
'ਹਿੰਦੀ ਇੰਪੀਰੀਅਲਿਜ਼ਮ' ਦੇਸ਼ ਵਿਚ ਤਾਂ ਚਲ ਨਹੀਂ ਸਕਿਆ, ਪੰਜਾਬ ਵਿਚ ਦੋ ਹਿੰਦੀ ਲੇਖਕਾਂ ਕੋਲੋਂ ਪੰਜਾਬੀ ਵਿਰੁਧ ਨਫ਼ਰਤ ਜ਼ਰੂਰ ਉਗਲਵਾ ਗਿਆ
ਸਾਰੇ ਦੇਸ਼ ਵਿਚ ਸਰਕਾਰ ਹੁਣ ਇਕ ਭਾਸ਼ਾ ਲਾਗੂ ਕਰਨ ਦੀ ਗੱਲ ਕਰ ਰਹੀ ਹੈ ਅਤੇ ਉਸ ਨੂੰ ਲੈ ਕੇ ਇਕ ਹੋਰ ਵੱਡਾ ਵਿਵਾਦ ਛਿੜ ਗਿਆ ਹੈ। ਇਸ ਵਿਵਾਦ ਨੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਮੰਚ ਉਤੇ ਹੀ ਪੰਜਾਬੀ ਨੂੰ 'ਅਨਪੜ੍ਹਾਂ ਜਾਹਲਾਂ ਦੀ ਭਾਸ਼ਾ' ਕਹਿਣ ਦੀ ਹਿੰਮਤ ਦੋ ਹਿੰਦੀ ਲੇਖਕਾਂ ਨੂੰ ਦੇ ਦਿਤੀ। ਇਕ ਲੇਖਕ, ਜਿਸ ਨੇ ਹੁਣ ਤਾਂ ਮਾਫ਼ੀ ਵੀ ਮੰਗ ਲਈ ਹੈ, ਨੇ ਇਹ ਤਕ ਆਖ ਦਿਤਾ ਕਿ ਪੰਜਾਬੀ ਤਾਂ ਗਾਲਾਂ ਕੱਢ ਕੇ ਪੜ੍ਹਾਈ ਜਾਂਦੀ ਹੈ। ਮਾਫ਼ੀ ਤਾਂ ਹਰ ਪਾਸਿਉਂ ਦਬਾਅ ਪੈਣ ਕਰ ਕੇ ਆਈ ਹੈ ਕਿਉਂਕਿ ਦੋਹਾਂ ਲੇਖਕਾਂ ਨੇ ਆਖ਼ਰ ਰਹਿਣਾ ਤਾਂ ਪੰਜਾਬ ਵਿਚ ਹੀ ਹੈ ਪਰ ਅਸਲ ਵਿਚ ਇਸ ਤੋਂ ਉਨ੍ਹਾਂ ਦੇ ਮਨ ਦੀ ਹਾਲਤ ਦਾ ਪਤਾ ਲਗਦਾ ਹੈ ਜਿਸ ਨੂੰ ਹੱਲਾਸ਼ੇਰੀ 'ਸਾਰੇ ਭਾਰਤ ਦੀ ਇਕ ਭਾਸ਼ਾ' ਵਾਲੇ ਰੌਲੇ ਨੇ ਦਿਤੀ ਤੇ ਉਨ੍ਹਾਂ ਦਸ ਦਿਤਾ ਕਿ ਇਕ ਭਾਸ਼ਾ ਦਾ ਮਤਲਬ ਦੇਸ਼ ਦੀ ਏਕਤਾ ਬਾਰੇ ਸੋਚਣਾ ਨਹੀਂ ਬਲਕਿ 'ਹਿੰਦੀ ਹਿੰਦੂ ਇਮਪੀਰੀਅਲਿਜ਼ਮ' ਆਇਆ ਕਿ ਆਇਆ ਦਾ ਸੰਦੇਸ਼ ਦੇਣਾ ਹੈ ਤੇ ਇਹ ਆ ਤਾਂ ਹੀ ਸਕਦਾ ਹੈ ਜੇ ਬਾਕੀ ਭਾਸ਼ਾਵਾਂ ਤੇ ਸਭਿਆਚਾਰਾਂ ਨੂੰ ਨੀਵੇਂ, ਘਟੀਆ ਤੇ ਰੱਦ ਕਰਨ ਯੋਗ ਸਾਬਤ ਕਰਨਾ ਸ਼ੁਰੂ ਕਰ ਦਿਤਾ ਜਾਏ।
Row over criticism of Punjabi language on 'Hindi Divas'ਪੰਜਾਬੀ ਉਤੇ ਘਟੀਆ ਵਾਰ ਕਰਨ ਦੀ ਰੀਤ ਤਾਂ ਪੰਜਾਬੀ ਸੂਬਾ ਐਜੀਟੇਸ਼ਨ ਦੌਰਾਨ ਹਿੰਦੀ ਅੰਦੋਲਨ ਚਲਾ ਕੇ ਹੀ ਪਾ ਦਿਤੀ ਗਈ ਸੀ ਤੇ ਅੱਜ ਦੋ ਹਿੰਦੀ ਲੇਖਕਾਂ ਨੇ ਉਦੋਂ ਦੇ ਸਵਾਮੀ ਆਤਮਾ ਨੰਦ ਦੇ ਸ਼ਬਦ ਹੀ ਦੁਹਰਾਏ ਹਨ। ਉਦੋਂ ਵੀ ਹਿੰਦੀ-ਜਨੂਨੀਆਂ ਨੂੰ ਲਗਦਾ ਸੀ ਕਿ 'ਹਿੰਦੀ ਸਾਮਰਾਜ' ਦੇ ਰਸਤੇ ਵਿਚ ਪੰਜਾਬੀ ਦਾ ਰੋੜਾ ਅਟਕਾਇਆ ਜਾ ਰਿਹਾ ਹੈ। ਮਨੋਵਿਗਿਆਨਕ ਵਿਸ਼ਲੇਸ਼ਣ ਕਰੀਏ ਤਾਂ ਇਹ ਵਿਚਾਰ ਲੇਖਕ ਦੀ ਅਪਣੀ ਅਸ਼ਲੀਲ ਸੋਚਣੀ ਅਤੇ ਗਾਲ੍ਹਾਂ ਦੇ ਪ੍ਰਯੋਗ ਦੀ ਭਾਸ਼ਾ ਵਲ ਝੁਕਾਅ ਦਾ ਪਤਾ ਦੇਂਦੇ ਹਨ। ਜੇ ਮੈਂ ਅਪਣਾ ਨਿਜੀ ਗਿਆਨ ਹੀ ਫੋਲ ਵੇਖਾਂ ਤਾਂ ਅੰਗਰੇਜ਼ੀ ਦੀਆਂ ਗਾਲ੍ਹਾਂ ਤੋਂ ਜ਼ਿਆਦਾ ਪ੍ਰਚਲਿਤ ਗਾਲ੍ਹਾਂ ਕਿਸੇ ਹੋਰ ਭਾਸ਼ਾ ਵਿਚ ਨਹੀਂ ਮਿਲਦੀਆਂ। ਸਟੂਪਿਡ, ਈਡੀਅਟ ਆਦਿ ਦਾ ਤਾਂ ਇਸਤੇਮਾਲ ਹੁਣ ਹਰ ਭਾਸ਼ਾ ਵਿਚ ਹੁੰਦਾ ਹੈ ਅਤੇ ਅਨਪੜ੍ਹ ਵੀ ਕਰਦੇ ਹਨ। ਕੀ ਇਸ ਨਾਲ ਅੰਗਰੇਜ਼ੀ ਮਾੜੀ ਹੋ ਗਈ ਜਾਂ ਵਰਤਣ ਵਾਲੇ ਦੀ ਜ਼ੁਬਾਨ? ਖ਼ੈਰ ਇਹ ਨਿਜੀ ਵਿਚਾਰ ਹਨ ਅਤੇ ਅੱਜ ਵੱਡੇ ਮਸਲੇ ਵਲ ਧਿਆਨ ਦੇਣ ਦੀ ਜ਼ਰੂਰਤ ਹੈ।
BJP govt imposing Hindi over regional languages
ਕੀ ਅੱਜ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿਤਾ ਜਾਣਾ ਸਹੀ ਹੈ? ਅਤੇ ਕੀ ਹਿੰਦੀ ਦੇ ਰਾਸ਼ਟਰ ਭਾਸ਼ਾ ਐਲਾਨੇ ਜਾਣ ਨਾਲ ਬਾਕੀ ਭਾਸ਼ਾਵਾਂ ਦਾ ਰੁਤਬਾ ਘੱਟ ਜਾਏਗਾ? ਹਿੰਦੀ ਰਾਸ਼ਟਰ ਭਾਸ਼ਾ ਤਾਂ ਹੀ ਹੋ ਸਕਦੀ ਹੈ ਜੇ ਹਰ ਭਾਰਤੀ, ਹਿੰਦੀ ਵਿਚ ਪ੍ਰਬੀਨ ਹੋਵੇ। ਪਰ ਅਫ਼ਸੋਸ ਕਿ ਹਿੰਦੀ ਜਾਂ ਕਿਸੇ ਵੀ ਹੋਰ ਭਾਰਤੀ ਭਾਸ਼ਾ ਵਿਚ ਏਨਾ ਸਾਹਿਤ ਹੀ ਨਹੀਂ ਕਿ ਉਹ ਸੱਭ ਦੀ ਭਾਸ਼ਾ ਬਣ ਸਕੇ। ਹਿੰਦੀ, ਪੰਜਾਬੀ, ਤਾਮਿਲ, ਬੰਗਾਲੀ ਸਾਡੇ ਸਾਹਿਤ, ਸਾਡੇ ਵਿਚਾਰਾਂ, ਸਾਡੇ ਫ਼ਲਸਫ਼ਿਆਂ ਦੀਆਂ ਭਾਸ਼ਾਵਾਂ ਹਨ ਜੋ ਸਾਡੀ ਮਾਨਸਿਕ ਤੇ ਰੂਹਾਨੀ ਖ਼ੁਰਾਕ ਹਨ। ਪਰ ਜੇ ਮਾੜੀ ਸਿਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਅੰਗਰੇਜ਼ੀ ਵਿਚੋਂ ਹੀ ਆਉਂਦੀ ਹੈ। ਕੀ ਈਸਰੋ ਦੇ ਵਿਗਿਆਨਕ ਅੰਗਰੇਜ਼ੀ ਬੋਲਣਾ ਤੇ ਲਿਖਣਾ ਹੀ ਜਾਣਦੇ ਸਨ ਜਾਂ ਕਿਸੇ ਵੀ ਇਲਾਕਾਈ ਭਾਸ਼ਾ ਵਿਚ ਸਾਰਾ ਵਿਗਿਆਨ ਪੜ੍ਹ ਕੇ ਆਏ ਸਨ? ਸੁਪਰੀਮ ਕੋਰਟ ਦੇ ਜੱਜ, ਭਾਰਤ ਦੀ ਅਫ਼ਸਰਸ਼ਾਹੀ, ਭਾਰਤ ਦੇ ਅਰਥਸ਼ਾਸਤਰੀ ਕਿਹੜੀ ਭਾਸ਼ਾ ਦੇ ਕੰਧਾੜੇ ਚੜ੍ਹ ਕੇ ਉਚ ਪਦਵੀਆਂ ਪ੍ਰਾਪਤ ਕਰ ਸਕੇ ਹਨ? ਅੰਗਰੇਜ਼ੀ ਦੀ ਭਾਰਤ ਦੇ ਸਿਸਟਮ ਵਿਚ ਇਕ ਥਾਂ ਬਣ ਗਈ ਹੈ ਜਿਸ ਨੂੰ ਅਜੇ ਤਾਂ ਨਹੀਂ ਛੇੜਿਆ ਜਾ ਸਕਦਾ।
BJP govt imposing Hindi over regional languages
ਹਿੰਦੀ ਬਹੁਗਿਣਤੀ ਦੀ ਭਾਸ਼ਾ ਹੈ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਭਾਰਤ ਦੇ ਲੋਕ ਅਪਣੀ ਅਪਣੀ ਮਾਂ-ਬੋਲੀ ਨੂੰ ਭੁਲ ਜਾਣ? ਇਕ ਬੁਨਿਆਦੀ ਜਹੀ ਗੱਲ ਹੈ ਜੋ ਦਸਦੀ ਹੈ ਕਿ ਕਿਸ ਬੱਚੇ ਦੀ ਬੋਲੀ ਕੀ ਹੈ? ਇਹ ਉਹ ਭਾਸ਼ਾ ਹੁੰਦੀ ਹੈ ਜਿਸ ਵਿਚ ਮਾਂ ਕੁੱਖ ਤੋਂ ਲੈ ਕੇ ਮਰਨ ਤਕ ਬੱਚੇ ਨਾਲ ਗੱਲਾਂ ਕਰਦੀ ਹੈ। ਰੂਹ ਨਾਲ ਰਿਸ਼ਤੇ ਹੁੰਦੇ ਹਨ ਮਾਂ-ਬੋਲੀ ਦੇ। ਇਹ ਧਰਮ ਤੋਂ ਵੀ ਅਲੱਗ ਹੁੰਦੀ ਹੈ ਜਿਸ ਕਰ ਕੇ ਹਿੰਦੂ ਵੀ ਪੰਜਾਬੀ ਨੂੰ ਮਾਂ-ਬੋਲੀ ਮੰਨਦੇ ਹਨ ਅਤੇ ਬੰਗਾਲੀ ਵੀ ਬੰਗਾਲੀ ਨੂੰ। ਇਸੇ ਤਰ੍ਹਾਂ ਹੋਰ ਬੋਲੀਆਂ ਬਾਰੇ ਵੀ ਸਥਾਨਕ ਲੋਕਾਂ ਦੀਆਂ ਮਾਂ-ਬੋਲੀਆਂ ਹਨ, ਧਰਮ ਉਨ੍ਹਾਂ ਦਾ ਕੋਈ ਵੀ ਹੋਵੇ ਜਾਂ ਕੋਈ ਵੀ ਨਾ ਹੋਵੇ। ਅਤੇ ਕੀ ਹੁਣ ਸਰਕਾਰ ਦੀ ਸੋਚ ਮੁਤਾਬਕ ਭਾਰਤ ਵਾਸੀ ਅਪਣੀ ਮਾਂ ਨਾਲ ਰੂਹਾਨੀ ਰਿਸ਼ਤਾ ਤੋੜ ਲੈਣਗੇ?
BJP govt imposing Hindi over regional languages
ਬਹੁਗਿਣਤੀ ਦੀ ਘਬਰਾਹਟ ਸਮਝ ਤੋਂ ਪਰੇ ਹੈ। ਕਿਉਂ ਉਹ ਅਪਣੀ ਘਬਰਾਹਟ ਵਿਚ ਅਜਿਹੇ ਕੰਮ ਕਰ ਰਹੇ ਹਨ ਜੋ ਦੇਸ਼ ਨੂੰ ਬਿਖੇਰ ਦੇਣਗੇ, ਦੇਸ਼ ਵਿਚ ਫੁੱਟ ਪਾ ਦੇਣਗੇ? ਜੇ ਕੋਈ ਹਿੰਦੀ ਵਿਚ ਗੱਲ ਕਰਦਾ ਹੈ ਤਾਂ ਉਹ ਮਾੜਾ ਨਹੀਂ ਅਤੇ ਨਾ ਹੀ ਉਹ ਮਾੜਾ ਹੈ ਜੋ ਅੰਗਰੇਜ਼ੀ ਜਾਂ ਪੰਜਾਬੀ ਵਿਚ ਗੱਲ ਕਰਦਾ ਹੈ। ਮਾੜੀ ਤਾਂ ਸੋਚ ਹੈ ਜਾਂ ਬੋਲਣ ਵਾਲੇ ਦੀ ਜ਼ੁਬਾਨ। ਪਟਿਆਲਾ ਵਿਚ ਪੰਜਾਬੀ ਭਾਸ਼ਾ ਦੀ ਇਕ ਦੋ ਹਿੰਦੀ ਲੇਖਕਾਂ ਵਲੋਂ ਜਿਹੜੀ ਬੇਕਦਰੀ ਕੀਤੀ ਗਈ, ਉਹ ਉਨ੍ਹਾਂ ਲੇਖਕਾਂ ਦੀ ਹਲਕੀ ਮਾਨਸਕਤਾ ਦਾ ਸਬੂਤ ਹੈ।
Punjabi Maa Boli
ਸਾਡੀ ਪੰਜਾਬੀ ਮਾਂ ਬੋਲੀ ਦਾ ਦਾਮਨ ਪਿਆਰ ਦੇ ਨਿੱਘ ਨਾਲ ਭਰਪੂਰ ਹੈ ਅਤੇ ਕਿਸੇ ਇਕ ਲੇਖਕ ਦੀ ਸੋਚ ਤੋਂ ਸੌ ਅਸਮਾਨ ਉੱਪਰ ਜਾਂ ਸ਼ਾਇਦ ਉਸ ਤੋਂ ਵੀ ਉਪਰ। ਕਿਉਂ ਸਰਕਾਰ ਭਾਰਤ ਦੀਆਂ ਅਨੇਕਾਂ ਮਾਂ-ਬੋਲੀਆਂ ਦਾ ਕੁਦਰਤ ਵਲੋਂ ਮਿਲਿਆ ਸਥਾਨ ਖੋਹਣਾ ਚਾਹੁੰਦੀ ਹੈ? ਕਰ ਸਕਦੀ ਹੈ ਤਾਂ ਸਾਰੀਆਂ ਮਾਵਾਂ ਦਾ ਸਤਿਕਾਰ ਕਰੇ। ਲੇਖਕ ਤਾਂ ਰਾਹ ਦਸੇਰੇ ਹੁੰਦੇ ਹਨ। ਜਿਹੜੇ ਹਿੰਦੀ ਲੇਖਕ ਆਪ ਹੀ ਨਫ਼ਰਤ ਦੀ ਘੁੰਮਣਘੇਰੀ ਵਿਚ ਫਸੇ ਹੋਏ ਹਨ, ਉਹ ਹਿੰਦੀ ਦੀ ਕੀ ਸੇਵਾ ਕਰ ਸਕਣਗੇ ਤੇ ਪਿਆਰ ਮੁਹੱਬਤ ਦਾ ਰਾਗ ਦੁਨੀਆਂ ਨੂੰ ਕਿਵੇਂ ਸੁਣਾ ਸਕਣਗੇ? ਨਫ਼ਰਤ ਵਿਚ ਜੀਅ ਕੇ, ਉਹ ਆਪ ਹੀ ਇਸ ਦੀ ਤਪਸ਼ ਵਿਚ ਸਵਾਹ ਹੋ ਜਾਣਗੇ। -ਨਿਮਰਤ ਕੌਰ