
ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਦੀ ਵਿਰੋਧੀ ਧਿਰ ਅਥਵਾ ਪੰਜਾਬ ਦੀ ਤੀਜੀ ਸਿਆਸੀ ਧਿਰ ਖ਼ੁਦ ਨੂੰ ਮੁੜ ਤੋਂ ਅਪਣੀ ਪੁਰਾਣੀ ਹਾਲਤ ਵਿਚ ਲਿਆਉਣ ਦੀਆਂ ਤਿਆਰੀਆਂ ਕਸਣ ਲੱਗ ਪਈ
ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਦੀ ਵਿਰੋਧੀ ਧਿਰ ਅਥਵਾ ਪੰਜਾਬ ਦੀ ਤੀਜੀ ਸਿਆਸੀ ਧਿਰ ਖ਼ੁਦ ਨੂੰ ਮੁੜ ਤੋਂ ਅਪਣੀ ਪੁਰਾਣੀ ਹਾਲਤ ਵਿਚ ਲਿਆਉਣ ਦੀਆਂ ਤਿਆਰੀਆਂ ਕਸਣ ਲੱਗ ਪਈ ਹੈ। ਜਿਨ੍ਹਾਂ ਲੋਕਾਂ ਦੇ ਸਿਰ ਤੇ ਪਾਰਟੀ, ਪੰਜਾਬ ਵਿਚ ਖੜੀ ਕੀਤੀ ਗਈ ਸੀ, ਅੱਜ ਦਿੱਲੀ ਤੋਂ ਹਾਈਕਮਾਨ ਉਨ੍ਹਾਂ ਦੇ ਦਰਵਾਜ਼ਿਆਂ ਤੇ ਦਸਤਕ ਦੇ ਰਹੀ ਹੈ। ਪੁਰਾਣੇ ਆਗੂ ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਮੁੜ ਪਾਰਟੀ ਵਿਚ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ। ਮੀਡੀਆ ਨੂੰ ਦਸਿਆ ਜਾ ਰਿਹਾ ਹੈ ਕਿ 'ਕੇਜਰੀਵਾਲ ਜੀ' ਨੇ ਹਾਂ ਕਰ ਦਿਤੀ ਹੈ ਅਤੇ ਹੁਣ ਸੁੱਚਾ ਸਿੰਘ ਛੋਟੇਪੁਰ ਦੇ ਵਾਪਸ ਆਉਣ ਤੇ ਹਾਈਕਮਾਨ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
ਕੋਈ ਇਤਰਾਜ਼ ਨਹੀਂ? ਕੀ ਪੰਜਾਬ ਨੂੰ ਕੇਜਰੀਵਾਲ ਨੇ ਮਜ਼ਾਕ ਸਮਝਿਆ ਹੋਇਆ ਹੈ? ਜਦੋਂ ਲੋੜ ਸੀ ਤਾਂ ਪੰਜਾਬ ਦਾ ਇਸਤੇਮਾਲ ਕਰ ਲਿਆ ਅਤੇ ਫਿਰ ਅਪਣੇ ਕੁੱਝ ਲੰਗੋਟੀਏ ਮਿੱਤਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਪੰਜਾਬ ਦੇ ਬੜਬੋਲੇ ਪੁੱਤਰਾਂ ਨੂੰ ਬਾਹਰ ਕੱਢ ਦਿਤਾ। ਹੁਣ ਜਦੋਂ ਪਾਰਟੀ ਡੁਬਦੀ ਜਾ ਰਹੀ ਹੈ ਤਾਂ ਫਿਰ ਉਨ੍ਹਾਂ ਦਾ ਦਰਵਾਜ਼ਾ ਖਟਖਟਾਉਣ ਦਾ ਕੰਮ ਸ਼ੁਰੂ ਕਰ ਦਿਤਾ ਹੈ। ਇਹ ਤਾਂ ਸਾਫ਼ ਹੈ ਕਿ ਕੇਜਰੀਵਾਲ ਅਤੇ ਬਾਕੀ ਦੇ 'ਆਪ' ਹਾਈਕਮਾਨ ਨੂੰ ਪਾਰਟੀ ਡਸਿਪਲਨ ਅਤੇ ਅਕਸ ਨਾਲ ਕੋਈ ਮਤਲਬ ਨਹੀਂ। ਮਤਲਬ ਵੇਖ ਕੇ ਪਾਰਟੀ ਸੁਪ੍ਰੀਮੋ ਅਪਣੇ ਹੀ ਸ਼ਬਦਾਂ ਤੋਂ ਪਲਟਦਿਆਂ ਦੇਰ ਨਹੀਂ ਕਰਦਾ।
