
ਅਰਵਿੰਦ ਕੇਜਰੀਵਾਲ ਨੂੰ ਮੋਦੀ ਨਾ ਹਰਾ ਸਕੇ ਪਰ ਅੰਦਰ ਦੀ ਕਮਜ਼ੋਰੀ ਹੀ ਪਾਰਟੀ ਤੇ ਲੀਡਰ ਦੁਹਾਂ ਨੂੰ ਖ਼ਤਮ ਕਰ ਗਈ...
ਸਰਕਾਰ ਅਤੇ ਕਾਲੇ ਧਨ ਦਾ ਸਤਾਇਆ ਹੋਇਆ ਉਹ ਵਿਚਾਰਾ ਮਫ਼ਲਰ ਵਿਚ ਲਪੇਟਿਆ ਆਮ ਆਦਮੀ, ਬਿਮਾਰੀ ਕਾਰਨ ਖੰਘਦਾ, ਜੋ ਆਮ ਇਨਸਾਨ ਵਾਸਤੇ ਜਦੋਜਹਿਦ ਕਰਨ ਦਾ ਦਾਅਵਾ ਕਰਦਾ ਸੀ, ਲੋਕ-ਆਗੂ ਬਣ ਗਿਆ ਪਰ ਅਸਲ ਵਿਚ ਉਹ ਨੌਟੰਕੀ ਕਰ ਰਿਹਾ ਸੀ। ਕੋਈ ਸਮਾਂ ਹੁੰਦਾ ਸੀ ਜਦੋਂ ਚੋਲਾ ਪਾ ਕੇ ਜਾਂ ਸਾੜ੍ਹੀ ਲਪੇਟੀ ਕੋਈ ਸਾਧ ਦੁਨੀਆਂ ਨੂੰ ਪਾਗ਼ਲ ਬਣਾ ਜਾਂਦਾ ਸੀ ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਅਫ਼ਸਰ ਨੇ ਇਸ ਤਰ੍ਹਾਂ ਆਮ ਬਿਮਾਰ ਬੰਦਾ ਹੋਣ ਦਾ ਨਾਟਕ ਕਰ ਕੇ ਲੋਕਾਂ ਨੂੰ ਅਪਣੇ ਪਿੱਛੇ ਲਾ ਲਿਆ। ਨਿਤੀਸ਼ ਕੁਮਾਰ ਵਾਂਗ, ਕੇਜਰੀਵਾਲ ਨੇ ਵੀ ਅਪਣੇ ਆਪ ਨੂੰ ਜ਼ੀਰੋ ਬਣਾ ਕੇ, ਭਾਜਪਾ ਦਾ ਕੰਮ ਆਸਾਨ ਕਰ ਦਿਤਾ ਹੈ।
ਅਰਵਿੰਦ ਕੇਜਰੀਵਾਲ ਜਦੋਂ ਵੱਡੇ ਸਿਆਸੀ ਮੰਚ ਉਤੇ ਆਏ ਸਨ ਤਾਂ ਉਨ੍ਹਾਂ ਨੇ ਹੱਥ ਵਿਚ ਕਾਗ਼ਜ਼ਾਂ ਦਾ ਇਕ ਪੁਲੰਦਾ ਚੁਕਿਆ ਹੁੰਦਾ ਸੀ ਜਿਸ ਨੂੰ ਲਹਿਰਾ ਕੇ ਕਈ ਵੱਡੇ ਨਾਵਾਂ ਵਾਲਿਆਂ ਦੇ ਕਾਲੇ ਧਨ ਦੇ ਖਾਤਿਆਂ ਦੀ ਜਾਣਕਾਰੀ ਜਨਤਕ ਕਰਨ ਦਾ ਵਾਅਦਾ ਉਨ੍ਹਾਂ ਨੇ ਵਾਰ ਵਾਰ ਦੁਹਰਾਇਆ। ਕਿਸੇ ਨੇ ਅਰਵਿੰਦ ਕੇਜਰੀਵਾਲ ਦੀ ਗੱਲ ਮੰਨੀ ਅਤੇ ਕਿਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗੱਲਾਂ ਉਤੇ ਭਰੋਸਾ ਕੀਤਾ। ਦੋਹਾਂ ਦੀਆਂ ਕਥਨੀਆਂ ਤੇ ਜ਼ਬਾਨੀ ਵਾਅਦਿਆਂ ਉਤੇ ਇਤਬਾਰ ਕਰਨ ਵਾਲੀਆਂ ਭੀੜਾਂ ਸਦਕਾ, ਦੋਵੇਂ ਹੀ ਚੋਣਾਂ ਜਿੱਤ ਗਏ ਪਰ ਦੋਹਾਂ ਦੇ ਬਿਆਨ ਸਿਰਫ਼ ਸਿਆਸੀ ਜੁਮਲੇ ਹੀ ਸਾਬਤ ਹੋਏ। ਮੋਦੀ ਨੇ ਗੱਦੀ ਉਤੇ ਬਹਿ ਕੇ ਅਪਣੇ ਜੁਮਲੇ ਬਦਲ ਲਏ ਤੇ ਕੇਜਰੀਵਾਲ ਨੂੰ ਨੀਵਾਂ ਵਿਖਾਉਣ ਦੀ ਤਾਕ ਵਿਚ ਘਾਤ ਲਾ ਕੇ ਬੈਠ ਗਏ। ਚੀਫ਼ ਸਕੱਤਰ ਦਾ ਮਾਮਲਾ ਸ਼ਾਇਦ ਉਹ ਆਖ਼ਰੀ ਡੰਡਾ ਸੀ ਜਿਸ ਨੇ ਕੇਜਰੀਵਾਲ ਨੂੰ ਹਾਰ ਕਬੂਲਣ ਵਾਸਤੇ ਮਜਬੂਰ ਕਰ ਦਿਤਾ।
ਪਰ ਜਿਹੜੀ ਹਾਰ ਉਨ੍ਹਾਂ ਨੇ ਮਜੀਠੀਆ ਸਾਹਮਣੇ ਕਬੂਲੀ ਹੈ, ਉਸ ਦਾ ਅਸਰ ਉਨ੍ਹਾਂ ਨੂੰ ਦਿੱਲੀ ਵਿਚ ਛੇਤੀ ਹੀ ਵੇਖਣ ਨੂੰ ਮਿਲੇਗਾ। 'ਆਪ' ਦਾ ਦਾਅਵਾ ਹੈ ਕਿ ਕੇਜਰੀਵਾਲ ਅਪਣਾ ਸਾਰਾ ਸਮਾਂ ਕੰਮ ਕਰਨ ਵਿਚ ਬਿਤਾਉਣਾ ਚਾਹੁੰਦੇ ਹਨ ਨਾਕਿ ਅਦਾਲਤਾਂ ਦੀਆਂ ਪੇਸ਼ੀਆਂ ਭੁਗਤਣ ਵਿਚ। ਸ਼ਾਇਦ ਇਹ ਸਫ਼ਾਈ ਠੀਕ ਹੀ ਹੋਵੇ ਪਰ ਉਹ ਇਕ ਆਮ ਇਨਸਾਨ ਨਹੀਂ ਜੋ ਅਦਾਲਤਾਂ ਦੀਆਂ ਅਣਗਿਣਤ ਪੇਸ਼ੀਆਂ ਅਤੇ ਹਕੂਮਤ ਦੇ ਦਬਾਅ ਅੱਗੇ ਹਾਰ ਮੰਨ ਰਹੇ ਹਨ। ਉਹ ਇਕ ਮੁੱਖ ਮੰਤਰੀ ਹਨ ਜੋ ਇਕ ਲੋਕ-ਲਹਿਰ ਦੀ ਅਗਵਾਈ ਕਰ ਕੇ ਸਿਆਸਤ ਵਿਚ ਆਏ ਸਨ। ਅਪਣੇ ਲਫ਼ਜ਼ਾਂ ਨੂੰ ਗ਼ਲਤ ਮੰਨਣ ਦਾ ਮਤਲਬ ਹੈ ਕਿ ਜਿਸ ਆਤਮਵਿਸ਼ਵਾਸ ਨਾਲ ਉਹ ਕਾਗ਼ਜ਼ਾਂ ਨੂੰ ਇਕ ਸਬੂਤ ਵਜੋਂ ਲਹਿਰਾਂਦੇ ਸਨ, ਉਹ ਝੂਠ ਸੀ ਯਾਨੀ ਕਿ ਉਨ੍ਹਾਂ ਦਾ ਹਰ ਬਿਆਨ ਝੂਠਾ ਸੀ। ਸਰਕਾਰ ਅਤੇ ਕਾਲੇ ਧਨ ਦਾ ਸਤਾਇਆ ਹੋਇਆ ਉਹ ਵਿਚਾਰਾ ਮਫ਼ਲਰ ਵਿਚ ਲਪੇਟਿਆ ਆਮ ਆਦਮੀ, ਬਿਮਾਰੀ ਨਾਲ ਖੰਘਦਾ, ਜੋ ਆਮ ਇਨਸਾਨ ਵਾਸਤੇ ਜੱਦੋਜਹਿਦ ਕਰਨ ਦਾ ਦਾਅਵਾ ਕਰਦਾ ਸੀ, ਉਹ ਅਸਲ ਵਿਚ ਨੌਟੰਕੀ ਕਰ ਰਿਹਾ ਸੀ। ਕੋਈ ਸਮਾਂ ਹੁੰਦਾ ਸੀ ਜਦੋਂ ਚੋਲਾ ਪਾ ਕੇ ਜਾਂ ਸਾੜ੍ਹੀ ਲਪੇਟੀ ਸਾਧ, ਦੁਨੀਆਂ ਨੂੰ ਪਾਗ਼ਲ ਬਣਾ ਜਾਂਦਾ ਸੀ ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਅਫ਼ਸਰ ਨੇ ਇਸ ਤਰ੍ਹਾਂ ਆਮ ਬਿਮਾਰ ਬੰਦਾ ਹੋਣ ਦਾ ਨਾਟਕ ਕਰ ਕੇ ਲੋਕਾਂ ਨੂੰ ਅਪਣੇ ਪਿੱਛੇ ਲਾ ਲਿਆ। ਨਿਤੀਸ਼ ਕੁਮਾਰ ਵਾਂਗ, ਕੇਜਰੀਵਾਲ ਨੇ ਵੀ ਅਪਣੇ ਆਪ ਨੂੰ ਜ਼ੀਰੋ ਬਣਾ ਕੇ, ਭਾਜਪਾ ਦਾ ਕੰਮ ਆਸਾਨ ਕਰ ਦਿਤਾ ਹੈ।
ਪਰ ਜਿਹੜੀ ਮਾਫ਼ੀ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਹੈ, ਉਸ ਦਾ ਖ਼ਮਿਆਜ਼ਾ ਨਾ ਸਿਰਫ਼ ਕੇਜਰੀਵਾਲ ਬਲਕਿ 'ਆਪ' ਪਾਰਟੀ ਨੂੰ ਵੀ ਭੁਗਤਣਾ ਪਵੇਗਾ। ਪੰਜਾਬ ਅਪਣੇ ਨੌਜਵਾਨਾਂ ਦੇ ਨਸ਼ਿਆਂ 'ਚ ਫਸੇ ਹੋਣ ਤੋਂ ਬਹੁਤ ਪ੍ਰੇਸ਼ਾਨ ਸੀ। ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮਾਫ਼ੀ ਮੰਗਣ ਅਤੇ ਅਪਣੀ ਗ਼ਲਤੀ ਕਬੂਲਣ ਦਾ ਮਤਲਬ ਇਹ ਨਹੀਂ ਕਿ ਉਹ ਸਿਰਫ਼ ਅਦਾਲਤ ਦੀਆਂ ਪੇਸ਼ੀਆਂ ਤੋਂ ਬੱਚ ਗਏ ਸਗੋਂ ਇਹ ਵੀ ਹੈ ਕਿ ਉਨ੍ਹਾਂ ਪੰਜਾਬ ਦੇ ਸਾਰੇ 'ਆਪ' ਆਗੂਆਂ ਅਤੇ ਵਰਕਰਾਂ ਨੂੰ ਝੂਠਾ ਸਾਬਤ ਕਰ ਦਿਤਾ। ਪੰਜਾਬ ਨੇ 'ਆਪ' ਨੂੰ ਬੜਾ ਵੱਡਾ ਮੌਕਾ ਦਿਤਾ ਸੀ ਪਰ 'ਆਪ' ਨੇ ਵਾਰ ਵਾਰ ਇਹ ਵਿਖਾਇਆ ਕਿ ਉਨ੍ਹਾਂ ਨੂੰ ਇਸ ਭਰੋਸੇ ਦੀ ਕੋਈ ਕਦਰ ਨਹੀਂ ਸੀ। ਰਾਜ ਸਭਾ ਵਿਚ ਜਦੋਂ ਮੈਂਬਰ ਭੇਜਣ ਦਾ ਵੇਲਾ ਆਇਆ ਤਾਂ 'ਆਪ' ਨੇ ਉਹ ਲੋਕ ਭੇਜ ਦਿਤੇ ਜਿਨ੍ਹਾਂ ਕੋਲ ਜਾਂ ਤਾਂ ਪੈਸਾ ਸੀ ਜਾਂ ਉਸ ਸੰਜੇ ਸਿੰਘ ਦੀ ਸਿਫ਼ਾਰਸ਼ ਸੀ ਜਿਸ ਨੇ ਪੰਜਾਬ ਵਿਚ 'ਆਪ' ਨੂੰ ਤਬਾਹ ਕੀਤਾ ਸੀ।ਅੱਜ 'ਆਪ' ਦੇ ਪੰਜਾਬ ਦੇ ਨੁਮਾਇੰਦੇ ਅਪਣੀ ਨਾਰਾਜ਼ਗੀ ਜ਼ਾਹਰ ਤਾਂ ਕਰ ਰਹੇ ਹਨ ਪਰ ਹੁਣ ਇਹੀ ਵੇਲਾ ਹੈ ਕਿ ਉਹ ਸਾਬਤ ਕਰ ਵਿਖਾਣ ਕਿ ਉਨ੍ਹਾਂ ਵਿਚ ਅਪਣੇ ਸ਼ਬਦਾਂ ਦੀ ਕੋਈ ਕਦਰ ਵੀ ਹੈ ਜਾਂ ਨਹੀਂ। 'ਆਪ' ਦੇ ਚਾਰ ਸੰਸਦ ਮੈਂਬਰ ਅਤੇ ਸੱਭ ਤੋਂ ਵੱਡੀ ਵਿਰੋਧੀ ਧਿਰ ਦੇ ਆਗੂ ਕੀ ਅਰਵਿੰਦ ਕੇਜਰੀਵਾਲ ਤੋਂ ਵੱਖ ਹੋਣ ਦੀ ਹਿੰਮਤ ਵਿਖਾ ਸਕਦੇ ਹਨ?ਰਿਹਾ ਮੁੱਦਾ ਨਸ਼ਿਆਂ ਦਾ ਤਾਂ ਪੰਜਾਬ ਇਸ ਮੁੱਦੇ ਨੂੰ ਭੁਲਾ ਦੇਣ ਵਾਲਾ ਰਾਜ ਨਹੀਂ ਜੇ। ਕਾਂਗਰਸ ਸਰਕਾਰ ਵਲੋਂ ਵੀ ਭਾਵੇਂ ਨਸ਼ਾ ਤਸਕਰੀ ਤੇ ਕਾਬੂ ਪਾਇਆ ਗਿਆ ਹੈ ਪਰ ਅਜੇ ਇਹ ਇਸ ਪਿੱਛੇ ਕੰਮ ਕਰਦੀ ਵੱਡੀ ਤਾਕਤ ਨੂੰ ਸਾਹਮਣੇ ਨਹੀਂ ਲਿਆ ਸਕੀ। ਈ.ਡੀ. ਦੇ ਅਫ਼ਸਰ ਨਿਰੰਜਨ ਸਿੰਘ, ਜਿਨ੍ਹਾਂ ਨੂੰ ਇਸ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਹੈ, ਦੇ ਵਕੀਲ ਨੇ ਬਿਆਨ ਦਿਤਾ ਹੈ ਕਿ ਨਿਰੰਜਨ ਸਿੰਘ ਉਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਅੱਜ ਦੀ ਸਰਕਾਰ ਵੀ ਇਸ ਮਾਮਲੇ ਨੂੰ ਸੁਲਝਾਉਣ ਵਿਚ ਦਿਲਚਸਪੀ ਨਹੀਂ ਵਿਖਾ ਰਹੀ। ਪੰਜਾਬ ਵਾਸਤੇ ਜ਼ਰੂਰੀ ਹੈ ਕਿ ਇਸ ਜਾਂਚ ਨੂੰ ਛੇਤੀ ਤੋਂ ਛੇਤੀ ਖ਼ਤਮ ਕੀਤਾ ਜਾਵੇ। ਜੇ ਕੋਈ ਵੱਡਾ ਸਿਆਸਤਦਾਨ ਇਸ ਵਿਚ ਸ਼ਾਮਲ ਨਹੀਂ ਤਾਂ ਜਾਂਚ ਖ਼ਤਮ ਕਿਉਂ ਨਹੀਂ ਕੀਤੀ ਜਾ ਰਹੀ? ਕੁੱਝ ਤਾਂ ਹੈ ਜੋ ਜਨਤਾ ਦੇ ਸਾਹਮਣੇ ਨਹੀਂ ਆਉਣ ਦਿਤਾ ਜਾ ਰਿਹਾ। ਜੇ ਕਿਸੇ ਦੀ ਇਸ ਵਿਚ ਸ਼ਮੂਲੀਅਤ ਨਹੀਂ ਤਾਂ ਨਿਰੰਜਨ ਸਿੰਘ ਉਤੇ ਦਬਾਅ ਕਿਉਂ? -ਨਿਮਰਤ ਕੌਰ