Editorial: ਧਮਾਕਿਆਂ ਦੇ ਸਿਲਸਿਲੇ ਲਈ ਕੌਣ ਕਸੂਰਵਾਰ...?
Published : Dec 19, 2024, 8:14 am IST
Updated : Dec 19, 2024, 8:14 am IST
SHARE ARTICLE
Who is to blame for the series of explosions...?
Who is to blame for the series of explosions...?

Editorial: ਅੰਮ੍ਰਿਤਸਰ ਸ਼ਹਿਰ ਦੇ ਇਸਲਾਮਾਬਾਦ ਥਾਣੇ ਦੇ ਬਾਹਰ ਧਮਾਕਾ ਹੋਣ ਦੀ ਘਟਨਾ ਚਿੰਤਾਜਨਕ ਮਾਮਲਾ ਹੈ

 

Editorial: ਅੰਮ੍ਰਿਤਸਰ ਸ਼ਹਿਰ ਦੇ ਇਸਲਾਮਾਬਾਦ ਥਾਣੇ ਦੇ ਬਾਹਰ ਧਮਾਕਾ ਹੋਣ ਦੀ ਘਟਨਾ ਚਿੰਤਾਜਨਕ ਮਾਮਲਾ ਹੈ। 23 ਨਵੰਬਰ ਤੋਂ ਲੈ ਕੇ ਹੁਣ ਤਕ ਅਜਿਹੇ ਛੇ ਧਮਾਕੇ ਸਿਰਫ਼ ਮਾਝਾ ਖੇਤਰ ਵਿਚ ਹੋਏ ਹਨ। ਇਨ੍ਹਾਂ ਵਿਚ ਕੋਈ ਜਾਨੀ ਨੁਕਸਾਨ ਨਾ ਹੋਣਾ ਭਾਵੇਂ ਤਸੱਲੀ ਵਾਲੀ ਗੱਲ ਹੈ, ਫਿਰ ਵੀ ਧਮਾਕਿਆਂ ਦਾ ਵਾਰ ਵਾਰ ਵਾਪਰਨਾ ਅਤੇ ਪੁਲਿਸ ਥਾਣਿਆਂ ਜਾਂ ਚੌਕੀਆਂ ਦੇ ਬਾਹਰ ਵਾਪਰਨਾ, ਕਿਸੇ ਸੰਗੀਨ ਸਾਜ਼ਿਸ਼ ਵਲ ਸੈਨਤ ਕਰਦਾ ਹੈ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਇਸ ਸਾਜ਼ਿਸ਼ ਦੇ ਵਜੂਦ ਨੂੰ ਸਵੀਕਾਰ ਕਰਦਿਆਂ ਸ਼ੱਕ ਦੀ ਉਂਗਲ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. (ਇੰਟਰ-ਸਰਵਿਸਿਜ਼ ਇੰਟੈਲੀਜੈਂਸ) ਵਲ ਉਠਾਈ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਏਜੰਸੀ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ) ਤੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (ਕੇ.ਜੈੱਡ.ਐਫ਼.) ਦੇ ਜ਼ਰੀਏ ਭਾਰਤੀ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ।