ਕਦੇ ਛੱਤ ਉਤੇ ਖੜਾ ਦਹਾੜਦਾ ਸੀ ਕਿ ਉਸ ਕੋਲ ਸਾਰੇ ਕਾਲੇ ਧਨ ਦੇ ਖਾਤਿਆਂ ਦੇ ਨੰਬਰ ਮੌਜੂਦ ਹਨ, ਅਕਾਲੀ ਦਲ ਦੇ ਆਗੂ ਮਜੀਠੀਆ ਨਸ਼ਾ ਤਸਕਰ ਹਨ, ਸੁਪ੍ਰੀਮੋ ਸੱਚ ਦੀ ਪਹਿਰੇਦਾਰੀ ਕਰੇਗਾ ਅਤੇ ਜਿੱਤ ਤੋਂ ਬਾਅਦ ਸੱਭ ਕੁੱਝ ਬਦਲ ਜਾਵੇਗਾ ਵਗ਼ੈਰਾ ਵਗ਼ੈਰਾ। ਪਰ ਬਦਲਿਆ ਤਾਂ ਸਿਰਫ਼ ਕੇਜਰੀਵਾਲ ਆਪ, ਜਿਸ ਨੇ ਸੱਭ ਤੋਂ ਮਾਫ਼ੀ ਮੰਗਦਿਆਂ ਇਹ ਮੰਨਿਆ ਕਿ ਉਹ ਤਾਂ ਸਬੂਤਾਂ ਤੋਂ ਬਗ਼ੈਰ ਹੀ ਮੰਚਾਂ ਤੇ ਖੜਾ ਹੋ ਕੇ ਝੂਠ ਬੋਲਦਾ ਸੀ।
ਇਸ ਹਾਈਕਮਾਨ ਦੀ ਝੂਠ ਬੋਲਣ ਦੀ ਆਦਤ ਸਿਰਫ਼ ਵਿਰੋਧੀਆਂ ਤਕ ਹੀ ਸੀਮਤ ਨਹੀਂ ਸਗੋਂ ਇਸ ਨੇ ਅਪਣੀ ਹੀ ਪਾਰਟੀ ਵਿਚ ਇਕ ਮਸ਼ਹੂਰ ਆਗੂ, ਸੁੱਚਾ ਸਿੰਘ ਛੋਟੇਪੁਰ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਕੇ ਉਸ ਨੂੰ ਬਾਹਰ ਕੱਢਣ ਵਿਚ ਦੋ ਪਲ ਨਹੀਂ ਸਨ ਲਾਏ। ਪਰ ਹੁਣ ਖਹਿਰਾ, ਚੀਮਾ ਤੇ ਭਗਵੰਤ ਸਿੰਘ ਦਾ ਕੀ ਕੀਤਾ ਜਾਏਗਾ? ਇਸ ਦਾ ਫ਼ੈਸਲਾ ਸੰਜੇ ਸਿੰਘ ਤੇ ਦੁਰਗੇਸ਼ ਕਰਨਗੇ, ਕੇਜਰੀਵਾਲ ਕਰੇਗਾ ਜਾਂ ਆਪ ਦੇ ਪੰਜਾਬ ਦੇ ਵਰਕਰ? 'ਆਪ' ਦੇ ਸੁਪ੍ਰੀਮੋ ਦੇ ਦਿੱਲੀ ਵਿਚ ਕੰਮ ਕਰਨ ਵਾਲੇ ਇਸ ਦੇ ਸਾਥੀ ਜਿਵੇਂ ਮਨੀਸ਼ ਸਿਸੋਦੀਆ ਵਰਗਿਆਂ ਨੇ 'ਆਪ' ਦੀ ਇੱਜ਼ਤ ਕੁੱਝ ਹੱਦ ਤਕ ਸੰਭਾਲ ਲਈ ਹੈ।
ਪਰ ਆਸ਼ੂਤੋਸ਼ ਵਰਗੇ ਵੀ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਵਾਂਗ 'ਆਪ' ਨੂੰ ਅਖ਼ੀਰ ਛੱਡ ਗਏ ਹਨ। ਅੱਜ ਪੰਜਾਬ ਦੇ ਪੁਰਾਣੇ 'ਆਪ' ਆਗੂਆਂ ਅਤੇ ਵਰਕਰਾਂ ਵਾਸਤੇ ਮੌਕਾ ਹੈ ਕਿ ਉਹ ਪਾਰਟੀ ਨੂੰ ਮੁੜ ਤੋਂ ਅਪਣੀ ਸੋਚ ਮੁਤਾਬਕ ਢਾਲਣ। ਜਿਸ ਲੋਕ ਲਹਿਰ ਦੇ ਵਿਚਾਰ ਨੂੰ ਲੈ ਕੇ 