
ਜ਼ਿੰਮੇਦਾਰੀ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੀ ਸੀ ਪਰ ਜਿਥੇ ਐਸਟੀਐਫ਼ ਕੋਲ ਹਰ ਥਾਣੇ ਵਿਚ ਇਕ ਸਿਪਾਹੀ ਹੋਣਾ ਚਾਹੀਦਾ ਸੀ, ਉਥੇ ਅਸਲ ਵਿਚ ਪੂਰੇ ਪੰਜਾਬ ਵਾਸਤੇ 80 ਸਨ।
ਅੱਜ ਇਕ ਵਾਰ ਫਿਰ ਸਹੁੰ ਚੁੱਕੀ ਗਈ ਤੇ ਇਸ ਵਾਰ ਨਾ ਸਿਰਫ਼ ਇਕ ਨਵੇਂ ਮੁੱਖ ਮੰਤਰੀ ਨੇ ਹੀ ਬਲਕਿ ਉਨ੍ਹਾਂ ਨਾਲ ਹਜ਼ਾਰਾਂ ਹੀ ਬੱਚਿਆਂ ਨੇ ਨਸ਼ਾ ਨਾ ਕਰਨ ਦੀ ਸਹੁੰ ਚੁੱਕੀ ਹੈ। ਇਕ ਵਾਰ ਪਹਿਲਾਂ ਵੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਨਸ਼ੇ ਨੂੰ ਜੜ੍ਹ ਤੋਂ ਪੁੱਟਣ ਦੀ ਸਹੁੰ ਚੁੱਕੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿਚ ਨਸ਼ੇ ਦੇ ਵਪਾਰ ਦਾ ਖ਼ਾਤਮਾ ਤਾਂ ਕੀ ਹੋਣਾ ਸੀ, ਨਸ਼ੇ ਦੇ ਵਪਾਰੀਆਂ ਨੇ ਅਪਣੀ ਤਾਕਤ ਜ਼ਰੂਰ ਵਧਾ ਲਈ।
ਕਾਂਗਰਸ ਸਰਕਾਰ ਵਲੋਂ ਨਸ਼ੇ ਵਿਰੁਧ ਜੰਗ ਦੀ ਸ਼ੁਰੂਆਤ ਬੜੀ ਠੋਸ ਤੇ ਚੰਗੇ ਕਦਮਾਂ ਨਾਲ ਹੋਈ ਸੀ। ਐਸਟੀਐਫ਼ ਵਿਚ ਏਜੀਡੀਪੀ/ਆਈਜੀ ਹਰਪ੍ਰੀਤ ਸਿੰਘ ਦੀ ਕਮਾਨ ਹੇਠ ਇਕ ਅਜਿਹੀ ਯੋਜਨਾ ਬਣਾਈ ਗਈ ਜੋ ਨਾ ਸਿਰਫ਼ ਨਸ਼ੇ ਦੇ ਖ਼ਾਤਮੇ ਬਾਰੇ ਨਵੀਂ ਸੋਚ ਲੈ ਕੇ ਆਈ ਸੀ ਬਲਕਿ ਬੱਚਿਆਂ ਨੂੰ ਛੋਟੀ ਉਮਰੇ ਇਸ ਪ੍ਰਤੀ ਚੌਕੰਨਾ ਕਰਨ ਤੋਂ ਲੈ ਕੇ ਲੋਕਾਂ ਨੂੰ ਨਸ਼ੇ ਵਿਰੁਧ ਲੜਾਈ ਵਾਸਤੇ, ਪੁਲਿਸ ਦੇ ਯਤਨਾਂ ਵਿਚ ਭਾਈਵਾਲੀ ਬਣਾਉਣ ਲਈ ਵੀ ਤਿਆਰ ਕਰਦੀ ਸੀ। ਅੱਜ ਉਨ੍ਹਾਂ ਦੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਉਹ ਹਾਰ ਗਏ ਸਨ।
