
ਜਿਹੜੀ ਅੱਗ ਅਸੀ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ’ਚੋਂ ਉਠਦੀ ਵੇਖ ਰਹੇ ਹਾਂ, ਉਹ ਦਿਲਾਂ ’ਚੋਂ ਨਿਕਲ ਰਹੀ ਹੈ
kangana Ranaut: ਇਹ ਨਹੀਂ ਕਿ ਸਿੱਖਾਂ ਨੂੰ ਭਾਰਤ ਵਿਚ ਨਫ਼ਰਤ ਦਾ ਸ਼ਿਕਾਰ ਬਣਾ ਕੇ, ਹਿੰਸਾ ਦਾ ਸ਼ਿਕਾਰ ਬਣਾਉਣ ਦੀ ਪ੍ਰਵਿਰਤੀ ਕੋਈ ਨਵੀਂ ਗੱਲ ਬਣ ਕੇ ਸਾਹਮਣੇ ਆਈ ਹੈ। ਜਿਸ ਤਰ੍ਹਾਂ ਦੀ ਨਫ਼ਰਤ 84 ਵਿਚ ਸਿੱਖਾਂ ਨੇ ਅਪਣੇ ਹੀ ਦੇਸ਼ ਵਿਚ ਵੇਖੀ ਹੈ, ਉਸ ਸਾਹਮਣੇ ਅੱਜ ਦੀਆਂ ਵਾਰਦਾਤਾਂ ਬਹੁਤ ਛੋਟੀਆਂ ਹਨ ਪਰ ਸਵਾਲ ਇਹ ਹੈ ਕਿ ਇਹ ਵਾਪਰ ਕਿਉਂ ਰਹੀਆਂ ਹਨ?
ਦੂਜਾ ਅੱਜ ਦੇ ਹੁਕਮਰਾਨ ਚੁੱਪ ਕਿਉਂ ਹਨ? ਜਦ ਵੋਟਾਂ ਦਾ ਵੇਲਾ ਹੁੰਦੈ ਤਾਂ ਹਰ ਕੋਈ ਆਖਦਾ ਹੈ ਕਿ ਅਸੀ ਪੰਜਾਬ ਅਤੇ ਸਿੱਖਾਂ ਦੀ ਬੜੀ ਕਦਰ ਕਰਦੇ ਹਾਂ ਪਰ ਜਦ ਸਿੱਖਾਂ ਦੇ ਹੱਕ ਵਿਚ ਨਿਤਰਨ ਦਾ ਅਸਲ ਮੌਕਾ ਆਉਂਦਾ ਹੈ ਤਾਂ ਚੁੱਪੀ ਧਾਰ ਲਈ ਜਾਂਦੀ ਹੈ। ਕੈਥਲ ਵਿਚ ਪਹਿਲਾਂ ਇਕ ਸਿੱਖ ਨੂੰ ਖ਼ਾਲਿਸਤਾਨੀ ਆਖ ਕੇ ਮਾਰਿਆ ਕੁਟਿਆ ਗਿਆ।
ਫਿਰ ਹਿਮਾਚਲ ਵਿਚ ਵਿਦੇਸ਼ਾਂ ਤੋਂ ਪਰਤੇ ਪੰਜਾਬੀ ਜੋੜੇ ਦੀ ਮਾਰਕੁਟ ਹੋਈ ਜਿਸ ਦਾ ਅਰੰਭ ਭਾਵੇਂ ਇਨ੍ਹਾਂ ਪੰਜਾਬੀਆਂ ਵਲੋਂ ਹੀ ਹੋਇਆ ਸੀ ਪਰ ਅੰਤ ਵਿਚ ਰੰਗਤ ਨਫ਼ਰਤ ਦੀ ਚੜ੍ਹ ਗਈ। ਦੂਜੀ ਵਾਰ ਹਿਮਾਚਲ ਵਿਚ ਇਕ ਸਿੱਖ ਪੁਲਿਸ ਅਫ਼ਸਰ ਨਾਲ ਹਿਮਾਚਲ ਦੀ ਐਮਪੀ ਕੰਗਨਾ ਰਨੌਤ ਨਾਲ ਹੋਈ ਬਦਸਲੂਕੀ ਦਾ ਬਦਲਾ ਲੈਣ ਦੀ ਸੋਚ ਨਾਲ ਕੁੱਟਮਾਰ ਹੋਈ।
