
'ਸਿੰਘ ਇਜ਼ ਕਿੰਗ' ਗੀਤ ਮੀਕਾ ਵਲੋਂ ਫ਼ਿਲਮ 'ਸਿੰਘ ਇਜ਼ ਕਿੰਗ' ਵਿਚ ਗਾਇਆ ਗਿਆ ਸੀ.............
'ਸਿੰਘ ਇਜ਼ ਕਿੰਗ' ਗੀਤ ਮੀਕਾ ਵਲੋਂ ਫ਼ਿਲਮ 'ਸਿੰਘ ਇਜ਼ ਕਿੰਗ' ਵਿਚ ਗਾਇਆ ਗਿਆ ਸੀ। ਪੰਜਾਬੀਆਂ ਦੀ ਸ਼ਾਨ ਵਖਰੀ ਮੰਨਦੇ ਆ ਰਹੇ ਪੰਜਾਬੀ ਸਿੱਖ, ਇਹੋ ਜਿਹੇ ਗੀਤਾਂ ਨਾਲ ਅਪਣੀ ਸ਼ਾਨ ਨੂੰ ਸੁਰਖ਼ਾਬ ਦੇ ਪਰ ਲੱਗੇ ਵੇਖਦੇ ਹਨ। ਗਾਇਕ ਮੀਕਾ ਨੇ ਇਸ ਗੀਤ ਦੇ ਆਧਾਰ ਤੇ ਅਪਣੀ ਸ਼ਾਨ ਦੇ ਵਖਰੇ ਹੋਣ ਦੀ ਪੇਸ਼ਕਸ਼ ਕਰਦਾ ਇਕ ਵੀਡੀਉ ਅਪਣੇ ਚਾਹਵਾਨਾਂ ਵਾਸਤੇ ਅਪਣੇ ਸੋਸ਼ਲ ਮੀਡਆ 'ਤੇ ਸਾਂਝਾ ਕੀਤਾ ਹੈ। ਵੀਡੀਉ ਵਿਚ ਮੀਕਾ ਹਵਾਈ ਜਹਾਜ਼ ਦੀ ਉਸ ਸੀਟ ਉਤੇ ਬੈਠੇ ਹਨ ਜਿਸ ਦੀ ਕੀਮਤ ਹੱਦ ਤੋਂ ਵੱਧ ਅਮੀਰ ਲੋਕ ਹੀ ਤਾਰ ਸਕਦੇ ਹਨ ਕਿਉਂਕਿ ਉਹ ਆਮ ਸੀਟ ਦੇ ਮੁਕਾਬਲੇ 10 ਗੁਣਾ ਜ਼ਿਆਦਾ ਕੀਮਤ ਦੀ ਹੁੰਦੀ ਹੈ।
ਪਰ ਮੀਕਾ ਇਥੇ ਹੀ ਨਹੀਂ ਰੁਕੇ ਕਿਉਂਕਿ ਉਹ ਅਪਣੀ ਸ਼ਾਨ ਦਾ ਨਮੂਨਾ ਪੇਸ਼ ਕਰਨਾ ਚਾਹੁੰਦੇ ਸਨ। ਉਨ੍ਹਾਂ 50 ਹੋਰ ਸੀਟਾਂ ਵੀ ਖ਼ਰੀਦੀਆਂ ਤਾਕਿ ਪੂਰੇ ਜਹਾਜ਼ ਵਿਚ ਉਨ੍ਹਾਂ ਨਾਲ ਕੋਈ ਹੋਰ ਨਾ ਬੈਠਾ ਵਿਖਾਈ ਦੇਵੇ। ਇਸ ਇੱਛਾ ਨੂੰ ਪੂਰੀ ਕਰਨ ਲਈ ਆਰਥਕ ਸਮਰੱਥਾ ਨੂੰ ਉਹ ਨਵੇਂ ਰੁਝਾਨ ਦੀ ਸ਼ੁਰੂਆਤ ਆਖਦੇ ਹੋਏ ਕਹਿੰਦੇ ਹਨ ਕਿ 'ਵੇਖਦਾ ਹਾਂ ਹੁਣ ਕਿਹੜੀਆਂ ਹੋਰ ਮਸ਼ਹੂਰ ਹਸਤੀਆਂ ਮੇਰੇ ਜਿੰਨਾ ਜਿਗਰਾ ਵਿਖਾ ਸਕਦੀਆਂ ਹਨ।' ਇਸ ਵੀਡੀਉ ਪਿੱਛੇ ਮੀਕਾ ਵਲੋਂ ਅਪਣੇ ਚਹੇਤਿਆਂ ਦੀ ਗਿਣਤੀ ਵਧਾਉਣ ਦੀ ਚਾਹਤ ਸੀ ਪਰ ਅਫ਼ਸੋਸ ਕਿ ਸ਼ਾਇਦ ਹੀ ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਹੋਵੇ
ਕਿਉਂਕਿ ਅਸਲ ਵਿਚ ਇਹ ਵਾਲਾ ਸਿੰਘ 'ਕਿੰਗ' ਨਹੀਂ ਬਲਕਿ 'ਕੰਗਾਲ' ਹੈ। ਕਿਰਦਾਰ ਤੋਂ ਖੋਖਲਾ, ਹਮਦਰਦੀ ਤੋਂ ਵਾਂਝਾ, ਇਕ ਮਸ਼ੀਨ ਵਾਂਗ ਅਪਣੇ ਪੈਸੇ ਨੂੰ ਅਪਣੀ ਤਾਕਤ ਸਮਝਦਾ ਹੈ ਅਤੇ ਮੰਨਦਾ ਹੈ ਕਿ ਕਰੋੜਾਂ ਨੌਜਵਾਨ ਉਸ ਦੀ ਰੀਸ ਕਰਨਗੇ। ਅੱਜ ਸਿਰਫ਼ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਅਮੀਰਾਂ ਵਿਚ ਇਕ ਖੋਖਲੀ, ਭੁੱਖੀ ਸੋਚ ਨਜ਼ਰ ਆ ਰਹੀ ਹੈ। ਜਿੰਨਾ ਪੈਸਾ ਆਉਂਦਾ ਹੈ, ਓਨੀ ਹੀ ਉਹ ਘਬਰਾਹਟ ਮਹਿਸੂਸ ਕਰਦੇ ਹਨ ਅਤੇ ਇਸ ਘਬਰਾਹਟ ਨੂੰ ਦੂਰ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ।
ਚਲੋ ਉਸ ਦੀ ਅਪਣੀ ਦੌਲਤ ਹੈ, ਸੋ ਉਸ ਦੀ ਅਪਣੀ ਮਰਜ਼ੀ ਹੈ ਕਿ ਉਹ ਉਸ ਨੂੰ ਉਡਾਏ, ਸਾੜੇ ਜਾਂ ਅਪਣੇ ਤੇ ਖ਼ਰਚੇ। ਪਰ ਜਦ ਉਹ ਇਸ ਨੂੰ 'ਸਿੰਘਾਂ' ਦੀ ਸ਼ਾਨ ਵਜੋਂ ਪੇਸ਼ ਕਰਦਾ ਹੈ ਤਾਂ ਸਿੱਖ ਕੌਮ ਦਾ ਹੱਕ ਬਣਦਾ ਹੈ ਕਿ ਉਹ ਇਸ ਬਾਰੇ ਟਿਪਣੀ ਕਰੇ। ਅੱਜ ਜਦੋਂ ਸੰਨੀ ਲਿਓਨ ਉਰਫ਼ ਕੇਰਿਨਜੀਤ ਕੌਰ ਦੇ 'ਕੌਰ' ਨੂੰ ਇਸਤੇਮਾਲ ਕਰਨ ਤੇ ਸ਼੍ਰੋਮਣੀ ਕਮੇਟੀ ਇਤਰਾਜ਼ ਕਰ ਸਕਦੀ ਹੈ ਤਾਂ ਮੀਕਾ ਸਿੰਘ ਤੇ ਯੋ ਯੋ ਹਨੀ ਸਿੰਘ ਵਰਗੇ ਗਾਇਕਾਂ ਵਲੋਂ ਸਿੰਘ ਦੇ ਇਸਤੇਮਾਲ ਤੇ ਪਾਬੰਦੀ ਦੀ ਮੰਗ ਨਹੀਂ ਉਠ ਸਕਦੀ? ਅੱਜ ਹਰ ਪੰਜਾਬੀ ਗਾਇਕ 'ਜੱਟ' ਦੀ ਜਾਤ ਦਾ ਗਾਇਨ ਕਰ ਰਿਹਾ ਹੈ ਜੋ ਸਿੱਖ ਫ਼ਲਸਫ਼ੇ ਦੀ ਮੁਢਲੀ ਸੋਚ ਵਿਰੁਧ ਜਾਂਦਾ ਹੈ, ਤਾਂ ਫਿਰ ਉਸ ਬਾਰੇ ਇਤਰਾਜ਼ ਕਿਉਂ ਨਹੀਂ? -ਨਿਮਰਤ ਕੌਰ