ਸ੍ਰੀ ਯਾਦਵ ਦਾ ਇਹ ਵੀ ਕਹਿਣਾ ਹੈ ਕਿ ਦੋਵਾਂ ਖ਼ਾਲਿਸਤਾਨੀ ਗੁੱਟਾਂ ਦੇ ਸਰਗਨੇ ਪੰਜਾਬ ਵਿਚ ਦਹਿਸ਼ਤੀ ਸਰਗਰਮੀਆਂ ਲਈ ਅਪਣੇ ਕਾਰਕੁਨਾਂ ਦੀ ਵਰਤੋਂ ਕਰਨ ਦੀ ਬਜਾਏ ਮੁਕਾਮੀ ਪੱਧਰ ਦੇ ਗੁੰਡੇ-ਬਦਮਾਸ਼ਾਂ ਤੇ ਨਸ਼ੇੜੀਆਂ ਨੂੰ ‘ਭਾੜੇ ਦੇ ਟੱਟੂਆਂ’ ਵਜੋਂ ਵਰਤਦੇ ਆ ਰਹੇ ਹਨ। ਅਜਿਹੇ ਹੀ ਦਾਅਵੇ ਦਿੱਲੀ ਪੁਲਿਸ ਤੇ ਐੱਨ.ਆਈ.ਏ. ਨੇ ਦਿੱਲੀ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼.) ਦੇ ਦੋ ਕੈਂਪਸਾਂ ਬਾਹਰ ਪਿਛਲੇ ਦਿਨੀਂ ਹੋਏ ਧਮਾਕਿਆਂ ਦੇ ਸਬੰਧ ਵਿਚ ਕੀਤੇ ਸਨ।

ਇਨ੍ਹਾਂ ਦਾਅਵਿਆਂ ਦੀ ਪਰਖ-ਨਿਰਖ ਆਰੰਭਣ ਤੋਂ ਪਹਿਲਾਂ ਇਹ ਸਵਾਲ ਕਰਨਾ ਵਾਜਬ ਜਾਪਦਾ ਹੈ ਕਿ ਆਈ.ਐਸ.ਆਈ. ਜਾਂ ਖ਼ਾਲਿਸਤਾਨੀ ਦਹਿਸ਼ਤੀਆਂ ਦੀਆਂ ਕੁਚਾਲਾਂ ਲਈ ਸਾਜ਼ਗਾਰ ਵਾਤਾਵਰਨ ਕਿਉਂ ਤਿਆਰ ਹੋਇਆ? ਉਂਜ ਵੀ, ਹਰ ਅਜਿਹੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਸੁਣਾਈ ਜਾਂਦੀ ਕਹਾਣੀ ਤਕਰੀਬਨ ਇਕੋ ਜਿਹੀ ਹੁੰਦੀ ਹੈ, ਇਸ ਕਰ ਕੇ ਅਜਿਹੀਆਂ ਕਹਾਣੀਆਂ ’ਤੇ ਇਤਬਾਰ ਕਰਨਾ ਔਖਾ ਜਾਪਦਾ ਹੈ।

ਇਸ ਤੋਂ ਇਲਾਵਾ ਕਥਿਤ ਦਹਿਸ਼ਤੀ ਕਾਰਿਆਂ ਦੇ ਸਬੰਧ ਵਿਚ ਫੜੇ ਮੁਲਜ਼ਿਮ ਨੂੰ ਅਦਾਲਤਾਂ ਪਾਸੋਂ ਸਜ਼ਾਵਾਂ ਦਿਵਾ ਸਕਣ ਵਿਚ ਪੁਲਿਸ ਏਜੰਸੀਆਂ ਦੀ ਨਾਕਾਮੀ ਵੀ ਇਨ੍ਹਾਂ ਏਜਸੀਆਂ ਦੀ ਕਾਰਗੁਜ਼ਾਰੀ ਪ੍ਰਤੀ ਸਵਾਲ ਖੜੇ੍ਹ ਕਰਦੀ ਹੈ। ਕੌਮੀ ਅਪਰਾਧ ਰਿਕਾਰਡ ਬਿਉਰੋ (ਐਨ.ਸੀ.ਆਰ.ਬੀ.) ਦੇ ਅੰਕੜੇ ਦਸਦੇ ਹਨ ਕਿ ਦਹਿਸ਼ਤੀ ਜੁਰਮਾਂ ਦੇ ਸਬੰਧ ਵਿਚ ਗ੍ਰਿਫ਼ਤਾਰ ਵਿਅਕਤੀਆਂ ਨੂੰ ਸਜ਼ਾਵਾਂ ਹੋਣ ਦੀ ਦਰ ਮਹਿਜ਼ 17-18 ਫ਼ੀ ਸਦੀ ਹੈ।