ਜੇ ਅਸੀ 84 ਦੀ ਗੱਲ ਕਰੀਏ ਤਾਂ ਉਹ ਇਕ ਸਿਆਸੀ ਟੀਚਾ ਮਿਥ ਕੇ ਭੜਕਾਈ ਨਫ਼ਰਤ ਸੀ ਜਿਸ ਵਿਚ ਭਾੜੇ ਦੇ ਲੋਕਾਂ ਨੂੰ ਸ਼ਰਾਬ ਨਾਲ ਧੁੱਤ ਕਰਵਾ ਕੇ ਉਨ੍ਹਾਂ ਨੂੰ ਸਿੱਖਾਂ ਨੂੰ ਮਾਰਨ ਲਈ ਭੇੜੀਆਂ ਵਾਂਗ ਛਡਿਆ ਗਿਆ ਸੀ। ਜਿਵੇਂ ਹੀ ਸ਼ਰਾਬ ਦਾ ਨਸ਼ਾ ਉਤਰਿਆ, ਉਨ੍ਹਾਂ ਹੈਵਾਨਾਂ ਦੀ ਨਫ਼ਰਤ ਵੀ ਖ਼ਤਮ ਹੋ ਗਈ ਸ਼ਾਇਦ। ਕੁੱਝ ਲੋਕਾਂ ਦੀ ਗ਼ਰੀਬੀ ਨੂੰ ਇਸਤੇਮਾਲ ਕਰ ਕੇ ਅਤੇ ਪੈਸੇ ਦੇ ਕੇ ਉਨ੍ਹਾਂ ਤੋਂ ਉਹ ਕਾਰੇ ਕਰਵਾਏ ਗਏ। ਯਾਨੀ ਕਿ ਉਹ ਨਫ਼ਰਤ ਦਿਲਾਂ ਵਿਚ ਨਹੀਂ ਸੀ ਪਰ ਸਿਆਸੀ ਟੀਚੇ ਦੀ ਪ੍ਰਾਪਤੀ ਵਾਸਤੇ ਭਾੜੇ ਦੇ ਬੰਦਿਆਂ ਕੋਲੋਂ ਕਰਵਾਈ ਗਈ ਸੀ।
ਪਰ ਜਿਹੜੀ ਅੱਗ ਅਸੀ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ’ਚੋਂ ਉਠਦੀ ਵੇਖ ਰਹੇ ਹਾਂ, ਉਹ ਦਿਲਾਂ ’ਚੋਂ ਨਿਕਲ ਰਹੀ ਹੈ। ਲੜਾਈ ਕਿਸੇ ਵੀ ਕਾਰਨ ਹੋਵੇ, ਉਹ ਸਿੱਖਾਂ ਵਿਰੁਧ ਨਫ਼ਰਤ ਦੀ ਰੰਗਤ ਲੈ ਲੈਂਦੀ ਹੈ। ਮਨੋਵਿਗਿਆਨ ਮੁਤਾਬਕ ਜੇ ਤੁਸੀ ਅਪਣੇ ਮਨ ਵਿਚ ਕਿਸੇ ਵਿਰੁਧ ਮੰਦੀ ਭਾਵਨਾ ਰਖਦੇ ਹੋ ਤਾਂ ਤੁਸੀ ਉਸ ਵਿਰੁਧ ਕੋਈ ਵੀ ਨਫ਼ਰਤ ਦਾ ਕਦਮ ਚੁੱਕਣ ਦਾ ਬਹਾਨਾ ਤਲਾਸ਼ਦੇ ਰਹਿੰਦੇ ਹੋ। ਜੇ ਅੱਜ ਇਨ੍ਹਾਂ ਵਾਰਦਾਤਾਂ ਵਿਚ ਸਾਹਮਣੇ ਸਿੱਖ ਨਾ ਹੋ ਕੇ ਕਿਸੇ ਹੋਰ ਧਰਮ ਜਾਂ ਨਸਲ ਦੇ ਲੋਕ ਹੁੰਦੇ ਤਾਂ ਫਿਰ ਇਹ ਲੜਾਈ ਦਾ ਰੂਪ ਨਾ ਲੈਂਦੀ।