ਹਾਰੇ ਇਸ ਕਰ ਕੇ ਕਿਉਂਕਿ ਉਨ੍ਹਾਂ ਨੇ ਜਦ ਸਿਸਟਮ ਵਿਚੋਂ ਅਫ਼ਸਰ ਹੀ ਨਸ਼ੇ ਦੇ ਵਪਾਰ ਵਿਚ ਲਿਬੜੇ ਹੋਏ ਫੜ ਲਏ ਤਾਂ ਸਿਆਸਤਦਾਨ ਲੱਤਾਂ ਡਾਹ ਕੇ ਵਿਚਕਾਰ ਬਹਿ ਗਏ। ਇਕ ਵਕਤ ਸੀ ਜਦ ਰਾਤ ਨੂੰ ਐਸਟੀਐਫ਼ ਵਲੋਂ ਇਕ ਵੱਡਾ ਅਫ਼ਸਰ ਕਾਬੂ ਵਿਚ ਕੀਤਾ ਗਿਆ ਸੀ ਤੇ ਮੀਡੀਆ ਦੇ ਕੁੱਝ ਲੋਕਾਂ ਨੂੰ ਵੱਡੇ ਪ੍ਰਗਟਾਵੇ ਵਾਸਤੇ ਤੜਕੇ ਤਿਆਰ ਰਹਿਣ ਵਾਸਤੇ ਵੀ ਆਖਿਆ ਗਿਆ ਸੀ।
ਪਰ ਰਾਤੋ ਰਾਤ ਹੀ ਸਿਆਸਤਦਾਨਾਂ ਤੇ ਨਸ਼ਿਆਂ ਦੇ ਸੌਦਾਗਰਾਂ ਵਿਚਕਾਰ ਰਿਸ਼ਤੇ, ਐਸਟੀਐਫ਼ ਉਤੇ ਹਾਵੀ ਹੋ ਗਏ। ਉਸ ਦਿਨ ਤੋਂ ਬਾਅਦ ਐਸਟੀਐਫ਼ ਦਾ ਮਨੋਬਲ ਵੀ ਟੁੱਟ ਗਿਆ ਸੀ ਤੇ ਅੰਦਰੋਂ ਅੰਦਰ ਹੀ ਐਸਟੀਐਫ਼ ਨੂੰ ਖ਼ਤਮ ਕਰ ਦਿਤਾ ਗਿਆ ਸੀ। ਜ਼ਿੰਮੇਦਾਰੀ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੀ ਸੀ ਪਰ ਜਿਥੇ ਐਸਟੀਐਫ਼ ਕੋਲ ਹਰ ਥਾਣੇ ਵਿਚ ਇਕ ਸਿਪਾਹੀ ਹੋਣਾ ਚਾਹੀਦਾ ਸੀ, ਉਥੇ ਅਸਲ ਵਿਚ ਪੂਰੇ ਪੰਜਾਬ ਵਾਸਤੇ 80 ਸਨ।
Captain Amarinder Singh
ਯਾਦ ਇਹ ਵੀ ਕਰਨਾ ਚਾਹੀਦਾ ਹੈ ਕਿ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਚੁੱਕੀ ਸਹੁੰ ਤੋਂ ਜਦ ਵਿਸ਼ਵਾਸ ਟੁਟਿਆ ਤਾਂ ਲੋਕਾਂ ਨੇ ਅਪਣੇ ਆਖ਼ਰੀ ਸਿੱਖ ਮਹਾਰਾਜੇ, ਜਿਸ ਦੀ ਇਕ ਝਲਕ ਵੇਖਣ ਵਾਸਤੇ ਲੋਕ ਖਿੜਕੀਆਂ ਤੋਂ ਝਾਕਦੇ ਸਨ, ਤੋਂ ਪੂਰੀ ਤਰ੍ਹਾਂ ਮੂੰਹ ਫੇਰ ਲਿਆ। ਉਸ ਵਕਤ ਲੋਕ ਗੁਟਕਾ ਸਾਹਿਬ ਉਤੇ ਹੱਥ ਰੱਖ ਕੇ ਇਕ ਸਿਆਸਤਦਾਨ ਵਲੋਂ ਬੋਲੇ ਬੋਲਾਂ ਤੇ ਪੂਰਾ ਯਕੀਨ ਕਰਦੇ ਸਨ।