ਇਹ ਦਰ ਵੀ ਪੁਲਿਸ ਦੇ ਦਾਅਵਿਆਂ ਅੰਦਰਲੀ ਸਚਾਈ ਬਾਰੇ ਸ਼ੁਬਹੇ ਪੈਦਾ ਕਰਦੀ ਹੈ। ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਪੁਲਿਸ ਪਹਿਲਾਂ ਤਾਂ ਦਹਿਸ਼ਤੀ ਕਾਰਾ ਵਾਪਰਨ ਤੋਂ ਇਨਕਾਰ ਕਰਦੀ ਹੈ ਪਰ ਫਿਰ ਅਪਣੀ ਕਹਾਣੀ ਬਦਲਦੀ ਚਲੀ ਜਾਂਦੀ ਹੈ। ਇਸਲਾਮਾਬਾਦ ਥਾਣੇ ਵਾਲੇ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਥਾਣੇ ਦੇ ਬਾਹਰਵਾਰ ਸੰਤਰੀ ਦੀ ਪੋਸਟ ਦੀ ਛੱਤ ’ਤੇ ਕੋਈ ਭਾਰੀ ਚੀਜ਼ ਡਿੱਗਣ ਕਾਰਨ ਧਮਾਕੇ ਵਰਗਾ ਸ਼ੋਰ ਹੋਇਆ।

ਦੂਜੇ ਪਾਸੇ ਸੂਬਾਈ ਪੱਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਬਾਕਾਇਦਾ ਵਿਸਫ਼ੋਟ ਹੋਣਾ ਮੰਨਦੇ ਰਹੇ। ਅਜਿਹੀਆਂ ਆਪਸੀ ‘ਗ਼ਲਤਫ਼ਹਿਮੀਆਂ’ ਜਾਂ ਤਾਲਮੇਲ ਦੀ ਘਾਟ ਵੀ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਬੇਇਤਬਾਰੀ ਵਧਾ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹਾ ਹੀ ਕਿਉਂ ਬੰਬ ਹਮਲਿਆਂ ਦਾ ਕੇਂਦਰ-ਬਿੰਦੂ ਬਣਿਆ ਹੋਇਆ ਹੈ, ਇਸ ਬਾਰੇ ਵੀ ਪੁਲਿਸ ਕੋਈ ਸਪੱਸ਼ਟ ਜਵਾਬ ਦੇਣ ਵਿਚ ਨਾਕਾਮ ਰਹੀ ਹੈ। ਪਹਿਲਾਂ 23 ਨਵੰਬਰ ਨੂੰ ਅਜਨਾਲੇ, ਫਿਰ 28 ਨਵੰਬਰ ਨੂੰ ਗੁਰਬਖ਼ਸ਼ ਨਗਰ ਥਾਣੇ ਅਤੇ ਫਿਰ 4 ਦਸੰਬਰ ਨੂੰ ਮਜੀਠਾ ਥਾਣੇ ਦੇ ਬਾਹਰ ਧਮਾਕੇ ਹੋਏ।

ਉਸ ਮਗਰੋਂ ਇਸਲਾਮਾਬਾਦ ਥਾਣੇ ਦਾ ਨੰਬਰ ਲਗਿਆ। ਇਨ੍ਹਾਂ ਧਮਾਕਿਆਂ ਲਈ ਕਿਤੇ ਗ੍ਰੇਨੇਡ ਵਰਤੇ ਗਏ ਅਤੇ ਕਿਤੇ ਦੇਸੀ ਸਾਖ਼ਤ ਦੇ ਬੰਬ। ਹਰ ਧਮਾਕੇ ਤੋਂ ਬਾਅਦ ਦੋਸ਼ੀ ਛੇਤੀ ਕਾਬੂ ਕਰ ਲਏ ਜਾਣ ਦੇ ਬਿਆਨ ਆਏ ਪਰ ਧਮਾਕਿਆਂ ਦੀ ਲੜੀ ਅਜੇ ਵੀ ਬਰਕਰਾਰ ਹੈ। ਕੀ ਇਹ ਵਰਤਾਰਾ ਫ਼ਿਕਰਮੰਦੀ ਦਾ ਬਾਇਜ਼ ਨਹੀਂ?

