਮ ਦੀ ਅਲਗਰਜ਼ੀ, ਮਹਾਂਕੁੰਭ ਵਿਚ ਹਾਜ਼ਰੀ ਦੇ ਅੰਕੜਿਆਂ ਨੂੰ ਚਮਕਦਾਰ ਨਹੀਂ, ਦਾਗ਼ਦਾਰ ਬਣਾ ਰਹੀ ਹੈ।