ਪਰ ਅੱਜ ਦੇ ਦਿਨ ਇਹ ਯਕੀਨ ਜਿੱਤਣਾ ਪਵੇਗਾ। ‘ਅਰਦਾਸ’ ਤਾਂ ਜਦ ਮਾਸੂਮ ਬੱਚਿਆਂ ਦੇ ਸਿਰ ’ਤੇ ਹੱਥ ਰੱਖ ਕੇ ਕੀਤੀ ਗਈ ਹੋਵੇ, ਉਹ ਵੀ ਪ੍ਰਵਾਨ ਹੋਣੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਪੰਜਾਬ ਦਾ ਅਪਣੇ ਸਿਆਸਤਦਾਨਾਂ ਨਾਲ ਤਜ਼ਰਬਾ ਰਿਹਾ ਹੈ, ਅੱਜ ਕਿਸੇ ’ਤੇ ਵੀ ਵਿਸ਼ਵਾਸ ਕਰਨਾ ਔਖਾ ਹੈ। ਅਜੇ ਦੋ ਦਿਨ ਪਹਿਲਾਂ ਹਾਈ ਕੋਰਟ ਵਲੋਂ ਪੰਜਾਬ ਪੁਲਿਸ ਤੇ ਨਸ਼ਾ ਵਪਾਰੀਆਂ ਦੇ ਗੰਢ ਚਤਰਾਵੇ ਦੇ ਵੱਡੇ ਇਲਜ਼ਾਮ ਲੱਗੇ ਹਨ। ਅੱਜ ਪੰਜਾਬ ਪੁਲਿਸ ਭਾਵੇਂ ਰੋਜ਼ ਵੱਡੀ ਤਾਦਾਦ ਵਿਚ ਨਸ਼ਾ ਫੜ ਰਹੀ ਹੈ, ਪਰ ਉਸ ਦੇ ਦਾਅਵਿਆਂ ਉਤੇ ਪਹਿਲਾਂ ਵਰਗਾ ਵਿਸ਼ਵਾਸ ਕੋਈ ਨਹੀਂ ਕਰ ਰਿਹਾ।
Bhagwant Mann
ਅੱਜ ਪੰਜਾਬ ਪੁਲਿਸ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਅਪਣੀ ਚੁੱਕੀ ਸਹੁੰ ਸਮੇਤ ਅਪਣੀ ਅਰਦਾਸ ਦਾ ਮਾਣ ਰਖਣ ਵਾਸਤੇ ਅਪਣੇ ਅੰਦਰ ਦੀ ਸਫ਼ਾਈ ਕਰਨੀ ਪਵੇਗੀ। ਕੀ ਉਹ ਇਹ ਕਰ ਸਕਣਗੇ? ਕੀ ਉਹ ਅਪਣੀ ਅਰਦਾਸ ਪੂਰੀ ਕਰਨ ਵਾਸਤੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਵਲੋਂ ਕਾਇਮ ਕੀਤੀ ਪਰੰਪਰਾ ਤੋੜ ਸਕਣਗੇ? ਇਸ ਵਾਰ ਜੇ ਗੱਲ ਸਿਰਫ਼ ਪ੍ਰਚਾਰ ਤਕ ਹੀ ਸੀਮਤ ਰਹੀ ਤਾਂ ਪੰਜਾਬੀਆਂ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਵੇਗਾ। -ਨਿਮਰਤ ਕੌਰ