'ਆਪ' ਵਰਕਰ 'ਆਪ' ਨਾਲ ਜੁੜੇ ਸਨ, ਉਸ ਨੂੰ ਅਪਣੇ ਦਿਲਾਂ ਵਿਚ ਜਗਾਉਣ ਵਾਲੇ ਆਗੂ ਅੱਗੇ ਆਉਣ। ਇਨ੍ਹਾਂ ਪੰਜ ਸਾਲਾਂ ਵਿਚ 'ਆਪ' ਦੇ ਆਗੂਆਂ ਨੇ ਪੰਜਾਬ ਤੋਂ ਮਿਲੇ ਪਿਆਰ ਦੀ ਬੜੀ ਤੌਹੀਨ ਕੀਤੀ। ਜੇ 'ਆਪ' ਦੇ ਸਾਰੇ ਆਗੂ ਮੁੱਖ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਸੰਜੇ ਸਿੰਘ ਅਤੇ
ਦੁਰਗੇਸ਼ ਪਾਠਕ ਅੱਗੇ ਸਿਰ ਨਾ ਝੁਕਾਉਂਦੇ ਤਾਂ ਪੰਜਾਬ 'ਆਪ' ਨੂੰ ਮੌਕਾ ਦੇਣ ਵਾਸਤੇ ਤਿਆਰ ਸੀ। 'ਆਪ' ਪਾਰਟੀ ਵਿਚ ਹਾਈਕਮਾਨ ਅੱਗੇ ਝੁਕਣ ਦੀ ਜੋ ਮਾੜੀ ਆਦਤ ਹੈ, ਜੇ ਉਹ ਲੋਕਾਂ ਦੀ ਮਰਜ਼ੀ ਅੱਗੇ ਝੁਕਣ ਦੀ ਆਦਤ ਹੁੰਦੀ ਤਾਂ 'ਆਪ' ਦਾ ਰੁਤਬਾ ਅੱਜ ਵਖਰਾ ਹੀ ਹੁੰਦਾ। ਇਨ੍ਹਾਂ ਨੇ ਤਾਂ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਨੂੰ ਵੀ ਇਕ ਦੂਜੇ ਨਾਲ ਮਜ਼ਾਕ ਕਰਨ ਵਾਲੀ ਚੀਜ਼ ਬਣਾ ਦਿਤਾ। ਇਹ 18 ਲੋਕ ਵੀ ਇਕੱਠੇ ਨਹੀਂ ਰਹਿ ਸਕਦੇ ਤਾਂ ਪੰਜਾਬ ਇਨ੍ਹਾਂ ਨੂੰ ਮੌਕਾ ਕਿਉਂ ਦੇਵੇਗਾ? ਅਤੇ ਪੈਸੇ ਦੇ ਲਾਲਚ ਵਿਚ ਜਿਹੜੇ 'ਆਪ' ਆਗੂ ਪੰਜਾਬ ਦੇ ਹਿਤਾਂ ਵਲੋਂ ਅੱਖਾਂ ਫੇਰਦੇ ਹੋਏ, ਕੁੱਝ ਵਿਦੇਸ਼ੀ ਸੰਗਠਨਾਂ ਨਾਲ ਸਾਂਝ ਪਾ ਰਹੇ ਹਨ,
ਉਨ੍ਹਾਂ ਨੂੰ ਇਸ ਬਾਰੇ ਮੁੜ ਤੋਂ ਸੋਚਣ ਦੀ ਜ਼ਰੂਰਤ ਹੈ। 2022 ਦੂਰ ਨਹੀਂ ਅਤੇ ਹੁਣ ਪੰਜਾਬ ਵਿਚ ਉਹ ਪਾਰਟੀ ਅੱਗੇ ਨਹੀਂ ਆਉਣੀ ਚਾਹੀਦੀ ਜੋ ਜਿੱਤਣ ਮਗਰੋਂ ਆਪ ਹੀ ਅਪਣੇ ਆਪ ਨੂੰ ਵੱਢਣ ਟੁੱਕਣ ਲੱਗ ਪਵੇ। ਕਾਂਗਰਸ ਅਤੇ ਅਕਾਲੀ ਦਲ ਪ੍ਰਤੀ ਲੋਕਾਂ ਅੰਦਰ ਨਿਰਾਸ਼ਾ ਵਧਦੀ ਜਾ ਰਹੀ ਹੈ ਪਰ ਕੋਈ ਹੋਰ ਬਦਲ ਨਜ਼ਰ ਨਹੀਂ ਆ ਰਿਹਾ। 'ਆਪ' ਕੋਲ ਪੰਜਾਬ ਦੀ ਸੂਬਾ ਪੱਧਰੀ ਪਾਰਟੀ ਬਣਨ ਦਾ ਮੌਕਾ ਹੈ ਪਰ ਦਿੱਲੀ-ਯੂ.ਪੀ., ਹਰਿਆਣਾ ਵਾਲੀ 'ਮੌਕਾਪ੍ਰਸਤ' ਹਾਈਕਮਾਨ ਦੀ ਦਖ਼ਲ-ਅੰਦਾਜ਼ੀ ਆਜ਼ਾਦ 'ਆਪ' ਲਈ ਹੀ।