ਇਸ ਨੂੰ ਰੋਕਣ ਵਾਸਤੇ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਸਖ਼ਤ ਕਦਮ ਚੁਕਣੇ ਪੈਣਗੇ। ਅਮਰੀਕਾ ਵਿਚ ਸਿੱਖਾਂ ਵਿਰੁਧ ਨਫ਼ਰਤ ਭਰੀ ਸ਼ਬਦਾਵਲੀ ਵਰਤਣ ਵਾਲੇ ਇਕ ਭਾਰਤੀ-ਅਮਰੀਕਨ ਨੂੰ ਇਕ ਸਾਲ ਵਿਚ ਹੀ 10 ਸਾਲ ਦੀ ਸਜ਼ਾ ਸੁਣਾ ਕੇ ਸਮਾਜ ਵਿਚ ਇਕ ਸਾਫ਼ ਸੰਦੇਸ਼ ਭੇਜਿਆ ਗਿਆ ਪਰ ਸਾਡੇ ਇਥੇ ਕੰਗਨਾ ਵਰਗਿਆਂ ਨੂੰ ਖ਼ਾਸ ਸੁਰੱਖਿਆ ਦੇ ਕੇ ਤੇ ਐਮ.ਪੀ. ਬਣਾ ਕੇ ਨਿਵਾਜਿਆ ਜਾਂਦਾ ਹੈ ਤੇ ਹੁਣ ਉਹ ਹੋਰ ਨਫ਼ਰਤ ਉਗਲਣ ਵਾਲਿਆਂ ਵਾਸਤੇ ਸਹਾਰਾ ਬਣਨ ਦਾ ਵਾਅਦਾ ਖੁਲੇਆਮ ਕਰ ਰਹੀ ਹੈ।
ਪਰ ਸਵਾਲ ਇਹ ਵੀ ਉਠਦਾ ਹੈ ਕਿ ਇਕ ਕੰਗਨਾ ਰਨੌਤ ਜਿਸ ਨੇ ਅੱਜ ਤਕ ਸਿਵਾਏ ਅਪਣੇ ਆਪ ਨੂੰ ਚਮਕਾਉਣ ਦੇ, ਜ਼ਿੰਦਗੀ ਵਿਚ ਕਿਸੇ ਦੀ ਮਦਦ ਦਾ ਇਕ ਕੰਮ ਵੀ ਨਹੀਂ ਕੀਤਾ, ਉਹ ਇਕੱਲੀ ਦੋ ਫ਼ੀਸਦੀ ਸਿੱਖਾਂ ਦੀ ਛਵੀ ਖਰਾਬ ਕਰਨ ਵਿਚ ਕਿਵੇਂ ਕਾਮਯਾਬ ਹੋ ਰਹੀ ਹੈ? ਹਾਂ, ਰਾਸ਼ਟਰੀ ਮੀਡੀਆ ਨੇ ਕਿਸਾਨੀ ਸੰਘਰਸ਼ ਨੂੰ ਸਿੱਖਾਂ ਦਾ ਨਾਮ ਦੇ ਕੇ ਕੌਮ ਨੂੰ ਅਤਿਵਾਦੀ ਗਰਦਾਨਣ ਦੇ ਯਤਨ ਕੀਤੇ ਪਰ ਕੀ ਸਾਰੀ ਕੌਮ ਵਿਚ ਏਨੀ ਤਾਕਤ ਨਹੀਂ ਰਹੀ ਕਿ ਉਹ ਅਪਣੀ ਛਵੀ ਨੂੰ ਸੁਧਾਰਨ ਦੇ ਪ੍ਰਬੰਧਾਂ ਬਾਰੇ ਵੀ ਸੋਚ ਸਕਣ?