ਜ਼ਾਹਿਰ ਹੈ ਕਿ ਪੁਲਿਸ ਦਾ ਅਪਣਾ ਖ਼ੁਫ਼ੀਆਤੰਤਰ ਏਨਾ ਕਾਰਗਰ ਨਹੀਂ ਰਿਹਾ ਕਿ ਉਹ ਅਸਰਦਾਰ ਪੇਸ਼ਬੰਦੀਆਂ ਸੰਭਵ ਬਣਾ ਸਕੇ। ਗ੍ਰਿਫ਼ਤਾਰੀਆਂ ਰੋਜ਼ ਹੋ ਰਹੀਆਂ ਹਨ; ਹਥਿਆਰ ਰੋਜ਼ ਫੜੇ ਜਾ ਰਹੇ ਹਨ; ਨਸ਼ੀਲੇ ਪਦਾਰਥ ਹੁਣ ਗ੍ਰਾਮਾਂ ਜਾਂ ਕਿਲੋਗ੍ਰਾਮਾਂ ਦੀ ਥਾਂ ਕੁਇੰਟਲਾ ਦੇ ਹਿਸਾਬ ਨਾਲ ਕਾਬੂ ਕੀਤੇ ਜਾ ਰਹੇ ਹਨ ਪਰ ਅਪਰਾਧ ਵੀ ਉਸੇ ਹਿਸਾਬ ਨਾਲ ਵੱਧ ਰਹੇ ਹਨ।

ਜਾਣਕਾਰ ਹਲਕੇ ਇਸ ਵਰਤਾਰੇ ਲਈ ਪੁਲਿਸ ਪ੍ਰਬੰਧਾਂ ਵਿਚ ਸਿਆਸੀ ਦਖ਼ਲ ਦੀ ਬੇਹਿਸਾਬਾ ਹੋਣ ਦੇ ਦੋਸ਼ ਲਾਉਂਦੇ ਹਨ। ਪੁਰਾਣੇ ਪੁਲਿਸ ਅਫ਼ਸਰ ਮੰਨਦੇ ਹਨ ਕਿ ਇਸ ਵੇਲੇ ਪੰਜਾਬ ਪੁਲੀਸ ਕੋਲ ਨਾ ਸਾਧਨਾਂ ਦੀ ਘਾਟ ਹੈ ਤੇ ਨਾ ਹੀ ਬੰਦਿਆਂ ਦੀ। ਪਰ ਚੋਣਾਂ-ਦਰ-ਚੋਣਾਂ ਜਿੱਤਣ ਦੀ ਲਾਲਸਾ ਤੇ ਭੁੱਖ ਕਾਰਨ ਹੁਕਮਰਾਨ ਧਿਰ ਅਤੇ ਇਸ ਤੋਂ ਪਹਿਲੀਆਂ ਧਿਰਾਂ ਵੀ ਪੁਲਿਸ ਨੂੰ ਚੋਣਾਂ ਜਿੱਤਣ ਲਈ ਵੱਧ ਵਰਤਦੀਆਂ ਰਹੀਆਂ ਹਨ, ਅਪਰਾਧ ਘਟਾਉਣ ਲਈ ਘੱਟ। ਅਜਿਹੇ ਆਲਮ ਵਿਚ ਜੇਕਰ ਅਪਰਾਧੀ ਬੇਖ਼ੌਫ਼ ਹੋ ਚੁੱਕੇ ਹਨ ਤਾਂ ਇਸ ਵਿਚ ਕਸੂਰ ਸਿਰਫ਼ ਪੁਲਿਸ ਦਾ ਨਹੀਂ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement