
ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿਚ ਸਿਆਸਤ ਅਪਣਾ ਖ਼ੂਬ ਖੇਡ ਰਚਾ ਰਹੀ ਹੈ। ਹਾਲਾਂਕਿ ਜ਼ਿਮਨੀ ਚੋਣਾਂ ਆਮ ਤੌਰ ਤੇ ਸੱਤਾ ਵਿਚ ਬੈਠੀ ਪਾਰਟੀ ਦੇ ਹੱਕ ਵਿਚ ਹੀ ਜਾਂਦੀਆਂ ਹਨ...
ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿਚ ਸਿਆਸਤ ਅਪਣਾ ਖ਼ੂਬ ਖੇਡ ਰਚਾ ਰਹੀ ਹੈ। ਹਾਲਾਂਕਿ ਜ਼ਿਮਨੀ ਚੋਣਾਂ ਆਮ ਤੌਰ ਤੇ ਸੱਤਾ ਵਿਚ ਬੈਠੀ ਪਾਰਟੀ ਦੇ ਹੱਕ ਵਿਚ ਹੀ ਜਾਂਦੀਆਂ ਹਨ, ਕਾਂਗਰਸ ਇਸ ਵਾਰ ਫ਼ਿਕਰਾਂ ਵਿਚ ਘਿਰੀ ਹੋਈ ਹੈ ਕਿਉਂਕਿ ਉਹ ਸਮਝ ਗਈ ਹੈ ਕਿ ਦਿਨ-ਬ-ਦਿਨ ਲੋਕਾਂ ਵਿਚ ਨਿਰਾਸ਼ਾ ਵਧਦੀ ਹੀ ਜਾ ਰਹੀ ਹੈ ਅਤੇ ਕਾਂਗਰਸ ਦੀ ਜਿੱਤ ਦਾ ਕਾਰਨ ਸਿਰਫ਼ ਅਕਾਲੀ ਦਲ ਨਾਲ ਨਾਰਾਜ਼ਗੀ ਹੀ ਸੀ। ਜੇ ਵੋਟਰਾਂ ਦੇ ਮਨਾਂ ਵਿਚੋਂ ਕਾਂਗਰਸ ਅਕਾਲੀ ਗੁਪਤ ਸਮਝੌਤੇ ਜਾਂ ਮਿਲੀਭੁਗਤ ਦਾ ਸ਼ੰਕਾ ਦੂਰ ਨਾ ਕੀਤਾ ਜਾ ਸਕਿਆ ਤਾਂ ਲੋਕ ਕਾਂਗਰਸ ਦੇ ਵਿਰੁਧ ਵੀ ਭੁਗਤ ਸਕਦੇ ਹਨ।
Captain Amrinder Singh road show
ਸੋ ਸਿਆਸਤਦਾਨ ਕੋਈ ਵੀ ਮੁੱਦਾ ਸੁਲਝਾਉਣ ਦੀ ਬਜਾਏ, ਰੈਲੀਆਂ ਅਤੇ ਰੋਡ ਸ਼ੋਅ ਦਾ ਸਹਾਰਾ ਜ਼ਰੂਰ ਲੈਣਗੇ। ਇਨ੍ਹਾਂ ਰੋਡ ਸ਼ੋਆਂ ਵਿਚ ਦੋ ਗੱਲਾਂ ਉੱਭਰ ਕੇ ਆਈਆਂ। ਇਕ ਤਾਂ ਸੰਨੀ ਦਿਉਲ ਦੀ ਵਾਪਸੀ ਅਤੇ ਰੋਡ ਸ਼ੋਅ ਵਿਚ ਜਨਤਾ ਦਾ ਹੁੰਗਾਰਾ। ਜਿਹੜਾ ਸਿਆਸਤਦਾਨ ਜਿੱਤਣ ਤੋਂ ਬਾਅਦ ਅਪਣੇ ਹਲਕੇ ਵਿਚ ਧਨਵਾਦ ਕਰਨ ਨਾ ਆਵੇ, ਕੰਮ ਕਰਨ ਨਾ ਆਵੇ, ਬਟਾਲਾ ਫ਼ੈਕਟਰੀ ਧਮਾਕੇ ਵਿਚ ਪੀੜਤਾਂ ਦੀ ਗੱਲ ਨਾ ਪੁੱਛ ਸਕੇ, ਲੋਕ ਉਸ ਦੀ ਸ਼ਕਲ ਵੇਖ ਕੇ ਵੋਟ ਪਾਉਣ ਦਾ ਫ਼ੈਸਲਾ ਕਰ ਲੈਣ ਤਾਂ ਲਾਹਨਤ ਹੈ ਅਜਿਹੇ ਲੋਕਤੰਤਰ ਉਤੇ। ਫਿਰ ਤਾਂ ਵੋਟਰ ਦੀ ਸੱਭ ਤੋਂ ਵੱਡਾ ਵੈਰੀ ਹੈ ਲੋਕ-ਰਾਜ ਦਾ ਜਿਸ ਦੇ ਅਜਿਹੇ ਵਰਤਾਰੇ ਕਰ ਕੇ ਭਾਰਤ ਕਦੇ ਅੱਗੇ ਵੱਧ ਨਹੀਂ ਸਕੇਗਾ। ਕਦੇ ਪੈਸਾ, ਕਦੇ ਸ਼ਰਾਬ ਅਤੇ ਕਦੇ ਅਭਿਨੇਤਾ ਦੇ ਨੇੜੇ ਹੋਣ ਦੇ ਲਾਲਚ ਵਿਚ ਵੋਟ ਪਾਉਣ ਵਾਲੇ ਵੋਟਰ ਬਾਰੇ ਕੀ ਕਹੀਏ ਜਾਂ ਕੀ ਨਾ ਕਹੀਏ?
Captain Amarinder Singh road show
ਦੂਜਾ ਪੰਜਾਬ ਦੀ ਸਿਆਸਤ, ਜਨਤਾ, ਸੋਸ਼ਲ ਮੀਡੀਆ, ਪੰਜਾਬ ਦੇ ਮੀਡੀਆ ਦਾ ਰੰਗ ਸਾਹਮਣੇ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲੱਥ ਗਈ। ਭਾਵੇਂ ਉਹ ਕਿਸੇ ਨੂੰ ਪਸੰਦ ਨਾ ਵੀ ਹੋਣ, ਉਨ੍ਹਾਂ ਦੀ ਸਿਆਸਤ, ਉਨ੍ਹਾਂ ਦੀ ਨਿਜੀ ਜ਼ਿੰਦਗੀ ਚੁਭਦੀ ਹੋਵੇ, ਪੰਜਾਬ ਵਿਚ ਪੱਗ ਦਾ ਸਤਿਕਾਰ ਨਾ ਹੋਵੇ ਤਾਂ ਫਿਰ ਕਿਸੇ ਚੰਗੀ ਗੱਲ ਦੀ ਕੀ ਉਮੀਦ ਹੋ ਸਕਦੀ ਹੈ? ਕਿੰਨਾ ਹੰਕਾਰੀ ਅਤੇ ਕਠੋਰ ਹੋ ਗਿਆ ਹੈ ਪੰਜਾਬ ਦਾ ਦਿਲ ਕਿ ਕਿਸੇ ਬਜ਼ੁਰਗ ਦੀ ਪੱਗ ਡਿੱਗਣ ਉਤੇ ਖਿੱਲੀਆਂ ਉਡਾਈਆਂ ਗਈਆਂ, ਰੱਬ ਦਾ ਵਾਰ ਆਖਿਆ ਗਿਆ, ਸਿਆਸੀ ਵਿਅੰਗ ਕਸੇ ਗਏ।
Road show
ਅੱਜ ਸਿਆਸਤਦਾਨਾਂ ਤੋਂ ਜ਼ਿਆਦਾ ਵੋਟਰ ਦਾ ਕਿਰਦਾਰ, ਦਾਗ਼ਦਾਰ ਹੁੰਦਾ ਜਾ ਰਿਹਾ ਹੈ। ਸਿਆਸਤਦਾਨ ਤਾਂ ਪੰਜ ਸਾਲ ਬਾਅਦ ਬਦਲੇ ਜਾ ਸਕਦੇ ਹਨ, ਨਕਾਰੇ ਜਾ ਸਕਦੇ ਹਨ, ਵੋਟਰ ਨੂੰ ਤਾਂ ਨਹੀਂ ਬਦਲਿਆ ਜਾ ਸਕਦਾ। -ਨਿਮਰਤ ਕੌਰ