ਰਾਸ਼ਟਰੀ ਮੀਡੀਆ ਪੈਸੇ ਵਾਸਤੇ ਕੰਮ ਕਰਦਾ ਹੈ ਤਾਂ ਕੀ ਸਾਡੇ ਕੋਲ ਪੈਸੇ ਦੀ ਘਾਟ ਹੈ? ਇਕ ਸਾਲ ਵਾਸਤੇ ਸਾਰੀਆਂ ਕਾਰਸੇਵਾਵਾਂ ਬੰਦ ਕਰ ਦੇਵੋ ਤੇ ਸਾਰੇ ਪੈਸੇ ਅਪਣੀ ਛਵੀ ਸੁਧਾਰਨ ਵਾਸਤੇ ਲਗਾ ਦੇਵੋ। ਹਰ ਅਖ਼ਬਾਰ, ਹਰ ਟੀਵੀ ਚੈਨਲ, ਸੋਸ਼ਲ ਮੀਡੀਆ ਤੇ ਸਿੱਖਾਂ ਵਲੋਂ ਦੇਸ਼ ਲਈ ਜਾਨਾਂ ਵਾਰਨ ਤੇ ਹੋਰ ਹਰ ਤਰੀਕੇ ਦਾ ਯੋਗਦਾਨ ਪਾਉਣ ਵਾਲੇ ਇਸ਼ਤਿਹਾਹਰਾਂ ਨਾਲ ਭਰ ਦੇਵੋ।
ਦੇਸ਼ ਨੂੰ ਯਾਦ ਕਰਵਾਉਣ ਦਾ ਸਮਾਂ ਹੈ ਕਿ ਜੇ ਸਿੱਖ ਦੀ ਦੇਸ਼-ਭਗਤੀ, ਕੁਰਬਾਨੀ ਤੇ ਦੇਸ਼ ਲਈ ਮਰ ਮਿਟਣ ਦੀ ਚਾਹਤ ਜਾਂ ਦਲੇਰੀ ਉਪਭਦ ਨਾ ਹੁੰਦੀ ਤਾਂ ਇਹ ਸੰਦੇਸ਼ ਸ਼ਾਇਦ ਅੱਜ ਵੀ ਆਜ਼ਾਦੀ ਦੀ ਲੜਾਈ ਹੀ ਲੜ ਰਿਹਾ ਹੁੰਦਾ। ਭੁੱਖਮਰੀ ਅਤੇ ਹਾਕਮਾਨਾ ਜਬਰ ਤੋਂ ਬਚਾਉਣ ਵਾਲੀ ਕੌਮ ਕਦੇ ਨਫ਼ਰਤ ਦੀ ਖੇਡ ਨਹੀਂ ਖੇਡ ਸਕਦੀ ਪਰ ਕਿਸੇ ਦੀ ਨਫ਼ਰਤ ਬਰਦਾਸ਼ਤ ਵੀ ਨਹੀਂ ਕਰਦੀ।
ਮਾਫ਼ ਕਰਨਾ ਪਰ ਫਿਰ ਅਫ਼ਸੋਸ ਐਸਜੀਪੀਸੀ ਪ੍ਰਤੀ ਹੀ ਉਪਜਦਾ ਹੈ ਜਿਸ ਨੂੰ ਆਮ ਸਿੱਖਾਂ ਦੀ ਸੁਰੱਖਿਆ ਪ੍ਰਤੀ ਅਪਣੀ ਜ਼ਿੰਮੇਵਾਰੀ ਤੇ ਅਪਣੀ ਤਾਕਤ ਦਾ ਅਹਿਸਾਸ ਹੀ ਨਹੀਂ ਹੈ। ਜੇ ਇਹ ਅੱਜ ਅਪਣੇ ਤਖ਼ਤਾਂ ਦੀ ਠੀਕ ਵਰਤੋਂ ਕਰ ਕੇ ਸਿੱਖਾਂ ਦੀ ਛਵੀ ਦਾ ਬਚਾਅ ਕਰਨ ਬਾਰੇ ਇਕ ਚੰਗਾ ਪ੍ਰੋਗਰਾਮ ਬਣਾ ਕੇ ਕੁੱਝ ਕਰ ਵਿਖਾਣ ਲਈ ਮੈਦਾਨ ਵਿਚ ਆ ਜਾਵੇ ਤਾਂ ਕਮਾਲ ਵੀ ਹੋ ਸਕਦਾ ਹੈ ਪਰ ਮੁਸ਼ਕਲ ਇਹ ਹੈ ਕਿ ਇਹ ਸਿਆਸੀ ਬੰਦਿਆਂ ਦੀ ਗ਼ੁਲਾਮ ਹੈ ਤੇ ਉਨ੍ਹਾਂ ਦੇ ਹਿਤਾਂ ਅਤੇ ਹੁਕਮਾਂ ਬਿਨਾਂ ਹੋਰ ਕੁੱਝ ਸੋਚ ਹੀ ਨਹੀਂ ਸਕਦੀ। - ਨਿਮਰਤ ਕੌਰ